ਸਾਕਾ ਨੀਲਾ ਤਾਰਾ ਯਾਦਗਾਰ ਤੈਅ ਸਮੇਂ ਤੋਂ ਪਹਿਲਾਂ ਹੋਵੇਗੀ ਤਿਆਰ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਹੋ ਰਿਹਾ ਹੈ ਤੇ ਹੁਣ ਉਸਾਰੀ ਆਖਰੀ ਪੜਾਅ ‘ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੈਅ ਸਮੇਂ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਕਾਲ ਤਖ਼ਤ ਸਾਹਿਬ ਦੇ ਨੇੜੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕੋਲ ਬਣ ਰਹੀ ਇਸ ਯਾਦਗਾਰ ਦਾ 80 ਫੀਸਦੀ ਤੋਂ ਵਧੇਰੇ ਕੰਮ ਮੁਕੰਮਲ ਹੋ ਚੁੱਕਾ ਹੈ।
ਹੁਣ ਪੱਥਰ ਦੀ ਰਗੜਾਈ ਤੇ ਪੱਥਰ ਦੀ ਕਢਾਈ ਦਾ ਕੰਮ ਜਾਰੀ ਹੈ ਜੋ ਆਖਰੀ ਪੜਾਅ ‘ਤੇ ਹੈ। ਇਸ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ ਜਿਸ ਦਾ ਦਾਅਵਾ ਹੈ ਕਿ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕੀਤਾ ਜਾਵੇਗਾ। ਸ਼ਹੀਦੀ ਯਾਦਗਾਰ ਦੀ ਇਮਾਰਤ ਗੁਰਦੁਆਰੇ ਦੇ ਰੂਪ ਵਿਚ ਬਣਾਈ ਗਈ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।ਇਹ ਇਮਾਰਤ ਅੱਠ ਕੋਨੀ ਹੈ ਜਿਸ ਵਿਚ ਤਿੰਨ ਪਾਸੇ ਦਰਵਾਜ਼ੇ ਹਨ।
ਯਾਦਗਾਰ ਦੇ ਕੰਪਲੈਕਸ ਲਈ ਹੁਣ 60 ਗੁਣਾ 65 ਫੁੱਟ ਰਕਬਾ ਰੱਖਿਆ ਗਿਆ ਹੈ ਜਿਸ ਵਿਚੋਂ 31 ਗੁਣਾ 31 ਫੁੱਟ ਵਿਚ ਇਮਾਰਤ ਉਸਾਰੀ ਗਈ ਹੈ। ਇਹ ਇਮਾਰਤ ਨੇੜੇ ਹੀ ਸਥਾਪਿਤ ਇਤਿਹਾਸਕ ਗੁਰਦੁਆਰਾ ਥੜਾ ਸਾਹਿਬ ਦੀ ਇਮਾਰਤ ਨਾਲ ਦੋ ਫੁੱਟ ਨੀਵੀਂ ਰੱਖੀ ਗਈ ਹੈ ਤਾਂ ਜੋ ਗੁਰੂ ਸਾਹਿਬ ਨਾਲ ਸਬੰਧਤ ਗੁਰਧਾਮ ਦਾ ਦਰਜਾ ਵੱਡਾ ਬਣਿਆ ਰਹੇ। ਗੁਰਦੁਆਰੇ ਦੀ ਇਮਾਰਤ ਦਾ ਗੁੰਬਦ ਨਾ ਹੋਣ ਕਾਰਨ ਯਾਦਗਾਰ ਦੀ ਇਮਾਰਤ ‘ਤੇ ਵੀ ਗੁੰਬਦ ਨਹੀਂ ਬਣਾਇਆ ਗਿਆ।
ਇਸ ਇਮਾਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚਲੀਆਂ ਇਮਾਰਤਾਂ ਵਾਂਗ ਬਣਾਇਆ ਗਿਆ ਹੈ ਤਾਂ ਜੋ ਇਹ ਸਮੂਹ ਦਾ ਹੀ ਇਕ ਹਿੱਸਾ ਪ੍ਰਤੀਤ ਹੋਵੇ। ਯਾਦਗਾਰ ਦੀ ਇਮਾਰਤ ਦੀ ਉਸਾਰੀ ਕਰਵਾ ਰਹੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਇਮਾਰਤ ਦੀ ਚਿਣਾਈ ਤੇ ਪਲਸਤਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਮਾਰਤ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਚਿੱਟੇ ਰੰਗ ਦਾ ਵਿਸ਼ੇਸ਼ ਸੰਗਮਰਮਰ ਦਾ ਪੱਥਰ ਲਾਇਆ ਗਿਆ ਹੈ। ਹੁਣ ਇਥੇ ਪੱਥਰ ਦੀ ਰਗੜਾਈ ਹੋ ਰਹੀ ਹੈ ਤੇ ਪੱਥਰ ਵਿਚ ਕਢਾਈ ਦਾ ਕੰਮ ਚਲ ਰਿਹਾ ਹੈ।
ਪੱਥਰ ਵਿਚ ਕਢਾਈ (ਟੁਕੜੀ ਵਰਕ) ਲਈ ਵੱਖ-ਵੱਖ ਰੰਗਾਂ ਦੇ ਬਹੁਮੁੱਲੇ ਪੱਥਰ ਕਈ ਮੁਲਕਾਂ ਤੋਂ ਮੰਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਫੈਦ ਪੱਥਰ ਮਕਰਾਨੇ ਤੋਂ ਮੰਗਾਇਆ ਗਿਆ ਹੈ ਜਦੋਂਕਿ ਨਿਕਾਸ਼ੀ ਤੇ ਕਢਾਈ ਲਈ ਨਗੀਨਾ ਪੱਥਰ ਇਰਾਕ, ਅਫਗਾਨਿਸਤਾਨ, ਜਰਮਨੀ, ਜੈਪੁਰ ਤੇ ਮਕਰਾਨੇ ਤੋਂ ਮੰਗਾਇਆ ਹੈ। ਇਸ ਕੰਮ ਲਈ ਆਗਰਾ ਤੇ ਮਕਰਾਨੇ ਤੋਂ ਕਾਰੀਗਰ ਸੱਦੇ ਗਏ ਹਨ ਜੋ ਪੱਥਰ ਵਿਚ ਕਢਾਈ ਦਾ ਕੰਮ ਕਰ ਰਹੇ ਹਨ। ਕਢਾਈ ਦੇ ਇਹ ਡਿਜ਼ਾਈਨ ਸ੍ਰੀ ਹਰਿਮੰਦਰ ਸਾਹਿਬ, ਦਰਸ਼ਨੀ ਡਿਉਢੀ ਤੇ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਛੇ ਜੂਨ ਤੋਂ ਪਹਿਲਾਂ ਯਾਦਗਾਰ ਦੀ ਇਮਾਰਤ ਮੁਕੰਮਲ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਜਾਵੇਗੀ। ਯਾਦਗਾਰ ਦੀ ਇਮਾਰਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਹਿੱਸਾ ਜ਼ਮੀਨਦੋਜ਼ ਹੈ ਜਦੋਂਕਿ ਮੁੱਖ ਹਿੱਸਾ ਗੁਰਦੁਆਰੇ ਦੇ ਰੂਪ ਵਿਚ ਉਪਰ ਹੈ।

Be the first to comment

Leave a Reply

Your email address will not be published.