ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਸ਼ਖਸੀਅਤ ਸ਼ਾਇਸਤਗੀ ਦੀ ਗੱਲ ਕਰਦਿਆਂ ਕਿਹਾ ਸੀ, “ਸ਼ਾਇਸਤਗੀ, ਕਦੇ ਨਹੀਂ ਜ਼ਰਖਰੀਦ, ਮਾਨਸਿਕ ਗੁਲਾਮੀ ਤੋਂ ਆਜ਼ਾਦ ਸ਼ਬਦੀ ਉਪਮਾ ਤੋਂ ਉਪਰ, ਬੋਲਾਂ ਦੀ ਮੁਥਾਜ਼ੀ ਤੋਂ ਨਿਰਲੇਪ ਅਤੇ ਹਰਫ-ਦਾਇਰਿਆਂ ਤੋਂ ਬਾਹਰ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਿੱਟੀ ਦੀ ਗੱਲ ਕਰਦਿਆਂ ਕਿਹਾ ਹੈ ਕਿ ਬੰਦਾ ਮਿੱਟੀ ਵਿਚੋਂ ਜੰਮਦਾ ਹੈ ਤੇ ਮਿੱਟੀ ਵਿਚ ਹੀ ਸਮਾ ਜਾਂਦਾ ਹੈ।
“ਮਿੱਟੀ ਨਾ ਫਰੋਲ ਜੋਗੀਆ ਨਹੀਂਉਂ ਲੱਭਣੇ ਲਾਲ ਗਵਾਚੇ ਦੀ ਗੂੰਜ ਜਦ ਮਨ-ਮੰਦਿਰ ਵਿਚ ਸਿਸਕਣ ਲੱਗ ਪਵੇ ਤਾਂ ਸਾਹ-ਸਾਰੰਗੀ ਵੀ ਸਿਸਕੀਆਂ ਲੈਣ ਲੱਗ ਪੈਂਦੀ ਏ।” ਡਾ. ਭੰਡਾਲ ਦਾ ਰੁਦਨ ਹੈ ਕਿ ਮਿੱਟੀ ਜਦ ਬੰਬਾਂ ਦੇ ਧੂੰਏਂ ਵਿਚ ਸਾਹ ਲੈਣ ਤੋਂ ਆਤੁਰ ਹੋ ਜਾਵੇ। ਰਸਾਇਣਕ ਹਥਿਆਰਾਂ ਕਾਰਨ ਨੈਣਾਂ ਦੀ ਜੋਤ ਗਵਾਵੇ। ਖੂਨ ਵਿਚ ਰੰਗੀ ਦਿੱਖ ਦਾ ਭੁਲੇਖਾ ਬਣ ਜਾਵੇ। ਜਦ ਅਨਾਥ ਹੋਏ ਬੱਚਿਆਂ, ਲਾਚਾਰ ਵਿਧਵਾਵਾਂ ਅਤੇ ਅਪੰਗ ਮਨੁੱਖਾਂ ਦੀ ਹੋਣੀ ਨੂੰ ਦੀਦਿਆਂ ਵਿਚ ਬਿਠਾਵੇ ਤਾਂ ਉਸ ਦੀ ਬੇਚੈਨੀ ਅਤੇ ਉਦਾਸੀਨਤਾ ਦੇ ਕੋਈ ਵੀ ਹਰਫ/ਬੋਲ ਮੇਚ ਨਾ ਆਵੇ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮਿੱਟੀ, ਮਾਂ ਵਰਗੀ ਜ਼ਹਿਨੀਅਤ ਦਾ ਮਾਣ, ਸੁਲੱਖਣੀ ਕੁੱਖ, ਜੀਵਨ ਮੁਹਾਂਦਰਾ ਸਿਰਜਣਹਾਰ ਮੁੱਖ ਅਤੇ ਆਪਣੇ ਆਪ ‘ਚ ਸਮਾਉਂਦੀ ਸਮੂਹ ਦੁੱਖ।
ਮਿੱਟੀ, ਜਿਉਂਦਿਆਂ ਪੈਰਾਂ ਲਈ ਸੁਖਨ ਅਤੇ ਮਰਨ ਤੋਂ ਬਾਅਦ ਮਨੁੱਖ ਦਾ ਸਦੀਵੀ ਕਫਨ।
ਮਿੱਟੀ, ਜੀਵ ਦਾ ਜੀਵਨ-ਆਧਾਰ, ਲੋੜ-ਪੂਰਤੀ ਦਾ ਸੰਸਾਰ ਅਤੇ ਉਨ੍ਹਾਂ ਲਈ ਰਹਿਮਤਾਂ ਭਰਿਆ ਪਰਵਰਦਗਾਰ।
ਮਿੱਟੀ ਕਣ ਕਣ ਹੋ ਕੇ ਜੁੜਦੀ ਤਾਂ ਮਿੱਟੀ ਦੀਆਂ ਮੂਰਤਾਂ ਵੱਖ-ਵੱਖ ਆਕਾਰ ਧਾਰਦੀਆਂ, ਕਲਾਮਈ ਹੱਥਾਂ ਦੇ ਸਦਕੇ ਜਾਂਦੀਆਂ ਅਤੇ ਬੋਲਦੀਆਂ ਕਲਾ-ਕਿਰਤਾਂ ਹਰੇਕ ਮਸਤਕ-ਸੋਚ ਨੂੰ ਸਹਿਲਾਉਂਦੀਆਂ।
ਮਿੱਟੀ ਦੀਆਂ ਮੂਰਤਾਂ ਜਦ ਅਹਿਸਾਸ ਵਿਹੂਣੀ ਤਕਦੀਰ ਦਾ ਪਹਿਲਾ ਪੰਨਾ ਬਣਦੀਆਂ ਤਾਂ ਇਸ ਨੂੰ ਨਿਹਾਰਨ ਵਾਲਿਆਂ ਦੇ ਮਨਾਂ ਵਿਚ ਜਗਦੇ ਚਿਰਾਗ ਬੁੱਝ ਜਾਂਦੇ ਅਤੇ ਉਨ੍ਹਾਂ ਦੇ ਮਨ ਮਿੱਟੀ ਦੀਆਂ ਮੂਰਤਾਂ ਤੋਂ ਉਚਾਟ ਹੋ, ਖੁਦ ਹੀ ਮਿੱਟੀ ਸੰਗ ਮਿੱਟੀ ਹੋਣ ਨੂੰ ਅਹੁਲਦੇ।
ਮਿੱਟੀ, ਮਮਤਾ ਸੰਗ ਲਬਰੇਜ਼, ਮੋਹਵੰਤੀ ਸੂਰਤ ਤੇ ਸੀਰਤ ਦਾ ਸੰਗਮ ਬਣ ਜਦ ਸੋਚ-ਦਹਿਲੀਜ਼ ‘ਤੇ ਸੁੱਚਾ ਪਾਣੀ ਡੋਲ੍ਹਦੀ ਤਾਂ ਮਨ ਵਿਚ ਮਿੱਟੀ ਬਣਨ ਦਾ ਚਾਅ ਉਮਡਦਾ। ਇਸ ਚਾਅ ਵਿਚੋਂ ਹੀ ਸੁਹੰਢਣੇ ਅਤੇ ਸਾਰਥਕ ਕਿਰਦਾਰਾਂ ਦੀ ਸਿਰਜਣਾ ਹੁੰਦੀ ਜੋ ਮਨੁੱਖੀ ਵਿਰਾਸਤ ਦਾ ਮਾਣਮੱਤਾ ਸਿਰਨਾਵਾਂ ਬਣਦੇ।
ਮਿੱਟੀ, ਰਾਹਾਂ ਦੀ ਧੁੱਧਲ ਬਣ, ਵਾਗੀ ਦੇ ਮੱਥੇ ‘ਤੇ ਚਿਪਕਦੀ ਤਾਂ ਇਕ ਸਕੂਨ ਤੇ ਫਕੀਰਾਨਾ ਤਰਬੀਅਤ ਵੱਗ ਚਾਰਨ ਵਾਲੇ ਦੇ ਨਾਮ ਹੁੰਦੀ। ਜਦ ਇਹ ਹੱਲ ਵਾਹੁੰਦੇ ਹਾਲੀ ਜਾਂ ਸੁਹਾਗੇ ਦੀ ਕੰਨੀਂ ਫੜ੍ਹ ਕੇ ਹੂਟੇ ਲੈਂਦੇ ਨਿੱਕੇ ਜਿਹੇ ਜੁਆਕ ਨੂੰ ਆਪਣੇ ਰੰਗ ਵਿਚ ਰੰਗਦੀ ਤਾਂ ਬੱਚੇ ਦੇ ਮੁੱਖ ‘ਤੇ ਖਿੜੀ ਦੁਪਹਿਰ ਅਤੇ ਉਸ ਦੀ ਸੁਪਨ-ਉਡਾਣ ਨੂੰ ਮਿਲੀ ਪਰਵਾਜ਼ ਦਾ ਅਹਿਸਾਸ ਉਹੀ ਕਰ ਸਕਦਾ ਜਿਸ ਨੇ ਬਚਪਨੇ ਵਿਚ ਬਾਪ ਦੀਆਂ ਲੱਤਾਂ ‘ਚ ਬੈਠ ਕੇ ਸੁਹਾਗੇ ਦੇ ਹੂਟੇ ਮਾਣੇ ਹੋਣ।
ਮਿੱਟੀ ਦਾ ਮੋਹ ਸਭ ਤੋਂ ਉਤਮ। ਇਸ ਮੋਹ ਕਾਰਨ ਹੀ ਜਿਮੀਂਦਾਰ ਖੁਦ ਨਾਲੋਂ ਜਮੀਨ ਨੂੰ ਜ਼ਿਆਦਾ ਪਿਆਰ ਕਰਦਾ ਅਤੇ ਮਿੱਟੀ ਨਾਲ ਮਿੱਟੀ ਹੋਣ ਲਈ ਸਾਝਰੇ ਖੇਤ ਵਿਚ ਪੈਰ ਧਰਨ ਲੱਗਿਆਂ ਮਿੱਟੀ ਨੂੰ ਨਮਸਕਾਰਦਾ।
ਮਿੱਟੀ ਸਾਡਾ ਵਿਰਸਾ। ਜੜ੍ਹਾਂ ਦੀ ਇਬਾਦਤ। ਬਜ਼ੁਰਗਾਂ ਦੇ ਪੈਰ-ਛੋਹ ਦੀ ਨਿੱਘੀ ਯਾਦ, ਪੁਰਖਿਆਂ ਦਾ ਬੀਤਿਆ ਇਤਿਹਾਸ ਅਤੇ ਨਵੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਸੰਗਤਾ ਨਿਭਾਉਣ ਦੀ ਭਾਵੀ-ਪਿਆਸ। ਇਹ ਮਿੱਟੀ ਦਾ ਮੋਹ ਹੀ ਹੁੰਦਾ ਕਿ ਪੁਰਖਿਆਂ ਦੇ ਦੇਸ਼ ‘ਚੋਂ ਲਿਆਂਦੀ ਮਿੱਟੀ ਅਕੀਦਤਯੋਗ ਹੁੰਦੀ, ਮਾਂ-ਬਾਪ ਦੇ ਸਿਵੇ ਦੀ ਰਾਖ ਵਾਰ ਵਾਰ ਮੱਥੇ ਲਾਉਣ ਨੂੰ ਜੀਅ ਕਰਦਾ ਅਤੇ ਵਿਦੇਸ਼ੀਂ ਵੱਸਦੇ ਪਿਆਰਿਆਂ ਦੀ ਮਰਨ-ਮਿੱਟੀ ਵੀ ਆਪਣੇ ਦੇਸ਼ ਦੇ ਪਾਣੀਆਂ ਵਿਚ ਜਲਪ੍ਰਵਾਹ ਕੀਤੀ ਜਾਂਦੀ। ਆਪਣੀ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਅਤੇ ਇਸ ਦੀ ਸ਼ੁਕਰਗੁਜ਼ਾਰੀ ਨੂੰ ਰੂਹ ਵਿਚ ਸਮਾਉਣ ਵਾਲੇ ਹੀ ਵਿਰਸੇ ਦੇ ਸੱਚੇ ਸੁੱਚੇ ਵਾਰਸ ਹੁੰਦੇ।
ਮਿੱਟੀ ਹੈ ਤਾਂ ਹੱਦਾਂ-ਸਰਹੱਦਾਂ ਨੇ, ਜਮੀਨਾਂ ‘ਤੇ ਦਆਵੇਦਾਰੀਆਂ, ਰਾਜ਼ੀਨਾਮੇ ਅਤੇ ਉਸਰਦੀਆਂ ਕੰਧਾਂ, ਪੈਂਦੀਆਂ ਵੱਟਾਂ, ਮਮਟੀਆਂ ਦੀ ਉਸਾਰੀ ਅਤੇ ਬਜ਼ੁਰਗਾਂ ਦੀਆਂ ਕਬਰਾਂ ਹਨ। ਮਿੱਟੀ ਹੈ ਤਾਂ ਕੱਸੀਆਂ, ਕਿਆਰੀਆਂ, ਬੰਨੇ, ਪਗਡੰਡੀਆਂ, ਪਹੇ ਅਤੇ ਪਹੀਆਂ ਹਨ। ਰਾਹਾਂ, ਪੈੜਾਂ ਅਤੇ ਦਿਸਹੱਦਿਆਂ ਦੀ ਨਿਸ਼ਾਨਦੇਹੀ ਲਈ ਮਿੱਟੀ ਦਾ ਹੋਣਾ ਅਤਿ ਜ਼ਰੂਰੀ।
ਮਿੱਟੀ, ਰੰਗ-ਬਿਰੰਗੀ ਅਤੇ ਚਿੱਤਰਖੰਭੀ ਹੈ, ਇਸ ਦੀ ਕਿਸਮਤ। ਇਤਿਹਾਸ ਜੰਗਾਂ, ਜ਼ੁਲਮ, ਕਹਿਰ, ਕੁਕਰਮ ਅਤੇ ਕਮੀਨਗੀਆਂ ਕਾਰਨ ਕਿਸੇ ਥਾਂ ਦੀ ਮਿੱਟੀ ਨੂੰ ਕੁਕਰਮੀ ਕਹਿੰਦਾ; ਪੈਗੰਬਰਾਂ, ਪੀਰਾਂ, ਗੁਰੂਆਂ ਅਤੇ ਦੇਵਤਿਆਂ ਦੀ ਜਨਮ/ਛੋਹ ਪ੍ਰਾਪਤ ਭੋਂ ਨੂੰ ਪਾਕੀਜ਼ਗੀ ਦਾ ਰੁਤਬਾ ਪ੍ਰਦਾਨ ਕਰਦਾ। ਕਰਬਲਾ ਦਾ ਮੈਦਾਨ, ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ, ਮਾਛੀਵਾੜੇ ਦੇ ਜੰਗਲ ਦੀ ਮਿੱਟੀ ਨੂੰ ਹਰ ਕੋਈ ਨਤਮਸਤਕ ਹੁੰਦਾ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਜਮੀਨ ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਪਾਵਨ ਜਗਾ ਦਾ ਸਿਰਨਾਵਾਂ, ਜਿਸ ਨੂੰ ਸਿਜਦਾ ਕਰਦਿਆਂ ਨੈਣਾਂ ਦਾ ਨੀਰ ਬੇਮੁਹਾਰਾ ਹੋ ਜਾਂਦਾ।
ਮਿੱਟੀ ਦੀ ਵੱਖੋ ਵੱਖਰੀ ਤਾਸੀਰ। ਕੋਈ ਆਵੇ ਵਿਚ ਰੜ ਕੇ ਪਕਿਆਈ ਦਾ ਸਬੂਤ ਹੁੰਦੀ ਪਰ ਕੁਝ ਕੱਚਾ ਘੜਾ ਹੁੰਦਿਆਂ ਵੀ ਪੱਕੀ ਸੋਚ ਦਾ ਮੁਜਾਹਰਾ ਕਰਦੀ, ਝਨਾਂ ਦੇ ਪਾਣੀ ਨਾਲ ਆਢਾ ਲਾਉਂਦੀ।
ਮਿੱਟੀ, ਘੁਮਿਆਰ ਦੇ ਹੱਥਾਂ ਵਿਚ ਅਨੇਕ ਰੂਪ ਧਾਰਦੀ। ਕੋਈ ਚਿਰਾਗ ਦਾ ਰੂਪ ਧਾਰ ਕਿਸੇ ਸਮਾਧ ਜਾਂ ਮਮਟੀ ਨੂੰ ਰੌਸ਼ਨੀ ਨਾਲ ਭਰਦਾ। ਕਦੇ ਮਿੱਟੀ ਅਜਿਹੇ ਘੜੇ ਦਾ ਰੂਪ ਧਾਰਦੀ ਜੋ ਚਿੱਪਰ ਚਿੱਪਰ ਹੋ, ਮਰਨੇ ਦਾ ਸੋਗ ਮਨਾਉਣ ਜੋਗਾ ਰਹਿ ਜਾਂਦਾ। ਕੋਈ ਘੜਾ ਅੰਮ੍ਰਿਤ ਸਰੋਤ ਹੁੰਦਾ ਅਤੇ ਪਾਲੀ ਦੀ ਕੱਛ ਵਿਚ ਪਾਣੀ ਨਾਲ ਉਛਲਦਾ ਕੋਈ ਘੜਾ ਕੀਮੇ ਨੂੰ ਪਾਣੀ ਪਿਆਉਣ ਲਈ ਤਰਲੋਮੱਛੀ ਹੁੰਦਾ।
ਮਿੱਟੀ, ਮਿੱਟੀ ਦੇ ਪੁਤਲੇ ਤੇ ਖਿਡੌਣੇ ਜੋ ਪਲ ਭਰ ਦੇ ਪ੍ਰਾਹੁਣੇ। ਮਿੱਟੀ ਜਿਹੀ ਔਕਾਤ ਦਾ ਇਸ ਧਰਤ ‘ਤੇ ਆਉਣਾ ਅਤੇ ਸਾਹ ਦੇ ਬੁਲਬੁਲੇ ਦਾ ਪਲ ‘ਚ ਤੁਰ ਜਾਣਾ। ਮਿੱਟੀ, ਮਿੱਟੀ ਨਾਲ ਮੋਹ ਕਰਦੀ, ਮਿੱਟੀ ‘ਚੋਂ ਮਿੱਟੀ ਜਨਮਦੀ ਅਤੇ ਮਿੱਟੀ, ਆਖਰ ਨੂੰ ਮਿੱਟੀ ਬਣ ਕੇ ਮਿੱਟੀ ਵਿਚ ਹੀ ਸਦਾ ਲਈ ਅਭੇਦ ਹੋ ਜਾਂਦੀ।
ਮਿੱਟੀ, ਚੁੱਲ੍ਹਾ-ਚੌਂਕਾ, ਓਟੇ ‘ਤੇ ਪਾਈਆਂ ਮੋਰ-ਘੁੱਗੀਆਂ ਅਤੇ ਵੇਲ-ਬੂਟਿਆਂ ਦੀ ਚਿੱਤਰਕਾਰੀ ਦਾ ਰੂਪ ਧਾਰ, ਮਿੱਟੀ ਦਾ ਮਾਣ ਅਤੇ ਵਿਰਾਸਤੀ ਬਿੰਬ ਬਣਦੀ, ਜੋ ਹੁਣ ਅਲੋਪ ਹੋਣ ਕਿਨਾਰੇ।
ਮਿੱਟੀ, ਕੰਧਾਂ ਦੇ ਰੂਪ ਵਿਚ ਕਮਰਿਆਂ ਨੂੰ ਤਰਤੀਬ, ਕਮਰਿਆਂ ਵਿਚੋਂ ਘਰ ਦਾ ਉਦੈ ਹੋਣਾ ਅਤੇ ਇਨ੍ਹਾਂ ਘਰਾਂ ਵਿਚਲੇ ਘਰਾਂ ਵਾਲੇ ਇਹ ਭੁੱਲ ਹੀ ਜਾਂਦੇ ਕਿ ਮਿੱਟੀ ਨੂੰ ਹੁੰਦਾ ਮਿੱਟੀ ‘ਤੇ ਮਾਣ ਕਿਉਂਕਿ ਮਿੱਟੀ ਦਾ ਮਕਾਨ ਵੀ ਪਿਆਰੀ ਜਿਹੀ ਜ਼ਿੰਦਜਾਨ।
ਮਿੱਟੀ, ਜਦ ਨੈਣਾਂ ‘ਚ ਹਿੰਝ ਭਰਦੀ। ਅੰਤਰੀਵੀ ਪੀੜ ਨੂੰ ਪੌਣਾਂ ਦੇ ਨਾਮ ਕਰਦੀ, ਅੰਦਰੂਨੀ ਹਿਰਸ ਨੂੰ ਬੋਲਾਂ ਦੀ ਪਰਦਾਦਾਰੀ ਕਰਦੀ ਅਤੇ ਮਾਨਸਿਕ ਦਵੰਦ ਨੂੰ ਹਰਫਾਂ ਦੇ ਛੱਜ ‘ਚ ਪਾ ਕੇ ਛੱਟਦੀ ਤਾਂ ਅਰਥੀ-ਹੂਕ ਇਕ ਵੇਦਨਾ ਫਿਜ਼ਾ ਦੇ ਨਾਮ ਕਰਦੀ।
ਮਿੱਟੀ ਦਾ ਕਾਹਦਾ ਮਾਣ ਵੇ ਬੀਬਾ, ਜਿਸ ਨੇ ਮਿੱਟੀ ਹੋਣਾ। ਮਿੱਟੀ ਪਹਿਨਣ, ਖਾਣਾ, ਪੀਣਾ ਅਤੇ ਪਿੰਡੇ ਮਿੱਟੀ ਢੋਣਾ। ਮਿੱਟੀ ਦੇ ਸੰਗ ਮੋਹ ਕਰਦਿਆਂ, ਜੀਵਨ ਚੱਕੀ ਝੋਣਾ। ਮਿੱਟੀ ਨੂੰ ਗਲ ਨਾਲ ਲਾ ਕੇ, ਦਿਲ ਦਾ ਦਰਦ ਸੁਣਾਉਣਾ। ਮਿੱਟੀ ਵਿਚੋਂ ਮਿੱਟੀ ਦੇਖਣੀ ਅਤੇ ਮਿੱਟੀ ਦਾ ਰੁਤਬਾ ਪਾਉਣਾ। ਮਿੱਟੀ ਸਾਡਾ ਹਸਤੀ-ਹਉਕਾ ਤੇ ਮਿੱਟੀ ਸੰਗ ਬਹਿ ਕੇ ਰੋਣਾ। ਮਿੱਟੀ ਨੂੰ ਮਿੱਟੀ ਕਹਿ ਕੇ, ਦੱਸ ਕੀ ਖੋਹਣਾ ਕੀ ਪਾਉਣਾ। ਮਿੱਟੀ ਨਿੱਘੀ ਬੁੱਕਲ ਵਰਗੀ, ਮਿੱਟੀ ਦਾ ਸਾਥ ਲੰਮੇਰਾ। ਮਿੱਟੀ ਦੀ ਸੋਚ ‘ਚ ਕਦੇ ਨਾ ਆਵੇ, ਇਹ ਤੇਰਾ ਜਾਂ ਮੇਰਾ। ਮਿੱਟੀ ਕਬਰ ਅਤੇ ਮਿੱਟੀ ਸਿਵਾ ਏ, ਮਿੱਟੀ ਨਾਮ-ਨਿਸ਼ਾਨ। ਆਖਰ ਮਿੱਟੀ ਗੱਲ ਨਾਲ ਲਾਵੇ, ਮਿੱਟੀ ਬਣਦੀ ਮਾਣ। ਮਿੱਟੀ ਕਰਦੀ ਮੋਹ ਮਿੱਟੀ ਦਾ, ਮਿੱਟੀ ਸਗਲ-ਸਰੂਪ। ਮਿੱਟੀ ਦਾ ਮਿੱਟੀ ਸੰਗ ਰਿਸ਼ਤਾ, ਸੰਦਰ, ਸੁਘੜ, ਅਨੂਪ।
ਮਿੱਟੀ ਜਦ ਮਰਨ-ਮਿੱਟੀ ਦਾ ਲੇਪਣ ਮੱਥੇ ਚਿਪਕਾਉਂਦੀ ਤਾਂ ਸਦੀਆਂ ਦੀ ਖੁਨਾਮੀ ਅਤੇ ਕੁਤਾਹੀ ਅਜਿਹੇ ਪਲ ਦੇ ਨਾਮ ਲਾਉਂਦੀ, ਜੋ ਸਦੀਆਂ ਦੇ ਪਛਤਾਵੇ ਬਾਅਦ ਵੀ ਇਸ ਤੋਂ ਨਿਜ਼ਾਤ ਨਾ ਪਾਉਂਦੀ।
ਮਿੱਟੀ, ਕਿਸ ਨੂੰ ਆਪਣਾ ਦਰਦ ਸੁਣਾਵੇ ਜਦ ਮਿੱਟੀਹਾਰਾ ਹੀ ਇਸ ਦੀ ਕੁੱਖ ਵਿਚ ਜ਼ਹਿਰ ਮਿਲਾਵੇ, ਪਰਤ ਦਰ ਪਰਤ ਜੀਵ ਹੱਤਿਆ ਦੀ ਸਾਜਿਸ਼ ਰਚਾਵੇ, ਇਸ ਦੀ ਜੰਮਣ ਰੁੱਤ ਵਿਚ ਰੱਕੜ ਦੀ ਮਜਲਿਸ ਲਾਵੇ ਅਤੇ ਇਸ ਦੇ ਪਿੰਡੇ ਨੂੰ ਪਲਿੱਤਣਾਂ ਦਾ ਲਿਬਾਸ ਪਹਿਨਾਵੇ।
ਬੰਦੇ ਜੰਮਣ ਵਾਲੀ ਮਿੱਟੀ ਜਦ ਕੱਲਰ ਬਣ ਜਾਵੇ। ਚਾਹੀ, ਮਾਰੂਥਲ ਦੀ ਜੂਨ ਹੰਢਾਵੇ। ਵੱਤਰ ਪੈਲੀ, ਬੰਜਰ ਦਾ ਸੰਤਾਪ ਬਣ ਜਾਵੇ ਅਤੇ ਸਾਉਣ ਮਹੀਨਾ, ਸੋਕਿਆਂ ਦੀ ਝੜੀ ਮਿੱਟੀ ਨੂੰ ਲੂਹ ਜਾਵੇ ਤਾਂ ਮਿੱਟੀ ਕਿਸ ਕੋਠੇ ਚੜ੍ਹ ਆਪਣੀ ਹੋਣੀ ਦਾ ਦਰਦ ਸੁਣਾਵੇ।
ਮਿੱਟੀ ਜਦ ਬੰਬਾਂ ਦੇ ਧੂੰਏਂ ਵਿਚ ਸਾਹ ਲੈਣ ਤੋਂ ਆਤੁਰ ਹੋ ਜਾਵੇ। ਰਸਾਇਣਕ ਹਥਿਆਰਾਂ ਕਾਰਨ ਨੈਣਾਂ ਦੀ ਜੋਤ ਗਵਾਵੇ। ਖੂਨ ਵਿਚ ਰੰਗੀ ਦਿੱਖ ਦਾ ਭੁਲੇਖਾ ਬਣ ਜਾਵੇ। ਜਦ ਅਨਾਥ ਹੋਏ ਬੱਚਿਆਂ, ਲਾਚਾਰ ਵਿਧਵਾਵਾਂ ਅਤੇ ਅਪੰਗ ਮਨੁੱਖਾਂ ਦੀ ਹੋਣੀ ਨੂੰ ਦੀਦਿਆਂ ਵਿਚ ਬਿਠਾਵੇ ਤਾਂ ਉਸ ਦੀ ਬੇਚੈਨੀ ਅਤੇ ਉਦਾਸੀਨਤਾ ਦੇ ਕੋਈ ਵੀ ਹਰਫ/ਬੋਲ ਮੇਚ ਨਾ ਆਵੇ।
ਮਿੱਟੀ, ਸੱਖਣੀ ਕੁੱਖ ਦੀ ਪੀੜਾ, ਬੁੱਢੇ ਬਿਰਖ ਦੀ ਬੇਰੌਣਕੀ, ਫਸਲਾਂ ‘ਤੇ ਮੰਡਰਾਉਂਦੀ ਮੌਤ ਦਾ ਸਾਇਆ ਜਾਂ ਕਿਸੇ ਪੀੜ੍ਹੀ ਦੀ ਜਵਾਨੀ ਤੇ ਮਰਦਾਨਗੀ ਦੀ ਗੁੰਮਸ਼ੁਦਗੀ ਦੀ ਹੂਕ ਬਣ ਜਾਵੇ ਤਾਂ ਮਿੱਟੀ, ਮਿੱਟੀ ਬਣਨ ਦਾ ਧਰਮ ਭਲਾ ਕਿੰਜ ਨਿਭਾਵੇ ਅਤੇ ਉਹ ਮਿੱਟੀਉਂ, ਰਾਖ ਬਣ ਜਾਵੇ।
ਮਿੱਟੀ, ਜਾਗਦੀਆਂ ਅੱਖਾਂ, ਲਏ ਸੁਪਨਿਆਂ, ਚਾਨਣੇ ਰਾਹਾਂ, ਮੰਜ਼ਲਾਂ ਦੀ ਲਿਸ਼ਕੋਰ ਅਤੇ ਤੁਰਦੇ ਪੈਰਾਂ ਦਾ ਨਾਮਕਰਨ ਬਣ ਜਾਵੇ ਤਾਂ ਮਿੱਟੀ ਆਪਣੀ ਕਰਮਯੋਗਤਾ ਦਾ ਮਾਣ ਵਧਾਵੇ ਅਤੇ ਆਪਣੀ ਤਰਕਸੰਗਤਾ ਤੇ ਸੰਜੀਦਗੀ ਨਾਲ ਸਦੀਆਂ ਦਾ ਮਾਰਗ ਰੁਸ਼ਨਾਵੇ।
ਮਿੱਟੀ ਨੂੰ ਮਿੱਟੀ ਹੀ ਰਹਿਣ ਦਿਓ। ਇਸ ਨੂੰ ਕਬਰਗਾਹ ਨਾ ਬਣਾਓ। ਇਸ ਨੂੰ ਸੰਗਮਰਮਰੀ ਮਹਿਲਾਂ ਅਤੇ ਪੱਥਰਾਂ ਦੇ ਸ਼ਹਿਰ ‘ਚ ਤਬਦੀਲ ਨਾ ਕਰੋ ਕਿਉਂਕਿ ਇੱਟਾਂ ਦੀਆਂ ਬਸਤੀਆਂ ਦੇ ਬਾਸ਼ਿੰਦੇ ਪੱਥਰ ਵਰਗੀ ਸੋਚ-ਰਹਿਤਲ ਹੀ ਸਿਰਜਦੇ ਨੇ। ਮਿੱਟੀ ਦੀ ਮੁਲਾਇਮੀ ਨੂੰ ਕਠੋਰਤਾ ਦਾ ਰੂਪ ਨਾ ਦਿਓ। ਸਦੀਆਂ ਲੱਗ ਜਾਂਦੀਆਂ ਨੇ ਪੱਥਰ ਨੂੰ ਮਿੱਟੀ ਬਣਦਿਆਂ।
ਮਿੱਟੀ, ਸੰਜੀਵਤਾ ਦੀ ਮੂਰਤ। ਮਿੱਟੀ ਵਿਚੋਂ ਹੀ ਮੂਰਤਾਂ ਜਨਮਦੀਆਂ, ਮਿੱਟੀ ਵਿਚੋਂ ਮਹਾਨਤਾ ਪਨਪਦੀ ਅਤੇ ਮਿੱਟੀ ਵਿਚੋਂ ਹੀ ਪਾਕੀਜ਼ਗੀ ਦਾ ਪਹਿਰ, ਮਨੁੱਖੀ ਮਨ ਦੀ ਦਸਤਕ।
ਮਿੱਟੀ, ਮਨੁੱਖਤਾਵਾਦੀ ਦਸਤਕ ਦਿੰਦੀ ਰਹੇ ਤਾਂ ਕਿ ਮਨੁੱਖ ਨੂੰ ਮਿੱਟੀ ਹੋਣ ਦਾ ਅਹਿਸਾਸ ਰਹੇ। ਮਨੁੱਖ ਵਿਚੋਂ ਮਿੱਟੀ ਵਰਗੀ ਮਹਾਨਤਾ ਹੁੰਦਿਆਂ ਵੀ ਨਿਰਮਾਣਤਾ ਤੇ ਅਧੀਨਗੀ ਦੀ ਸੁਰ ਪੈਦਾ ਹੁੰਦੀ ਰਹੇ ਅਤੇ ਮਿੱਟੀ ਨਾਲ ਜੁੜਨ ਦੀ ਭਾਵਨਾ ਭਾਰੂ ਰਹੇ ਤਾਂ ਮਨੁੱਖ, ਮਨੁੱਖ ਬਣਿਆ, ਹੈਵਾਨੀਅਤ ਤੋਂ ਕੋਹਾਂ ਦੂਰ ਰਹੇ। ਮਿੱਟੀ ਨਾਲ ਜੁੜੇ ਮਨੁੱਖ ਹਮੇਸ਼ਾ ਮਹਾਨ। ਜਿਹੜੇ ਮਿੱਟੀ ਨੂੰ ਭੁੱਲ ਜਾਂਦੇ, ਉਹ ਬੇਘਰੇ, ਬੇਪੀਰੇ ਹੋ, ਬੇਗਾਨਗੀ ਦਾ ਬਹਿਰਾ ਬੋਲ ਬਣ, ਸਾਹਾਂ ਵਿਚ ਸਿਵੇ ਬਾਲਣ ਜੋਗੇ ਰਹਿ ਜਾਂਦੇ।
‘ਮਿੱਟੀ ਨਾ ਫਰੋਲ ਜੋਗੀਆ ਨਹੀਂਉਂ ਲੱਭਣੇ ਲਾਲ ਗਵਾਚੇ’ ਦੀ ਗੂੰਜ ਜਦ ਮਨ-ਮੰਦਿਰ ਵਿਚ ਸਿਸਕਣ ਲੱਗ ਪਵੇ ਤਾਂ ਸਾਹ-ਸਾਰੰਗੀ ਵੀ ਸਿਸਕੀਆਂ ਲੈਣ ਲੱਗ ਪੈਂਦੀ ਏ।
‘ਮਾਟੀ ਖੁਦੀ ਕਰੇਂਦੀ ਯਾਰ’ ਦੀ ਸੱਦ ਜਦ ਸਰਘੀ ਵੇਲੇ ਕਿਸੇ ਫੱਕਰ ਦੇ ਬੋਲਾਂ ਵਿਚ ਲਰਜ਼ਦੀ ਤਾਂ ਇਕ ਪਾਕੀਜ਼ਗੀ ਬੀਹੀ ਦੀ ਫਿਜ਼ਾ ਦੇ ਨਾਮ ਹੋ ਜਾਂਦੀ।
ਮਿੱਟੀ ਦੀ ਅਹਿਮੀਅਤ, ਉਹ ਜਾਣਦੇ ਜੋ ਆਪਣੀ ਮਿੱਟੀ ਤੋਂ ਪਰਵਾਸ ਕਰਕੇ, ਮਿੱਟੀ ਨੂੰ ਨਤਮਸਤਕ ਹੋਣ ਲਈ ਵਾਪਸ ਪਰਤਣਾ ਲੋਚਦੇ ਪਰ ਮਜਬੂਰੀਆਂ ਅਤੇ ਲੋੜਾਂ-ਥੁੜਾਂ ਉਨ੍ਹਾਂ ਲਈ ਜੰਜੀਰਾਂ ਬਣਦੀਆਂ। ਪਰਤਣ ‘ਤੇ ਵਤਨ ਦੀ ਮਿੱਟੀ ਮੱਥੇ ਲਾਉਣ ਵਾਲੇ ਧੰਨਭਾਗ ਦਾ ਸੁੱਚਮ ਜਿਨ੍ਹਾਂ ਦੇ ਬਲਿਹਾਰੇ ਜਨਮ ਭੋਂ ਜਾਂਦੀ।
ਮਿੱਟੀ ਮਰ ਕੇ ਵੀ ਮਿੱਟੀ ਹੋਣ ਦਾ ਧਰਮ ਨਿਭਾਉਂਦੀ, ਮਨੁੱਖੀ ਮਿੱਟੀ ਨੂੰ ਗਲ ਨਾਲ ਲਾਉਂਦੀ, ਅੰਤਿਮ ਰਸਮਾਂ ‘ਚ ਸ਼ਰੀਕ ਹੋ ਕਬਰ ਬਣਦੀ।
ਮਿੱਟੀ ਦੀ ਤਾਸੀਰ ਹੀ ਮਿੱਟੀ ਦੀ ਪਰਖ। ਮਿੱਟੀ ਵਿਚੋਂ ਕੀ ਉਗਿਆ ਅਤੇ ਕਿਸ ਤਰ੍ਹਾਂ ਦੀ ਪੈਦਾਵਾਰ ਹੈ, ਇਹ ਮਿੱਟੀ ਦੇ ਗੁਣ ਨਿਰਧਾਰਤ ਕਰਦੇ। ਮਿੱਟੀ ਇਕ ਸਭਿਆਚਾਰ, ਵਿਰਾਸਤ ਅਤੇ ਪਰੰਪਰਾ ਜਿਸ ਦੀ ਕੜੀ ਮਿੱਟੀ ਵਿਚੋਂ ਸ਼ੁਰੂ ਹੋ ਕੇ ਮਿੱਟੀ ਵਿਚ ਹੀ ਸਿਮਟਦੀ।
ਮਿੱਟੀ ਵਿਚਲੇ ਤੱਤ, ਮਨੁੱਖ ਲਈ ਸੰਜੀਵਨੀ। ਮਿੱਟੀ ਵਿਚ ਖੇਡ ਕੇ ਜਵਾਨ ਹੋਏ ਬੱਚੇ ਜ਼ਿਆਦਾ ਅਰੋਗ। ਮਿੱਟੀ ਵਿਚੋਂ ਮਿਹਨਤ-ਮੁਸ਼ੱਕਤ ਦਾ ਮੁੜਕਾ-ਮੋਤੀ ਪੈਦਾ ਕਰਨ ਵਾਲੇ ਮਨੁੱਖਤਾ ਦਾ ਮਾਣ। ਕਿਰਤੀ, ਮਿੱਟੀ ਦਾ ਹਾਣ ਤੇ ਸਨਮਾਨ।
ਮਾਂ-ਮਿੱਟੀ ਹੀ ਨਿਰਧਾਰਤ ਕਰਦੀ ਏ ਮਨੁੱਖੀ ਰੰਗ, ਨਕਸ਼, ਰੂਪ, ਵਿਅਕਤੀਤਵ ਅਤੇ ਸੋਚ ਵਿਚਲੀ ਤੀਖਣਤਾ, ਤਰਲਤਾ, ਤੇਜੱਸਵੀਪੁਣਾ ਅਤੇ ਤ੍ਰਿਲੋਕੀ ਸਰੂਪ।
ਮਿੱਟੀ ਕੁਦਰਤ ਦੀ ਅਜ਼ੀਮ ਨਿਆਮਤ। ਇਸ ਅਮਾਨਤ ਵਿਚ ਖਿਆਨਤ ਕਰਨ ‘ਤੇ ਆਉਂਦੀ ਹੈ, ਕਿਆਮਤ। ਇਸ ਦੀਆਂ ਸੱਤਵਰਗੀ ਸੋਚਾਂ, ਸੰਭਾਵਨਾਵਾਂ, ਸੁਹਜ, ਉਪਨਾਵਾਂ ਅਤੇ ਸਾਰਥਕਤਾ ਨੂੰ ਸਮਰਪਣ, ਜੀਵਨੀ ਬੰਨੇਰਿਆਂ ‘ਤੇ ਚੜ੍ਹ ਰਿਹਾ ਚੰਦਰਮਾ।
ਮਿੱਟੀ ਨਾਲ ਜੁੜੀਆਂ ਯਾਦਾਂ ਬੜੀਆਂ ਅਜੀਬ ਹੁੰਦੀਆਂ ਜੋ ਭੀੜ ਵਿਚ ਬੈਠਿਆਂ ਵੀ ਇਕੱਲਾ ਕਰ ਦਿੰਦੀਆਂ। ਰੇਤ ਦੇ ਘਰ ਬਣਾਉਣਾ, ਸੈਲਾਬੀ ਰੇਤ ‘ਚੋਂ ਪਾਣੀਆਂ ਦੀਆਂ ਚੂਲਾਂ ਬਣਾ ਕੇ ਪਾਣੀ ਪੀਣਾ, ਘਰ ਘਰ ਖੇਡਣਾ ਅਤੇ ਰੇਤਲੀਆਂ ਕੰਧਾਂ ਨੂੰ ਸੁਪਨਈ ਘਰ ਦਾ ਮਰਤਬਾ ਪ੍ਰਦਾਨ ਕਰਨਾ। ਕਈ ਵਾਰ ਇਹ ਯਾਦਾਂ ਪੀੜ-ਪਰੁੱਚੇ ਪਲਾਂ ਵਿਚ ਹੰਝੂਆਂ ਦਾ ਸੈਲਾਬ ਬਣਦੀਆਂ।
ਮਾਂ-ਮਿੱਟੀ ਦੀ ਖਾਮੋਸ਼ੀ ਨੂੰ ਸਮਝਣ ਵਾਲੇ, ਇਸ ਦੀਆਂ ਰਹਿਮਤਾਂ ਦੇ ਅਣਮੋਲ ਖਜ਼ਾਨੇ ਦੇ ਤਾਬਿਆਦਾਰ ਬਣਦੇ। ਖਾਮੋਸ਼ੀ ਵਿਚ ਹਰਫਾਂ/ਅਰਥਾਂ ਅਤੇ ਬੋਲਾਂ ਦੀ ਚੁੱਪ ਹੁੰਗਾਰੇ ਭਰਦੀ।
ਮਿੱਟੀ ਵਰਗਾ ਮੀਤ ਨਾ ਕੋਈ, ਇਸ ਵਰਗੀ ਨਾ ਅਸੀਸ ਵੀ ਕੋਈ, ਇਸ ਵਰਗੀ ਮਹਿਕ ਨਾ ਕੋਈ ਅਤੇ ਨਾ ਹੀ ਇਸ ਜਿਹੀ ਟਹਿਕ ਹੀ ਕੋਈ।
ਕੇਹੀ ਰੁੱਤ ਸਾਡੇ ਦਰੀਂ ਆਈ ਕਿ ਬੰਦੇ ਨੂੰ ਮਿੱਟੀ ਭੁੱਲੀ, ਚਾਰੇ ਪਾਸੇ ਮਿੱਟੀ ਖੁੱਲ੍ਹੀ, ਮਿੱਟੀ ਉਪਰ ਮਿੱਟੀ ਡੁੱਲ੍ਹੀ ਅਤੇ ਮਿੱਟੀ ਦੇ ਸੰਗ ਮਿੱਟੀ ਰੁੱਲੀ। ਮਿੱਟੀ ਹੱਸੇ ਤੇ ਮਿੱਟੀ ਰੋਵੇ, ਮਿੱਟੀ ਖੁਦ ਨੂੰ ਹੱਥੀਂ ਕੋਹਵੇ, ਖੁਦ ਕਬਰ ਦੇ ਕੋਲ ਖਲੋਵੇ ਅਤੇ ਅੰਤ ਮਿੱਟੀ ਦਾ ਮਿੱਟੀ ਹੋਵੇ।
ਮਿੱਟੀ ਕਬਰਿਸਤਾਨ ਵੀ ਅਤੇ ਫਸਲਾਂ ਲੱਧੇ ਖੇਤ ਵੀ। ਜੰਗ ਦਾ ਮੈਦਾਨ ਵੀ ਅਤੇ ਇਬਾਦਤ ਰੂਪੀ ਅਸਥਾਨ ਵੀ। ਨਿੱਕੇ ਨਿੱਕੇ ਦਾਇਰਿਆਂ ‘ਚ ਵੰਡੇਂਦੀ ਵੱਟ ਵੀ ਅਤੇ ਸਮੁੱਚਾ ਖੇਡ ਮੈਦਾਨ ਵੀ। ਮੱਥੇ ਨੂੰ ਲਾਇਆ ਤਿਲਕ ਵੀ ਅਤੇ ਪੈਰਾਂ ਨਾਲ ਉਡਾਈ ਖੇਹ ਵੀ। ਤੁਸੀਂ ਮਿੱਟੀ ਦੀ ਸੰਗਤ ਕਿਸ ਰੂਪ ਅਤੇ ਕਿਹੜੀ ਲੱਜ਼ਤ ਨਾਲ ਮਹਿਸੂਸ ਕਰਦੇ ਹੋ, ਇਹ ਤੁਹਾਡੇ ਨਿੱਜ ‘ਤੇ ਨਿਰਭਰ।
ਮਨ ਦੀ ਮਿੱਟੀ ਵਿਚੋਂ ਸੰਸਕਾਰ, ਸੁਘੜ-ਸਿਆਣਪਾਂ, ਸੁਪਨੇ, ਸੁੱਚਮ, ਸੰਜੀਦਗੀ, ਸਹਿਣਸ਼ੀਲਤਾ, ਸਧਾਰਨਤਾ, ਸਹਿਜ ਤੇ ਸਕੂਨ ਜਾਂ ਸੰਕੀਰਨਤਾ, ਸੱਖਣਤਾ, ਸਨਕੀਪੁਣਾ, ਸਾਜਿਸ਼ੀ ਸੁਭਾਅ ਪੈਦਾ ਹੁੰਦੇ। ਇਹ ਮਿੱਟੀ ਦੀ ਤਾਸੀਰ ‘ਤੇ ਨਿਰਭਰ।
ਮਨ-ਮਿੱਟੀ ਵਿਚ ਪਾਪ, ਕੁਕਰਮ, ਕੂੜ, ਕਪਟ, ਕੁਲਹਿਣੇ-ਕਰਮ, ਕਲਯੁਗੀ ਸੋਚ ਅਤੇ ਕਰੂਰਤਾ ਨੂੰ ਦਫਨਾ ਦੇਈਏ ਤਾਂ ਇਸ ਵਿਚੋਂ ਸੁੰਦਰਤਾ, ਸਦੀਵਤਾ ਅਤੇ ਸਹਿਜ ਭਰਪੂਰ ਸੋਚ ਦੇ ਫੁੱਲ ਟਹਿਕਣਗੇ।
ਮਨ-ਮਿੱਟੀ ਵਿਚ ਸੁਪਨਿਆਂ ਦੇ ਬੀਜ ਬੀਜੋ, ਇਹਨੂੰ ਸਮਰਪਣ ਅਤੇ ਸਖਤ ਮਿਹਨਤ ਦਾ ਪਾਣੀ ਪਾਓ। ਇਸ ਨੂੰ ਸਾਦਗੀ, ਸਦਭਾਵਨਾ ਅਤੇ ਸਹਿਯੋਗ ਦੀ ਵਾੜ ਕਰੋ, ਅਨੁਸ਼ਾਸਨ ਨਾਲ ਕਾਂਟ-ਛਾਂਟ ਕਰੋ ਤਾਂ ਮਾਨਸਿਕ ਧਰਾਤਲ ‘ਤੇ ਸੁਪਨਿਆਂ ਦੀ ਸੰਪੂਰਨਤਾ ਅਤੇ ਨਵੇਂ ਦਿਸਹੱਦਿਆਂ ਦੇ ਦੀਦਾਰੇ ਹੋਣਗੇ।
