ਉਪ ਚੋਣਾਂ ‘ਚ ਹਾਰ ਪਿੱਛੋਂ ਭਾਜਪਾ ਨੂੰ ਸਿਆਸੀ ਭਾਈਵਾਲਾਂ ਦੀ ਆਈ ਯਾਦ

ਚੰਡੀਗੜ੍ਹ: ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਭਰ ਵਿਚ ਹੋਈਆਂ ਉਪ ਚੋਣਾਂ ਵਿਚ ਭਾਜਪਾ ਨੂੰ ਮਿਲੀ ਹਾਰ ਪਿੱਛੋਂ ਭਗਵਾ ਧਿਰ ਨੂੰ ਹੁਣ ਆਪਣੇ ਸਿਆਸੀ ਭਾਈਵਾਲਾਂ ਦੀ ਯਾਦ ਆ ਗਈ ਹੈ।

ਉਪ ਚੋਣਾਂ ਵਿਚ ਲਗਾਤਾਰ ਹਾਰ ਮਗਰੋਂ ਅਮਿਤ ਸ਼ਾਹ ਨੇ Ḕਸੰਪਰਕ ਫਾਰ ਸਮਰਥਨ’ ਮੁਹਿੰਮ ਵਿੱਢੀ ਹੋਈ ਹੈ। ਇਸੇ ਮੁਹਿੰਮ ਤਹਿਤ ਉਹ ਭਾਈਵਾਲ ਪਾਰਟੀਆਂ ਨੂੰ ਮਿਲ ਰਹੇ ਹਨ। ਅਮਿਤ ਸ਼ਾਹ ਨੇ ਸ਼ਿਵ ਸੈਨਾ ਦੇ ਮੁਖੀ ਉਦਵ ਠਾਕਰੇ ਨਾਲ ਮੁਲਾਕਾਤ ਤੋਂ ਪੰਜਾਬ ਵੱਲ ਰੁਖ ਕੀਤਾ ਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਭਾਵੇਂ ਅਮਿਤ ਸ਼ਾਹ ਨੂੰ ਸ਼ਿਵ ਸੈਨਾ ਨੇ ਬੇਰੰਗ ਮੋੜਦਿਆਂ 2019 ਵਿਚ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਐਲਾਨ, ਪਰ ਅਕਾਲੀ ਦਲ ਬਾਦਲ ਨੇ Ḕਗੱਠਜੋੜ ਧਰਮ’ ਨਿਭਾਉਣ ਲਈ ਹਾਮੀ ਭਰੀ।
ਯਾਦ ਰਹੇ ਪਿਛਲੇ ਸਮੇਂ ਵਿਚ ਅਕਾਲੀ ਦਲ ਤੇ ਭਾਜਪਾ ਵਿਚਾਲੇ ਕਈ ਮਤਭੇਦ ਉਭਰੇ ਸਨ। ਅਕਾਲੀ ਦਲ ਨੇ ਇਸ ਵਾਰ ਵੀ ਹਰਿਆਣਾ ਵਿਚ ਵੱਖਰੇ ਤੌਰ ਉਤੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਕਈ ਅਕਾਲੀ ਲੀਡਰ ਆਰ. ਐਸ਼ਐਸ਼ ਖਿਲਾਫ ਵੀ ਬੋਲਦੇ ਰਹਿੰਦੇ ਹਨ। ਭਾਵੇਂ ਬਾਦਲਾਂ ਨੇ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦੀ ਹਾਮੀ ਭਰੀ ਪਰ ਭਾਜਪਾ ਪ੍ਰਧਾਨ ਕੋਲ ਗਿਲੇ-ਸ਼ਿਕਵੇ ਵੀ ਕੀਤੇ ਅਤੇ ਸੁਝਾਅ ਦਿੱਤਾ ਕਿ ਕਿਸਾਨਾਂ, ਦਲਿਤਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਘੱਟ ਗਿਣਤੀਆਂ ਦਰਮਿਆਨ ਕੇਂਦਰ ਸਰਕਾਰ ਖਿਲਾਫ਼ ਵਧੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਲੋੜ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਆਗੂਆਂ ਨਾਲ ਡੇਢ ਘੰਟਾ ਮੀਟਿੰਗ ਹੋਣੀ ਸੀ ਪਰ ਇਹ ਦੋ ਘੰਟਿਆਂ ਤੋਂ ਵਧ ਸਮੇਂ ਤੱਕ ਚੱਲੀ। ਮੀਟਿੰਗ ਤੋਂ ਅਗਲੇ ਦਿਨ ਅਕਾਲੀ ਦਲ ਦਾ ਵਫਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਮਿਲਿਆ ਅਤੇ ਲੰਗਰ ਤੋਂ ਜੀ. ਐਸ਼ਟੀ. ਹਟਾਉਣ, ਗੰਨਾ ਉਤਪਾਦਕ ਕਿਸਾਨਾਂ ਨੂੰ ਕੇਂਦਰ ਵੱਲੋਂ ਪੈਕੇਜ ਦੇਣ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਪਰ ਕੇਂਦਰ ਸਰਕਾਰ ‘ਚ ਉਸ ਦੀ ਸੁਣਵਾਈ ਪਿਛਲੀ ਯੂ. ਪੀ. ਏ. ਸਰਕਾਰ ਨਾਲੋਂ ਵੀ ਘੱਟ ਹੈ।
ਮੋਦੀ ਸਰਕਾਰ ਨੇ ਇਸ ਭਾਈਵਾਲ ਪਾਰਟੀ ਦਾ ਇਕ ਵੀ ਰਾਜਪਾਲ ਨਹੀਂ ਲਾਇਆ ਹੈ ਅਤੇ ਨਾ ਹੀ ਕਿਸੇ ਹੋਰ ਪਾਸੇ ਕੋਈ ਨੁਮਾਇੰਦਗੀ ਦਿੱਤੀ ਹੈ। ਮੀਟਿੰਗ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਆਖ ਦਿੱਤਾ ਸੀ ਕਿ ਚਾਰ ਸਾਲਾਂ ਤੱਕ ਭਾਜਪਾ ਨੇ ਕਾਂਗਰਸ ਵਾਂਗ ਪੰਜਾਬ ਦੀਆਂ ਮੰਗਾਂ ਨੂੰ ਅਣਗੌਲਿਆ ਕਰੀ ਰੱਖਿਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਗਿਲਾ ਕੀਤਾ ਸੀ ਕਿ ਮੀਟਿੰਗ ਕਾਫੀ ਦੇਰੀ ਨਾਲ ਹੋ ਰਹੀ ਹੈ। ਦੱਸ ਦਈਏ ਕਿ ਉਪ ਚੋਣਾਂ ਵਿਚ ਹਾਰ ਪਿੱਛੋਂ ਭਾਜਪਾ ਦੇ ਸੁਰ ਬਦਲੇ ਹੋਏ ਹਨ। ਸ਼ਾਹ ਅੱਜ ਕੱਲ੍ਹ ਉਨ੍ਹਾਂ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ ਜਿਨ੍ਹਾਂ ਨੂੰ ਮਹੀਨਾ-ਸਵਾ ਮਹੀਨਾ ਪਹਿਲਾਂ ਮਿਲਣਾ ਵਕਤ ਜ਼ਾਇਆ ਕਰਨ ਵਾਂਗ ਲੱਗਦਾ ਸੀ। ਹੁਣ ਇਨ੍ਹਾਂ ਸਾਰਿਆਂ ਨੂੰ ਆਪਣਿਆਂ ਵਾਂਗ ਗਲੇ ਲਾਇਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ, ਹੁਣ ਨਰੇਂਦਰ ਮੋਦੀ ਦੀ ਸੁਰ ਤੇ ਸੋਚ ਵੀ ਬਦਲੀ ਹੋਈ ਹੈ। ਉਨ੍ਹਾਂ ਨੇ ਤਿੰਨ ਸਾਲਾਂ ਤੱਕ ਲਾਲ ਕ੍ਰਿਸ਼ਨ ਅਡਵਾਨੀ ਦੀ ਅਣਦੇਖੀ ਕੀਤੀ, ਪਰ ਹੁਣ 90 ਸਾਲਾ ਨੇਤਾ ਨੂੰ ਪਲੋਸਿਆ ਜਾ ਰਿਹਾ ਹੈ। ਨਾ ਸਿਰਫ ਅਡਵਾਨੀ ਸਗੋਂ ਇਕ ਹੋਰ ਬਜ਼ੁਰਗ ਪਾਰਟੀ ਆਗੂ ਡਾ. ਮੁਰਲੀ ਮਨੋਹਰ ਜੋਸ਼ੀ ਨੂੰ ਵੀ ਵਾਨਪ੍ਰਸਥੀ ਤਿਆਗ ਕੇ ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਕਮਰਕੱਸੇ ਕਰਨ ਲਈ ਕਿਹਾ ਗਿਆ ਹੈ।
ਮੋਦੀ-ਸ਼ਾਹ ਦੇ ਇਹ ਨਵੇਂ ਪੈਂਤੜੇ ਉਤਰ ਪ੍ਰਦੇਸ਼ ਵਿਚ ਜ਼ਿਮਨੀ ਚੋਣਾਂ ਲਗਾਤਾਰ ਹਾਰਨ ਅਤੇ ਕਰਨਾਟਕ ‘ਚ ਸੱਤਾ ਦੇ ਨੇੜੇ ਢੁੱਕ ਕੇ ਵੀ ਸੱਤਾ ਹਾਸਲ ਨਾ ਕਰ ਸਕਣ ਵਰਗੀਆਂ ਨਕਾਮੀਆਂ ਦਾ ਨਤੀਜਾ ਹਨ। ਇਨ੍ਹਾਂ ਨਕਾਮੀਆਂ ਨੇ ਮੋਦੀ, ਸ਼ਾਹ ਅਤੇ ਭਾਜਪਾ ਦੇ ਹੋਰਨਾਂ ਰਣਨੀਤੀਕਾਰਾਂ ਨੂੰ ਅਹਿਸਾਸ ਕਰਾ ਦਿੱਤਾ ਹੈ ਕਿ ਸਿਆਸਤ ਵਿਚ ਸਹਿਯੋਗੀ ਧਿਰਾਂ ਪ੍ਰਤੀ ਉਦਾਸੀਨਤਾ ਪੁੱਠੀ ਵੀ ਪੈ ਸਕਦੀ ਹੈ। 2014 ਤੋਂ ਪਹਿਲਾਂ ਕਾਂਗਰਸ ਉਤੇ ਦੋਸ਼ ਲੱਗਿਆ ਕਰਦੇ ਸਨ ਕਿ ਉਹ ਯੂ. ਪੀ. ਏ. ਵਿਚ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਹੈਂਕੜ ਨਾਲ ਪੇਸ਼ ਆਉਂਦੀ ਹੈ ਅਤੇ ਚੰਗੇ ਸਿਆਸੀ ਭਾਈਵਾਲ ਵਾਲੀ ਭੂਮਿਕਾ ਨਹੀਂ ਨਿਭਾਉਂਦੀ। ਮੋਦੀ-ਸ਼ਾਹ ਦੀ ਅਗਵਾਈ ਵਾਲੀ ਭਾਜਪਾ ਦਾ ਰੁਖ 2014 ਤੋਂ ਬਾਅਦ ਕਾਂਗਰਸ ਨਾਲੋਂ ਵੀ ਵੱਧ ਬਦਗ਼ੁਮਾਨੀ ਵਾਲਾ ਹੋ ਗਿਆ।
ਇਸੇ ਕਾਰਨ ਜਿਥੇ ਚੰਦਰਬਾਬੂ ਨਾਇਡੂ ਦੀ ਤੈਲਗੂ ਦੇਸ਼ਮ ਪਾਰਟੀ ਨੇ ਭਾਜਪਾ ਨਾਲੋਂ ਨਾਤਾ ਤੋੜਿਆ, ਉਥੇ ਸ਼ਿਵ ਸੈਨਾ ਨੇ ਵੀ ਕੇਂਦਰ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਵਿਚ ਭਾਜਪਾ ਦੀ ਭਾਈਵਾਲ ਬਣੇ ਰਹਿਣ ਦੇ ਬਾਵਜੂਦ ਚੰਦਰੀ ਸ਼ਰੀਕ ਵਾਲੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ। ਬਹਰਹਾਲ, ਅਮਿਤ ਸ਼ਾਹ ਦਾ Ḕਸਾਥੀ ਜੋੜੋ’ ਮਿਸ਼ਨ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਹ ਤਾਂ ਭਵਿੱਖ ਦੱਸੇਗਾ, ਪਰ ਇਕ ਗੱਲ ਸਾਫ ਹੈ ਕਿ ਭਾਜਪਾ ਪ੍ਰਧਾਨ ਤੇ ਉਸ ਦੇ Ḕਸਾਹਿਬ’ ਨੂੰ ਇਹ ਸਬਕ ਜ਼ਰੂਰ ਮਿਲ ਗਿਆ ਹੈ ਕਿ ਉਨ੍ਹਾਂ ਦਾ Ḕਮਿਸ਼ਨ 2019′ ਐਨ. ਡੀ. ਏ. ਵਿਚਲੇ ਭਾਈਵਾਲਾਂ ਦੇ ਸਰਗਰਮ ਸਹਿਯੋਗ ਬਿਨਾ ਸਫਲ ਨਹੀਂ ਹੋ ਸਕੇਗਾ।