ਬੇਅਦਬੀ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ

ਚੰਡੀਗੜ੍ਹ: ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜਾ ਜੁੜੀਆਂ ਹਨ। ਬਰਗਾੜੀ ਕਾਂਡ ਦੀ ਜਾਂਚ ਵਿਚ ਪੁਲਿਸ ਨੇ ਅਹਿਮ ਰਾਜ਼ ਖੋਲ੍ਹ ਦਾ ਦਾਅਵਾ ਕੀਤਾ ਹੈ ਅਤੇ ਹੁਣ ਪੁਲਿਸ ਟੀਮਾਂ ਚੋਰੀ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਰਾਮਦ ਕਰਨ ਲਈ ਸਰਗਰਮ ਹਨ। ਪੁਲਿਸ ਦੀ ਹੁਣ ਤੱਕ ਦੀ ਜਾਂਚ ਡੇਰਾ ਸਿਰਸਾ ਵੱਲ ਹੀ ਇਸ਼ਾਰਾ ਕਰਦੀ ਹੈ। ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਮਹਿੰਦਰ ਪਾਲ ਬਿੱਟੂ ਤੋਂ ਬਰਗਾੜੀ ਕਾਂਡ ਦੀ ਚਾਬੀ ਹੱਥ ਲੱਗਣ ਦੇ ਚਰਚੇ ਹਨ ਜਿਸ ਮਗਰੋਂ ਪੁਲਿਸ ਟੀਮਾਂ ਨੇ ਫਰੀਦਕੋਟ ਤੇ ਕੋਟਕਪੂਰਾ ਖਿੱਤਾ ਛਾਣ ਦਿੱਤਾ ਹੈ।

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪਾਲਮਪੁਰ ਤੋਂ ਚੁੱਕਿਆ ਮੈਂਬਰ ਪੁਲਿਸ ਦੀ ਤਫ਼ਤੀਸ਼ ਵਿਚ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਕਮੇਟੀ ਮੈਂਬਰ ਰਾਹੀਂ ਪ੍ਰੇਮੀਆਂ ਨੂੰ ਨਿਰਦੇਸ਼ ਜਾਰੀ ਕਰ ਕੇ ਬਰਗਾੜੀ ਕਾਂਡ ਕਰਾਇਆ ਗਿਆ ਅਤੇ ਉਸ ਮਗਰੋਂ ਬਰਗਾੜੀ ਵਿਚ ਪੋਸਟਰ ਵੀ ਲਗਵਾਏ ਗਏ।
ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਪਿੰਡਾਂ ‘ਚ ਤਿੰਨ ਸਾਲ ਪਹਿਲਾਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਪੁਲਿਸ ਲਈ ਵੱਡੀ ਸਿਰਦਰਦੀ ਤੇ ਪੰਜਾਬ ਦੇ ਲੋਕਾਂ ਲਈ ਵੱਡੀ ਬੇਚੈਨੀ ਦਾ ਕਾਰਨ ਬਣੀਆਂ ਹੋਈਆਂ ਸਨ। ਅਕਾਲੀ-ਭਾਜਪਾ ਸਰਕਾਰ ਸਮੇਂ ਪੁਲਿਸ ਵੱਲੋਂ ਇਸ ਸਾਜਿਸ਼ ਦੀ ਸੂਈ ਗਰਮ ਖਿਆਲੀ ਸਿੱਖਾਂ ਵੱਲ ਹੀ ਘੁਮਾਈ ਜਾਂਦੀ ਰਹੀ ਪਰ ਕੈਪਟਨ ਸਰਕਾਰ ਵੱਲੋਂ ਬਣਾਈ ਟੀਮ ਨੂੰ ਕੁਝ ਸਮੇਂ ਦੀ ਮੁਢਲੀ ਜਾਂਚ ਬਾਅਦ ਹੀ ਸਾਜ਼ਿਸ਼ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਬਾਰੇ ਪੁਖਤਾ ਸਬੂਤ ਮਿਲੇ ਸਨ, ਪਰ 6 ਮਹੀਨੇ ਪਹਿਲਾਂ ਜਦ ਜਾਂਚ ਟੀਮ ਮਸਲੇ ਦੇ ਹੱਲ ਦੇ ਨੇੜੇ ਪੁੱਜ ਗਈ ਸੀ ਤਾਂ ਉਸ ਨੂੰ ਹੱਥ ਪਿੱਛੇ ਕਰਨ ਲਈ ਆਖ ਦਿੱਤਾ ਗਿਆ ਸੀ। ਹੁਣ ਜਦ ਗਰਮਖਿਆਲੀਆਂ ਦੇ ਦਬਾਅ ਹੇਠ ਜਾਂਚ ਦਾ ਕੰਮ ਮੁੜ ਤੇਜ਼ ਕੀਤਾ ਗਿਆ ਤਾਂ ਜਾਂਚ ਟੀਮ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਖ ਸਾਜ਼ਿਸ਼ਕਰਤਾ ਤੇ ਡੇਰਾ ਸਿਰਸਾ ਦੀ ਸੂਬਾਈ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਹਿਮਾਚਲ ਦੇ ਪਾਲਮਪੁਰ ਤੋਂ ਗ੍ਰਿਫਤਾਰ ਕਰ ਕੇ ਸਾਰੀ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਹੈ।
ਦੱਸ ਦਈਏ ਕਿ ਪਹਿਲੀ ਜੂਨ ਤੋਂ ਬਰਗਾੜੀ ਵਿਚ ਧਰਨਾ ਮਾਰ ਕੇ ਬੈਠੇ ਮੁਤਵਾਜ਼ੀ ਜਥੇਦਾਰਾਂ ਤੇ ਗਰਮਖਿਆਲੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਮੁੱਖ ਮੰਤਰੀ ਦੀ 6 ਜੂਨ ਸ਼ਾਮ ਨੂੰ ਚੰਡੀਗੜ੍ਹ ‘ਚ ਹੋਈ ਮੀਟਿੰਗ ਬਾਅਦ ਬਰਗਾੜੀ ਬੇਅਦਬੀ ਕਾਂਡ ਦੀਆਂ ਗੁੰਝਲਾਂ ਖੋਲ੍ਹਣ ਲਈ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਖੁੱਲ੍ਹੀ ਛੁੱਟੀ ਦੇ ਤਿੰਨ ਦਿਨ ਬਾਅਦ ਹੀ ਪੁਲਿਸ ਨੇ ਸਾਰੀਆਂ ਲੜੀਆਂ ਜੋੜ ਲਈਆਂ ਹਨ ਤੇ ਇਸ ਕਾਂਡ ‘ਚ ਸ਼ਾਮਲ ਲਗਭਗ ਸਾਰੇ ਹੀ ਮੁਲਜ਼ਮ ਚੁੱਕ ਲਏ ਹਨ ਜਾਂ ਸ਼ਨਾਖਤ ਕਰ ਲਈ।
ਫਰਵਰੀ 2017 ਦੀਆਂ ਚੋਣਾਂ ਤੋਂ ਪਹਿਲਾਂ ਮੌੜ ‘ਚ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੂੰ ਪਿਛਲੇ ਵਰ੍ਹੇ ਦੇ ਅਖੀਰ ਵਿਚ ਵੀ ਬਰਗਾੜੀ ਕਾਂਡ ਦੇ ਬਹੁਤ ਸਾਰੇ ਸਬੂਤ ਲੱਭ ਗਏ ਸਨ ਤੇ ਮੌੜ ਬੰਬ ਕਾਂਡ ਦੀਆਂ ਤਾਰਾਂ ਵੀ ਡੇਰਾ ਸਿਰਸਾ ਦੇ ਅੰਦਰ ਜੁੜੀਆਂ ਹੋਣ ਬਾਰੇ ਪੁਖਤਾ ਸਬੂਤ ਵੀ ਮਿਲ ਗਏ ਸਨ, ਪਰ ਪਤਾ ਨਹੀਂ ਕਿਹੜੇ ਦਬਾਅ ਹੇਠ ਟੀਮ ਨੂੰ ਪਿੱਛੇ ਮੁੜਨ ਦੇ ਹੁਕਮ ਸੁਣਾ ਦਿੱਤੇ ਗਏ ਸਨ।
ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀæਆਈæਜੀæ ਰਣਬੀਰ ਸਿੰਘ ਖਟੜਾ ਦਾ ਦਾਅਵਾ ਹੈ ਕਿ ਦੋਵਾਂ ਥਾਂਵਾਂ ਉਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਡੇਰਾ ਸਿਰਸਾ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਸਨ। ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਦੇ ਗੁਰਦੁਆਰੇ ਤੋਂ ਸਰੂਪ ਚੋਰੀ ਕਰਨ ਵਿਚ ਮੁੱਖ ਭੂਮਿਕਾ ਬਿੱਟੂ ਦੀ ਹੀ ਸੀ ਅਤੇ ਫਿਰ 12 ਅਕਤੂਬਰ 2015 ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਤੇ ਅਗਲੇ ਦਿਨ ਪੋਸਟਰ ਲਗਾ ਕੇ ਹੋਰ ਵੀ ਸਬਕ ਸਿਖਾਉਣ ਪਿੱਛੇ ਵੀ ਬਿੱਟੂ ਦੀ ਹੀ ਮੁੱਖ ਭੂਮਿਕਾ ਸੀ।
ਜਾਂਚ ਟੀਮ ਨੂੰ ਪਤਾ ਲੱਗਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਅਮਲੀਜਾਮਾ ਪਹਿਨਾਉਣ ‘ਚ ਭਾਵੇਂ ਬਿੱਟੂ ਤੇ ਉਸ ਦੇ ਕੁਝ ਹੋਰ ਸਾਥੀਆਂ ਨੇ ਅਹਿਮ ਭੂਮਿਕਾ ਨਿਭਾਈ। ਪੁਲਿਸ ਦਾ ਦਾਅਵਾ ਹੈ ਕਿ ਬਿੱਟੂ ਨੇ ਸਾਰਾ ਕੁਝ ਡੇਰਾ ਪ੍ਰਬੰਧਕਾਂ ਦੇ ਕਹਿਣ ਉਪਰ ਹੀ ਕੀਤਾ। ਜਾਂਚ ਮੁਤਾਬਕ ਇਸ ਸਾਜਿਸ਼ ਦੀ ਵਿਉਂਤ ਘੜਨ ‘ਚ ਬਲਾਤਕਾਰ ਦੇ ਮਾਮਲੇ ‘ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਾਸ-ਮ-ਖਾਸ ਪੀæਏæ ਰਕੇਸ਼ ਕੁਮਾਰ ਤੋਂ ਇਲਾਵਾ ਡੇਰੇ ਦੀ ਕੌਮੀ ਕਮੇਟੀ ਦਾ ਮੈਂਬਰ ਪ੍ਰਦੀਪ ਕਲੇਰ ਕਰਨਾਲ, ਹਰਸ਼ ਕੁਮਾਰ ਧੂਰੀ, ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦਾ ਸੰਦੀਪ ਵੀ ਸ਼ਾਮਲ ਸੀ।
ਯਾਦ ਰਹ ਕਿ ਬੁਰਜ ਜਵਾਹਰ ਸਿੰਘ ਤੇ ਬਰਗਾੜੀ ਕਾਂਡ ਦੀ ਜਾਂਚ ਪਿਛਲੇ ਤਕਰੀਬਨ ਢਾਈ ਸਾਲ ਤੋਂ ਸੀæਬੀæਆਈæ ਹਵਾਲੇ ਹੈ ਪਰ ਸੀæਬੀæਆਈæ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਕੋਲੋਂ ਸੂਚਨਾ ਲੈਣ ਜਾਂ ਛੋਟੀ-ਮੋਟੀ ਹੋਰ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਇਸ ਵਕਾਰੀ ਮਾਮਲੇ ਨੂੰ ਹੱਲ ਕਰਨ ਲਈ ਕੋਈ ਬਹੁਤੀ ਸਰਗਰਮੀ ਨਹੀਂ ਕੀਤੀ।
_____________________
ਅਕਾਲੀ ਦਲ ਕਸੂਤਾ ਘਿਰਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਸਿੱਖ ਸੰਗਠਨਾਂ ਨੇ ਇਲਜ਼ਾਮ ਲਾਇਆ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਵੋਟਾਂ ਖਾਤਰ ਡੇਰਾ ਸਿਰਸਾ ਨੂੰ ਕਲੀਨ ਚਿੱਟ ਦਿੱਤੀ ਸੀ। ਚੇਤੇ ਰਹੇ ਕਿ ਇਨ੍ਹਾਂ ਘਟਨਾਵਾਂ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਐਕਸ਼ਨ ਕਮੇਟੀ ਬਣਾਈ ਗਈ ਸੀ। ਇਸ ਵਿਚ ਕਮੇਟੀ ਨੇ ਜਾਂਚ ਕਰਦੇ ਹੋਏ ਕੁਝ ਡੇਰਾ ਪ੍ਰੇਮੀਆਂ ਨੂੰ ਘੇਰੇ ਵਿਚ ਲਿਆਂਦਾ ਸੀ ਪਰ ਪੁਲਿਸ ਨੇ ਇਨ੍ਹਾਂ ਦੀ ਜਾਂਚ ਦੇ ਉਲਟ ਉਨ੍ਹਾਂ ਉਤੇ ਪਰਚੇ ਦਰਜ ਕਰ ਦਿੱਤੇ। ਉਦੋਂ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਥੋਂ ਤੱਕ ਕਿਹਾ ਸੀ ਕਿ ਇਨ੍ਹਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ।