ਕਾਂਗਰਸੀਆਂ ਨੇ ਸਿੱਧੂ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਪੈਰ ਉਖਾੜੇ

ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਤੇ ਸਿੱਧੂ ਵਿਚਾਲੇ ਰੱਫੜ ਵਧ ਗਿਆ ਹੈ। ਜਲੰਧਰ ਸ਼ਹਿਰ ਦੇ ਚਾਰ ਵਿਧਾਇਕਾਂ ਵਿਚੋਂ ਤਿੰਨ ਵਿਧਾਇਕ ਤੇ ਇਕ ਸੰਸਦ ਮੈਂਬਰ ਸਿੱਧੂ ਵਿਰੁੱਧ ਡਟ ਗਏ ਹਨ।

ਬਾਕਾਇਦਾ ਮੀਟਿੰਗ ਕਰ ਕੇ ਇਨ੍ਹਾਂ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੀ ਸ਼ਿਕਾਇਤ ਪੁੱਜਦੀ ਕਰ ਦਿੱਤੀ ਹੈ ਤੇ ਸਿੱਧੂ ਵੱਲੋਂ ਕੀਤੀ ਗਈ ਕਾਰਵਾਈ ਨੂੰ ਕਾਂਗਰਸ ਵਿਰੋਧੀ ਕਰਾਰ ਦਿੰਦਿਆਂ ਇਹ ਦਾਅਵਾ ਵੀ ਕੀਤਾ ਹੈ ਕਿ ਜੇ ਸਿੱਧੂ ਨੇ ਇਹ ਮੁਹਿੰਮ ਜਾਰੀ ਰੱਖੀ ਤਾਂ ਕਾਂਗਰਸ ਦਾ ਵੋਟ ਬੈਂਕ ਖਿਸਕ ਸਕਦਾ ਹੈ ਤੇ ਲੋਕ ਕਾਂਗਰਸ ਤੋਂ ਪਹਿਲਾਂ ਵਾਂਗ ਦੂਰੀ ਬਣਾ ਸਕਦੇ ਹਨ। ਇਸ ਮੀਟਿੰਗ ਵਿਚ ਸਿੱਧੂ ਦੇ ਕੱਟੜ ਹਮਾਇਤੀ ਮੰਨੇ ਜਾਂਦੇ ਪਰਗਟ ਸਿੰਘ ਨੂੰ ਛੱਡ ਕੇ ਤਿੰਨੇ ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਅਤੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਿੱਧੂ ਦੀ ਸ਼ਿਕਾਇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲ ਵੀ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਕਾਂਗਰਸ ਦੇ ਜਨ ਅਧਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ।
ਯਾਦ ਰਹੇ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਦੀ ਅਚਨਚੇਤੀ ਜਾਂਚ ਕੀਤੀ ਸੀ ਤਾਂ ਉਨ੍ਹਾਂ ਕੋਲ 93 ਨਾਜਾਇਜ਼ ਉਸਾਰੀਆਂ ਦੀ ਲਿਸਟ ਸੀ ਜਿਨ੍ਹਾਂ ਵਿਚ ਉਨ੍ਹਾਂ ਨੇ 36 ਦੇ ਕਰੀਬ ਥਾਂਵਾਂ ਨੂੰ ਦੇਖਿਆ ਸੀ। ਇਹ ਸਾਰੀਆਂ ਥਾਵਾਂ ਚਾਰੇ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਵਿਚ ਆਉਂਦੀਆਂ ਹਨ। ਜਾਂਚ ਤੋਂ ਅਗਲੇ ਦਿਨ ਜਦੋਂ ਨਗਰ ਨਿਗਮ ਦੀ ਟੀਮ ਉਸਾਰੀਆਂ ਢਹਾਉਣ ਗਈ ਤਾਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਜੇ. ਸੀ. ਬੀ ਮਸ਼ੀਨ ਉਤੇ ਜਾ ਚੜ੍ਹੇ ਸਨ ਤੇ ਨਵਜੋਤ ਸਿੰਘ ਸਿੱਧੂ ਵਿਰੁੱਧ ਭੜਾਸ ਕੱਢੀ ਸੀ। ਇਸੇ ਤਰ੍ਹਾਂ ਰਜਿੰਦਰ ਬੇਰੀ ਨੇ ਸਿੱਧੂ ਦੀ ਕਾਰਵਾਈ ਉਤੇ ਸਖਤ ਇਤਰਾਜ਼ ਪਰਗਟ ਕੀਤਾ ਸੀ। ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਵੀ ਸਿੱਧੂ ਨਾਲ ਸਖਤ ਨਾਰਾਜ਼ ਹਨ ਕਿ ਸ਼ਹਿਰ ਦੇ ਮੇਅਰ ਹੋਣ ਦੇ ਨਾਤੇ ਵੀ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ।
ਜਲੰਧਰ ਸ਼ਹਿਰ ਦੇ ਕਾਂਗਰਸੀ ਆਗੂ ਸਿੱਧੂ ਵਿਰੁੱਧ ਇਕਜੁਟ ਹੋ ਗਏ ਹਨ ਤੇ ਉਹ ਹੁਣ ਇਸ ਮਾਮਲੇ ਨੂੰ ਠੰਢਾ ਨਹੀਂ ਪੈਣ ਦੇਣਾ ਚਾਹੁੰਦੇ। ਜਿਲ੍ਹਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਉਤੇ ਗੱਲਬਾਤ ਕਰਕੇ ਸਿੱਧੂ ਵਿਰੁੱਧ ਭੜਾਸ ਕੱਢੀ ਸੀ ਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਪੁੱਜ ਸਕਦਾ ਹੈ। ਉਧਰ, ਨਵਜੋਤ ਸਿੰਘ ਸਿੱਧੂ ਦਾ ਜਵਾਬ ਸੀ ਕਿ ਉਹ ਸਹੀ ਕੰਮ ਕਰ ਰਹੇ ਹਨ ਤੇ ਹੁਣ ਪਿੱਛੇ ਨਹੀਂ ਹਟਣਗੇ। ਰਾਜਸੀ ਹਲਕਿਆਂ ਵਿਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਰੁੱਧ ਸਰਕਾਰ ਦੇ ਅੰਦਰੋਂ ਹੀ ਇਕ ਧੜਾ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤੇ ਉਹ ਹੁਣ ਸਿੱਧੂ ਨੂੰ ਅੜਿੱਕੇ ਆਇਆ ਮੰਨ ਕੇ ਚੱਲ ਰਹੇ ਹਨ।