ਪਾਕਿਸਤਾਨ ਚੋਣਾਂ ਵਿਚ 4 ਸਿੱਖ ਉਮੀਦਵਾਰ ਵੀ ਨਿੱਤਰੇ ਮੈਦਾਨ ਵਿਚ

ਅੰਮ੍ਰਿਤਸਰ: ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਜਾ ਰਹੀਆਂ ਕੌਮੀ ਤੇ ਸੂਬਾਈ ਚੋਣਾਂ ਵਿਚ ਇਸ ਵਾਰ 4 ਸਿੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ‘ਚ ਉਤਰੇ ਹਨ। ਪਾਕਿਸਤਾਨ ਤਹਿਰੀਕ- ਏ-ਇਨਸਾਫ ਪਾਰਟੀ ਵੱਲੋਂ ਮੁਲਤਾਨ ਤੋਂ ਘੱਟ ਗਿਣਤੀ ਵਿੰਗ ਸਾਊਥ ਪੰਜਾਬ ਦੇ ਸਦਰ ਮਹਿੰਦਰਪਾਲ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਮਹਿੰਦਰਪਾਲ ਸਿੰਘ ਉਹੀ ਨੌਜਵਾਨ ਹੈ, ਜਿਸ ਦੀ ਚੀਚਾਵਤਨੀ ਸ਼ਹਿਰ ‘ਚ ਕੋਹਿਸਤਾਨ-ਫੈਸਲ ਮੂਵਰਜ਼ ਬੱਸ ਦੇ ਡਰਾਈਵਰ ਤੇ ਹੋਰ ਸਟਾਫ ਨੇ ਬਹਿਸ ਦੌਰਾਨ ਦਸਤਾਰ ਦਾ ਨਿਰਾਦਰ ਕੀਤਾ ਸੀ। ਉਸ ਵੱਲੋਂ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ਉਤੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉਸ ਤੋਂ ਇਲਾਵਾ ਸੂਬਾ ਖੈਬਰ ਪਖਤੂਨਖਵਾ ਦੇ ਘੱਟ ਗਿਣਤੀ ਮੰਤਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਐਮ. ਪੀ. ਏ. ਸਵ. ਡਾ: ਸੂਰਨ ਸਿੰਘ ਦੇ ਸਾਲੇ ਗੁਰਦੀਪ ਸਿੰਘ ਨੂੰ ਪੀ. ਟੀ. ਆਈ. ਪਾਰਟੀ ਵੱਲੋਂ ਵੀ ਘੱਟ ਗਿਣਤੀਆਂ ਲਈ ਰਾਖਵੀਂ ਐਮ. ਪੀ. ਏ. ਦੀ ਸੀਟ ਲਈ ਟਿਕਟ ਦਿੱਤੀ ਗਈ ਹੈ। ਅਵਾਮੀ ਨੈਸ਼ਨਲ ਪਾਰਟੀ ਵੱਲੋਂ ਜਤਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਸੂਬਾ ਸਿੰਧ ਤੋਂ ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਨੇ ਆਜ਼ਾਦ ਉਮੀਦਵਾਰ ਵਜੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਧਰ, ਭਾਰਤ ਵਿਰੋਧੀ ਪ੍ਰਚਾਰ ਕਰਨ ਕਰਕੇ ਚਰਚਾ ‘ਚ ਬਣੇ ਰਹਿਣ ਵਾਲੇ ਪਾਕਿਸਤਾਨ ਸਿੱਖ ਸੰਗਤ ਦੇ ਚੇਅਰਮੈਨ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ਅਸੈਂਬਲੀ ਚੋਣਾਂ ਲਈ ਪੀ. ਟੀ. ਆਈ. ਪਾਰਟੀ ਵੱਲੋਂ ਟਿਕਟ ਨਹੀਂ ਮਿਲ ਸਕੀ।
ਸ਼ ਚਾਵਲਾ ਅਨੁਸਾਰ ਉਹ 1996 ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਲਈ ਸੇਵਾਵਾਂ ਦੇ ਰਹੇ ਹਨ ਤੇ ਪਾਰਟੀ ਦੇ ਜ਼ਿਲ੍ਹਾ ਸਦਰ ਵੀ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 9 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਤੇ ਪਾਰਟੀ ਨੇ ਉਸੇ ਦਿਨ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਦਕਿ ਫਾਰਮ ਜਮ੍ਹਾਂ ਕਰਵਾਉਣ ਤੇ ਸੂਚੀ ਜਾਰੀ ਕਰਨ ਲਈ ਅੰਤਿਮ ਤਰੀਕ 11 ਜੂਨ ਤਹਿ ਕੀਤੀ ਗਈ ਸੀ।
___________________
ਸ਼ਾਹਰੁਖ਼ ਦੀ ਭੈਣ ਦੇ ਨਾਮਜ਼ਦਗੀ ਪੱਤਰ ਪ੍ਰਵਾਨ
ਪਿਸ਼ਾਵਰ: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਰਿਸ਼ਤੇ ਵਿਚੋਂ ਭੈਣ ਲੱਗਦੀ ਨੂਰ ਜਹਾਂ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੀ ਵਿਧਾਨ ਸਭਾ ਲਈ ਚੋਣ ਲੜਨ ਸਬੰਧੀ ਨਾਮਜ਼ਦਗੀ ਪੱਤਰ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਏ ਹਨ। ਸੂਬਾਈ ਵਿਧਾਨ ਸਭਾ ਲਈ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਨੂਰ ਜਹਾਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੀ ਹੈ। ਸੂਬਾਈ ਚੋਣ ਕਮਿਸ਼ਨ ਨੇ ਪਿਸ਼ਾਵਰ ਵਿਧਾਨ ਸਭਾ (ਜਨਰਲ) ਪੀਕੇ 77 ਸੀਟ ਦੇ ਲਈ ਨੂਰ ਜਹਾਂ ਦੇ ਨਾਮਜ਼ਦਗੀ ਪੇਪਰ ਸਵੀਕਾਰ ਕਰ ਲਏ ਹਨ।
ਆਵਾਮੀ ਨੈਸ਼ਨਲ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣ ਕਾਰਨ ਨੂਰ ਜਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ।