ਸ਼ਾਹੀ ਪਰੇਡ ‘ਚ ਸ਼ਾਮਲ ਹੋਏ ਪਹਿਲੇ ਦਸਤਾਰਧਾਰੀ ਸਿੱਖ ਫੌਜੀ ਦੇ ਚਰਚੇ

ਲੰਡਨ: ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਸਬੰਧੀ ਹੋਏ Ḕਟਰੂਪਿੰਗ ਦਿ ਕਲਰ’ ਸਮਾਗਮ ਵਿਚ ਫੌਜੀ (ਗਾਰਡਜ਼ਮੈਨ) ਚਰਨਪ੍ਰੀਤ ਸਿੰਘ ਲਾਲ (22) ਪਹਿਲਾ ਅਜਿਹਾ ਸੈਨਿਕ ਬਣ ਗਿਆ ਹੈ ਜਿਸ ਨੇ ਟੋਪ (ਹੈਟ) ਦੀ ਥਾਂ ਦਸਤਾਰ ਸਜਾ ਕੇ ਮਾਰਚ ਵਿਚ ਹਿੱਸਾ ਲਿਆ। ਚਰਨਪ੍ਰੀਤ ਸਿੰਘ ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਇਕ ਹਜ਼ਾਰ ਸੈਨਿਕਾਂ ਵਿਚੋਂ ਇਕਲੌਤਾ ਦਸਤਾਰਧਾਰੀ ਰਿਹਾ।

ਉਨ੍ਹਾਂ ਕਾਲੇ ਰੰਗ ਦੀ ਦਸਤਾਰ ਸਜਾਈ ਕਿਉਂਕਿ ਹੋਰ ਫੌਜੀਆਂ ਦੇ ਟੋਪ ਦਾ ਰੰਗ ਵੀ ਕਾਲਾ ਸੀ। ਸਮਾਗਮ ਦੌਰਾਨ ਉਨ੍ਹਾਂ ਦੇ ਮਾਪੇ ਅਤੇ ਭੈਣ ਵੀ ਹਾਜ਼ਰ ਰਹੇ। ਨਵੇਂ ਵਿਆਹੇ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਗਨ ਮਰਕਲ ਵੀ ਸਮਾਗਮ ‘ਚ ਮੌਜੂਦ ਸਨ। ਇਹ ਪਹਿਲੀ ਵਾਰ ਹੈ ਕਿ ਪਿਛਲੇ ਮਹੀਨੇ ਵਿਆਹ ਮਗਰੋਂ ਮੇਗਨ ਕਿਸੇ ਸਮਾਗਮ ਵਿਚ ਨਜ਼ਰ ਆਈ ਹੈ। ਚਰਨਪ੍ਰੀਤ ਸਿੰਘ ਬਚਪਨ ਵਿਚ ਹੀ ਭਾਰਤ ਤੋਂ ਇੰਗਲੈਂਡ ਆ ਗਿਆ ਸੀ ਅਤੇ ਇਥੇ ਲੈਸਟਰ ‘ਚ ਰਹਿੰਦਾ ਹੈ। ਚਰਨਪ੍ਰੀਤ ਨੇ ਕਿਹਾ ਕਿ ਮਾਰਚ ‘ਚ ਪੱਗ ਬੰਨ੍ਹ ਕੇ ਹਿੱਸਾ ਲੈਣ ਵਾਲਾ ਪਹਿਲਾ ਸਿੱਖ ਵਿਅਕਤੀ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਆਸ ਜਤਾਈ ਕਿ ਲੋਕ ਇਸ ਘਟਨਾਕ੍ਰਮ ਨੂੰ ਇਤਿਹਾਸ ‘ਚ ਬਦਲਾਅ ਵਜੋਂ ਦੇਖਣਗੇ। ਉਨ੍ਹਾਂ ਕਿਹਾ,ḔḔਮੈਂ ਆਸ ਕਰਦਾ ਹਾਂ ਕਿ ਮੇਰੇ ਵਾਂਗ ਹੋਰ ਲੋਕ ਨਾ ਸਿਰਫ ਸਿੱਖ ਸਗੋਂ ਹੋਰ ਧਰਮਾਂ ਅਤੇ ਵੱਖਰੇ ਪਿਛੋਕੜਾਂ ਵਾਲੇ ਲੋਕ ਫੌਜ ਵਿਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ।” ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਅਸਲ ਜਨਮ ਦਿਨ 21 ਅਪਰੈਲ ਨੂੰ ਮਨਾਇਆ ਜਾਂਦਾ ਹੈ ਅਤੇ Ḕਟਰੂਪਿੰਗ ਆਫ ਦਿ ਕਲਰ’ ਸਮਾਗਮ ਜੂਨ ਦੇ ਕਿਸੇ ਵੀ ਸਨਿਚਰਵਾਰ ਨੂੰ ਮਨਾਇਆ ਜਾਂਦਾ ਹੈ।
____________________
33 ਪਰਵਾਸੀ ਭਾਰਤੀਆਂ ਨੂੰ ਸਨਮਾਣ
ਲੰਡਨ: ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਮੌਕੇ ਵਕਾਰੀ ਸਨਮਾਨ ਪ੍ਰਾਪਤ ਕਰਨ ਵਾਲੇ ਬਰਤਾਨਵੀ ਨਾਗਰਿਕਾਂ ਦੀ ਸੂਚੀ ਵਿਚ 33 ਪਰਵਾਸੀ ਭਾਰਤੀ ਵੀ ਸ਼ਾਮਲ ਹਨ। ਇਸ ਸੂਚੀ ਵਿਚ ਪ੍ਰਸਿੱਧ ਸਰਜਨ ਸਤਿਆਜੀਤ ਭੱਟਾਚਾਰੀਆ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦਾ ਲੈਫਟੀਨੈਂਟ ਆਫ ਦਿ ਰੌਇਲ ਵਿਕਟੋਰੀਅਨ ਆਰਡਰ (ਐਲ਼ਵੀ. ਓ. ) ਨਾਲ ਸਨਮਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਫਿਜੀਸ਼ੀਅਨ ਜਸਵਿੰਦਰ ਸਿੰਘ ਬਮਰ੍ਹਾ ਦਾ ਸੀ. ਬੀ. ਈ. ਨਾਲ ਸਨਮਾਨ ਹੋਵੇਗਾ। ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਪ੍ਰਗਣ ਸਿੰਘ ਚੀਮਾ, ਅਮਨਦੀਪ ਸਿੰਘ ਮਾਦੜਾ, ਮਨੋਜ ਕੁਮਾਰ ਬਾਦਾਲੇ, ਸੋਨੀਆ ਕੁਮਾਰੀ ਦੇ ਨਾਂ ਸ਼ਾਮਲ ਹਨ।
ਦੋ ਡਾਕਟਰਾਂ ਤੋਂ ਇਲਾਵਾ ਕੁੱਲ ਗਿਆਰਾਂ ਪਰਵਾਸੀ ਭਾਰਤੀਆਂ ਨੂੰ ਓਬੀਈਜ਼ (ਆਫੀਸਰ ਆਫ ਦਿ ਮੋਸਟ ਐਗਜ਼ੇਲੈਂਟ ਆਰਡਰ ਆਫ ਬ੍ਰਿਟਿਸ਼ ਅੰਪਾਇਰ), 14 ਨੂੰ ਐਬੀਈਜ਼ (ਮੈਂਬਰਜ਼ ਆਫ ਮੋਸਟ ਐਗਜ਼ੇਲੈਂਟ ਆਰਡਰ ਆਫ ਬ੍ਰਿਟਿਸ਼ ਅੰਪਾਇਰ) ਅਤੇ ਛੇ ਨੂੰ ਬੀਈਐਮਜ਼ (ਬ੍ਰਿਟਿਸ਼ ਅੰਪਾਇਰ ਮੈਡਲ) ਦੇ ਨਾਲ ਨਿਵਾਜਿਆ ਜਾ ਰਿਹਾ ਹੈ। ਐਮਬੀਈਜ਼ ਹਾਸਲ ਕਰਨ ਵਾਲਿਆਂ ਵਿਚ ਓਪਿੰਦਰਜੀਤ ਕੌਰ ਤੱਖੜ, ਜਗਦੇਵ ਸਿੰਘ ਵਿਰਦੀ, ਸੁਨੀਲ ਰੱਤੂ ਦੇ ਨਾਂ ਸ਼ਾਮਲ ਹਨ।