ਸਿੱਖ ਸਿਆਸਤ ਅਤੇ ਧਰਮ

ਡਾ. ਬਲਕਾਰ ਸਿੰਘ ਨੇ ਆਪਣੇ ਲੇਖ ਵਿਚ ਸਿੱਖ ਪੰਥ ਵਿਚ ਧਰਮ ਅਤੇ ਸਿਆਸਤ ਦੇ ਸਬੰਧਾਂ ਦੀ ਗੱਲ ਕਰਦਿਆਂ ਅਜੋਕੇ ਹਾਲਾਤ ਵਿਚ ਸਿਆਸਤ ਦੇ ਧਰਮ ਉਤੇ ਵਧ ਰਹੇ ਗਲਬੇ ‘ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਲੇਖ ਵਿਚ ਸ਼ ਹਾਕਮ ਸਿੰਘ ਨੇ ਉਸੇ ਗੱਲ ਨੂੰ ਅੱਗੇ ਤੋਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਹਨ।

-ਸੰਪਾਦਕ

ਹਾਕਮ ਸਿੰਘ

‘ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ’ ਲੇਖ (2 ਜੂਨ 2018 ਦੇ ਪੰਜਾਬ ਟਾਈਮਜ਼) ਵਿਚ ਡਾ. ਬਲਕਾਰ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਏ ਜਾਣ ਅਤੇ ਆਲਮੀ ਭਾeਚਾਰਾ ਹੋ ਗਏ ਸਿੱਖਾਂ ਨੂੰ ਸਿਆਸੀ ਸੁਰ ਵਿਚ ਨਹੀਂ, ਧਾਰਮਕ ਸੁਰ ਵਿਚ ਹੀ ਬਚਾਉਣ ਤੇ ਫੈਲਾਉਣ ਦੀ ਗੱਲ ਆਖੀ ਹੈ। ਅਜੋਕਾ ਸਿੱਖ ਧਰਮ ਬਹੁਤ ਸਾਰੀਆਂ ਸੰਪਰਦਾਵਾਂ, ਡੇਰਿਆਂ ਅਤੇ ਖਾੜਕੂ ਜਥੇਬੰਦੀਆਂ ਵਿਚ ਵੰਡਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਕਿਸ ਧਾਰਮਕ ਸੁਰ ਨੂੰ ਅਸਲੀ ਧਰਮ ਸਮਝਿਆ ਜਾਵੇ? ਸਿੱਖ ਧਰਮ ਦੀ ਵੱਡੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਦਾ ਮਨੋਰਥ ਗਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ। ਕੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖ ਧਰਮ ਮੰਨ ਲੈਣਾ ਸਹੀ ਹੋਵੇਗਾ? ਦੂਜੇ, ਇਹ ਕਮੇਟੀ ਭਾਰਤੀ ਕਾਨੂੰਨ ਦੀ ਉਪਜ ਹੈ ਅਤੇ ਸਰਕਾਰ ਦੇ ਅਧੀਨ ਕੰਮ ਕਰਦੀ ਹੈ। ਸਰਕਾਰ ਨੂੰ ਇਸ ਦੇ ਕੰਮ ਵਿਚ ਦਖਲ ਦੇਣ ਦੀ ਖੁਲ੍ਹ ਹੈ ਕਿਉਂਕਿ ਇਹ ਕਮਿਸ਼ਨ ਨਹੀਂ ਹੈ, ਕਮੇਟੀ ਹੈ। ਸਰਕਾਰ ਨੂੰ ਕਮਿਸ਼ਨ ਵਿਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ ਪਰ ਕਮੇਟੀ ਦੇ ਕੰਮ ਵਿਚ ਸਰਕਾਰ ਦਖਲਅੰਦਾਜ਼ੀ ਕਰ ਸਕਦੀ ਹੈ ਅਤੇ ਕਰਦੀ ਹੈ। ਪ੍ਰਬੰਧਕ ਕਮੇਟੀ ਹੋਣ ਕਾਰਨ ਇਸ ਦਾ ਮੁੱਖ ਕਰਤਵ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਫਲ ਬਣਾਉਣਾ ਹੈ। ਇਸੇ ਕਰਕੇ ਇਹ ਪੰਜਾਬ ਦੇ ਇਤਿਹਾਸ, ਗੁਰਦੁਆਰਿਆਂ ਦੇ ਪ੍ਰਬੰਧ, ਅਖੰਡ ਪਾਠਾਂ ਦੀਆਂ ਲੜੀਆਂ, ਜਲਸੇ ਜਲੂਸਾਂ ਆਦਿ ਨੂੰ ਮਹਤੱਵਪੂਰਨ ਧਾਰਮਕ ਕ੍ਰਿਆ ਸਮਝਦੀ ਹੈ।
ਸਿੱਖ ਧਰਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਸ ਨੂੰ ‘ਖਸਮ ਕੀ ਬਾਣੀ’ ਅਤੇ ਜਿਸ ਦੀ ਵਿਚਾਰਧਾਰਾ ਨੂੰ ਗੁਰਮਤਿ ਆਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਦੂਜੇ ਪੰਜ ਗੁਰੂ ਸਾਹਬਾਨ ਨੇ ਵਿਆਖਿਆ ਕੀਤੀ ਹੈ ਅਤੇ ਆਪਣੀ ਬਾਣੀ ਨੂੰ ਨਾਨਕ ਬਾਣੀ ਆਖਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦਾ ਸੰਕਲਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਦੀਵੀ ਗੁਰੂ ਆਖਿਆ ਸੀ, ਹੋਰ ਕਿਸੇ ਰਚਨਾ ਨੂੰ ਨਹੀਂ। ਗੁਰੂ ਜੀ ਨੇ ਆਪਣੀ ਕਿਸੇ ਵੀ ਰਚਨਾ ਦਾ ਜ਼ਿਕਰ ਨਹੀਂ ਸੀ ਕੀਤਾ ਅਤੇ ਨਾ ਹੀ ਐਸਾ ਕੋਈ ਆਦੇਸ਼ ਦਿੱਤਾ ਸੀ ਕਿ ਉਨ੍ਹਾਂ ਦੀ ਸਮਝੀ ਜਾਂਦੀ ਕਿਸੇ ਰਚਨਾ ਨੂੰ ਨਾਨਕ ਬਾਣੀ, ਗੁਰਬਾਣੀ ਜਾਂ ਗੁਰੂ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਆਪਣੇ ਸਿੱਖ ਸੇਵਕਾਂ ਨੂੰ ਆਪਣੀ ਮਰਜ਼ੀ ਨਾਲ ਗੁਰੂ ਬਣਨ ਜਾਂ ਬਣਾਉਣ ਦੀ ਆਗਿਆ ਵੀ ਨਹੀਂ ਸੀ ਦਿੱਤੀ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਦਾ ਸੋਮਾ ਹੈ। ਇਹ ਤਿੰਨ ਮੁੱਖ ਵਿਸ਼ਿਆਂ- ਪ੍ਰਭੂ, ਸੰਸਾਰਕ ਮਾਇਆ ਅਤੇ ਮਨੁੱਖੀ ਮਨ ‘ਤੇ ਵਿਸਤ੍ਰਿਤ ਗਿਆਨ ਪ੍ਰਦਾਨ ਕਰਦੀ ਹੈ। ਇਹ ਤਿੰਨੇ ਵਿਸ਼ੇ ਅਪਦਾਰਥ ਅਤੇ ਅਦਿੱਖ ਅਸਤਿਤਵ ਹੋਣ ਕਾਰਨ ਮਨੁੱਖੀ ਇੰਦਰੀਆਂ ਤੇ ਬੋਧਿਕ ਸ਼ਕਤੀ ਦੀ ਪਕੜ ਅਤੇ ਸਮਝ ਤੋਂ ਬਾਹਰ ਹਨ। ਇਨ੍ਹਾਂ ਵਿਸ਼ਿਆਂ ਨੂੰ ਵਿਚਾਰਦਿਆਂ ਹੀ ਗੁਰਬਾਣੀ ਮਾਨਵਤਾ ਨੂੰ ਨਿੱਜੀ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਦਾ ਉਪਦੇਸ਼ ਕਰਦੀ ਹੈ। ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਹੈ। ਇਸ ਚਾਨਣ ਵਿਚ ਕੁਰਾਹੇ ਪਏ ਸੰਸਾਰ ਨੂੰ ਸਹੀ ਦਿਸ਼ਾ ਦਿਖਾਉਣ ਦੀ ਯੋਗਤਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਅਕਤੀ ਨੂੰ ਸੰਬੋਧਤ ਹੈ ਕਿਸੇ ਸਮੂਹ, ਸਮਾਜ ਜਾਂ ਸੰਗਠਨ ਨੂੰ ਨਹੀਂ। ਗੁਰਬਾਣੀ ਵਿਚ ਧਰਮ ਨੂੰ ਸਮਾਜਕ ਸੰਗਠਨ ਨਹੀਂ, ਪ੍ਰਭੂ ਪ੍ਰਾਪਤੀ ਦਾ ਮਾਰਗ ਦੱਸਿਆ ਗਿਆ ਹੈ। ਧਰਮ ਦੇ ਉਪਾਸ਼ਕਾਂ ਦੇ ਇਕੱਠ ਨੂੰ ਸਤਸੰਗਤਿ ਆਖਿਆ ਗਿਆ ਹੈ, ਸੰਸਥਾ ਜਾਂ ਪੰਥ ਨਹੀਂ। ਗੁਰਬਾਣੀ ਅਨੁਸਾਰ ਪ੍ਰਭੂ ਨੇ ਸੰਸਾਰ ਦੀ ਸਿਰਜਣਾ ਇਕ ਖੇਡ ਵਜੋਂ ਕੀਤੀ ਹੈ ਅਤੇ ਇਸ ਖੇਡ ਵਿਚ ਉਸ ਨੇ ਮਾਇਆ ਦੇ ਪ੍ਰਭਾਵ ਨੂੰ ਪ੍ਰਬਲ ਬਣਾਇਆ ਹੈ:
ਸਦਾ ਸਦਾ ਤੂ ਏਕ ਹੈ
ਤੁਧੁ ਦੂਜਾ ਖੇਲੁ ਰਚਾਇਆ॥
ਹਉਮੈ ਗਰੁਬ ਉਪਾਇ ਕੈ
ਲੋਭੁ ਅੰਤਰਿ ਜੰਤਾ ਪਾਇਆ॥ (ਪੰਨਾ 139)
ਸੰਸਾਰ ਵਿਚ ਮਾਇਆ ਦਾ ਵਿਆਪਕ ਪ੍ਰਭਾਵ ਹੋਣ ਕਾਰਨ ਧਰਮ ਦੇ ਮਾਰਗ ‘ਤੇ ਚਲਣ ਲਈ ਗੁਰਬਾਣੀ ਮਨੁੱਖ ਨੂੰ ਤ੍ਰੈਗੁਣੀ ਸੰਸਾਰ ਦੀ ਮਾਇਆ ਦੇ ਪ੍ਰਭਾਵ ਅਤੇ ਆਪਣੀ ਹਉਮੈ ਤੋਂ ਮੁਕਤ ਹੋ ਕੇ ਚੌਥੇ ਪਦ ਵਿਚ ਪ੍ਰਵੇਸ਼ ਕਰਨ ਦਾ ਉਪਦੇਸ਼ ਕਰਦੀ ਹੈ। ਗੁਰੂ ਫੁਰਮਾਨ ਹਨ:
ਮਾਈ ਮਾਇਆ ਛਲੁ॥ (ਪੰਨਾ 717)
ਮਾਇਆ ਮਮਤਾ ਮੋਹਣੀ
ਜਿਨਿ ਵਿਣੁ ਦੰਤਾ ਜਗੁ ਖਾਇਆ॥ (ਪੰਨਾ 643)
ਇਹੁ ਸੰਸਾਰੁ ਤੇ ਤਬ ਹੀ ਛੂਟਉ
ਜਉ ਮਾਇਆ ਨਹ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ
ਤਿਹ ਤਜਿ ਦਰਸਨੁ ਪਾਵਉ॥ (ਪੰਨਾ 693)
ਚਉਥੇ ਪਦ ਕਉ ਜੋ ਨਰੁ ਚੀਨੈ
ਤਿਨ ਹੀ ਪਰਮ ਪਦੁ ਪਾਇਆ॥ (ਪੰਨਾ 1123)
ਗੁਰਬਾਣੀ ਦਾ ਨਿਰਣਾ ਹੈ ਕਿ ਜੋ ਮਨੁੱਖ ਧਰਮ ਦੇ ਮਾਰਗ ਦਾ ਪਾਂਧੀ ਬਣਨ ਦਾ ਅਭਿਲਾਸ਼ੀ ਹੈ, ਉਸ ਨੂੰ ਤ੍ਰੈਗੁਣੀ ਸੰਸਾਰ ਦੀ ਮਾਇਆ ਅਤੇ ਆਪਣੀ ਹਉਮੈ ਤਜ ਕੇ ਚੌਥੇ ਪਦ ਵਿਚੋਂ ਪ੍ਰਭੂ ਨੂੰ ਮਿਲਣ ਦਾ ਰਾਹ ਲੱਭਣਾ ਪੈਣਾ ਹੈ। ਵਿਰਲੇ ਸਿੱਖ ਹੀ ਇਸ ਮਾਰਗ ‘ਤੇ ਚਲਣ ਦਾ ਹੀਆ ਕਰ ਪਾਉਂਦੇ ਹਨ। ਧਾਰਮਕ ਆਖੀਆਂ ਜਾਂਦੀਆਂ ਸੰਸਥਾਵਾਂ ਸਮਾਜਕ ਗੁੱਟ ਹੋਣ ਕਾਰਨ ਮਾਇਆ ਦੇ ਪ੍ਰਭਾਵ ਅਧੀਨ ਵਿਚਰਦੀਆਂ ਹਨ ਅਤੇ ਉਨ੍ਹਾਂ ਵਿਚ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਤੇ ਅਨੁਭਵ ਕਰਨ ਦੀ ਯੋਗਤਾ ਨਹੀਂ ਹੁੰਦੀ। ਸੰਸਥਾਗਤ ਧਰਮ ਗੁਰਮਤਿ ਦੇ ਧਰਮ ਤੋਂ ਵਖਰਾ ਅਤੇ ਉਸ ਤੋਂ ਵਿਪ੍ਰੀਤ ਹੈ।
ਸੰਸਥਾਗਤ ਧਰਮ ਪੁਰਾਤਨ ਸਮਿਆਂ ਤੋਂ ਹੋਂਦ ਵਿਚ ਆਇਆ ਹੋਇਆ ਹੈ ਅਤੇ ਇਸ ਦਾ ਸਿਆਸਤ ਨਾਲ ਡੂੰਘਾ ਸਬੰਧ ਰਿਹਾ ਹੈ। ਮੰਨੂ ਰਿਸ਼ੀ ਨੇ ਵਰਣ ਵੰਡ ਵਿਚ ਬ੍ਰਾਹਮਣ ਅਤੇ ਕਸ਼ਤਰੀ ਦੇ ਕਿੱਤੇ ਦੇ ਅੰਤਰ ਨੂੰ ਸਪਸ਼ਟ ਕਰਕੇ ਧਰਮ ਤੇ ਸਿਆਸਤ ਨੂੰ ਵਖਰੇ ਪਰ ਇੱਕ ਦੂਜੇ ਦੇ ਸਹਿਯੋਗੀ ਬਣੇ ਰਹਿਣ ਦਾ ਸੁਝਾਅ ਦਿੱਤਾ ਸੀ। ਯੂਰਪ ਵਿਚ ਵੀ ਸੰਸਥਾਗਤ ਧਰਮ ਨੂੰ ਰਾਜ ਨਾਲੋਂ ਵਖਰਾ ਕਰਨ ਲਈ ਦੋ ਤਲਵਾਰਾਂ ਦਾ ਸਿਧਾਂਤ (ਠਹeੋਰੇ ਾ ਠੱੋ ੰੱੋਰਦਸ) ਘੜਿਆ ਗਿਆ ਸੀ ਜਿਸ ਨੂੰ ਗਿਲੇਸ਼ੀਅਨ (ਘeਲਅਸਅਿਨ) ਸਿਧਾਂਤ ਵੀ ਆਖਿਆ ਜਾਂਦਾ ਹੈ। 1302 ਈ. ਵਿਚ ਪੋਪ ਬੋਨੀਫੇਸ ੜੀ (ਫੋਪe ਭੋਨਿਅਚe ੜੀ) ਨੇ ਪਾਪਲ ਬੁਲ ਰਾਹੀਂ ਚਰਚ ਅਤੇ ਰਾਜ ਨੂੰ ਵਖਰੇ ਕਰਨ ਦਾ ਆਦੇਸ਼ ਜਾਰੀ ਕਰਕੇ ਚਰਚ ਨੂੰ ਰਾਜ ਨਾਲੋਂ ਸ੍ਰੇਸ਼ਠ ਐਲਾਨਿਆ ਸੀ। ਮਾਰਟਿਨ ਲੂਥਰ (ੰਅਰਟਨਿ . ੁਟਹeਰ) ਨੇ ਰੋਮਨ ਕੈਥੋਲਿਕਾਂ ਦੇ ਦੋ ਤਲਵਾਰਾਂ ਦੇ ਸਿਧਾਂਤ ਨੂੰ ਦੋ ਰਾਜਾਂ ਦੇ ਸਿਧਾਂਤ ਦਾ ਨਾਂ ਦਿੱਤਾ ਸੀ। ਇੰਗਲੈਂਡ ਦੇ ਬਾਦਸ਼ਾਹ, ਹੈਨਰੀ ਅਠਵੇਂ (੍ਹeਨਰੇ ੜੀ) ਨੂੰ ਪੋਪ ਨੇ ਹੋਰ ਵਿਆਹ ਕਰਨ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ‘ਤੇ ਹੈਨਰੀ ਨੇ ਇੰਗਲੈਂਡ ਦੇ ਚਰਚ ਦੀ ਵਾਗਡੋਰ ਆਪ ਸੰਭਾਲ ਕੇ ਪੋਪ ਦੀ ਪ੍ਰਮੁੱਖਤਾ ਖਤਮ ਕਰ ਦਿੱਤੀ ਸੀ ਅਤੇ ਧਰਮ ਨੂੰ ਰਾਜ ਦੇ ਅਧੀਨ ਕਰ ਲਿਆ ਸੀ।
ਧਰਮ ਅਤੇ ਸਿਆਸਤ ਦੇ ਅੰਤਰ ਨੂੰ ਅੰਗਰੇਜ਼ ਫਿਲਾਸਫਰ ਜੌਨ ਲੌਕ (ਝੋਹਨ . ੋਚਕe) (1632-1704) ਨੇ ਤਰਕਪੂਰਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਹੈ। ਉਸ ਅਨੁਸਾਰ ਧਰਮ ਮਨੁੱਖ ਦਾ ਨਿੱਜੀ ਵਿਸ਼ਵਾਸ ਹੁੰਦਾ ਹੈ, ਜਿਸ ਵਿਚ ਸਰਕਾਰ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਹਰ ਮਨੁੱਖ ਨੂੰ ਆਪਣੀ ਜ਼ਮੀਰ ਦੀ ਆਜ਼ਾਦੀ (. ਬਿeਰਟੇ ਾ ਚੋਨਸਚਇਨਚe) ਦਾ ਜਮਾਂਦਰੂ ਹੱਕ ਹੈ। ਅਮਰੀਕਨ ਸੰਵਿਧਾਨ ਦੀ 15 ਦਸੰਬਰ 1791 ਨੂੰ ਪ੍ਰਵਾਨ ਹੋਈ ਪਹਿਲੀ ਸੋਧ ਵਿਚ ਵੀ ਰਾਜ ਨੂੰ ਧਰਮ ਨਾਲੋਂ ਵਖਰਾ ਕਰਕੇ ਨਾਗਰਿਕ ਨੂੰ ਧਾਰਮਕ ਆਜ਼ਾਦੀ ਦਾ ਹੱਕ ਦਿੱਤਾ ਗਿਆ ਹੈ ਅਤੇ ਰਾਜ ਨੂੰ ਆਪਣਾ ਧਰਮ ਸਥਾਪਤ ਕਰਨ ਤੇ ਧਰਮਾਂ ਵਿਚ ਦਖਲ ਦੇਣ ਤੋਂ ਵਰਜਿਆ ਗਿਆ ਹੈ। ਧਰਮ ਤੰਤਰੀ ਅਤੇ ਡਿਕਟੇਟਰੀ ਰਾਜਾਂ ਨੂੰ ਛੱਡ ਕੇ ਹੁਣ ਸਾਰੇ ਦੇਸ਼ਾਂ ਵਿਚ ਹਰ ਵਿਅਕਤੀ ਨੂੰ ਧਾਰਮਕ ਆਜ਼ਾਦੀ ਦਾ ਮੂਲ ਅਧਿਕਾਰ ਪ੍ਰਾਪਤ ਹੈ। ਭਾਰਤੀ ਸੰਵਿਧਾਨ ਵਿਚ ਵੀ ਹਰ ਨਾਗਰਿਕ ਨੂੰ ਧਾਰਮਕ ਆਜ਼ਾਦੀ ਦਾ ਮੂਲ ਅਧਿਕਾਰ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਧਰਮ ‘ਤੇ ਆਧਾਰਤ ਸਿਆਸੀ ਪਾਰਟੀ ਬਣਾਉਣ ਦੀ ਆਗਿਆ ਨਹੀਂ ਦਿੰਦਾ। ਇਸੇ ਲਈ ਅਕਾਲੀ ਦਲ ਨੂੰ ਆਪਣਾ ਨਾਂ ਅਤੇ ਸੰਵਿਧਾਨ ਬਦਲ ਕੇ ਪੰਜਾਬੀ ਪਾਰਟੀ ਬਣਾਉਣਾ ਪਿਆ ਸੀ। ਅਸਲ ਵਿਚ ਸਿਆਸਤ ਸਮਾਜਕ ਸੁਰਖਿਆ ਅਤੇ ਸਫਲਤਾ ਦੀ ਯੰਤਰ ਵਿਧੀ ਹੈ ਅਤੇ ਧਰਮ ਸੰਸਾਰਕ ਬੰਧਨਾਂ ਅਤੇ ਆਵਾਗਉਣ ਤੋਂ ਨਿਜਾਤ ਪਾਉਣ ਦੀ ਅਧਿਆਤਮਕ ਕ੍ਰਿਆ। ਇਨ੍ਹਾਂ ਦੋਹਾਂ ਵਿਚ ਨਾ ਕੋਈ ਸਾਂਝ ਹੈ ਅਤੇ ਨਾ ਹੀ ਇਹ ਇੱਕ ਦੂਜੇ ਨਾਲ ਮਿਲਣਯੋਗ ਹਨ।
ਇਹ ਸੱਚਾਈ ਹੁਣ ਹਰ ਸੂਝਵਾਨ ਮਨੁੱਖ ਪ੍ਰਵਾਨ ਕਰਦਾ ਹੈ ਕਿ ਸਿਆਸਤ ਨੂੰ ਧਰਮ ਵਿਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਬਹੁਤੇ ਦੇਸ਼ਾਂ ਦੇ ਸੰਵਿਧਾਨਾਂ ਵਿਚ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਪਰ ਸਮਾਜਕ ਧਰਮ ਅਤੇ ਧਾਰਮਕ ਸੰਸਥਾਵਾਂ ਦੀ ਸਿਆਸਤ ਨਾਲ ਭਾਈਵਾਲੀ ਪਹਿਲਾਂ ਵਾਂਗ ਹੀ ਕਾਇਮ ਹੈ ਕਿਉਂਕਿ ਸਰਕਾਰ ਨੂੰ ਸਮਾਜਕ ਧਰਮ ਦੀ ਲੋੜ ਹੁੰਦੀ ਹੈ ਅਤੇ ਧਰਮ ਸਰਕਾਰ ਦੀ ਮਦਦਾ ਨਾਲ ਹੀ ਤਰੱਕੀ ਕਰ ਸਕਦਾ ਹੈ। ਸਿਆਸਤ ਅਸਲ ਵਿਚ ਸਮਾਜ ਵਿਚ ਰਲ ਮਿਲ ਕੇ ਰਹਿਣ ਅਤੇ ਉਸ ਲਈ ਕੀਤੇ ਜਾਣ ਵਾਲੇ ਸਮਾਜਕ ਪ੍ਰਬੰਧ ਦੇ ਕਿੱਤੇ ਦਾ ਨਾਂ ਹੈ। ਸਿਆਸਤ ਦਾ ਮਨੋਰਥ ਸਮਾਜ ਦੀ ਰੱਖਿਆ ਅਤੇ ਬਿਹਤਰੀ ਲਈ ਨੀਤੀਆਂ ਨਿਰਧਾਰਤ ਅਤੇ ਉਨ੍ਹਾਂ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਦਾ ਪ੍ਰਬੰਧ ਕਰਨਾ ਹੁੰਦਾ ਹੈ। ਧਾਰਮਕ ਸੰਸਥਾਵਾਂ ਸਰਕਾਰੀ ਪ੍ਰਬੰਧ ਦੀ ਸਫਲਤਾ ਵਿਚ ਸਹਾਇਕ ਹੁੰਦੀਆਂ ਹਨ। ਇਸ ਲਈ ਸਰਕਾਰਾਂ ਲੋਕਾਂ ਨੂੰ ਧਾਰਮਕ ਸੰਸਥਾਵਾਂ ਸਥਾਪਤ ਕਰਨ ਤੋਂ ਨਹੀਂ ਰੋਕਦੀਆਂ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਦੇਣ ਤੇ ਅਧੀਨ ਰਖਣ ਲਈ ਕਾਨੂੰਨ ਬਣਾਉਂਦੀਆਂ ਹਨ। ਧਾਰਮਕ ਸੰਸਥਾਵਾਂ ਅਕਸਰ ਆਪਣੇ ਸ਼ਰਧਾਲੂਆਂ ਨੂੰ ਸਰਕਾਰ ਦੇ ਸਮਰਥਕ ਅਤੇ ਪ੍ਰਸ਼ੰਸਕ ਬਣਨ ਲਈ ਪ੍ਰੇਰਤ ਕਰਦੀਆਂ ਹਨ। ਅਸਲ ਵਿਚ ਸੰਸਥਾਗਤ ਧਰਮ ਮੂਲ ਰੂਪ ਵਿਚ ਰਾਜਸੀ ਮਨੋਰਥ ਲਈ ਸਥਾਪਤ ਕੀਤਾ ਕਿੱਤਾ ਹੈ। ਇਹ ਸਰਕਾਰਾਂ ਨੂੰ ਲੋਕਾਂ ਦਾ ਸਹਿਯੋਗ ਦਿਵਾਉਣ ਦਾ ਕੰਮ ਕਰਦਾ ਹੈ ਕਿਉਂਕਿ ਲੋਕ ਅਕਸਰ ਸਰਕਾਰ ਦੇ ਕਾਨੂੰਨਾਂ ਦੀਆਂ ਬੰਦਿਸ਼ਾਂ ਤੋਂ ਤੰਗ ਆਏ ਹੁੰਦੇ ਹਨ ਪਰ ਸਰਕਾਰ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਦੀ ਲੋੜ ਹੁੰਦੀ ਹੈ। ਲੋਕਾਂ ਵਿਚ ਪੁਜਾਰੀਆਂ ਅਤੇ ਡੇਰੇਦਾਰਾਂ ਦੇ ਆਦੇਸ਼ਾਂ ਨੂੰ ਸ਼ਰਧਾ ਵਸ ਪ੍ਰਵਾਨ ਕਰਨ ਦੀ ਰੀਤ ਤੋਂ ਲਾਭ ਉਠਾ ਕੇ ਸਰਕਾਰਾਂ ਧਾਰਮਕ ਸੰਸਥਾਵਾਂ ਦੇ ਸਹਿਯੋਗ ਨਾਲ ਬਹੁਤੇ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੀਆਂ ਹਨ ਅਤੇ ਸੰਸਥਾਵਾਂ ਦੇ ਆਗੂਆਂ ਨੂੰ ਰਿਆਇਤਾਂ ਦੇ ਕੇ ਹੋਰ ਪ੍ਰਬਲ ਬਣਾ ਦਿੰਦੀਆਂ ਹਨ। ਐਸੀ ਵਿਵਸਥਾ ਵਿਚ ਵਿਵਾਦ ਪੈਦਾ ਹੋ ਜਾਣੇ ਸੁਭਾਵਕ ਹਨ।
ਸਿੱਖ ਧਰਮ ਦੀਆਂ ਸੰਸਥਾਵਾਂ ਵੀ ਇਹੋ ਕੁਝ ਕਰਦੀਆਂ ਰਹੀਆਂ ਹਨ। ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਉਪਰੰਤ ਜਦੋਂ ਮੁਗਲ ਹਕੂਮਤ ਗੁਰਮਤਿ ਦੇ ਧਾਰਨੀਆਂ ਨੂੰ ਚੁਣ ਚੁਣ ਕੇ ਮਾਰ ਰਹੀ ਸੀ, ਮੀਣੇ, ਉਦਾਸੀ ਅਤੇ ਨਿਰਮਲੇ ਸਾਧੂ ਗੁਰ ਅਸਥਾਨਾਂ ‘ਤੇ ਕਬਜ਼ੇ ਕਰਨ ਲਈ ਮੁਗਲ ਹਕੂਮਤ ਦੇ ਸਮਰਥਕ ਬਣੇ ਹੋਏ ਸਨ। ਉਨ੍ਹਾਂ ਗੁਰਮਤਿ ਸੰਚਾਰ ਨੂੰ ਖਤਮ ਕਰਕੇ ਸਨਾਤਨੀ ਪਰੰਪਰਾ ਅਤੇ ਚੋਣਵੇਂ ਗੁਰਬਾਣੀ ਸ਼ਬਦਾਂ ਦੇ ਮਿਲਗੋਭੇ ਦਾ ਆਪਣਾ ਵਖਰਾ ਸੰਸਥਾਗਤ ਸਿੱਖ ਧਰਮ ਸਥਪਤ ਕਰ ਲਿਆ ਸੀ ਜਿਸ ‘ਤੇ ਮੁਗਲ ਹਕੂਮਤ ਨੂੰ ਕੋਈ ਇਤਰਾਜ਼ ਨਹੀਂ ਸੀ। ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਉਦਾਸੀ ਤੇ ਨਿਰਮਲਿਆਂ ਦਾ ਉਹੋ ਗੁਰਮਤਿ ਵਿਰੋਧੀ ਸਿੱਖ ਧਰਮ ਪ੍ਰਚਲਿਤ ਸੀ ਅਤੇ ਉਹ ਆਪ ਰਾਜ ਦੇ ਸਮਰਥਕ ਤੇ ਪ੍ਰਸ਼ੰਸਕ ਬਣੇ ਹੋਏ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਦੇ ਵੀ ਪੁਰਾਣੇ ਤੇ ਡੂੰਘੇ ਸਬੰਧ ਹਨ। ਸ਼੍ਰੋਮਣੀ ਕਮੇਟੀ ਸਰਕਾਰ ਵਲੋਂ ਬਣਾਏ ਗਏ 1925 ਦੇ ਸਿੱਖ ਗੁਰਦੁਆਰਾ ਐਕਟ ਦੀ ਉਪਜ ਹੈ। ਸਿੱਖ ਧਰਮ ਦੇ ਇਤਿਹਾਸਕ ਅਤੇ ਵਡੇ ਧਾਰਮਕ ਅਸਥਾਨ ਸਰਕਾਰ ਦੀ ਮਲਕੀਅਤ ਹਨ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਪ੍ਰਬੰਧਕ ਹੈ। ਸਿੱਖ ਆਗੂਆਂ ਨੇ ਆਪ ਸਰਕਾਰ ਨੂੰ ਬੇਨਤੀ ਕਰਕੇ ਗੁਰਦੁਆਰਾ ਕਾਨੂੰਨ ਬਣਵਾਇਆ ਸੀ। ਉਹ ਸਰਕਾਰ ਦੀ ਅਧੀਨਗੀ ਤੋਂ ਸੰਤੁਸ਼ਟ ਹਨ ਅਤੇ ਚਾਹੁੰਦੇ ਹਨ ਕਿ ਭਾਰਤ ਦੇ ਸਾਰੇ ਗੁਰਦੁਆਰੇ ਹੀ ਸਰਕਾਰ ਦੇ ਅਧੀਨ ਹੋ ਜਾਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਸਬੰਧਾਂ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ। ਜਿਨ੍ਹਾਂ ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਦਾ ਕਾਨੂੰਨ ਬਣਵਾਇਆ ਸੀ, ਉਨ੍ਹਾਂ ਨੇ ਹੀ ਅਕਾਲੀ ਦਲ ਨੂੰ ਸਿੱਖ ਰਾਜਸੀ ਪਾਰਟੀ ਵਜੋਂ ਸਥਾਪਤ ਕੀਤਾ ਸੀ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਆਪਸ ਵਿਚ ਅਦਲਾ-ਬਦਲੀ ਹੁੰਦੀ ਰਹੀ ਹੈ। ਇਹ ਦੋਵੇਂ ਸੰਸਥਾਵਾਂ ਘਿਓ-ਖਿਚੜੀ ਸਨ। ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਸ੍ਰੇਸ਼ਠ ਮੰਨਣ ਦਾ ਵਿਹਾਰ ਹੈ ਪਰ ਭਰਮ ਇਹ ਪਾਲਿਆ ਜਾਂਦਾ ਹੈ ਕਿ ਸਿੱਖ ਧਰਮ ਸਿਆਸਤ ਤੋਂ ਉਪਰ ਹੈ। ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਅਹੁਦੇ ਨੂੰ ਛੋਟਾ ਸਮਝ ਕੇ ਉਸ ਨੂੰ ਆਪਣੇ ਸਿਆਸੀ ਮੰਤਵ ਲਈ ਵਰਤਦਾ ਰਿਹਾ ਸੀ।
ਸੰਸਥਾਗਤ ਸਿੱਖ ਧਰਮ ਸਨਾਤਨੀ ਪਰੰਪਰਾ ਅਤੇ ਮਿਥਿਹਾਸਕ ਸਿੱਖ ਇਤਿਹਾਸ ‘ਤੇ ਆਧਾਰਤ ਹੈ। ਇਹ ਗੁਰਮਤਿ ਨਾਲੋਂ ਟੁਟਿਆ ਹੋਇਆ ਹੈ ਪਰ ਸਿੱਖਾਂ ਦੀ ਬੁਹਗਿਣਤੀ ਇਸ ਨੂੰ ਅਤੇ ਸਿੱਖ ਰਹਿਤ ਮਰਯਾਦਾ ਨੂੰ ਹੀ ਅਸਲੀ ਸਿੱਖ ਧਰਮ ਮੰਨਦੀ ਹੈ। ਇਸ ਦੇ ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਵੀ ਮੰਨਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਉਪਰੰਤ ਸਿੱਖ ਧਰਮ ਵਿਚ ਬਹੁਤ ਸਾਰੀਆਂ ਸੰਪਰਦਾਵਾਂ ਅਤੇ ਡੇਰੇ ਹੋਂਦ ਵਿਚ ਆਏ ਹਨ। ਇਹ ਸੰਪਰਦਾਵਾਂ ਅਤੇ ਡੇਰੇ ਸਿੱਖ ਸ਼ਰਧਾਲੂਆਂ ਦੀਆਂ ਅਧਿਆਤਮਕ ਤੇ ਭਾਵਆਤਮਕ ਲੋੜਾਂ ਪੂਰੀਆਂ ਕਰਦੇ ਹਨ ਅਤੇ ਵੋਟ ਬੈਂਕ ਸਥਾਪਤ ਕਰਕੇ ਸਰਕਾਰਾਂ ਚੁਣਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਲੋਕ ਆਪਣੀ ਲੋੜ ਤੇ ਵਿਸ਼ਵਾਸ ਅਨੁਸਾਰ ਇਨ੍ਹਾਂ ਸੰਪਰਦਾਵਾਂ ਅਤੇ ਡੇਰਿਆਂ ਦੇ ਸਮਰਥਕ ਬਣੇ ਹੋਏ ਹਨ।
ਡਾ. ਬਲਕਾਰ ਸਿੰਘ ਦਾ ਇਹ ਵਿਚਾਰ ਕਿ ਆਲਮੀ ਭਾਈਚਾਰਾ ਹੋ ਗਏ ਸਿੱਖਾਂ ਨੂੰ ਸਿਆਸੀ ਸੁਰ ਵਿਚ ਨਹੀਂ, ਧਾਰਮਕ ਸੁਰ ਵਿਚ ਹੀ ਬਚਾਇਆ ਅਤੇ ਫੈਲਾਇਆ ਜਾ ਸਕਦਾ ਹੈ, ਪੰਜਾਬ ਵਿਚ ਵਸਦੇ ਸਿੱਖਾਂ ਲਈ ਤੇ ਕਿਸੇ ਹੱਦ ਤਕ ਪ੍ਰਸੰਗਕ ਆਖਿਆ ਜਾ ਸਕਦਾ ਹੈ ਪਰ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਲਈ ਅਣਉਚਿਤ ਹੈ ਕਿਉਂਕਿ ਭਾਰਤੀ ਕਾਨੂੰਨ ਅਧੀਨ ਭਾਰਤੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀ ਕਮੇਟੀ ਨਾ ਤੇ ਉਨ੍ਹਾਂ ਨੂੰ ਧਾਰਮਕ ਸੁਰ ਵਿਚ ਬਚਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਧਰਮ ਨੂੰ ਫੈਲਾ ਸਕਦੀ ਹੈ। ਸੰਸਾਰ ਵਿਚ ਵਸਦੇ ਸਿੱਖਾਂ ਦਾ ਭਵਿਖ ਆਪਣੇ ਅਪਨਾਏ ਵਤਨ ਨਾਲ ਜੁੜਿਆ ਹੋਇਆ ਹੈ ਅਤੇ ਉਹ ਆਪਣੇ ਅਨੁਭਵ ਅਨੁਸਾਰ ਆਪਣੇ ਨਵੇਂ ਵਤਨ ਦੇ ਸਭਿਆਚਾਰ ਵਿਚ ਬਣਦਾ ਯੋਗਦਾਨ ਪਾ ਰਹੇ ਹਨ। ਉਹ ਪੰਜਾਬ ਦੀ ਤਰੱਕੀ ਦੇ ਅਭਿਲਾਸ਼ੀ, ਪੰਜਾਬੀ ਦੀ ਬਿਹਤਰੀ ਲਈ ਯਤਨਸ਼ੀਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਦੁਆਰਿਆਂ ਦੇ ਸਹੀ ਪ੍ਰਬੰਧ ਦੀ ਆਸ ਕਰਦੇ ਹਨ।