ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਜੰਗ-ਏ-ਆਜ਼ਾਦੀ ਯਾਦਗਾਰ

ਚੰਡੀਗੜ੍ਹ: ਜਲੰਧਰ ਨੇੜੇ ਕਰਤਾਰਪੁਰ ਵਿਖੇ ਬਣੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਸੈਲਾਨੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਯਾਦਗਾਰ ਨਾ ਸਿਰਫ ਪੰਜਾਬ ਦੇ ਸਭਿਆਚਾਰਕ ਅਤੇ ਸਿਖਿਆਤਮਕ ਧੁਰੇ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਇਤਿਹਾਸਕ ਅਤੇ ਸਭਿਆਚਾਰਕ ਪਿਛੋਕੜ ਬਾਰੇ ਵੀ ਬਾਖੂਬੀ ਜਾਗਰੂਕ ਕਰ ਰਹੀ ਹੈ। ਇਸ ਯਾਦਗਾਰ ਦੇ 2 ਪੜਾਅ ਲੋਕ ਅਰਪਣ ਕੀਤੇ ਜਾ ਚੁੱਕੇ ਹਨ, ਜਿਸ ਦੇ ਦੂਜੇ ਪੜਾਅ ਦਾ ਉਦਘਾਟਨ ਮਾਰਚ 2018 ਵਿਚ ਕੀਤਾ ਗਿਆ ਸੀ।

ਇਹ ਯਾਦਗਾਰ ਕੁਝ ਕੁ ਮਹੀਨਿਆਂ ‘ਚ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਹੈ ਅਤੇ ਇੰਨੇ ਥੋੜ੍ਹੇ ਸਮੇਂ ਵਿਚ ਹੀ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 3,50,000 ਤੋਂ ਟੱਪ ਚੁੱਕੀ ਹੈ। ਜਿਵੇਂ ਹੀ ਸੈਲਾਨੀ ਇਸ ਯਾਦਗਾਰ ਦੇ ਅੰਦਰ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਹ ਬੀਤੇ ਯੁੱਗ ‘ਚ ਆ ਗਏ ਹੋਣ। ਪ੍ਰਵੇਸ਼ ਦੁਆਰ ਉਤੇ ਹੀ ਇਸ ਯਾਦਗਾਰ ਦਾ ਇਕ ਮਾਡਲ ਰੱਖਿਆ ਗਿਆ ਹੈ ਜੋ ਕਿ ਇਸ ਸਥਾਨ ਬਾਰੇ ਸੈਲਾਨੀਆਂ ਨੂੰ ਪੰਛੀ ਝਾਤ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਸਥਾਨ ਉਤੇ ਆਜ਼ਾਦੀ ਅੰਦੋਲਨ ਦੀਆਂ ਉਘੀਆਂ ਹਸਤੀਆਂ ਦੀਆਂ ਤਸਵੀਰਾਂ ਕਲਾਤਮਕ ਢੰਗ ਨਾਲ ਚਿਤਰਿਤ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਇਕ ਮਿਨਾਰ ਆਉਂਦੀ ਹੈ ਜਿਥੇ ਆਜ਼ਾਦੀ ਦੀ ਲੜਾਈ ‘ਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਇਕ ਨਾ ਬੁੱਝਣ ਵਾਲੀ ਜੋਤ ਜਗਾਈ ਗਈ ਹੈ। ਇਸ ਤੋਂ ਬਾਅਦ ਗੈਲਰੀਆਂ ਆਉਂਦੀਆਂ ਹਨ ਜਿਥੇ ਕਿ 3ਡੀ ਤਕਨੀਕ ਰਾਹੀਂ ਇਕ 15 ਮਿੰਟ ਦੀ ਐਨੀਮੇਸ਼ਨ ਫਿਲਮ ਦਿਖਾਈ ਜਾਂਦੀ ਹੈ ਜਿਸ ‘ਚ ਦੇਸ਼ ਦੀ ਆਜ਼ਾਦੀ ਦੇ ਵੱਖੋ-ਵੱਖ ਪੜਾਵਾਂ ਦੌਰਾਨ ਪੰਜਾਬੀਆਂ ਵੱਲੋਂ ਪਾਏ ਗਏ ਇਤਿਹਾਸਕ ਯੋਗਦਾਨ ਨੂੰ ਬਾਖੂਬੀ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ ਸਗੋਂ ਇਸ ਸਥਾਨ ਉਤੇ ਆਜ਼ਾਦੀ ਸੰਘਰਸ਼ ਦੌਰਾਨ ਵਾਪਰਨ ਵਾਲੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਲਾ ਚਿੱਤਰਾਂ ਰਾਹੀਂ ਕ੍ਰਮਵਾਰ ਲੜੀ ‘ਚ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸ ਉਪਰੰਤ ਸੈਲਾਨੀਆਂ ਦੀ ਨਜ਼ਰ ਇਕ ਯਾਦਗਾਰੀ ਸਥਾਨ ਉਤੇ ਪੈਂਦੀ ਹੈ ਜਿਸ ਨੂੰ 4 ਫੁੱਲਾਂ ਦੀਆਂ ਪੰਖੜੀਆਂ ਦੇ ਰੂਪ ‘ਚ ਦਰਸਾਇਆ ਗਿਆ ਹੈ ਅਤੇ ਇਸ ਦੀ ਬਨਾਵਟ ਲਈ ਪ੍ਰੇਰਨਾ ਪੰਜਾਬ ਦੀ ਫੁਲਕਾਰੀ ਕਲਾ ਤੋਂ ਲਈ ਗਈ ਹੈ। ਇਸ ਦਾ ਮਕਸਦ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਇਸ ਤੋਂ ਇਲਾਵਾ ਭਾਰਤੀ ਫਿਲਮ ਜਗਤ ਦੇ ਸਿਰਮੌਰ ਫਿਲਮਕਾਰ ਸ੍ਰੀ ਸ਼ਿਆਮ ਬੈਨੇਗਲ ਦੁਆਰਾ ਨਿਰਦੇਸ਼ਿਤ ਆਜ਼ਾਦੀ ਦੇ ਅੰਦੋਲਨ ‘ਚ ਪੰਜਾਬ ਦੀ ਮੋਹਰੀ ਭੂਮਿਕਾ ਅਤੇ ਕੁਰਬਾਨੀ ਨੂੰ ਰੂਪਮਾਨ ਕਰਦੀ ਇਕ ਫਿਲਮ ਵੀ ਸਮੇਂ-ਸਮੇਂ ਉਤੇ ਵਿਖਾਈ ਜਾਂਦੀ ਹੈ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲ ਸਕੇ। ਇਸ ਸਥਾਨ ਉਤੇ ਸਮਾਜਿਕ ਤੇ ਸਭਿਆਚਾਰਕ ਸਮਾਗਮ ਕਰਾਉਣ ਲਈ ਇਕ ਐਮæਫੀæ ਥਿਏਟਰ ਵੀ ਬਣਿਆ ਹੋਇਆ ਹੈ ਅਤੇ 150 ਸੀਟਾਂ ਦੀ ਸਮਰੱਥਾ ਵਾਲਾ ਇਕ ਸੈਮੀਨਾਰ ਹਾਲ, ਇਕ ਲਾਇਬ੍ਰੇਰੀ, ਇਕ ਆਡੀਟੋਰੀਅਮ ਤੇ ਇਕ ਫੂਡ ਕੋਰਟ ਵੀ ਇਸ ਸਥਾਨ ਉਤੇ ਬਣਾਏ ਗਏ ਹਨ।
ਯਾਦਗਾਰ ਦਾ ਇਕ ਬੇਹੱਦ ਅਹਿਮ ਪੱਖ 45 ਮਿੰਟਾਂ ਦਾ ਇਕ ਲੇਜ਼ਰ ਸ਼ੋਅ ਹੈ ਜੋ ਕਿ ਆਜ਼ਾਦੀ ਦੇ ਸੰਘਰਸ਼ ਅਤੇ ਫਿਰ ਬਟਵਾਰੇ ਦੌਰਾਨ ਹੋਈਆਂ ਘਟਨਾਵਾਂ ਨੂੰ ਲੇਜ਼ਰ, 3 ਡੀ ਪ੍ਰੋਜ਼ੈਕਸ਼ਨ ਅਤੇ ਵਾਟਰ ਕਰਟਨ ਪ੍ਰੋਜ਼ੈਕਸ਼ਨ ਤਕਨੀਕ ਰਾਹੀਂ ਦਰਸਾਉਂਦਾ ਹੈ। ਇਸੇ ਸਥਾਨ ਉਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਪ੍ਰਤੀ ਯੋਗਦਾਨ ਨੂੰ ਵੀ ਬੜੇ ਬਾਖੂਬੀ ਢੰਗ ਨਾਲ ਦਿਖਾਇਆ ਜਾਂਦਾ ਹੈ। ਇਹ ਯਾਦਗਾਰ ਹਫਤੇ ਦੇ 7 ਦਿਨ ਸਵੇਰੇ 11:00 ਤੋਂ ਸ਼ਾਮ 7:30 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ।