ਓਂਟਾਰੀਓ ਚੋਣਾਂ: ਸਿੱਖ ਉਮੀਦਵਾਰਾਂ ਦੀ ਬੱਲੇ-ਬੱਲੇ, ਟੋਰੀ ਪਾਰਟੀ ਦੀ ਹੂੰਝਾਫੇਰ ਜਿੱਤ

ਬਰੈਂਪਟਨ: ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀਆਂ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ (ਟੋਰੀ) ਨੇ ਲਿਬਰਲ ਪਾਰਟੀ ਦਾ ਪਿਛਲੇ 15 ਵਰ੍ਹਿਆਂ ਦਾ ਹਕੂਮਤੀ ਗੜ੍ਹ ਤੋੜਦਿਆਂ ਬਹੁਮਤ ਹਾਸਲ ਕੀਤਾ ਹੈ। ਸਾਬਕਾ ਸਿਟੀ ਕੌਂਸਲਰ ਡੱਗ ਫੋਰਡ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੰਜ਼ਰਵੇਟਿਵ ਪਾਰਟੀ ਨੂੰ 76, ਐਨ. ਡੀ. ਪੀ. ਨੂੰ 40 ਤੇ 2014 ਵਿਚ 53 ਸੀਟਾਂ ਦਾ ਬਹੁਮਤ ਲੈਣ ਵਾਲੇ ਲਿਬਰਲਾਂ ਨੂੰ ਸਿਰਫ 7 ਸੀਟਾਂ ਮਿਲੀਆਂ ਹਨ।

ਪਹਿਲੀ ਵਾਰ ਗਰੀਨ ਪਾਰਟੀ ਵੀ ਇਕ ਸੀਟ ਲੈਣ ਵਿਚ ਕਾਮਯਾਬ ਰਹੀ।
ਕੁਝ ਹਫਤੇ ਪਹਿਲਾਂ ਸਰਵੇਖਣਾਂ ਵਿਚ ਅੱਗੇ ਚੱਲ ਰਹੀ ਐਨ. ਡੀ. ਪੀ. ਨੂੰ ਆਸ ਤੋਂ ਉਲਟ ਹੁੰਗਾਰਾ ਮਿਲਿਆ ਤੇ ਉਸ ਨੂੰ ਮੁੱਖ ਵਿਰੋਧੀ ਧਿਰ ਵਜੋਂ ਗੁਜ਼ਾਰਾ ਕਰਨਾ ਪਵੇਗਾ। ਲਿਬਰਲ ਪਾਰਟੀ ਦੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਕੈਥਲਿਨ ਵਿਨ ਨੇ ਪਾਰਟੀ ਦੀ ਬੁਰੀ ਹਾਰ ਦੀ ਨਮੋਸ਼ੀ ਕਾਰਨ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ।
ਬਰੈਂਪਟਨ, ਮਿਸੀਸਾਗਾ ਤੇ ਮਿਲਟਨ ਦੇ ਹਲਕਿਆਂ ਵਿਚ ਤਿੰਨੋਂ ਪਾਰਟੀਆਂ ਵੱਲੋਂ ਖੜ੍ਹੇ ਡੇਢ ਦਰਜਨ ਪੰਜਾਬੀ ਉਮੀਦਵਾਰਾਂ ਵਿਚੋਂ 6 ਨੂੰ ਕਾਮਯਾਬੀ ਨਸੀਬ ਹੋਈ ਹੈ। ਟੋਰੀਆਂ ਦੇ ਹੱਕ ਵਿਚ ਚੱਲੀ ਹਨੇਰੀ ਨੇ ਬਰੈਂਪਟਨ ਵਿਚ ਲਿਬਰਲ ਪਾਰਟੀ ਦਾ ਸਫਾਇਆ ਕਰ ਦਿੱਤਾ ਹੈ, ਜਿਥੇ ਪੁਰਾਣੇ ਵਿਧਾਇਕ ਹਰਿੰਦਰ ਮੱਲੀ, ਵਿੱਕ ਢਿੱਲੋਂ ਤੇ ਅੰਮ੍ਰਿਤ ਮਾਂਗਟ ਬੁਰੀ ਤਰ੍ਹਾਂ ਹਾਰ ਗਏ। ਐਨ. ਡੀ. ਪੀ. ਦੇ ਕੌਮੀ ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਤੋਂ ਇਲਾਵਾ ਟੋਰੀ ਪਾਰਟੀ ਦੇ ਪ੍ਰਬਮੀਤ ਸਰਕਾਰੀਆ, ਦੀਪਕ ਆਨੰਦ, ਅਮਰਜੋਤ ਸੰਧੂ, ਪਰਮ ਗਿੱਲ ਤੇ ਨੀਨਾ ਤਾਂਗੜੀ ਜੇਤੂ ਰਹੇ ਹਨ। ਐਨ. ਡੀ. ਪੀ. ਦੀ ਸਾਰਾ ਸਿੰਘ ਨੇ ਵੀ ਜਿੱਤ ਹਾਸਲ ਕੀਤੀ ਹੈ।
ਹਾਰਨ ਵਾਲਿਆਂ ਵਿਚ ਡਾ. ਪਰਮਿੰਦਰ ਸਿੰਘ, ਸੁਖਵੰਤ ਠੇਠੀ, ਦੀਪਕਾ ਦਮਰਲਾ, ਇੰਦਰਾ ਨਾਇਡੂ, ਰੂਬੀ ਤੂਰ (ਲਿਬਰਲ), ਰਿਪੂਦਮਨ ਢਿੱਲੋਂ, ਹਰਜੀਤ ਜਸਵਾਲ, ਸੁਦੀਪ ਵਰਮਾ (ਟੋਰੀ), ਜਗਰੂਪ ਸਿੰਘ ਤੇ ਪਰਮਜੀਤ ਗਿੱਲ (ਐਨਡੀਪੀ) ਵੀ ਸ਼ਾਮਲ ਹਨ। ਇਸ ਵਾਰ 42ਵੀਂ ਵਿਧਾਨ ਸਭਾ ਦੀਆਂ 124 ਸੀਟਾਂ ਲਈ 28 ਪਾਰਟੀਆਂ ਦੇ 825 ਉਮੀਦਵਾਰ ਖੜ੍ਹੇ ਸਨ। ਸੂਬੇ ਵਿਚ ਕੁੱਲ 98 ਲੱਖ ਵੋਟਰ ਹਨ। ਐਤਕੀਂ ਮਹਿਲਾ ਉਮੀਦਵਾਰਾਂ ਦਾ ਵੀ ਰਿਕਾਰਡ ਰਿਹਾ। ਐਨ. ਡੀ. ਪੀ. ਨੇ 69, ਲਿਬਰਲਾਂ ਨੇ 53 ਤੇ ਟੋਰੀ ਪਾਰਟੀ ਨੇ 41 ਮਹਿਲਾ ਉਮੀਦਵਾਰ ਖੜ੍ਹੇ ਕੀਤੇ ਸਨ।