ਅਜੋਕੇ ਵਰਤਾਰਿਆਂ ਨਾਲ ਨਿੱਘਰਦੇ ਜਾ ਰਹੇ ਹਾਲਾਤ

-ਜਤਿੰਦਰ ਪਨੂੰ
ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅਸੀਂ ਹਮੇਸ਼ਾ ਇੱਕ ਸੁਲਝੇ ਹੋਏ ਆਗੂ ਮੰਨਿਆ ਹੈ। ਰਾਜਸੀ ਪੱਖ ਤੋਂ ਉਸ ਦੀਆਂ ਕਈ ਗੱਲਾਂ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਇਹ ਮੰਨਣਾ ਪੈਂਦਾ ਹੈ ਕਿ ਗੱਲ ਵੀ ਸਿਰ ਨਾਲ ਸੋਚਣ ਦੇ ਬਾਅਦ ਕਰਦਾ ਹੈ ਤੇ ਨੁਕਤੇ ਵੀ ਏਨੇ ਠੋਸ ਉਠਾਉਂਦਾ ਹੈ ਕਿ ਕੋਈ ਉਸ ਨੂੰ ਛੇਤੀ ਕੀਤੇ ਕੱਟਣ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹਾ ਸਿਆਣਾ ਬੰਦਾ ਇਸ ਵਾਰੀ ਇੱਕ ਅਣਸੁਖਾਵੇਂ ਵਿਵਾਦ ਵਿਚ ਉਲਝ ਗਿਆ ਹੈ। ਉਹ ਆਰ. ਐਸ਼ ਐਸ਼ ਵੱਲੋਂ ਮਿਲੇ ਸੱਦੇ ਉਤੇ ਨਾਗਪੁਰ ਵਿਚ ਉਨ੍ਹਾਂ ਦੇ ਮੁੱਖ ਦਫਤਰ ਵਿਚ ਇੱਕ ਸਮਾਗਮ ਵਿਚ ਪਹੁੰਚ ਗਿਆ।

ਇਹ ਇੱਕ ਵੱਡੀ ਛਾਲ ਮਾਰਨ ਵਾਲਾ ਕੰਮ ਸੀ ਕਿ ਜਿਨ੍ਹਾਂ ਵਿਰੁਧ ਸਾਰੀ ਉਮਰ ਸੋਚ ਦਾ ਸੰਘਰਸ਼ ਕਰਦਾ ਰਿਹਾ ਸੀ, ਉਨ੍ਹਾਂ ਦੀ ਸੱਥ ਵਿਚ ਆਪਣੀ ਗੱਲ ਕਹਿਣ ਵਾਸਤੇ ਬੰਦਾ ਬੇਝਿਜਕ ਹੋ ਕੇ ਤੁਰ ਪਿਆ, ਪਰ ਜਿਨ੍ਹਾਂ ਦੇ ਕੋਲ ਗਿਆ ਸੀ, ਉਹ ਲੋਕ ਨਾ ਕਿਸੇ ਦੀ ਹਿੰਮਤ ਦੇ ਕਾਇਲ ਹੋਣ ਵਾਲੇ ਹਨ ਅਤੇ ਨਾ ਆਪੇ ਸੱਦੇ ਹੋਏ ਕਿਸੇ ਮਹਿਮਾਨ ਦਾ ਲਿਹਾਜ਼ ਰੱਖਣ ਵਾਲੇ।
ਪ੍ਰਣਬ ਮੁਖਰਜੀ ਦੇ ਜਾਣ ਤੋਂ ਪਹਿਲਾਂ ਉਸ ਦੇ ਪੁਰਾਣੇ ਕਾਂਗਰਸੀ ਸਾਥੀਆਂ ਨੇ ਵੀ ਕਿਹਾ ਕਿ ਜਾਣਾ ਨਹੀਂ ਚਾਹੀਦਾ ਤੇ ਸਕੀ ਧੀ ਨੇ ਵੀ ਆਖਿਆ ਸੀ ਕਿ ਉਥੇ ਜਾਣ ਨਾਲ ਕਈ ਵਿਵਾਦ ਛਿੜਨਗੇ, ਨਾ ਜਾਓ ਤਾਂ ਚੰਗਾ ਹੈ। ਪ੍ਰਣਬ ਮੁਖਰਜੀ ਰੁਕਣ ਦੀ ਥਾਂ ਇਹ ਕਹਿ ਕੇ ਤੁਰ ਗਿਆ ਕਿ ਇਸ ਬਾਰੇ ਜੋ ਕਹਿਣਾ ਹੈ, ਉਥੇ ਜਾ ਕੇ ਕਹਾਂਗਾ, ਤੇ ਉਸ ਨੇ ਕੀਤਾ ਵੀ ਏਦਾਂ ਹੀ। ਭਾਰਤ ਦੇ ਸਾਰੇ ਟੀ. ਵੀ. ਚੈਨਲਾਂ ਉਤੇ ਨਾਲੋ-ਨਾਲ ਪੇਸ਼ ਹੋਏ ਭਾਸ਼ਣ ਵਿਚ ਉਸ ਨੇ ਜਿਹੜਾ ਕੁਝ ਆਖਿਆ, ਇਤਿਹਾਸ ਦੇ ਸਾਰੇ ਪੱਖਾਂ ਬਾਰੇ ਜਿਸ ਤਰ੍ਹਾਂ ਖੁੱਲ੍ਹ ਕੇ ਗੱਲ ਕੀਤੀ, ਉਸ ਤੋਂ ਵੱਧ ਕੀਤੇ ਜਾਣ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ।
ਉਸ ਦਾ ਭਾਸ਼ਣ ਸੁਣਨ ਪਿੱਛੋਂ ਸ਼ਾਇਦ ਸੰਘ ਪਰਿਵਾਰ ਦਾ ਮੁਖੀ ਸੋਚਦਾ ਹੋਵੇਗਾ ਕਿ ਅਜਿਹੇ ਵਿਅਕਤੀ ਨੂੰ ਨਾ ਸੱਦਦੇ ਤਾਂ ਜ਼ਿਆਦਾ ਚੰਗਾ ਹੋਣਾ ਸੀ। ਇੱਕ ਭੁੱਲ ਉਹ ਖੁਦ ਕਰ ਗਿਆ। ਅੱਜ ਤੱਕ ਉਥੇ ਆਏ ਹਰ ਖਾਸ ਵਿਅਕਤੀ ਦੇ ਭਾਸ਼ਣ ਪਿੱਛੋਂ ਸੰਘ ਪਰਿਵਾਰ ਦਾ ਮੁਖੀ ਬੋਲਦਾ ਹੁੰਦਾ ਸੀ ਤੇ ਕੋਈ ਉਨੀ-ਇੱਕੀ ਹੋਈ ਹੁੰਦੀ ਤਾਂ ਇਸ ਬਹਾਨੇ ਉਹ ਪੋਚਾ ਮਾਰਨ ਦਾ ਮੌਕਾ ਵਰਤ ਲੈਂਦਾ ਸੀ। ਇਸ ਵਾਰੀ ਬਾਅਦ ਵਿਚ ਧੰਨਵਾਦ ਕਰਨ ਦੀ ਥਾਂ ਉਸ ਨੇ ਸਵਾਗਤ ਕੀਤਾ ਤੇ ਸਵਾਗਤ ਮੌਕੇ ਇਹ ਵੀ ਕਹਿ ਦਿੱਤਾ ਕਿ ਸਾਡੇ ਕੋਲ ਪ੍ਰਣਬ ਮੁਖਰਜੀ ਦੇ ਆਉਣ ਦਾ ਕਈ ਲੋਕਾਂ ਨੇ ਬੇਲੋੜਾ ਵਿਰੋਧ ਕੀਤਾ ਹੈ, ਇਥੇ ਆਉਣ ਪਿੱਛੋਂ ਵੀ ਪ੍ਰਣਬ ਮੁਖਰਜੀ ਨੇ ਪ੍ਰਣਬ ਮੁਖਰਜੀ ਰਹਿਣਾ ਹੈ ਤੇ ਸੰਘ ਨੇ ਸੰਘ ਹੀ ਰਹਿਣਾ ਹੈ। ਜੇ ਦੋਵਾਂ ਨੇ ਆਪੋ ਆਪਣੀ ਪਹਿਲੀ ਪੁਜੀਸ਼ਨ ਵਿਚ ਹੀ ਰਹਿਣਾ ਹੈ ਤਾਂ ਫਿਰ ਇਹ ਖੇਚਲ ਕਰਨ ਦੀ ਲੋੜ ਕੀ ਸੀ?
ਬਹੁਤ ਸਿਆਣਾ ਸਮਝਿਆ ਜਾਣ ਵਾਲਾ ਪ੍ਰਣਬ ਮੁਖਰਜੀ ਜਿਸ ਗੱਲ ‘ਤੇ ਉਲਝ ਗਿਆ, ਉਹ ਆਰ. ਐਸ਼ ਐਸ਼ ਦੇ ਸਮਾਗਮ ਤੋਂ ਬਾਅਦ ਸਾਹਮਣੇ ਆਈ ਹੈ। ਉਸ ਦੀ ਇੱਕ ਫੋਟੋ ਅਗਲੀ ਸਵੇਰ ਤੱਕ ਸੋਸ਼ਲ ਮੀਡੀਆ ਵਿਚ ਆ ਗਈ ਤੇ ਇਸ ਬਾਰੇ ਹੋਰਨਾਂ ਤੋਂ ਪਹਿਲਾਂ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਹੀ ਟਿਪਣੀ ਕਰ ਦਿੱਤੀ ਕਿ ਭਾਜਪਾ ਦਾ ‘ਡਰਟੀ ਟ੍ਰਿਕਸ ਡਿਪਾਰਟਮੈਂਟ’ ਬੜੇ ਨੀਵੇਂ ਪੱਧਰ ਨੂੰ ਪਹੁੰਚ ਗਿਆ ਹੈ। ਸੰਘ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਇਹ ਕੰਮ ਸਾਡੇ ਕਿਸੇ ਬੰਦੇ ਨੇ ਨਹੀਂ ਕੀਤਾ। ਇਹ ਵੀ ਸੁਣਿਆ ਹੈ ਕਿ ਸੰਘ ਦੇ ਮੁਖੀ ਨੇ ਇਸ ਹਰਕਤ ਨੂੰ ਸੰਘ ਦੇ ਖਿਲਾਫ ਸਾਜ਼ਿਸ਼ ਕਿਹਾ ਹੈ। ਉਸ ਦੀ ਟਿਪਣੀ ਦੇ ਪੱਖ ਜਾਂ ਵਿਰੋਧ ਵਿਚ ਕੁਝ ਕਹਿਣ ਦੀ ਥਾਂ ਕਰਨ ਵਾਲਾ ਕੰਮ ਕੇਂਦਰ ਸਰਕਾਰ ਦਾ ਹੈ। ਉਹ ਸੰਘ ਪਰਿਵਾਰ ਦੇ ਨੇੜ ਵਾਲੀ ਹੈ ਤੇ ਇਹ ਜਾਂਚ ਕਰਵਾ ਸਕਦੀ ਹੈ ਕਿ ਫੋਟੋ ਵਿਚ ਕੱਟ-ਵੱਢ ਕਰ ਕੇ ਪ੍ਰਣਬ ਮੁਖਰਜੀ ਦੇ ਸਿਰ ਉਤੇ ਆਰ. ਐਸ਼ ਐਸ਼ ਵਾਲੀ ਟੋਪੀ ਫਲਾਣੇ ਕੰਪਿਊਟਰ ਤੋਂ ਪਾਈ ਗਈ ਹੈ। ਕੁਝ ਟੀ. ਵੀ. ਚੈਨਲ ਅੱਜ ਕੱਲ੍ਹ ‘ਵਾਇਰਲ ਸੱਚ’ ਦਾ ਪ੍ਰੋਗਰਾਮ ਚਲਾਉਂਦੇ ਹਨ ਤੇ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਏਦਾਂ ਦੀਆਂ ਘਾੜਤਾਂ ਨੂੰ ਸਾਈਬਰ ਕਰਾਈਮ ਵਿਰੁਧ ਚੌਕਸੀ ਲਈ ਬਣਾਇਆ ਗਿਆ ਸੈਲ ਫੋਲਣ ਲੱਗ ਜਾਵੇ ਤਾਂ ਇਸ ਦਾ ਖੁਰਾ ਲੱਭ ਸਕਦਾ ਹੈ।
ਉਂਜ ਪ੍ਰਣਬ ਮੁਖਰਜੀ ਦੀ ਫੋਟੋ ਨਾਲ ਛੇੜ-ਛਾੜ ਦਾ ਮਾਮਲਾ ਇਕੱਲਾ ਤਾਂ ਨਹੀਂ। ਹਾਲੇ ਕੁਝ ਦਿਨ ਹੋਏ, ਇੱਕ ਬੜੇ ਸੀਨੀਅਰ ਵਕੀਲ ਨੇ ਸਾਨੂੰ ਇੱਕ ਵੀਡੀਓ ਕਲਿਪ ਭੇਜ ਦਿੱਤੀ, ਜਿਸ ਵਿਚ ਰਾਜਸਥਾਨ ਦਾ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੋ ਸੀਨੀਅਰ ਕਾਂਗਰਸੀ ਆਗੂ ਹੈ, ਇਹ ਕਹਿੰਦਾ ਪਿਆ ਸੀ, “ਇਹ ਡੈਮ ਬਣਾਈ ਜਾਂਦੇ ਨੇ, ਡੈਮ ਬਣਾ ਕੇ ਜਦੋਂ ਬਿਜਲੀ ਕੱਢ ਲਈ ਤਾਂ ਖੇਤਾਂ ਵਿਚ ਫਸਲ ਦੇ ਪੱਲੇ ਕੀ ਪਵੇਗਾ?” ਉਸ ਸੀਨੀਅਰ ਵਕੀਲ ਨੂੰ ਗੁੱਸਾ ਚੜ੍ਹਿਆ ਸੀ ਕਿ ਕਾਂਗਰਸ ਦੇ ਇਸ ਸੀਨੀਅਰ ਲੀਡਰ ਨੂੰ ਇਹ ਕੀ ਹੋ ਗਿਆ ਹੈ? ਅਸੀਂ ਦੱਸਿਆ ਕਿ ਇਹ ਲਫਜ਼ ਕਾਂਗਰਸ ਆਗੂਆਂ ਵੱਲੋਂ ਪਿਛਲੇ ਹਫਤੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੇ ਹਨ, ਜਿੱਥੇ ਕਿਹਾ ਕੁਝ ਹੋਰ ਸੀ ਤੇ ਇਸ ਦੇ ਕੁਝ ਲਫਜ਼ ਸ਼ੁਰੂ ਤੋਂ ਕੱਟ ਕੇ ਬਾਕੀ ਇਸ ਤਰ੍ਹਾਂ ਪੇਸ਼ ਕੀਤੇ ਗਏ ਹਨ ਕਿ ਅਸ਼ੋਕ ਗਹਿਲੋਤ ਦਾ ਕਿਹਾ ਜਾਪਦਾ ਹੈ।
ਉਸੇ ਸ਼ਾਮ ਨੂੰ ਏ. ਬੀ. ਪੀ. ਨਿਊਜ਼ ਦੇ ਵਾਇਰਲ ਸੱਚ ਪ੍ਰੋਗਰਾਮ ਨੇ ਉਹ ਵੀਡੀਓ ਕਲਿੱਪ ਵਿਖਾ ਕੇ ਫਿਰ ਉਹ ਪਿਛਲੇ ਹਫਤੇ ਦੀ ਪ੍ਰੈਸ ਕਾਨਫਰੰਸ ਤੇ ਉਸ ਵਿਚ ਬੋਲਦਾ ਅਸ਼ੋਕ ਗਹਿਲੋਤ ਸੁਣਾ ਦਿੱਤਾ, ਜਿੱਥੇ ਉਹ ਕਹਿ ਰਿਹਾ ਸੀ ਕਿ ਜਦੋਂ ਸਾਡੀ ਸਰਕਾਰ ਨੇ ਡੈਮ ਬਣਵਾਏ ਸੀ, ਜਨ ਸੰਘ ਵਾਲੇ ਇਹ ਕਹਿੰਦੇ ਸਨ ਕਿ ਬਿਜਲੀ ਕੱਢ ਲਈ ਹੈ, ਖੇਤ ਵਿਚ ਫਸਲ ਦੇ ਪੱਲੇ ਕੀ ਪਵੇਗਾ? ਇਸ ਦੇ ਸ਼ੁਰੂ ਅਤੇ ਅੰਤ ਵਾਲੇ ਲਫਜ਼ ਕੱਢ ਕੇ ਬਾਕੀ ਸਾਰਾ ਕੁਝ ਏਦਾਂ ਪੇਸ਼ ਕੀਤਾ ਗਿਆ ਸੀ ਕਿ ਅਸ਼ੋਕ ਗਹਿਲੋਤ ਦਾ ਕਿਹਾ ਸਮਝਿਆ ਜਾ ਸਕਦਾ ਸੀ। ਇਸ ਤਰ੍ਹਾਂ ਦੀਆਂ ਕਈ ਗੱਲਾਂ ਪਹਿਲਾਂ ਵੀ ਹੋਈਆਂ ਸਨ।
ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਫਸਾਉਣ ਵਾਸਤੇ ਵੀ ਇੱਕ ਵੀਡੀਓ ਇਸੇ ਤਰ੍ਹਾਂ ਪਰੋਸਣ ਦਾ ਕੰਮ ਹੋਇਆ ਸੀ ਤੇ ਬਾਅਦ ਵਿਚ ਉਹ ਸਾਬਤ ਨਹੀਂ ਸੀ ਕੀਤੀ ਜਾ ਸਕਦੀ, ਇਸ ਕਰ ਕੇ ਅਜੇ ਤੱਕ ਕਨ੍ਹਈਆ ਵਾਲੇ ਉਸ ਮਾਮਲੇ ਵਿਚ ਅਦਾਲਤੀ ਕਾਰਵਾਈ ਕਿਸੇ ਪਾਸੇ ਅੱਗੇ ਨਹੀਂ ਤੋਰੀ ਗਈ, ਉਥੇ ਹੀ ਰੁਕੀ ਹੋਈ ਹੈ।
ਅਸ਼ੋਕ ਗਹਿਲੋਤ ਨੂੰ ਛੱਡ ਕੇ ਫਿਰ ਉਸੇ ਗੱਲ ਵੱਲ ਆਈਏ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਨਾਗਪੁਰ ਦੇ ਇਸੇ ਕੇਂਦਰ ਵਿਚ ਲਾਲ ਬਹਾਦਰ ਸ਼ਾਸਤਰੀ ਵੀ ਆਏ ਸਨ, ਫਲਾਣਾ-ਫਲਾਣਾ ਹੋਰ ਵੀ ਆਏ ਸਨ, ਪਰ ਉਨ੍ਹਾਂ ਨੇ ਉਥੇ ਆਣ ਕੇ ਆਖਿਆ ਕੀ ਸੀ, ਇਹ ਨਹੀਂ ਦੱਸਿਆ ਜਾ ਰਿਹਾ। ਦੱਸਿਆ ਜਾਵੇਗਾ ਤਾਂ ਸੱਚ ਹੋਣਾ ਯਕੀਨੀ ਨਹੀਂ। ਅਸੀਂ ਉਸ ਦੌਰ ਵਿਚੋਂ ਲੰਘ ਰਹੇ ਹਾਂ, ਜਿੱਥੇ ਅਰਥਾਂ ਦੇ ਅਨਰਥ ਕਰਨ ਅਤੇ ਇਤਿਹਾਸ ਨੂੰ ਆਪਣੀ ਮਰਜੀ ਮੁਤਾਬਕ ਤੋੜ-ਭੰਨ ਕੇ ਪੇਸ਼ ਕਰਨ ਦੇ ਸਾਰੇ ਕੰਮ ਹੋ ਰਹੇ ਹਨ। ਇੱਕ ਜਣਾ ਕਹਿੰਦਾ ਹੈ ਕਿ ਭਗਵਾਨ ਸ਼ਿਵ ਦੇ ਵਕਤ ਭਾਰਤ ਵਿਚ ਪਲਾਸਟਿਕ ਸਰਜਰੀ ਕਰਨ ਵਾਲੇ ਡਾਕਟਰ ਮੌਜੂਦ ਸਨ, ਜਿਨ੍ਹਾਂ ਨੇ ਹਾਥੀ ਦਾ ਸਿਰ ਗਣੇਸ਼ ਭਗਵਾਨ ਨੂੰ ਲਾਇਆ ਸੀ। ਦੂਜਾ ਕਹਿੰਦਾ ਹੈ ਕਿ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮਹਾਂਭਾਰਤ ਦੇ ਦੌਰ ਵਿਚ ਸਾਡੇ ਦੇਸ਼ ਵਿਚ ਵਾਟਸ-ਐਪ ਵੀਡੀਓ ਕਾਨਫਰੰਸ ਵਰਗਾ ਸਿਸਟਮ ਮੌਜੂਦ ਸੀ, ਜਿਸ ਨਾਲ ਮਹਿਲ ਵਿਚ ਬੈਠੇ ਧ੍ਰਿਤਰਾਸ਼ਟਰ ਨੂੰ ਉਸ ਦਾ ਸੇਵਕ ਸੰਜੇ ਕੌਰਵ-ਪਾਂਡਵ ਜੰਗ ਵਾਲਾ ਸਾਰਾ ਹਾਲ ਕ੍ਰਿਕਟ ਦੀ ਕੁਮੈਂਟਰੀ ਵਾਂਗ ਨਾਲੋ-ਨਾਲ ਦੱਸੀ ਜਾਂਦਾ ਸੀ।
ਪਿਛਲੇ ਹਫਤੇ ਹੋਰ ਕਮਾਲ ਹੋ ਗਈ। ਭਾਜਪਾ ਦੇ ਇੱਕ ਲੀਡਰ ਨੇ ਕਹਿ ਦਿੱਤਾ ਕਿ ਨਾਰਦ ਮੁਨੀ ਇਸ ਦੁਨੀਆਂ ਦਾ ਸਭ ਤੋਂ ਪਹਿਲਾ ਪੱਤਰਕਾਰ ਸੀ। ਅਸੀਂ ਲੋਕ ਬਚਪਨ ਤੋਂ ਲੈ ਕੇ ਇਹ ਸੁਣਦੇ ਸਾਂ ਕਿ ਨਾਰਦ ਮੁਨੀ ਅਸਲ ਵਿਚ ਰਿਸ਼ੀ ਦੇ ਰੂਪ ਵਿਚ ਲਾਉਣ-ਬੁਝਾਉਣ ਦਾ ਕੰਮ ਕਰਦਾ ਸੀ। ਫਿਲਮਾਂ ਵਿਚ ਵੀ ਅਸੀਂ ਉਸ ਦਾ ਇਹੋ ਅਕਸ ਪੇਸ਼ ਹੁੰਦਾ ਵੇਖਿਆ ਸੀ। ਸਮਾਜ ਵਿਚ ਹਰ ਲਾਉਣ-ਬੁਝਾਉਣ ਵਾਲੇ ਨੂੰ ਲੋਕ ਨਾਰਦ ਮੁਨੀ ਕਹਿ ਕੇ ਮਜ਼ਾਕ ਉਡਾਇਆ ਕਰਦੇ ਸਨ। ਭਾਜਪਾ ਆਗੂਆਂ ਨੇ ਜੇ ਨਾਰਦ ਨੂੰ ਦੁਨੀਆਂ ਦਾ ਪਹਿਲਾ ਪੱਤਰਕਾਰ ਬਣਾ ਧਰਿਆ ਹੈ ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਇਸ ਨਾਲ ਨਾਰਦ ਦਾ ਮਾਣ ਵਧਿਆ ਹੈ ਜਾਂ ਪੱਤਰਕਾਰਾਂ ਦਾ ਜਲੂਸ ਨਿਕਲਿਆ ਹੈ? ਮੈਨੂੰ ਲੱਗਦਾ ਹੈ ਕਿ ਇਸ ਨਵੇਂ ਦੌਰ ਵਿਚ ਪ੍ਰਣਬ ਮੁਖਰਜੀ ਤੋਂ ਲੈ ਕੇ ਛੋਟੇ-ਮੋਟੇ ਪੱਤਰਕਾਰਾਂ ਤੱਕ ਸਭ ਨਾਲ ਜਿੱਦਾਂ ਦਾ ਮਜ਼ਾਕ ਹੋ ਰਿਹਾ ਹੈ, ਉਸ ਦੇ ਬਾਅਦ ਇਹ ਸਮਝ ਨਹੀਂ ਆਉਂਦਾ ਕਿ ਸਾਨੂੰ ਹੱਸਣਾ ਚਾਹੀਦਾ ਹੈ ਕਿ ਰੋਣਾ!