ਇਸ ਏ ਕੇ 47 ਵਿਚੋਂ ਹੁੰਦੀ ਹੈ ਸੁਰਾਂ ਦੀ ਵਾਛੜ

ਕੋਲੰਬੀਆ ਦਾ ਨੌਜਵਾਨ ਰੌਕ ਸਟਾਰ ਸੀਜ਼ਰ ਲੋਪੇਜ਼ ਸਾਲ 2003 ਤੋਂ ਮਿਸ਼ਨ ਉਤੇ ਹੈ। ਉਸ ਸਾਲ ਉਸ ਨੇ ਏæਕੇæ 47 ਨੂੰ ਬਦਲ ਕੇ ਗੰਨ-ਗਿਟਾਰ ਬਣਾਈ ਸੀ। ਇਸ ਦਾ ਨਾਂ ਉਸ ਨੇ ਐਸਕੋਪੇਤਰਾ ਰੱਖਿਆ। ਆਪਣੀ ਇਸ ਐਸਕੋਪੇਤਰਾ ਰਾਹੀਂ ਉਹ ਸੰਸਾਰ ਭਰ ਵਿਚ ਅਮਨ ਦਾ ਸੁਨਹਾ ਦੇ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਸੰਗੀਤ ਵਿਚ ਲੋਕਾਂ ਦੇ ਦਿਲਾਂ ਨੂੰ ਬੰਨ੍ਹਣ ਅਤੇ ਮੱਲ੍ਹਮ ਬਣ ਜਾਣ ਦੀ ਤਾਕਤ ਹੁੰਦੀ ਹੈ। ਉਹ ਹਿੰਸਾ ਦੀ ਮਾਰ ਹੇਠ ਆਏ ਲੋਕਾਂ ਦੇ ਜ਼ਖਮਾਂ ਉਤੇ ਆਪਣੀ ‘ਅਸਾਲਟ’ ਰਾਹੀਂ ਪਿਛਲੇ ਇਕ ਦਹਾਕੇ ਤੋਂ ਸੁਰਾਂ ਦੀ ਮੱਲ੍ਹਮ ਲਾ ਰਿਹਾ ਹੈ।

ਐਸਕੋਪੇਤਰਾ ਸੰਸਾਰ ਭਰ ਵਿਚ ਹੁਣ ਅਮਨ ਦਾ ਚਿੰਨ੍ਹ ਬਣ ਚੁੱਕੀ ਹੈ ਜੋ ਅਸਾਲਟ ਨੂੰ ਬਦਲ ਕੇ ਬਣਾਈ ਗਿਟਾਰ ਹੈ। ਇਹ ਹੁਣ ਛੱਰਿਆਂ ਦੀ ਵਾਛੜ ਦੀ ਥਾਂ ਸੁਰਾਂ ਦੀ ਛਹਿਬਰ ਲਾਉਂਦੀ ਹੈ। ਇਹ ਕੋਲੰਬੀਆ ਦੇ ਨੌਜਵਾਨ ਸੀਜ਼ਰ ਲੋਪੇਜ਼ ਦੇ ਦਿਲੋ-ਦਿਮਾਗ ਦੀ ਕਾਢ ਹੈ। ਕੋਲੰਬੀਆ ਕਈ ਦਹਾਕਿਆਂ ਤੋਂ ਹਿੰਸਾ ਦੀ ਮਾਰ ਹੇਠ ਹੈ। ਮਾਓਵਾਦੀ ਗੁਰੀਲੇ ਉਥੇ ਤਖਤ ਪਲਟਾਉਣ ਲਈ 1964 ਤੋਂ ਘੋਲ ਕਰ ਰਹੇ ਹਨ ਅਤੇ ਸਰਕਾਰ ਇਨ੍ਹਾਂ ਦੇ ਵਧਦੇ ਕਦਮ ਰੋਕਣ ਲਈ ਹਰ ਹੀਲਾ ਵਰਤਦੀ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਉਤੇ ਤੀਜੀ ਮਾਰ ਨਸ਼ਿਆਂ ਦੀ ਸਮਗਲਿੰਗ ਦੀ ਪੈ ਰਹੀ ਹੈ। ਹਥਿਆਰਾਂ ਦੇ ਇਸ ਘੜਮੱਸ ਵਿਚ ਸੀਜ਼ਰ ਲੋਪੇਜ਼ 2003 ਵਿਚ ਆਪਣਾ ਇਹ ਨਵਾਂ ਸੰਗੀਤ ਹਥਿਆਰ ਲੈ ਕੇ ਆਇਆ ਅਤੇ ਅੱਜ ਤੱਕ ਅਮਨ ਦਾ ਸੁਨੇਹਾ ਵੰਡ ਰਿਹਾ ਹੈ। ਐਸਕੋਪੇਤਰਾ ਸ਼ਬਦ ਦੋ ਸਪੇਨੀ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ-ਐਸਕੋਪੇਤਾ (eਸਚੋਪeਟਅ) ਅਤੇ ਗਿਟਾਰਾ (ਗੁਟਿਅਰਰਅ)। ਸੀਜ਼ਰ ਲੋਪੇਜ਼ ਨੇ ਇਹ ਐਸਕੋਪੇਤਰਾ 2003 ਵਿਚ ਬਣਵਾਈ ਸੀ। ਅਸਲ ਵਿਚ ਕੋਲੰਬੀਆ ਦੇ ਇਕ ਸ਼ਹਿਰ ਬਗੋਤਾ ਵਿਚ ਅਲ-ਨੋਗਲ ਕਲੱਬ ਵਿਚੋਂ ਹੋਏ ਧਮਾਕੇ ਤੋਂ ਬਾਅਦ ਉਥੇ ਖੜ੍ਹੇ ਇਕ ਫੌਜੀ ਦਾ ਅਕਸ ਸੀਜ਼ਰ ਲੋਪੇਜ਼ ਦੇ ਜ਼ਿਹਨ ਵਿਚ ਕਿਤੇ ਡੂੰਘਾ ਬੈਠ ਗਿਆ। ਇਸ ਫੌਜੀ ਨੇ ਆਪਣੀ ਏæਕੇæ 47 ਅਸਾਲਟ, ਗਿਟਾਰ ਵਾਂਗ ਫੜੀ ਹੋਈ ਸੀ। ਸੀਜ਼ਰ ਨੇ ਸੋਚ ਲਿਆ ਕਿ ਉਹ ਅਸਾਲਟ ਨੂੰ ਅਮਨ ਦਾ ਹਥਿਆਰ ਬਣਾਏਗਾ। ਆਪਣੀ ਪਹਿਲੀ ਐਸਕੋਪੇਤਰਾ ਉਸ ਨੇ ਵਿਨਚੈੱਸਟਰ ਰਾਈਫਲ ਅਤੇ ਸਟਰੈਟਰੋਕਾਸਟਰ ਇਲੈਕਟ੍ਰਿਕ ਗਿਟਾਰ ਨੂੰ ਰਲਾ ਕੇ ਬਣਵਾਈ। ਇਸ ਤੋਂ ਬਾਅਦ ਲੋਪੇਜ਼ ਨੇ 5 ਐਸਕੋਪੇਤਰਾ ਬਣਵਾਈਆਂ। ਇਹ ਸਾਰੀਆਂ ਕੋਲੰਬੀਆ ਦੇ ‘ਮਾਰਟਿਨ ਲੂਥਰ ਪੰਥੀ’ ਅਲਬਰਟੋ ਪੇਰੇਜ਼ ਨੇ ਬਣਾਈਆਂ ਸਨ। ਇਨ੍ਹਾਂ ਵਿਚੋਂ ਇਕ ਸੀਜ਼ਰ ਨੇ ਆਪਣੇ ਕੋਲ ਰੱਖ ਲਈ ਅਤੇ ਬਾਕੀ ਕੋਲੰਬੀਆ ਦੇ ਸੰਗੀਤਕਾਰ ਜੁਆਨਸ, ਅਰਜਨਟੀਨਾ ਦੇ ਸੰਗੀਤਕਾਰ ਫੀਤੋ ਪੇਇਜ਼, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਬਗੋਤਾ ਦੀ ਨਗਰ ਕੌਂਸਲ ਨੂੰ ਦੇ ਦਿੱਤੀਆਂ। ਜੁਆਨਸ ਨੇ ਆਪਣੀ ਐਸਕੋਪੇਤਰਾ 17 ਹਜ਼ਾਰ ਡਾਲਰ ਨੂੰ ਅਗਾਂਹ ਵੇਚ ਦਿੱਤੀ। ਇਸ ਐਸਕੋਪੇਤਰਾ ਤੋਂ ਹਾਸਲ ਹੋਈ ਰਕਮ ਬਾਰੂਦੀ ਸੁਰੰਗਾਂ ਵਿਚ ਮਾਰੇ ਗਏ ਸੁਰੱØਖਿਆ ਬਲਾਂ ਦੇ ਪਰਿਵਾਰਾਂ ਨੂੰ ਇਮਦਾਦ ਵਜੋਂ ਦਿੱਤੀ ਗਈ। ਸੰਯੁਕਤ ਰਾਸ਼ਟਰ ਨੂੰ ਜਿਹੜੀ ਐਸਕੋਪੇਤਰਾ ਦਿੱਤੀ ਗਈ, ਉਸ ਦੀ ਨੁਮਾਇਸ਼ ਸੰਯੁਕਤ ਰਾਸ਼ਟਰ ਨਿਸ਼ਸਤਰੀਕਰਨ ਕਾਨਫਰੰਸ ਦੌਰਾਨ ਜੂਨ 2006 ਨੂੰ ਲਾਈ ਗਈ। ਵੱਖ-ਵੱਖ ਲੋਕਾਂ ਦੇ ਮੁਲਕਾਂ ਨੇ ਅਮਨ ਦੀ ਇਸ ਨਵੀਂ ਕਾਢ ਵਿਚ ਬਹੁਤ ਉਤਸੁਕਤਾ ਦਿਖਾਈ। 2006 ਵਿਚ ਸੀਜ਼ਰ ਨੇ 12 ਹੋਰ ਐਸਕੋਪੇਤਰਾ ਬਣਵਾਈਆਂ। ਇਨ੍ਹਾਂ ਵਿਚੋਂ ਇਕ ਉਸ ਨੇ ਕੋਲੰਬੀਆ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ, ਕਾਰਲੋਸ ਸਾਨਤਾਨਾ, ਮਾਨੂ ਚਾਉ, ਬੌਬ ਗੈਲਦਫ, ਅਤੇ ਪਾਲ ਮੈਕ-ਕਰਟਨੀ ਵਰਗੇ ਗਾਇਕਾਂ-ਸੰਗੀਤਕਾਰਾਂ ਤੋਂ ਇਲਾਵਾ ਦਲਾਈਲਾਮਾ ਜਿਹੀਆਂ ਸਿਆਸੀ ਸ਼ਖ਼ਸੀਅਤਾਂ ਨੂੰ ਵੀ ਦਿੱਤੀਆਂ। ਉਂਜ ਦਲਾਈਲਾਮਾ ਦੇ ਇਕ ਸਾਥੀ ਨੇ ਇਹ ਤੋਹਫਾ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਬੰਦੂਕ ਤੋਂ ਬਣਾਈ ਗਈ ਹੈ। ਲੋਪੇਜ਼ ਨੇ ਇਸ ਬਾਰੇ ਆਪਣਾ ਪੱਖ ਰੱਖਣ ਦਾ ਯਤਨ ਕੀਤਾ ਪਰ ਦਲਾਈਲਾਮਾ ਦੇ ਸਾਥੀ ਟੱਸ ਤੋਂ ਮੱਸ ਨਾ ਹੋਏ ਅਤੇ ਤੋਹਫਾ ਸਵੀਕਾਰ ਨਾ ਕੀਤਾ। ਲੋਪੇਜ਼ ਦਾ ਕਹਿਣਾ ਸੀ ਉਹ ਤਾਂ ਖੁਦ ਹਰ ਹਥਿਆਰ ਨੂੰ ਸੁਰਾਂ ਦੀ ਸਰਗਮ ਵਿਚ ਬੰਨ੍ਹਣਾ ਚਾਹੁੰਦਾ ਹੈ, ਹਰ ਹਥਿਆਰ ਨੂੰ ਬਦਲ ਕੇ ਅਮਨ ਦਾ ਹੱਥ ਬਣਾਉਣਾ ਚਾਹੁੰਦਾ ਹੈ। ਉਸ ਨੂੰ ਦੁੱਖ ਹੈ ਕਿ ਦਲਾਈਲਾਮਾ ਦੇ ਸਾਥੀਆਂ ਨੇ ਉਸ ਦੀ ਗੱਲ ਸੁਣੀ ਵੀ ਨਹੀਂ। ਹੁਣ ਉਹ ਤਿੱਬਤੀਆਂ ਵੱਲੋਂ ਆਤਮਦਾਹ ਦੀਆਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਦਾ ਹਵਾਲਾ ਦਿੰਦਿਆਂ ਆਖਦਾ ਹੈ ਕਿ ਕੀ ਇਹ ਹਿੰਸਾ ਨਹੀਂ ਹੈ? ਕੀ ਦਲਾਈਲਾਮਾ ਦੇ ਸਾਥੀ ਇਸ ਪਾਸੇ ਧਿਆਨ ਦੇ ਰਹੇ ਹਨ, ਜਦਕਿ ਉਸ ਵੱਲੋਂ ਅਸਾਲਟ ਤੋਂ ਤਿਆਰ ਕੀਤੀ ਗਿਟਾਰ ਤਾਂ ਅਮਨ ਦਾ ਹੀ ਸੁਨੇਹਾ ਦੇ ਰਹੀ ਸੀ! ਉਸ ਦਾ ਮੁੱਖ ਖਿਆਲ, ਮਨੁੱਖਤਾ ਨੂੰ ਹਥਿਆਰਾਂ ਦੀ ਮਾਰ ਤੋਂ ਬਚਾਉਣਾ ਹੈ। ਉਧਰ, ਸੰਯੁਕਤ ਰਾਸ਼ਟਰ ਨੇ ਉਸ ਕੋਲੋਂ ਉਚੇਚੇ ਤੌਰ ‘ਤੇ ਐਸਕੋਪੇਤਰਾ ਲਈਆਂ। ਇਨ੍ਹਾਂ ਵਿਚੋਂ ਇਕ ਬਰਲਿਨ (ਜਰਮਨੀ), ਇਕ ਹੋਰ ਨਿਊਯਾਰਕ (ਅਮਰੀਕਾ) ਵਿਚ ਯੂਨੈਸਕੋ ਦੇ ਦਫਤਰ ਅਤੇ ਇਕ-ਇਕ ਬ੍ਰਾਜ਼ੀਲ, ਅਰਜਨਟੀਨਾ ਤੇ ਵਿਆਨਾ ਵਿਖੇ ਪਈਆਂ ਹਨ।
ਸੀਜ਼ਰ ਲੋਪੇਜ਼ ਦਾ ਕਹਿਣਾ ਹੈ ਕਿ ਉਹ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਹ ਏæਕੇæ 47 ਤੋਂ ਬਣਾਈ ਆਪਣੀ ਗੰਨ-ਗਿਟਾਰ ਨਾਲ ਅਹਿੰਸਾ ਦਾ ਹੀ ਪ੍ਰਚਾਰ ਕਰ ਰਿਹਾ ਹੈ। ਲੋਪੇਜ਼ 2011 ਵਿਚ ਭਾਰਤ ਦੀ ਰਾਜਧਾਨੀ  ਦਿੱਲੀ ਵੀ ਗਿਆ ਸੀ ਅਤੇ ਉਥੇ ਨਵੰਬਰ ਵਿਚ ਲੱਗੇ ਕੌਮਾਂਤਰੀ ਕਲਾ ਮੇਲੇ ‘ਚ ਆਪਣੀ ਐਸਕੋਪੇਤਰਾ ਦੀ ਨੁਮਾਇਸ਼ ਵੀ ਲਾਈ ਸੀ। ਉਸ ਦੀ ਐਸਕੋਪੇਤਰਾ ਦੇਖਣ ਬਹੁਤ ਲੋਕ ਆਏ ਅਤੇ ਉਸ ਦਾ ਪ੍ਰੋਗਰਾਮ ਵੀ ਸਣਿਆ। ਲੋਪੇਜ਼ ਦਾ ਕਹਿਣਾ ਹੈ ਕਿ ਸੰਗੀਤ ਵਿਚ ਸੰਸਾਰ ਨੂੰ ਬੰਨ੍ਹ ਸਕਣ ਦੀ ਸ਼ਕਤੀ ਹੁੰਦੀ ਹੈ। ਉਸ ਮੁਤਾਬਕ ਕਲਾ ਅਤੇ ਸੰਗੀਤ ਰਾਹੀਂ ਦਹਿਸ਼ਤਪਸੰਦੀ ਦਾ ਖਾਤਮਾ ਕਰਨਾ ਉਸ ਦਾ ਮੁੱਖ ਉਦੇਸ਼ ਹੈ। ਗਾਂਧੀ ਦਾ ਜਨਮ ਦਿਨ ਉਹ ਹਰ ਸਾਲ ਆਪਣੇ ਢੰਗ ਨਾਲ ਮਨਾਉਂਦਾ ਹੈ। ਬਚਪਨ ਤੋਂ ਹੀ ਮਹਾਤਮਾ ਗਾਂਧੀ ਅਤੇ ਅਹਿੰਸਾ ਦਾ ਪੁਜਾਰੀ ਰਿਹਾ ਹੈ। ਆਪਣੇ ਦਿੱਲੀ ਦੌਰੇ ਦੌਰਾਨ ਸੀਜ਼ਰ ਲੋਪੇਜ਼ ਮਹਾਤਮਾ ਗਾਂਧੀ ਮਿਊੂਜ਼ੀਅਮ ਵੀ ਗਿਆ ਅਤੇ ਉਥੇ ਉਸ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵਜੋਂ ਆਪਣੀ ਗੰਨ-ਗਿਟਾਰ ਐਸਕੋਪੇਤਰਾ ਭੇਟ ਕੀਤੀ। ਸੀਜ਼ਰ ਲੋਪੇਜ਼ ਕਹਿੰਦਾ ਹੈ ਕਿ ਕੋਈ  ਏæਕੇæ 47 ਇਕੋ ਵੇਲੇ 300 ਲੋਕਾਂ ਨੂੰ ਮਾਰ ਸਕਦੀ ਹੈ, ਪਰ ਉਹ ਇਸ ਹਥਿਆਰ ਤੋਂ ਤਿਆਰ ਕੀਤੀ ਐਸਕੋਪੇਤਰਾ ਨਾਲ ਅਜਿਹਾ ਸੰਗੀਤ ਤਿਆਰ ਕਰਦਾ ਹੈ ਜੋ ਹਜ਼ਾਰਾਂ ਲੋਕਾਂ ਦਾ ਦਰਦ ਦੂਰ ਕਰਦਾ ਹੈ। ਉਹ ਹੁਣ ਤੱਕ ਉਹ 17 ਦੇਸ਼ਾਂ ਵਿਚ ਆਪਣੀ ਗੰਨ-ਗਿਟਾਰ ਦੀ ਪੇਸ਼ਕਾਰੀ ਕਰ ਚੁੱਕਾ ਹੈ। ਸੀਜ਼ਰ ਪਿਛਲੇ ਇਕ ਦਹਾਕੇ ਤੋਂ ‘ਬਟਾਲੀਅਨ ਆਫ਼ ਇਮੀਡੀਏਟ ਆਰਟਿਸਟਿਕ ਰੀਐਕਸ਼ਨ’ ਗਰੁੱਪ ਦਾ ਮੈਂਬਰ ਹੈ ਜੋ ਕੋਲੰਬੀਆ ਵਿਚ ਫੈਲੀ ਹਿੰਸਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸ ਗਰੁੱਪ ਨਾਲ ਬਹੁਤ ਸਾਰੇ ਗਾਇਕ ਸੰਗੀਤਕਾਰ ਜੁੜੇ ਹੋਏ ਹਨ। ਇਹ ਗਰੁੱਪ ਜਿਥੇ ਕਿਤੇ ਵੀ ਹਿੰਸਕ ਹਮਲਿਆਂ ਦੀ ਖ਼ਬਰ ਸੁਣਦਾ ਹੈ, ਉਥੇ ਪਹੁੰਚ ਕੇ ਪੀੜਤਾਂ ਲਈ ਸੰਗੀਤ ਪੇਸ਼ ਕਰਦਾ ਹੈ।

Be the first to comment

Leave a Reply

Your email address will not be published.