ਸ਼ਿਲਾਂਗ: ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੁਣੇ ਸਿੱਖ ਭਾਈਚਾਰੇ ਦੇ ਦੁਖੜੇ

ਸ਼ਿਲਾਂਗ: ਮੁਲਕ ਦੇ ਉਤਰ-ਪੂਰਬੀ ਸੂਬੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਿੱਖ ਭਾਈਚਾਰੇ ਤੇ ਮੁਕਾਮੀ ਖਾਸੀ ਲੋਕਾਂ ਦਰਮਿਆਨ ਹੋਈ ਹਿੰਸਾ ਦੇ ਮੱਦੇਨਜ਼ਰ ਕੌਮੀ ਘੱਟ ਗਿਣਤੀ ਕਮਿਸ਼ਨ (ਐਨ. ਸੀ. ਐਮ. ) ਵੱਲੋਂ ਇਥੇ ਭੇਜੇ ਆਪਣੇ ਮੈਂਬਰ ਮਨਜੀਤ ਸਿੰਘ ਰਾਏ ਨੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਦੇ ਕਾਰੋਬਾਰੀ ਧੁਰੇ ਬੜਾ ਬਾਜ਼ਾਰ ਵਿਚ ਸਥਿਤ ਪੰਜਾਬੀ ਲੇਨ ਇਲਾਕੇ ਦਾ ਦੌਰਾ ਕੀਤਾ, ਜਿਥੇ ਪੰਜਾਬੀ ਸਿੱਖ ਭਾਈਚਾਰਾ ਸਦੀ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ।

ਇਸ ਮੌਕੇ ਸ੍ਰੀ ਰਾਏ ਨੇ ਇਥੋਂ ਦੇ ਇਨ੍ਹਾਂ Ḕਅਸੁਰੱਖਿਅਤ’ ਪੰਜਾਬੀ ਵਸਨੀਕਾਂ ਨੂੰ ਇਥੋਂ ਹੋਰ ਕਿਤੇ ਵਸਾਏ ਜਾਣ ਦਾ ਵਿਰੋਧ ਕੀਤਾ। ਇਹ ਇਲਾਕਾ ਇਸ ਵੇਲੇ ਲਗਾਤਾਰ ਸਲਾਮਤੀ ਨਿਗਰਾਨੀ ਹੇਠ ਹੈ। ਸ੍ਰੀ ਰਾਏ ਨੇ ਪੰਜਾਬੀ ਲੇਨ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਜੋ ਉਨ੍ਹਾਂ ਨੂੰ ਇਥੋਂ ਹਟਾਉਣ ਲਈ ਮੇਘਾਲਿਆ ਸਰਕਾਰ ਵੱਲੋਂ ਬਣਾਈ ਉਚ-ਤਾਕਤੀ ਕਮੇਟੀ ਕਾਰਨ ਵੀ ਫਿਰਕਮੰਦ ਹਨ। ਗੌਰਤਲਬ ਹੈ ਕਿ ਮੁਕਾਮੀ ਲੋਕਾਂ ਵੱਲੋਂ ਉਨ੍ਹਾਂ ਨੂੰ ਇਥੋਂ ਉਠਾਉਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਹਿੰਸਾ ਦੋਵਾਂ ਭਾਈਚਾਰਿਆਂ ਦੇ ਲੋਕਾਂ ਦਰਮਿਆਨ ਮਾਮੂਲੀ ਝਗੜੇ ਕਾਰਨ ਹੋਈ, ਹਾਲਾਂਕਿ ਉਨ੍ਹਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ Ḕਸੌੜੇ ਸੁਆਰਥੀ ਹਿੱਤਾਂ ਵਾਲੇ ਕੁਝ ਸ਼ਰਾਰਤੀ ਅਨਸਰਾਂ’ ਨੇ ਸੋਸ਼ਲ ਮੀਡੀਆ ਉਤੇ ਅਫਵਾਹਾਂ ਫੈਲਾ ਕੇ ਹਿੰਸਾ ਕਰਵਾਈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਲੋਕ ਸਦੀ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਜਿਨ੍ਹਾਂ ਨੂੰ ਇਥੋਂ ਹਟਾਉਣਾ ਮੁਮਕਿਨ ਨਹੀਂ ਹੋਵੇਗਾ। ਉਨ੍ਹਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਰਨਾਰਡ ਕੇ. ਸੰਗਮਾ ਨਾਲ ਵੀ ਮੁਲਾਕਾਤ ਕਰ ਕੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਗ੍ਰਹਿ ਤੇ ਪੁਲਿਸ ਮੁਖੀ ਤੋਂ ਸੁਰੱਖਿਆ ਪ੍ਰਬੰਧਾਂ ਬਾਰੇ ਰਿਪੋਰਟ ਹਾਸਲ ਕੀਤੀ। ਇਸ ਦੌਰਾਨ ਕਾਂਗਰਸ ਨੇ ਇਸ ਸਮੁੱਚੇ ਘਟਨਾਕ੍ਰਮ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਡਾ. ਮੁਕੁਲ ਸੰਗਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿਚ ਹਾਲੇ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ ਤੇ ਸੂਬੇ ਦੇ ਹਾਲਾਤ ਬਦਤਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਬਣਾਏ ਵਧੀਆ ਹਾਲਾਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
______________________
ਕੀਮਤੀ ਜ਼ਮੀਨ ਬਣੀ ਸਿੱਖਾਂ ਲਈ ਵੱਡੀ ਮੁਸੀਬਤ
ਅੰਮ੍ਰਿਤਸਰ: ਸ਼ਿਲਾਂਗ ‘ਚ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਖਿਆ ਹੈ ਕਿ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਜ਼ਮੀਨ ਹੈ ਜੋ ਕਾਫੀ ਕੀਮਤੀ ਹੈ। ਸਥਾਨਕ ਕਬੀਲੇ ਦੇ ਲੋਕ ਉਸ ਜ਼ਮੀਨ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਸਲਾ ਜ਼ਮੀਨ ਦਾ ਹੀ ਹੈ। ਇਸ ਕਾਰਨ ਹੀ ਉਥੇ ਵਿਵਾਦ ਵਧਿਆ ਜਦਕਿ ਇਸ ਪਿੱਛੇ ਕਾਰਨ ਲੜਕੀਆਂ ਕਰ ਕੇ ਹੋਈ ਲੜਾਈ ਨੂੰ ਬਣਾਇਆ ਗਿਆ ਹੈ।