ਮਨੁੱਖੀ ਵਿਕਾਸ ਬਨਾਮ ਸਾਮਰਾਜੀ ਵਿਕਾਸ

ਪਿਛਲੀਆਂ ਕੁਝ ਸਦੀਆਂ ਵਿਚ ਸਨਅਤੀ ਵਿਕਾਸ ਨੇ ਕਹਿਣ ਨੂੰ, ਆਦਮੀ ਨੂੰ ਬਹੁਤ ਕੁਝ ਦਿੱਤਾ ਹੈ ਪਰ ਇਸ ਖਾਤਰ ਮਨੁੱਖ ਨੂੰ ਬੜੀ ਵੱਡੀ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਸਭ ਤੋਂ ਵੱਡੀ, ਉਸ ਦੀ ਮਾਨਸਿਕ ਸ਼ਾਂਤੀ ਕਿਧਰੇ ਗਵਾਚ ਗਈ ਹੈ। ਇਸ ਵਿਕਾਸ ਨੇ ਕੁਦਰਤ ਦੇ ਤਵਾਜ਼ਨ ਵਿਚ ਵੀ ਬਹੁਤ ਵੱਡਾ ਵਿਗਾੜ ਪੈਦਾ ਕੀਤਾ ਹੈ। ਇਨ੍ਹਾਂ ਹਾਲਾਤ ਵਿਚ ਇਹ ਡਰ ਜਾਹਰ ਕਰਨਾ ਕਿ ਇਹ ਵਿਕਾਸ ਮਨੁੱਖ ਨੂੰ ਤਬਾਹੀ ਦੇ ਕੰਢੇ ਲਿਜਾ ਖੜ੍ਹਾ ਕਰ ਸਕਦਾ ਹੈ, ਬਿਲਕੁਲ ਜਾਇਜ਼ ਹੈ। ਇਹੋ ਕੁਝ ਚਿੰਤਾ ਦੇ ਵਿਸ਼ੇ ਹਨ, ਜਿਨ੍ਹਾਂ ‘ਤੇ ਆਪਣੇ ਇਸ ਲੇਖ ਵਿਚ ਬੁੱਧੀਜੀਵੀ ਗੁਰਬਚਨ ਸਿੰਘ ਨੇ ਨਜ਼ਰਸਾਨੀ ਕੀਤੀ ਹੈ।

-ਸੰਪਾਦਕ

ਗੁਰਬਚਨ ਸਿੰਘ ਜਲੰਧਰ
ਫੋਨ: 91-98156-98451

ਦੁਨੀਆਂ ਭਰ ਦੇ ਸਾਇੰਸਦਾਨ ਇਸ ਭਵਿੱਖਵਾਣੀ ਬਾਰੇ ਇਕ ਮੱਤ ਹਨ ਕਿ ਜੇ ਮੌਜੂਦਾ ਤਰਜ਼ ‘ਤੇ ਹੋ ਰਹੇ ਸਨਅਤੀ ਵਿਕਾਸ ਦਾ ਬਦਲਵਾਂ ਸਰੂਪ ਨਾ ਲੱਭਿਆ ਗਿਆ ਤਾਂ ਇਸ ਧਰਤੀ ਉਤੇ ਲੱਖਾਂ ਸਾਲ ਤੋਂ ਰਹਿ ਰਹੀ ਆਦਮ ਜਾਤੀ ਦੀ ਉਮਰ ਕੋਈ ਬਹੁਤੀ ਲੰਮੇਰੀ ਨਹੀਂ। ਪਲੀਤ ਹੋ ਰਹੇ ਵਾਤਾਵਰਣ ਤੇ ਧਰਤੀ ਉਤੇ ਵਧ ਰਹੀ ਤਪਸ਼ ਕਾਰਨ ਹਜ਼ਾਰਾਂ ਸਾਲਾਂ ਤੋਂ ਚੱਲੇ ਆਉਂਦੇ ਬਰਫੀਲੇ ਤੋਦਿਆਂ ਜਾਂ ਗਲੇਸ਼ੀਅਰਾਂ ਦੇ ਪਿਘਲਣ ਕਰਕੇ ਤੇ ਇਸ ਨਾਲ ਸਮੁੰਦਰਾਂ ਵਿਚ ਵਧ ਰਹੇ ਪਾਣੀ ਦੇ ਤਲ ਕਰਕੇ ਇਹ ਖਤਰਾ ਪੈਦਾ ਹੋਇਆ ਹੈ। ਜਿਸ ਕੁਦਰਤ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਿੱਤ ਨਵੀਂ ਹੈ ਅਤੇ ਇਹ ਆਪਣੇ ਆਪ ਨੂੰ ਲਗਾਤਾਰ ਨਵਿਆਉਂਦੀ ਰਹਿੰਦੀ ਹੈ, ਕੀ ਕਾਰਨ ਹੈ ਕਿ ਅੱਜ ਓਹੀ ਕੁਦਰਤ ਧਰਤੀ ਉਤੇ ਵਧ ਰਹੀ ਇਸ ਤਪਸ਼ ਨੂੰ ਕਾਬੂ ਵਿਚ ਨਹੀਂ ਰੱਖ ਸਕਦੀ?
ਦੁਨੀਆਂ ਭਰ ਦੇ ਕਰੀਬ ਸਾਰੇ ਹੀ ਸਾਇੰਸਦਾਨ ਇਸ ਧਾਰਨਾ ਨਾਲ ਸਹਿਮਤ ਹਨ ਕਿ ਇਹ ਤਪਸ਼ ਪਿਛਲੀਆਂ ਤਿੰਨ ਸਦੀਆਂ ਤੋਂ ਦੁਨੀਆਂ ਭਰ ਵਿਚ ਮੌਜੂਦਾ ਤਰਜ ਦੇ ਹੋ ਰਹੇ ਸਨਅਤੀ ਵਿਕਾਸ ਕਾਰਨ ਵਧੀ ਹੈ। ਇਹ ਸਨਅਤੀ ਵਿਕਾਸ 17ਵੀਂ-18ਵੀਂ ਸਦੀ ਵਿਚ ਸਰਮਾਏਦਾਰੀ ਦੇ ਉਭਾਰ ਨਾਲ ਸ਼ੁਰੂ ਹੋਇਆ ਸੀ, ਜੋ ਅੱਜ ਸਾਮਰਾਜੀ-ਸਰਮਾਏਦਾਰੀ ਦੇ ਰੂਪ ਵਿਚ ਬੜਾ ਵਸੀਹ ਰੂਪ ਧਾਰਨ ਕਰ ਗਿਆ ਹੈ, ਜਿਸ ਨੇ ਸੰਸਾਰ ਭਰ ਦਾ ਸਾਰਾ ਆਰਥਕ, ਰਾਜਨੀਤਕ ਤੇ ਸਮਾਜੀ ਢਾਂਚਾ ਮੁੱਢੋਂ ਹੀ ਬਦਲ ਕੇ ਰੱਖ ਦਿੱਤਾ ਹੈ। ਸਮਾਜੀ ਢਾਂਚੇ ਦੇ ਇਸ ਝੰਜੋੜੇ ਦਾ ਮਨੁੱਖੀ ਮਨ ਅਤੇ ਮਨੁੱਖੀ ਜਜ਼ਬਿਆਂ ਉਤੇ ਕੀ ਅਸਰ ਪਿਆ ਹੈ, ਇਹ ਇਕ ਵੱਖਰੀ ਲਿਖਤ ਦਾ ਮਸਲਾ ਹੈ। ਪਰ ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਕਿਉਂ ਤੇ ਕਿਵੇਂ ਵਾਪਰਿਆ?
ਇਸ ਸੁਆਲ ਦਾ ਜੁਆਬ ਕਾਰਲ ਮਾਰਕਸ ਤੇ ਫ੍ਰੈਡਰਿਕ ਏਂਗਲਜ਼ ਨੇ ‘ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ’ ਵਿਚ ਦਿੱਤਾ ਹੈ। ਮਾਰਕਸ-ਏਂਗਲਜ਼ ਕਿਉਂਕਿ ਜਾਗੀਰਦਾਰੀ ਪ੍ਰਬੰਧ ਦੇ ਟੁੱਟਣ ਤੇ ਸਰਮਾਏਦਾਰੀ ਪ੍ਰਬੰਧ ਦੀ ਚੜ੍ਹਤ ਦੇ ਦੌਰ ਦੇ ਫਿਲਾਸਫਰ ਸਨ, ਇਸ ਲਈ ਉਨ੍ਹਾਂ ਨੇ ਸਰਮਾਏਦਾਰੀ ਪ੍ਰਬੰਧ ਦੀਆਂ ਸਾਰੀਆਂ ਅਲਾਮਤਾਂ ਵੇਖ ਲਈਆਂ ਸਨ। ਇਸੇ ਲਈ ਉਨ੍ਹਾਂ ਨੇ ਕਮਿਊਨਿਸਟ ਇਨਕਲਾਬ ਦਾ ਸੱਦਾ ਦਿੰਦਿਆਂ ਭਵਿੱਖਵਾਣੀ ਕੀਤੀ ਸੀ ਕਿ ਜਾਂ ਤਾਂ ਕਿਰਤੀ ਜਮਾਤ ਆਪਣੀ ਜਥੇਬੰਦ ਤਾਕਤ ਨਾਲ ਇਕ ਇਨਕਲਾਬ ਰਾਹੀਂ ਰਾਜਨੀਤਕ ਸ਼ਕਤੀ ਉਤੇ ਕਬਜ਼ਾ ਕਰਕੇ ਕਮਿਊਨਿਸਟ ਸਮਾਜ ਦੀ ਸਿਰਜਣਾ ਵੱਲ ਅੱਗੇ ਵਧੇਗੀ ਤੇ ਜਾਂ ਫਿਰ ਸਮੁੱਚੀ ਆਦਮ ਜਾਤੀ ਜਾਂਗਲੀ ਵਹਿਸ਼ਤ ਦਾ ਸ਼ਿਕਾਰ ਹੋ ਜਾਵੇਗੀ। ਪਲੀਤ ਹੋ ਰਿਹਾ ਵਾਤਾਵਰਣ ਤੇ ਧਰਤੀ ਉਤੇ ਵਧ ਰਹੀ ਤਪਸ਼ ਸਾਮਰਾਜੀ ਸਰਮਾਏਦਾਰੀ ਦੀ ਇਸੇ ਵਹਿਸ਼ਤ ਦੀ ਇਕ ਅਲਾਮਤ ਹੈ।
1848 ਵਿਚ ਜਾਰੀ ਕੀਤੇ ਗਏ ‘ਕਮਿਊਨਿਸਟ ਮੈਨੀਫੈਸਟੋ’ ਵਿਚ ਦਰਜ ਹੈ, ਪੈਦਾਵਾਰੀ ਦੇ ਢੰਗਾਂ ਵਿਚ ਬੜੇ ਤਿੱਖੇ ਸੁਧਾਰ ਕਰਕੇ ਅਤੇ ਆਵਾਜਾਈ ਦੀਆਂ ਵਧੀਆਂ ਸਹੂਲਤਾਂ ਕਾਰਨ ਸਰਮਾਏਦਾਰੀ ਨੇ ਇੱਥੋਂ ਤੱਕ ਕਿ ਸਭ ਤੋਂ ਵੱਧ ਜਾਂਗਲੀ ਕੌਮਾਂ ਨੂੰ ਵੀ ਆਪਣੇ ਘੇਰੇ ਵਿਚ ਲੈ ਆਂਦਾ ਹੈ। ਆਪਣੀਆਂ ਵਸਤਾਂ ਦੀਆਂ ਸਸਤੀਆਂ ਕੀਮਤਾਂ ਨੂੰ ਤੋਪਖਾਨੇ ਦੇ ਤੌਰ ਉਤੇ ਵਰਤ ਕੇ, ਇਸ ਨੇ ਸਾਰੀਆਂ ਚੀਨੀ ਕੰਧਾਂ ਟੱਪ ਲਈਆਂ ਹਨ, ਜਿਸ ਨਾਲ ਇਸ ਨੇ ਵਿਦੇਸ਼ੀਆਂ ਪ੍ਰਤੀ ਘੋਰ ਨਫਰਤ ਰੱਖਦੇ ਜਾਂਗਲੀਆਂ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਇਸ ਨੇ ਖਾਤਮੇ ਦੀ ਪੀੜਾ ਸਹਿ ਰਹੀਆਂ ਸਾਰੀਆਂ ਕੌਮਾਂ ਨੂੰ ਪੈਦਾਵਾਰੀ ਦਾ ਸਰਮਾਏਦਾਰੀ ਢੰਗ, ਜਿਸ ਨੂੰ ਇਹ ਸਭਿਅਤਾ ਕਹਿੰਦੀ ਹੈ, ਅਪਨਾਉਣ ਭਾਵ ਖੁਦ ਸਰਮਾਏਦਾਰ ਬਣਨ ਲਈ ਮਜਬੂਰ ਕਰ ਦਿੱਤਾ ਹੈ। ਸੰਖੇਪ ਸ਼ਬਦਾਂ ਵਿਚ ਇਸ ਨੇ ਆਪਣਾ ਹੀ ਕਲਪਿਆ ਇਕ ਸੰਸਾਰ ਸਿਰਜ ਲਿਆ ਹੈ।
‘ਕਮਿਊਨਿਸਟ ਮੈਨੀਫੈਸਟੋ’ ਦੀ ਇਹ ਧਾਰਨਾ ਕਿ ‘ਸਰਮਾਏਦਾਰੀ ਨੇ ਆਪਣਾ ਹੀ ਕਲਪਿਆ ਇਕ ਸੰਸਾਰ ਸਿਰਜ ਲਿਆ ਹੈ’ ਅਜੋਕੇ ਸਾਮਰਾਜੀ ਸਰਮਾਏਦਾਰੀ ਪ੍ਰਬੰਧ ਨੂੰ ਸਮਝਣ ਦੀ ਕੁੰਜੀ ਹੈ। ਇਸ ਧਾਰਨਾ ਅਨੁਸਾਰ ਸਰਮਾਏਦਾਰੀ ਕੁਦਰਤੀ ਤੇ ਸਮਾਜੀ ਹਕੀਕਤ ਤੋਂ ਟੁੱਟੇ ਇਕ ਕਲਪਿਤ ਸੰਸਾਰ ਦੀ ਸਿਰਜਣਾ ਕਰਦੀ ਹੈ, ਜੋ ਮਨੁੱਖ ਨੂੰ ਕੁਦਰਤੀ ਤੇ ਸਮਾਜੀ ਹਕੀਕਤ ਨਾਲੋਂ ਤੋੜ ਦਿੰਦਾ ਹੈ। ਅੱਜ ਇਹੀ ਕਲਪਿਤ ਸੰਸਾਰ ਇਕ ਭਿਆਨਕ ਤੇ ਵਸੀਹ ਰੂਪ ਅਖਤਿਆਰ ਕਰ ਗਿਆ ਹੈ, ਜਿਸ ਨੇ ਨਾ ਸਿਰਫ ਸਮੁੱਚੀ ਮਨੁੱਖ ਜਾਤੀ ਨੂੰ ਤਬਾਹੀ ਦੇ ਕੰਢੇ ਉਤੇ ਲਿਆ ਖੜ੍ਹਾ ਕੀਤਾ ਹੈ ਸਗੋਂ ਸਾਰੇ ਮਨੁੱਖੀ, ਸਮਾਜੀ ਅਤੇ ਪਰਿਵਾਰਕ ਰਿਸ਼ਤੇ ਤਬਾਹ ਕਰ ਦਿੱਤੇ ਹਨ। ਅੱਜ ਸਮੁੱਚਾ ਮਨੁੱਖੀ ਸਮਾਜ ਇਨ੍ਹਾਂ ਤਬਾਹ ਹੋਏ ਰਿਸ਼ਤਿਆਂ ਦੀ ਪੀੜ ਹੰਢਾ ਰਿਹਾ ਹੈ ਅਤੇ ਅਜੋਕੇ ਤਰਜ ਦਾ ਹੋ ਰਿਹਾ ਬੇਲੋੜਾ ਸਨਅਤੀਕਰਨ ਇਸੇ ਸਾਮਰਾਜੀ ਕਲਪਨਾ ਦੀ ਦੇਣ ਹੈ।
ਦੁਨੀਆਂ ਭਰ ਵਿਚ ਹੋ ਰਹੇ ਅਜੋਕੇ ‘ਵਿਕਾਸ’ ਨੂੰ ਸਿਰਫ ਇਉਂ ਹੀ ਸਮਝਿਆ ਜਾ ਸਕਦਾ ਹੈ। ਵੱਡੇ-ਵੱਡੇ ਸ਼ਹਿਰਾਂ ਦਾ ਹੋ ਰਿਹਾ ਪਸਾਰ, ਇਨ੍ਹਾਂ ਸ਼ਹਿਰਾਂ ਵਿਚ ਬਣ ਰਹੇ ਆਲੀਸ਼ਾਨ ਪੰਜ ਤਾਰਾ ਹੋਟਲ, ਵੱਡੇ-ਵੱਡੇ ਮਾਲ, ਇਨ੍ਹਾਂ ਮਾਲਾਂ ਵਿਚ ਦੁਨੀਆਂ ਭਰ ਦੇ ਸਮਾਨ ਨਾਲ ਭਰੇ ਹੱਟ, ਨਵੇਂ-ਨਵੇਂ ਫੈਸ਼ਨਾਂ ਦੇ ਰੰਗ ਬਿਰੰਗੇ ਮਹਿੰਗੇ ਤੋਂ ਮਹਿੰਗੇ ਕੱਪੜੇ, ਸ਼ਹਿਰਾਂ ਦੀਆਂ ਸੜਕਾਂ ਤੇ ਬਜ਼ਾਰਾਂ ਵਿਚ ਲੋਕਾਂ ਦੀਆਂ ਭੀੜਾਂ, ਪੱਛਮੀ ਦੇਸ਼ਾਂ ਵਾਂਗ ਵੱਡੇ-ਵੱਡੇ ਸ਼ਹਿਰਾਂ ਵਿਚ ਨਾਈਟ ਕਲੱਬ, ਇਨ੍ਹਾਂ ਕਲੱਬਾਂ ਵਿਚ ਰਾਤ ਭਰ ਹੁੰਦੇ ਭੜਕੀਲੇ ਡਾਂਸ, ਥਾਂ-ਥਾਂ ਖੁੱਲ੍ਹੀਆਂ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀਆਂ ਦੁਕਾਨਾਂ, ਵੱਡੇ-ਵੱਡੇ ਸ਼ਹਿਰਾਂ ਵਿਚ ਮਹਿੰਗੀ ਤੋਂ ਮਹਿੰਗੀ ਪੱਛਮੀ ਸ਼ਰਾਬ ਦੀ ਪ੍ਰਾਪਤੀ, ਇਨ੍ਹਾਂ ਦੁਕਾਨਾਂ ਵਿਚ ਲੋਕਾਂ ਦੇ ਹਜ਼ੂਮ, ਨਵੇਂ ਬਣੇ ਮਲਟੀਪਲੈਕਸਨੁਮਾ ਸਿਨਮਿਆਂ ਵਿਚ ਲੱਗਦੀਆਂ ਨਵੀਂਆਂ ਕਾਮੁਕ ਦ੍ਰਿਸ਼ਾਂ ਨਾਲ ਲਬਰੇਜ਼ ਫਿਲਮਾਂ, ਲੋਕਾਂ ਦੇ ਇਲਾਜ ਲਈ ਕਈ-ਕਈ ਮੰਜਲਾ ਆਲੀਸ਼ਾਨ ਹੋਟਲਾਂ ਵਰਗੇ ਹਸਪਤਾਲ, ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਉਤੇ ਭੱਜਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ, ਅੱਡ-ਅੱਡ ਕਾਰ ਕੰਪਨੀਆਂ ਦੇ ਨਵੇਂ-ਨਵੇਂ ਮਾਡਲਾਂ ਦੀ ਹੋੜ, ਸ਼ਹਿਰਾਂ ਦੇ ਬਾਹਰਵਾਰ ਬਣੇ ਰਾਜਿਆਂ ਦੇ ਮਹੱਲਾਂ ਨੂੰ ਮਾਤ ਪਾਉਂਦੇ ਵੱਡੇ-ਵੱਡੇ ਵਿਆਹ ਮਹੱਲ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੇ ਸੁਪਨਿਆਂ ਵਿਚ ਵੀ ਨਹੀਂ ਸੋਚਿਆ ਹੋਣਾ; ਸ਼ਹਿਰਾਂ ਦੇ ਅੰਦਰ ਤੇ ਸ਼ਹਿਰਾਂ ਦੇ ਬਾਹਰ-ਬਾਰ ਚਮਚਮ ਕਰਦੀਆਂ ਬਿਜਲੀਆਂ। ਇਹ ਸਭ ਕਹਿਣ ਨੂੰ ਇਕ ਬੜਾ ਦਿਲਖਿੱਚ, ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਮਨ ਅਸ਼-ਅਸ਼ ਕਰ ਉਠਦਾ ਹੈ ਕਿ ਸਭ ਪਾਸੇ ਬੱਲੇ-ਬੱਲੇ ਹੈ।
ਪਰ ਇਹ ਸਾਰਾ ਕੁਝ ਹੁੰਦਿਆਂ-ਸੁੰਦਿਆਂ ਵੀ ਅਰਬਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ। ਅਰਬਾਂ ਲੋਕਾਂ ਕੋਲ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਸਾਧਨ ਨਹੀਂ। ਇਸ ਤੋਂ ਬਿਨਾ ਮਨੁੱਖ ਅੰਦਰੋਂ ਮਨੁੱਖ ਮਰ ਰਿਹਾ ਹੈ। ਮਨੁੱਖੀ ਰਿਸ਼ਤੇ ਮਰ ਰਹੇ ਹਨ, ਪਰਿਵਾਰ ਟੁੱਟ ਰਹੇ ਹਨ, ਨੌਜਵਾਨ ਨਸ਼ੇੜੀ ਬਣਦੇ ਜਾ ਰਹੇ ਹਨ, ਕੁੜੀਆਂ ਸ਼ੌਕੀਆ ਵੇਸਵਾਵਾਂ ਬਣ ਰਹੀਆਂ ਹਨ ਤੇ ਇਸ ਦੇ ਨਾਲ ਹੀ ਇਹ ਸਾਰਾ ਕੁਝ ਦਿੱਸ ਰਿਹਾ ‘ਵਿਕਾਸ’ ਨਾ ਸਿਰਫ ਕੁਦਰਤੀ ਵਸੀਲਿਆਂ ਦਾ ਉਜਾੜਾ ਹੈ, ਸਗੋਂ ਇਹ ਸਭ ਵੱਡੀ ਬਹੁਗਿਣਤੀ ਗਰੀਬ ਲੋਕਾਂ ਦੀ ਕੀਮਤ ਉਤੇ ਹੋ ਰਿਹਾ ਹੈ, ਜੋ ਸਮੁੱਚੇ ਚੌਗਿਰਦੇ, ਧਰਤੀ, ਪਾਣੀ, ਹਵਾ ਨੂੰ ਜ਼ਹਿਰੀ ਬਣਾ ਰਿਹਾ ਹੈ। ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਇਸ ‘ਵਿਕਾਸ’ ਕਾਰਨ ਧਰਤੀ ਉਤੇ ਵਧੀ ਤਪਸ਼ ਨੇ ਸਮੁੱਚੀ ਮਨੁੱਖ ਜਾਤੀ ਦੀ ਹੋਂਦ ਨੂੰ ਹੀ ਖਤਰੇ ਦੇ ਮੂੰਹ ਲਿਆ ਖੜ੍ਹਾ ਕੀਤਾ ਹੈ।
ਇਸ ਸਾਮਰਾਜੀ ਵਿਕਾਸ ਮਾਡਲ ਨੇ ਮਨੁੱਖ ਜਾਤੀ ਨੂੰ ਕੁਦਰਤ ਨਾਲੋਂ ਤੋੜ ਦਿੱਤਾ ਹੈ। ਮਨੁੱਖੀ ਮਨ ਨੂੰ ਮਨੁੱਖੀ ਤਨ ਨਾਲੋਂ ਤੋੜ ਦਿੱਤਾ ਹੈ ਅਤੇ ਮਨੁੱਖੀ ਚੇਤਨਾ ਨੂੰ ਉਸ ਦੀ ਇਤਿਹਾਸਕ ਅਨੁਭਵੀ ਚੇਤਨਾ ਤੋਂ ਤੋੜ ਦਿੱਤਾ ਹੈ। ਉਹ ਕੁਦਰਤੀ ਨੇਮਾਂ ਵਿਚ ਜਿਉਣ ਦੀ ਥਾਂ ਆਪਣੀ ਕਲਪਨਾ ਵਿਚ ਜਿਉਂਦਾ ਕੁਦਰਤ ਨੂੰ ਆਪਣੇ ਅਨੁਸਾਰ ਢਾਲਣਾ ਚਾਹੁੰਦਾ ਹੈ। ਇਹੀ ਅਜੋਕੇ ਮਨੁੱਖ ਦੀ ਤ੍ਰਾਸਦੀ ਹੈ। ਅਜੋਕਾ ਮਨੁੱਖ ਹਕੀਕਤ ਵਿਚ ਜਿਉਣ ਦੀ ਥਾਂ ਨਿਰੰਤਰ ਕਲਪਨਾ ਵਿਚ ਜੀਅ ਰਿਹਾ ਹੈ। ਸਾਮਰਾਜੀ ਚਕਾਚੌਂਧ ਅਤੇ ਖਪਤਕਾਰੀ ਦੇ ਪ੍ਰਚਾਰ ਨੇ ਉਸ ਦੀ ਚੇਤਨਾ ਨੂੰ ਇਸ ਹੱਦ ਤੱਕ ਭ੍ਰਿਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸਰੀਰਕ ਸਮਰੱਥਾ ਨੂੰ ਭੁੱਲ ਕੇ ਆਪਣੀਆਂ ਇੰਦ੍ਰਿਆਵੀ ਇੱਛਾਵਾਂ ਨੂੰ ਪੂਰਾ ਕਰਨਾ ਲੋਚਦਾ ਹੈ, ਜੋ ਹਕੀਕਤ ਵਿਚ ਅਸੰਭਵ ਹੈ। ਅਸੰਭਵ ਨੂੰ ਸੰਭਵ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਉਹ ਨਿਰੰਤਰ ਤਣਾਅ ਦਾ ਸ਼ਿਕਾਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੇ ਮਨੋਵਿਗਿਆਨੀ ਇਹ ਦਾਅਵੇ ਕਰ ਰਹੇ ਹਨ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਹੀ ਦੁਨੀਆਂ ਭਰ ਵਿਚ ਵੱਸਦੇ 90 ਫੀਸਦੀ ਲੋਕ ਤਣਾਅ ਦਾ ਸ਼ਿਕਾਰ ਹੋ ਜਾਣਗੇ। ਇਸ ਤਰ੍ਹਾਂ ਕਲਪਿਤ ਜ਼ਿੰਦਗੀ ਜਿਉਣ ਦੀ ਧੁੱਸ ਵਿਚ ਉਸ ਨੇ ਆਪਣੀ ਸਿਹਤ ਨੂੰ ਵੀ ਦਾਅ ਉਤੇ ਲਾ ਦਿੱਤਾ ਹੈ।
ਆਪਣੀ ਇਤਿਹਾਸਕ ਚੇਤਨਾ ਅਤੇ ਕੁਦਰਤੀ ਸਹਿਜ ਵਿਕਾਸ ਤੋਂ ਟੁੱਟਿਆ ਹੋਇਆ ਮਨੁੱਖ ਆਪਣੀ ਮੂਰਖਤਾ ਨੂੰ ਆਪਣੀ ਸਿਆਣਪ ਸਮਝ ਰਿਹਾ ਹੈ। ਇਸ ਮੂਰਖਤਾ ਦਾ ਪ੍ਰਗਟ ਰੂਪ ਇਹ ਹੈ ਕਿ ਕੁਦਰਤ ਵੱਲੋਂ ਮਨੁੱਖ ਨੂੰ ਮਿਲੀ ਨੀਂਦ ਦੀ ਦਾਤ ਵੀ ਅੱਜ ਇਕ ਦੁਰਲੱਭ ਵਸਤੂ ਬਣਦੀ ਜਾ ਰਹੀ ਹੈ।
ਜੋ ਸਭਿਅਤਾ ਜਾਂ ਸਭਿਆਚਾਰਕ ਵਿਕਾਸ ਅੱਜ ਅਸੀਂ ਵੇਖ ਰਹੇ ਹਾਂ, ਇਹ ਮਨੁੱਖ ਦਾ ਕੁਦਰਤੀ ਵਿਕਾਸ ਨਹੀਂ ਹੈ, ਸਗੋਂ ਜਿਸ ਨੂੰ ਸਰਮਾਏਦਾਰੀ ਸਭਿਅਤਾ ਕਹਿੰਦੀ ਹੈ, ਪਰ ਜਿਹੜੀ ਸਭਿਅਤਾ ਹੈ ਨਹੀਂ, ਉਸ ਨੂੰ ਸੰਸਾਰ ਭਰ ਦੇ ਲੋਕਾਂ ਨੂੰ ਅਪਨਾਉਣ ਲਈ ਸਰਮਾਏਦਾਰੀ ਨੇ ਮਜਬੂਰ ਕਰ ਦਿੱਤਾ ਹੈ। ਜਿਸ ਨੇ ਸਾਰੇ ਮਨੁੱਖੀ, ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਨੂੰ ਸਿਰਫ ਪੈਸੇ ਦੇ ਰਿਸ਼ਤੇ ਤੱਕ ਸੀਮਤ ਕਰ ਦਿੱਤਾ ਹੈ। ਇਸ ਕਲਪਿਤ ਸਰਮਾਏਦਾਰੀ ਸਭਿਅਤਾ ਤੇ ਕਲਪਿਤ ਖਪਤਕਾਰੀ ਸਭਿਆਚਾਰ ਨੇ ਸਾਮਰਾਜੀ ਦੌਰ ਵਿਚ ਆ ਕੇ ਹੋਰ ਵੀ ਵਸੀਹ ਰੂਪ ਅਖਤਿਆਰ ਕਰ ਲਿਆ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਹੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਜਿੰਨਾ ਚਿਰ ਸਾਮਰਾਜੀ ਸਰਮਾਏਦਾਰੀ ਦੇ ਇਸ ਕਲਪਿਤ ਸੰਸਾਰ ਨੂੰ ਨਹੀਂ ਸਮਝਿਆ ਜਾਂਦਾ ਤੇ ਇਸ ਦੇ ਮੋਹ ਨੂੰ ਨਹੀਂ ਤਿਆਗਿਆ ਜਾਂਦਾ, ਓਨਾ ਚਿਰ ਧਰਤੀ ਉਤੇ ਵਧ ਰਹੀ ਇਸ ਤਪਸ਼ ਦਾ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ। ਮਨੁੱਖ ਜਾਤੀ ਦੀ ਤ੍ਰਾਸਦੀ ਇਹ ਹੈ ਕਿ ਉਹ ਹਾਕਮ ਵਰਗ ਦੇ ਭਾਰੂ ਗੁੰਮਰਾਹਕੁੰਨ ਪ੍ਰਚਾਰ ਅਧੀਨ ਸਾਮਰਾਜੀ ਕਲਪਨਾ ਨੂੰ ਮਨੁੱਖੀ ‘ਵਿਕਾਸ’ ਸਮਝ ਰਹੀ ਹੈ।