ਭਾਰਤ ਵਿਚ ਹਰ ਵਰ੍ਹੇ ਤਿਹਾਏ ਮਰ ਜਾਂਦੇ ਨੇ 2 ਲੱਖ ਲੋਕ, 75 ਫੀਸਦੀ ਪਾਣੀ ਦੂਸ਼ਿਤ

ਨਵੀਂ ਦਿੱਲੀ: ਮੌਜੂਦਾ ਸਮੇਂ ਭਾਰਤ ਵਿਚ 60 ਕਰੋੜ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਦਕਿ ਹਰ ਸਾਲ ਦੋ ਲੱਖ ਲੋਕਾਂ ਦੀ ਸਾਫ ਪਾਣੀ ਦੀ ਕਮੀ ਕਾਰਨ ਮੌਤ ਹੋ ਜਾਂਦੀ ਹੈ। ਨੀਤੀ ਆਯੋਗ ਦੀ ਰਿਪੋਰਟ ਮੁਤਾਬਕ 2030 ਤੱਕ ਦੇਸ਼ ‘ਚ ਪਾਣੀ ਦੀ ਮੰਗ ਸਪਲਾਈ ਦੇ ਮੁਕਾਬਲੇ ਦੁੱਗਣੀ ਹੋ ਜਾਣ ਦਾ ਅਨੁਮਾਨ ਹੈ। ਨੀਤੀ ਆਯੋਗ ਨੇ ‘ਸਮੱਗਰ ਜਲ ਪ੍ਰਬੰਧਨ ਸੂਚਕ ਅੰਕ’ ਜਾਰੀ ਕੀਤਾ। ਇਸ ਸੂਚੀ ‘ਚ ਗੁਜਰਾਤ ਸਭ ਤੋਂ ਉਤੇ ਹੈ ਜਦਕਿ ਝਾਰਖੰਡ ਸਭ ਤੋਂ ਹੇਠਾਂ ਹੈ। ਇਹ ਸੂਚਕ ਅੰਕ 9 ਵਿਆਪਕ ਖੇਤਰਾਂ ‘ਚ ਭੂਮੀਗਤ, ਪਾਣੀ ਦੇ ਪੱਧਰ ‘ਚ ਸੁਧਾਰ, ਸਿੰਚਾਈ, ਖੇਤੀ ਗਤੀਵਿਧੀਆਂ, ਪੀਣ ਵਾਲੇ ਪਾਣੀ ਤੇ ਸੰਚਾਲਨ ਪ੍ਰਬੰਧ ਸਣੇ ਕੁੱਲ 28 ਵੱਖ-ਵੱਖ ਸੰਕੇਤਾਂ ਦੇ ਆਧਾਰ ਉਤੇ ਤਿਆਰ ਕੀਤਾ ਗਿਆ ਹੈ।

ਨੀਤੀ ਆਯੋਗ ਦੀ ਇਸ ਰਿਪੋਰਟ ਮੁਤਾਬਕ 75 ਫੀਸਦੀ ਘਰਾਂ ‘ਚ ਪੀਣ ਲਈ ਪਾਣੀ ਦੀ ਕਮੀ ਹੈ। 70 ਫੀਸਦੀ ਪਾਣੀ ਪ੍ਰਦੂਸ਼ਿਤ ਹੈ ਜਦਕਿ 84 ਪ੍ਰਤੀਸ਼ਤ ਪਿੰਡਾਂ ‘ਚ ਪਾਈਪ ਜ਼ਰੀਏ ਪਾਣੀ ਦੀ ਸਪਲਾਈ ਨਹੀਂ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2030 ਤੱਕ 40 ਫੀਸਦੀ ਆਬਾਦੀ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੋਵੇਗਾ। ਉਥੇ ਹੀ ਦਿੱਲੀ, ਚੇਨੱਈ ਤੇ ਹੈਦਰਾਬਾਦ ਜਿਹੇ 21 ਸ਼ਹਿਰਾਂ ‘ਚ 2020 ਤੱਕ ਗ੍ਰਾਊਂਡ ਵਾਟਰ ਖਤਮ ਹੋ ਜਾਵੇਗਾ ਜਿਸ ਨਾਲ 10 ਕਰੋੜ ਲੋਕ ਪ੍ਰਭਾਵਿਤ ਹੋਣਗੇ। ਦੱਸ ਦਈਏ ਕਿ ਜਲ ਗੁਣਵੱਤਾ ਸੂਚਕ ਅੰਕ ਦੇ ਮਾਮਲੇ ‘ਚ ਭਾਰਤ 122 ਦੇਸ਼ਾਂ ਵਿਚੋਂ 120ਵੇਂ ਸਥਾਨ ਉਤੇ ਹੈ। ਦਿਨ-ਬ-ਦਿਨ ਡਿੱਗ ਰਹੇ ਪਾਣੀ ਦੇ ਸਤਰ ਤੇ ਪਾਣੀ ਦੀ ਕਮੀ ਨਾਲ 2050 ਤੱਕ ਦੇਸ਼ ਦੀ ਜੀ. ਡੀ. ਪੀ. ਨੂੰ 6 ਪ੍ਰਤੀਸ਼ਤ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਭਾਰਤ ਦੇ ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਨਦੀ ਦੇ ਕੰਢੇ ਉਪਰ 98 ਸ਼ਹਿਰ ਅਤੇ ਕਸਬੇ ਹਨ। ਇਸ ਦੀ 2,525 ਕਿਲੋਮੀਟਰ ਦੀ ਲੰਬਾਈ ਵਿਚ ਲਗਭਗ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਸਿਰਫ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗੀ ਵਿਵਸਥਾ ਹੈ, ਬਾਕੀ 82 ਸ਼ਹਿਰਾਂ ਤੇ ਨਗਰਾਂ ਦਾ ਮਲ ਮੂਤਰ ਤੇ ਕਚਰਾ ਸਿੱਧਾ ਹੀ ਨਦੀ ਵਿਚ ਸੁੱਟਿਆ ਜਾ ਰਿਹਾ ਹੈ। ਸਭ ਤੋਂ ਵੱਧ ਗੰਦਗੀ ਕਾਨਪੁਰ, ਵਾਰਾਨਸੀ ਤੇ ਕਲਕੱਤਾ ਦੇ ਸ਼ਹਿਰ ਸੁੱਟ ਰਹੇ ਹਨ। ਕਾਨਪੁਰ ਦੇ ਚਮੜਾ ਉਦਯੋਗਾਂ ਦਾ ਸਾਰਾ ਰੋੜ੍ਹ ਇਸ ਵਿਚ ਹੀ ਡਿੱਗ ਰਿਹਾ ਹੈ। ਕਲਕੱਤਾ ਦੇ ਕਾਰਖਾਨੇ ਗੰਗਾ ਨੂੰ ਸੀਵਰ ਵਾਂਗ ਵਰਤ ਰਹੇ ਹਨ। ਦਿੱਲੀ ਵੀ ਕਲਕੱਤੇ ਨਾਲੋਂ ਪਿੱਛੇ ਨਹੀਂ। ਦਿੱਲੀ ਦੀ ਗੰਦਗੀ ਵੀ ਜਮੁਨਾ ਰਾਹੀਂ ਗੰਗਾ ਤੱਕ ਪੁੱਜਦੀ ਹੈ। ਗੰਗਾ ਅਤੇ ਜਮੁਨਾ ਨਦੀਆਂ ਸਭ ਤੋਂ ਵੱਧ ਦੂਸ਼ਿਤ ਹੋ ਚੁੱਕੀਆਂ ਹਨ।
ਜਮੁਨਾ ਨਦੀ ਵਿਚ ਦਿੱਲੀ ਦੇ ਲਾਗਲੇ ਖੇਤਰਾਂ ਵਿਚੋਂ ਹੀ ਹਰ ਰੋਜ਼ 200 ਮਿਲੀਅਨ ਲਿਟਰ ਸੀਵਰੇਜ (ਮਲਮੂਤਰ) ਆਦਿ ਮਿਲ ਜਾਂਦਾ ਹੈ। ਬਹੁਤੇ ਜਿਹੜੇ ਪਾਣੀਆਂ ਕੰਢੇ ਧੂਫ਼-ਬੱਤੀ ਕਰਦੇ ਹਨ, ਦੀਵੇ ਬਾਲਦੇ ਹਨ, ਦਲੀਆ/ਪ੍ਰਸ਼ਾਦ ਚੜ੍ਹਾਉਂਦੇ ਹਨ ਉਹ ਵੀ ਜਲ ਸੋਮਿਆਂ ‘ਚ ਗੰਦ-ਮੰਦ ਉਲੱਦੀ ਜਾਂਦੇ ਹਨ। ਜਿਸ ਨਾਲ ਪਾਣੀ ਵੀ ਗੰਧਲਾ ਹੁੰਦਾ ਹੈ ਅਤੇ ਸਹਿਜ-ਵਹਿਣ ‘ਚ ਅੜਿੱਕੇ ਹੜ੍ਹ ਖਤਰੇ ਵੀ ਵਧਾਉਂਦੇ ਹਨ। ਪੰਜਾਬ ਦੀ ਸਾਹ-ਰਗ ਸਤਲੁਜ ਦਰਿਆ ਵੀ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਸ਼ਹਿਰਾਂ ਅਤੇ ਸਨਅਤੀ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਸੋਧੇ ਇਸ ਵਿਚ ਪੈਂਦਾ ਹੈ ਜਿਸ ਕਰਕੇ ਇਸ ਦਾ ਪਾਣੀ ਏਨਾ ਗੰਦਾ ਹੋ ਗਿਆ ਹੈ ਕਿ ਖਪਤ ਦੇ ਯੋਗ ਹੀ ਨਹੀਂ ਰਿਹਾ। ਸਾਰਾ ਜਲ-ਥਲੀ ਵਾਤਾਵਰਨ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਭਾਖੜਾ ਡੈਮ ਤੋਂ ਮੈਦਾਨੀ ਇਲਾਕੇ ਵਿਚ ਦਾਖਲ ਹੋਣ ਅਤੇ ਪਾਕਿਸਤਾਨ ਵਿਚ ਜਾਣ ਤੋਂ ਪਹਿਲਾਂ ਤਕਰੀਬਨ 277 ਕਿਲੋਮੀਟਰ ਦੇ ਸਫਰ ਦੌਰਾਨ, ਘਰੇਲੂ ਅਤੇ ਸਨਅਤੀ ਪਾਣੀ ਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿਚ ਪੈਂਦਾ ਹੈ।
ਇਸ ਪਾਣੀ ਨੂੰ ਦਰਿਆ ਵਿਚ ਡਿੱਗਣ ਤੋਂ ਪਹਿਲਾਂ ਸੋਧਿਆ ਜਾਂ ਸਾਫ ਨਹੀਂ ਕੀਤਾ ਜਾਂਦਾ। ਪ੍ਰਦੂਸ਼ਿਤ ਕਰਨ ਵਾਲੇ ਨਾਲਿਆਂ ਵਿਚ ਬੁੱਢਾ ਨਾਲਾ, ਪੂਰਬੀ ਵੇਈਂ ਅਤੇ ਪੱਛਮੀ ਵੇਈਂ ਵੀ ਸ਼ਾਮਲ ਹਨ। ਇਕ ਅਧਿਐਨ ਦਰਸਾਉਂਦਾ ਹੈ ਕਿ ਫੈਕਟਰੀਆਂ ਸਭ ਤੋਂ ਵੱਧ ਜਲ ਨੂੰ ਦੂਸ਼ਿਤ ਕਰਦੀਆਂ ਹਨ। ਉਹ ਪਾਣੀ ਨੂੰ ਬਿਨਾਂ ਸੋਧੇ ਹੀ ਬਾਹਰ ਛੱਡ ਦਿੰਦੀਆਂ ਹਨ। ਹਰੇ ਇਨਕਲਾਬ ਲਈ ਮਾਰੀ ਟਪੂਸੀ ਨੇ ਵੀ ਜਲ ਪ੍ਰਦੂਸ਼ਣ ‘ਚ ਕਹਿਰ ਢਾਹਿਆ ਹੈ। ਅੰਧਾਧੁੰਦ ਵਰਤੇ ਜਾ ਰਹੇ ਖਾਦ ਪਦਾਰਥਾਂ, ਨਦੀਨ, ਉੱਲੀ ਅਤੇ ਕੀਟਨਾਸ਼ਕਾਂ ਵਿਚਲੇ ਜ਼ਹਿਰੀ ਰਸਾਇਣ ਮਿੱਟੀ ਤੇ ਜਲ ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਮੀਂਹ ਨਾਲ ਇਹ ਜ਼ਮੀਨ, ਜਲ ਵਹਿਣਾਂ ਅਤੇ ਜਲ ਕੁੰਡਾਂ ‘ਚ ਜਾ ਕੇ ਉਨ੍ਹਾਂ ਨੂੰ ਪਲੀਤ ਕਰਦੇ ਹਨ। ਮੀਂਹ ਦਾ ਪਾਣੀ ਜ਼ਮੀਨ ਵਿਚ ਰਿਸਣ ਨਾਲ ਵਿਸ਼ੈਲੇ ਤੱਤ ਭੂ-ਜਲ ਵਿਚ ਮਿਲ ਜਾਂਦੇ ਹਨ।