ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ

ਹਰੇ ਇਨਕਲਾਬ ਨੇ ਭਾਰਤ ਨੂੰ ਅਨਾਜ ਦੀ ਤੋਟ ਤੋਂ ਸੁਰਖਰੂ ਕੀਤਾ ਪਰ ਮੁਲਕ ਨੂੰ ਸਵੈ-ਨਿਰਭਰ ਕਰਨ ਵਾਲਾ ਕਿਸਾਨ ਇਸੇ ਹਰੇ ਇਨਕਲਾਬ ਦੇ ਮਾਰੂ ਸਿੱਟਿਆਂ ਕਾਰਨ ਪੈਰੋਂ ਹਿੱਲ ਗਿਆ ਤਾਂ ਇਸ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਹੈ। ਕਰਜ਼ੇ ਦੀ ਮਾਰ ਹੇਠ ਆਇਆ ਇਹ ਕਿਸਾਨ ਹੁਣ ਆਪਣੀ ਜੀਵਨ ਲੀਲ੍ਹਾ ਆਪ ਖਤਮ ਕਰਨ ਦੇ ਰਾਹ ਪੈ ਚੁਕਾ ਹੈ। ਫਿਰ ਵੀ ਉਸ ਦੀ ਮਦਦ ਲਈ ਕੋਈ ਨਹੀਂ ਬਹੁੜ ਰਿਹਾ।

ਇਨ੍ਹਾਂ ਭਿਆਨਕ ਹਾਲਾਤ ਦੇ ਪਿਛੋਕੜ ਵਿਚ ਲਿਖਿਆ ਲੰਮਾ ਲੇਖ ਡਾ. ਗੋਬਿੰਦਰ ਸਿੰਘ ਸਮਰਾਓ ਨੇ ‘ਪੰਜਾਬ ਟਾਈਮਜ਼’ ਲਈ ਉਚੇਚਾ ਭੇਜਿਆ ਹੈ, ਜਿਸ ਦੀ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310

ਸਭ ਨੂੰ ਪਤਾ ਹੈ, ਕਿਸਾਨ ਜਮੀਨ ਗਹਿਣੇ ਕਰ ਕੇ ਬੈਂਕਾਂ ਤੇ ਆੜ੍ਹਤੀਆਂ ਤੋਂ ਫਸਲ ਲਈ ਕਰਜ਼ਾ ਲੈਂਦੇ ਹਨ; ਆਮਦਨ ਪੂਰੀ ਨਾ ਹੋਣ ਕਰ ਕੇ ਮੋੜ ਨਹੀਂ ਸਕਦੇ। ਭਾਰੀ ਵਿਆਜ ਦਰਾਂ ਕਾਰਨ ਕਰਜ਼ਾ ਅਣਮਿਥੇ ਢੰਗ ਨਾਲ ਵਧਦਾ ਜਾਂਦਾ ਹੈ। ਅਜਿਹੀ ਸੂਰਤ ਵਿਚ ਕਰਜ਼ਾ ਦੇਣ ਵਾਲੇ ਉਨ੍ਹਾਂ ਦੀਆਂ ਜਮੀਨਾਂ ਕੁਰਕ ਕਰਵਾਉਂਦੇ ਹਨ। ਦੇਣਦਾਰੀ ਦੇ ਬੋਝ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਹ ਸਰਕਾਰ ਕੋਲ ਕਰਜ਼ਾ ਮੁਆਫੀ ਦੀ ਗੁਹਾਰ ਲਾਉਂਦੇ ਹਨ। ਉਧਰ ਖਜ਼ਾਨੇ ਦੀ ਵਧਦੀ ਕੰਗਾਲੀ ਤੇ ਕੇਂਦਰ ਦੇ ਨੀਰਸ ਰਵੱਈਏ ਕਾਰਨ ਰਾਜ ਸਰਕਾਰ ਕਰਜ਼ਾ ਮੁਆਫ ਕਰਨ ਤੋਂ ਅਸਮਰੱਥਾ ਜਾਹਰ ਕਰਦੀ ਹੈ। ਕਿਸਾਨ ਕਰਜ਼ਾ ਮੁਆਫੀ ਲਈ ਜਦੋ-ਜਹਿਦ ਵਿੱਢਦੇ ਹਨ ਤੇ ਰਾਜਸੀ ਦਲ ਇਸ ‘ਤੇ ਸਿਆਸਤ ਕਰਦੇ ਹਨ। ਕਿਸਾਨੀ ਦਾ ਦੁਖਾਂਤ ਕਿਸਾਨੀ ਗਲ ਹੀ ਪਾ ਦਿੱਤਾ ਜਾਂਦਾ ਹੈ, ਜੋ ਅਖੀਰ ਫਾਹਾ ਬਣ ਜਾਂਦਾ ਹੈ।
ਆਮ ਸਮਝਿਆ ਜਾਂਦਾ ਹੈ ਕਿ ਕਰਜ਼ਾ ਨਾ ਉਤਰਨ ‘ਤੇ ਕਿਸਾਨ ਆਤਮ ਹੱਤਿਆ ਕਰ ਲੈਂਦੇ ਹਨ ਪਰ ਗੱਲ ਇੰਨੀ ਹੀ ਨਹੀਂ ਹੈ। ਕਰਜ਼ੇ ਤਾਂ ਬੜੇ-ਬੜੇ ਕਾਰੋਬਾਰੀਆਂ, ਬੈਂਕਾਂ, ਸਰਕਾਰਾਂ ਤੇ ਮੁਲਕਾਂ ਦੇ ਸਿਰ ਵੀ ਹੁੰਦੇ ਹਨ। ਪੰਜਾਬ ਸਰਕਾਰ ਆਪ ਲੱਖਾਂ ਕਰੋੜ ਰੁਪਏ ਦੀ ਕਰਜ਼ਈ ਹੈ। ਫਿਰ ਕਿਸਾਨ ਹੀ ਕਿਉਂ ਮਰਦਾ ਹੈ? ਕੀ ਉਸ ਦੀ ਕੋਈ ਵਿਸ਼ੇਸ਼ ਪੀੜਾ ਹੈ? ਹਾਂ ਹੈ, ਪਰ ਉਸ ਨੇ ਇਹ ਕਦੇ ਦੱਸੀ ਨਹੀਂ ਤੇ ਕਿਸੇ ਨੇ ਉਸ ਤੋਂ ਪੁੱਛੀ ਨਹੀਂ। ਇਹ ਮੁੱਦਾ ਕਦੇ ਗੰਭੀਰ ਸੋਚ ਦਾ ਕਰਨ ਬਣਿਆ ਹੀ ਨਹੀਂ ਕਿ ਕਿਸਾਨ ਦਾ ਮਰਨਾ ਕਿਸਾਨੀ ਸੰਕਟ ਦੇ ਕਈ ਹੋਰ ਪਹਿਲੂਆਂ ਕਰ ਕੇ ਵੀ ਹੋ ਸਕਦਾ ਹੈ ਜੋ ਭਾਰਤੀ ਅਰਥਚਾਰੇ ਦੇ ਉਲਾਰ ਵਿਕਾਸ ਕਰ ਕੇ ਹੋਂਦ ਵਿਚ ਆਏ ਹਨ ਤੇ ਅਰਥ ਸ਼ਾਸਤਰੀਆਂ ਦੀ ਸੋਚ ਦੀ ਕੰਗਾਲੀ ਕਾਰਨ ਦਬੇ ਪਏ ਹਨ।
ਸੰਨ 1965 ਨੂੰ ਹਰੇ ਇਨਕਲਾਬ ਦਾ ਆਧਾਰ ਸਾਲ ਮੰਨਿਆ ਜਾਂਦਾ ਹੈ। ਇਸੇ ਸਾਲ ਦੇਸ਼ ਭਰ ਵਿਚ ਅਨਾਜ ਦੇ ਭੰਡਾਰ ਖਾਲੀ ਹੋਣ ਕਾਰਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਇਕ ਡੰਗ ਦੀ ਰੋਟੀ ਛੱਡਣ ਦਾ ਨਾਅਰਾ ਦਿੱਤਾ ਸੀ। ਇਸ ਉਪਰੰਤ ਪੰਜਾਬ ਦੇ ਕਿਸਾਨਾਂ ਨੇ ਟਿਊਬਵੈਲ ਲਵਾ ਕੇ, ਖੇਤੀ ਮਸ਼ੀਨਾਂ ਵਰਤ ਕੇ, ਰਵਾਇਤੀ ਫਸਲ ਚੱਕਰ ਦੀ ਥਾਂ ਕਣਕ-ਧਾਨ ਦੇ ਨਵੇਂ ਬੀਜ ਬੀਜ ਕੇ ਪਹਿਲਾਂ ਨਾਲੋਂ ਵਧ ਝਾੜ ਪ੍ਰਾਪਤ ਕੀਤੇ; ਹੱਡ ਭੰਨ ਮਿਹਨਤ ਕਰ ਕੇ, ਜਮੀਨਾਂ ਉਤੇ ਆਡ-ਰਹਿਣ ਕਰਜ਼ੇ ਚੁੱਕ ਕੇ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਰਾਹੀਂ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨਸ਼ਟ ਕਰ ਕੇ ਤੇ ਭੋਇੰ ਹੇਠਲਾ ਪਾਣੀ ਰੁੜ੍ਹਾ ਕੇ ਦੇਸ਼ ਨੂੰ ਖਾਦ-ਪਦਾਰਥਾਂ ਪਖੋਂ ਆਤਮ-ਨਿਰਭਰ ਬਣਾਇਆ। ਇਸ ਖਾਤਰ ਉਨ੍ਹਾਂ ਨੇ ਜਿਣਸਾਂ ਨੂੰ ਮੰਡੀ ਭਾਅ ਵੇਚਣ ਦੀ ਥਾਂ ਮੰਦੇ ਸਰਕਾਰੀ ਭਾਅ ਸਵੀਕਾਰ ਕੀਤੇ ਜਿਸ ਨਾਲ ਕਰੋੜਾਂ ਗਰੀਬਾਂ ਮਜ਼ਦੂਰਾਂ ਦੇ ਪੇਟ ਵਿਚ ਰੋਟੀ ਪੈਣੀ ਸੰਭਵ ਹੋਈ। ਹੁਣ ਜਦੋਂ ਅਨਾਜ ਦੀ ਬਹੁਤਾਤ ਹੋ ਗਈ ਹੈ, ਪਾਣੀ ਖਤਮ ਹੋ ਰਹੇ ਹਨ, ਜਮੀਨ ਬੰਜਰ ਹੋਣ ‘ਤੇ ਆ ਗਈ ਹੈ, ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਜੀਰੀ-ਕਣਕ ਦਾ ਫਸਲੀ ਚੱਕਰ ਲਾਭ ਰਹਿਤ ਬਣ ਰਿਹਾ ਹੈ, ਸਨਅਤ ਖਤਮ ਹੋਣ ‘ਤੇ ਹੈ, ਬੇਰੁਜ਼ਗਾਰੀ ਸਿਖਰ ‘ਤੇ ਹੈ, ਚਾਰੇ ਪਾਸੇ ਨਸ਼ੇ ਤੇ ਗੈਂਗ ਛਾਏ ਹੋਏ ਹਨ, ਆਬਾਦੀ ਵਧ ਰਹੀ ਹੈ, ਜਮੀਨ ਦੀ ਪ੍ਰਤੀ ਪਰਿਵਾਰ ਮਲਕੀਅਤ ਸੁੰਗੜ ਰਹੀ ਹੈ ਤੇ ਸਿਰ ਚੜ੍ਹਿਆ ਕਰਜ਼ਾ ਦੂਣ-ਸਵਾਇਆ ਹੋ ਰਿਹਾ ਹੈ ਤਾਂ ਕੋਈ ਬਦਲਵਾਂ ਹੱਲ ਸਾਹਮਣੇ ਨਹੀਂ ਆ ਰਿਹਾ। ਨਾ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੇ ਬਚਾਅ ਲਈ ਸਰਕਾਰ ਕੋਈ ਬਦਲਵੀਂ ਖੇਤੀ ਨੀਤੀ ਲੈ ਕੇ ਸਾਹਮਣੇ ਆਈ ਹੈ। ਸਰਦਾਰਾ ਸਿੰਘ ਜੌਹਲ ਤੇ ਸੁੱਚਾ ਸਿੰਘ ਗਿੱਲ ਵਰਗੇ ਨੇਕਨੀਤ ਅਰਥ ਸ਼ਾਸਤਰੀਆਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੈ। ਕਿਸਾਨਾਂ ਦੀ ਸਥਿਤੀ ਨਿਚੋੜ ਕੇ ਸੁੱਟੇ ਨਿੰਬੂ ਵਾਂਗ ਹੋਈ ਪਈ ਹੈ। ਕੇਂਦਰ ਨੇ ਉਨ੍ਹਾਂ ਨੂੰ ਅੰਨ ਦਾਤਾ ਸਵੀਕਾਰਨ ਤੋਂ ਵੀ ਮੂੰਹ ਫੇਰ ਲਿਆ ਹੈ। ਕਿਸਾਨੀ ਬੇਅੰਤ ਬੇਆਸ ਤੇ ਨਿਰਾਸ਼ ਹੈ। ਅਜਿਹੀ ਹਾਲਤ ਵਿਚ ਨਿਸ਼ਚੇ ਹੀ ਉਨ੍ਹਾਂ ਨੂੰ ਆਪਣਾ ਭਵਿਖ ਹਨੇਰਾ ਦਿਖਾਈ ਦਿੰਦਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਮਜ਼ਦੂਰਾਂ, ਖੇਤ ਕਾਮਿਆਂ ਤੇ ਹੋਰ ਮਿਹਨਤਕਸ਼ ਵਰਗਾਂ ਤੇ ਆਰਥਕ ਦਲਿਤਾਂ ਦੀ ਹਾਲਤ ਸੁਖਾਵੀਂ ਹੈ। ਪਿਸ ਉਹ ਵੀ ਉਸੇ ਚੱਕੀ ਵਿਚ ਰਹੇ ਹਨ ਪਰ ਇਥੇ ਗੱਲ ਕਿਸਾਨ ਵੇਦਨਾ ਦੀ ਹੈ ਜੋ ਉਨ੍ਹਾਂ ਨੂੰ ਮੌਤ ਦੇ ਘਾਟ ਤੀਕ ਲੈ ਕੇ ਜਾਂਦੀ ਹੈ। ਜਿਥੇ ਦੂਜੇ ਵਰਗ ਕੇਵਲ ਜੀਵਨ ਨਿਰਬਾਹ ਲਈ ਜੂਝ ਰਹੇ ਹਨ, ਉਥੇ ਕਿਸਾਨ ਤਿੰਨ ਮੋਰਚਿਆਂ ‘ਤੇ ਲੜ ਰਹੇ ਹਨ। ਜੀਵਨ ਨਿਰਬਾਹ, ਕਰਜ਼ਾ ਮੁਕਤੀ ਤੇ ਸਮਾਜਕ ਸਨਮਾਨ ਦੀ ਬਰਕਰਾਰੀ ਦੇ ਇਨ੍ਹਾਂ ਤਿੰਨੇ ਮੁਹਾਜ਼ਾਂ ਵਿਚੋਂ ਕਿਸੇ ਇਕ ‘ਤੇ ਵੀ ਹਾਰਨ ਕਾਰਨ ਉਹ ਮਾਨਸਿਕ ਤੌਰ ‘ਤੇ ਟੁੱਟ ਜਾਂਦੇ ਹਨ।
ਪਰ ਖੁਦਕੁਸ਼ੀਆਂ ਦਾ ਇਕ ਕਾਰਨ ਕਿਸਾਨ ਦਾ ਸੰਵੇਦਨਸ਼ੀਲ ਮਨ ਤੇ ਉਸ ਦੀ ਡੂੰਘੀ ਮਾਨਸਿਕ ਪੀੜਾ ਵੀ ਹੈ, ਜਿਸ ਨੂੰ ਸਮਝਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਉਹ ਮਿਹਨਤ ਕਰ-ਕਰ ਕੇ ਥੱਕ-ਹਾਰ ਜਾਂਦੇ ਹਨ ਤੇ ਮਾਨਸਿਕ ਤੌਰ ‘ਤੇ ਟੁੱਟ ਜਾਂਦੇ ਹਨ। ਸਿਰ ਚੜ੍ਹੇ ਕਰਜ਼ੇ ਤੇ ਇਸ ਤੋਂ ਮਿਲਦੀ ਜਿੱਲਤ ਤੇ ਜ਼ਲਾਲਤ ਉਹ ਬਰਦਾਸ਼ਤ ਨਹੀਂ ਕਰ ਸਕਦੇ। ਸਵੈ-ਮਾਣ ਨੂੰ ਲੱਗੀ ਸੱਟ ਉਨ੍ਹਾਂ ਦੀ ਬਲਦੀ ‘ਤੇ ਤੇਲ ਦਾ ਕੰਮ ਕਰਦੀ ਹੈ। ਉਹ ਜੀਵਨ ਲੀਲ੍ਹਾ ਖਤਮ ਕਰਨ ਨੂੰ ਹੀ ਨੇੜਲੀ ਰਾਹਤ ਸਮਝਦੇ ਹਨ। ਇਹ ਕੋਈ ਸਲਾਹੁਣ ਯੋਗ ਚੀਜ਼ ਨਹੀਂ ਹੈ ਪਰ ਭਾਰਤੀ ਵਿਕਾਸ ਦੇ ਅਜੋਕੇ ਦੌਰ ਦੀ ਹਕੀਕਤ ਹੈ। ਇਸ ਸਥਿਤੀ ਵਿਚ ਕਿਸਾਨੀ ਦਾ ਦਰਦ ਸਮਝਣਾ ਬੜਾ ਅਹਿਮ ਪਰ ਕਠਿਨ ਵਿਸ਼ਾ ਹੈ, ਪਰ ਇਸ ਬਾਰੇ ਪੜ੍ਹਨ, ਸੁਣਨ ਤੇ ਵਿਚਾਰਨ ਨੂੰ ਬਹੁਤਾ ਕੁਝ ਨਹੀਂ ਮਿਲਦਾ। ਇਸ ਵਿਸ਼ੇ ਬਾਰੇ ਕਿਸੇ ਨੇ ਕੋਈ ਬੱਝਵੀਂ ਖੋਜ ਨਹੀਂ ਕੀਤੀ ਤੇ ਖੋਜ ਹੋਣੀ ਵੀ ਮੁਸ਼ਕਿਲ ਹੈ। ਹੁਣ ਇਸ ਵਿਸ਼ੇ ਨਾਲ ਤਰ੍ਹਾਂ ਤਰ੍ਹਾਂ ਦੇ ਜਜ਼ਬਾਤ ਜੁੜ ਗਏ ਹਨ ਤੇ ਇਹ ਬਹੁ-ਪਰਤੀ ਸਿਆਸਤ ਦੀ ਮਾਰ ਹੇਠ ਆ ਗਿਆ ਹੈ। ਸਮੱਸਿਆ ਦੇ ਇਸ ਪੱਖ ਨੂੰ ਸਮਝਣ ਲਈ ਸੱਚੀ ਘਟਨਾ ਰਾਹੀਂ ਪੇਸ਼ ਕਰ ਰਿਹਾ ਹਾਂ, ਜਿਸ ਵਿਚ ਨਾਂਵਾਂ-ਥਾਂਵਾਂ ਦੇ ਕੁਝ ਕੁ ਵੇਰਵੇ ਬਦਲੇ ਹੋਏ ਹਨ:
ਇਹ ਉਹ ਦਿਨ ਸਨ ਜਦੋਂ ਨਾ ਟਰੈਕਟਰ ਸਨ, ਨਾ ਕਰਜ਼ੇ ਤੇ ਨਾ ਖੁਦਕੁਸ਼ੀਆਂ। ਹਰਾ ਇਨਕਲਾਬ ਨਹੀਂ ਸੀ ਆਇਆ ਪਰ ਚੁਫੇਰੇ ਹਰਿਆਵਲ ਸੀ। ਪਿੰਡਾਂ ਵਿਚ ਚਾਰ ਚੁਫੇਰੇ ਅੰਬ, ਬੇਰੀਆਂ, ਪਿੱਪਲ, ਟੋਭੇ ਤੇ ਗਊਆਂ, ਮੱਝਾਂ, ਬਲਦ, ਬੋਤਿਆਂ ਦੀ ਰੌਣਕ ਸੀ। ਉਦੋਂ ਕਿਸਾਨੀ ਵਿਚ ਜਮੀਨ ਗਹਿਣੇ ਕਰ ਕੇ ਕਰਜ਼ਾ ਲੈਣ ਨੂੰ ਓਨੀ ਹੀ ਵੱਡੀ ਲਾਹਨਤ ਮੰਨਿਆ ਜਾਂਦਾ ਸੀ, ਜਿੰਨਾ ਦੁੱਧ ਘਿਓ ਵੇਚਣ ਨੂੰ। ਕਿਸਾਨ ਨੂੰ ਆਪਣੀ ਸਵੈ-ਨਿਰਭਰਤਾ ‘ਤੇ ਓਨਾ ਹੀ ਮਾਣ ਸੀ, ਜਿੰਨਾ ਆਪਣੇ ਸਵੈ-ਮਾਣ ‘ਤੇ। ਇਸ ਮਾਹੌਲ ਵਿਚ ਮੇਰੇ ਪਿਤਾ ਜੀ ਪਟਿਆਲੇ ਕੋਲ ਪੈਂਦੇ ਸਾਡੇ ਜੱਦੀ ਪਿੰਡ ਵਿਚ 36 ਏਕੜ ਜਮੀਨ ਦੇ ਖੁਦ-ਕਾਸ਼ਤਕਾਰ ਸਨ। ਅਸੀਂ ਤਿੰਨ ਭਰਾ ਸਾਂ ਤੇ ਸਾਡਾ ਸਾਂਝਾ ਪਰਿਵਾਰ ਸੀ। ਮੈਂ ਨੌਕਰੀ ਕਾਰਨ ਵਧੇਰੇ ਕਰ ਕੇ ਬਾਹਰ ਰਹਿੰਦਾ ਸਾਂ, ਇਸ ਲਈ ਸਾਰੀ ਜਮੀਨ ਦੀ ਪੈਦਾਵਾਰ ਮੇਰੇ ਮਾਤਾ-ਪਿਤਾ ਤੇ ਭਰਾ ਹੀ ਵਰਤਦੇ। ਪਰਿਵਾਰ ਨੂੰ ਸਾਲ ਭਰ ਵਿਚ ਖਾਣ ਲਈ ਕੇਵਲ ਤਿੰਨ ਚਾਰ ਕਵਿੰਟਲ ਕਣਕ ਹੀ ਮਿਲਦੀ ਸੀ ਤੇ ਅਸੀਂ ਇਸੇ ਨੂੰ ਬਹੁਤ ਵੱਡਾ ਸਹਾਰਾ ਸਮਝਦੇ ਸਾਂ।
ਸਾਡੇ ਹਾਲਾਤ ਕਈ ਸਾਲ ਇਕੋ ਜਿਹੇ ਰਹਿਣ ਤੋਂ ਬਾਅਦ 80ਵਿਆਂ ਦੇ ਸ਼ੁਰੂ ਵਿਚ ਬਦਲਣ ਲੱਗੇ। ਪਿਤਾ ਜੀ ਬਿਮਾਰ ਰਹਿਣ ਲੱਗੇ ਤੇ ਖੇਤੀਬਾੜੀ ਵਿਚ ਇਕ ਮੋਹਰੀ ਭਰਾ ਉਤੇ ਦੂਜੇ ਨੂੰ ਭਰੋਸਾ ਨਾ ਰਿਹਾ। ਦੋਹਾਂ ਨੇ ਅੱਡ ਹੋਣ ਦਾ ਫੈਸਲਾ ਕਰ ਲਿਆ ਤੇ ਜਮੀਨ ਮਨ ਮਰਜ਼ੀ ਨਾਲ ਵੰਡ ਲਈ। ਜਿਸ ਜਮੀਨ ‘ਤੇ ਪਾਣੀ ਦਾ ਪੁਖਤਾ ਇੰਤਜ਼ਾਮ ਨਹੀਂ ਸੀ ਤੇ ਜੋ ਹੈ ਵੀ ਜ਼ਰਾ ਘਟ ਸੀ, ਉਹ ਮੇਰੇ ਵਾਹੁਣ ਲਈ ਛੱਡ ਦਿਤੀ ਗਈ। ਮੈਂ ਉਨ੍ਹੀਂ ਦਿਨੀਂ ਚੰਡੀਗੜ੍ਹ ਰਹਿ ਕੇ ਪੀਐਚ. ਡੀ. ਕਰ ਰਿਹਾ ਸਾਂ। ਇਸ ਹਾਲਤ ਵਿਚ ਜਮੀਨ ਦਾ ਜ਼ਿੰਮੇਵਾਰੀ ਗਲ ਪੈਣਾ ਮੈਨੂੰ ਮੁਫਤ ਦਾ ਝੰਜਟ ਲੱਗਾ। ਮੈਂ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਕੀ ਕਰਾਂ? ਉਨ੍ਹਾਂ ਬੜੀ ਬੇਰੁਖੀ ਨਾਲ ਕਿਹਾ, “ਜੋ ਮਰਜ਼ੀ ਕਰ। ਭਾਵੇਂ ਆਪ ਵਾਹ, ਭਾਵੇਂ ਕਿਸੇ ਨੂੰ ਠੇਕੇ-ਬਟਾਈ ‘ਤੇ ਦੇਹ ਤੇ ਭਾਵੇਂ ਖਾਲੀ ਰੱਖ।”
ਮੈਨੂੰ ਝਟਕਾ ਜਿਹਾ ਲੱਗਾ। ਜੋ ਬਾਪ ਮੇਰਾ ਬੜਾ ਚਾਅ ਲਾਡ ਕਰਦਾ ਹੁੰਦਾ ਸੀ ਤੇ ਹਰ ਮਹੀਨੇ ਪੀਹਣਾ ਕਰਵਾ ਕੇ ਮੈਨੂੰ ਕਣਕ ਦੇ ਕੇ ਆਉਂਦਾ ਸੀ, ਉਹੀ ਹੁਣ ਜਮੀਨ ਵੰਡਣ ‘ਤੇ ਇੰਨਾ ਮੂੰਹ ਫੇਰ ਗਿਆ ਕਿ ਮੈਨੂੰ ਮੰਗੀ ਸਲਾਹ ਵੀ ਨਹੀਂ ਦਿੰਦਾ! ਇਹ ਸੋਚ ਕੇ ਮੈਨੂੰ ਲੱਗਾ ਜਿਵੇਂ ਬਜ਼ੁਰਗ ਨੇ ਕੇਵਲ ਜਮੀਨ ਹੀ ਛੱਡੀ ਸੀ, ਲਾਲਸਾ ਨਹੀਂ ਸੀ ਛੱਡੀ। ਸ਼ਾਇਦ ਉਹ ਹਾਲੇ ਵੀ ਲਾਣੇਦਾਰ ਬਣਿਆ ਰਹਿਣਾ ਚਾਹੁੰਦਾ ਹੋਵੇ ਜਾਂ ਚਾਹੁੰਦਾ ਹੋਵੇ ਕਿ ਮੈਂ ਇਹ ਜਮੀਨ ਆਪਣੇ ਛੋਟੇ ਭਰਾ ਦੇ ਵਾਹੁਣ ਲਈ ਛੱਡ ਕੇ ਆਪ ਪਹਿਲਾਂ ਵਾਂਗ ਬਾਹਰ ਹੀ ਰਹਾਂ ਪਰ ਉਸ ਨੇ ਅਜਿਹਾ ਕੁਝ ਕਿਹਾ ਵੀ ਨਾ। ਕੋਈ ਗੱਲ ਪੱਲੇ ਨਾ ਪੈਣ ‘ਤੇ ਮੈਂ ਉਥੋਂ ਬਾਹਰ ਨਿਕਲ ਆਇਆ।
ਬਾਹਰ ਵੇਖਿਆ ਕਿ ਗੇਟ ਅੱਗੇ ਸੱਤ ਅੱਠ ਜਣਿਆਂ ਦੀ ਭੀੜ ਜੁੜੀ ਹੋਈ ਸੀ। ਮੈਨੂੰ ਲੱਗਾ ਜਿਵੇਂ ਇਹ ਭੀੜ ਮੇਰੀ ਹੀ ਉਡੀਕ ਕਰ ਰਹੀ ਹੋਵੇ। ਝੱਟ ਉਨ੍ਹਾਂ ਵਿਚੋਂ ਸਾਡੀ ਗਲੀ ਦਾ ਅਤਿ ਗਰੀਬ ਕਿਸਾਨ ਸ਼ੇਰਾ ਦੋਵੇਂ ਹੱਥ ਜੋੜ ਕੇ ਸਾਹਮਣੇ ਆ ਖੜ੍ਹਾ ਹੋਇਆ ਤੇ ਬਾਕੀ ਸਾਰੇ ਵੀ ਉਸ ਨਾਲ ਅੱਗੇ ਸਰਕ ਆਏ। ਜਦੋਂ ਦਾ ਮੈਂ ਪਿੰਡ ਛੱਡਿਆ ਸੀ, ਮੇਰਾ ਕਦੇ ਇਨ੍ਹਾਂ ਕਿਸਾਨਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਰਿਹਾ ਪਰ ਸਾਹਮਣੇ ਖੜ੍ਹਿਆਂ ਨੂੰ ਵੇਖ ਮੈਂ ਪਛਾਣਦਾ ਜ਼ਰੂਰ ਸਾਂ। ਰਸਮ ਵਜੋਂ ਜਿਉਂ ਹੀ ਮੈਂ ਅੱਗੇ ਵਧ ਕੇ ਸ਼ੇਰੇ ਦਾ ਹਾਲ ਪੁੱਛਣ ਲੱਗਾ, ਉਸ ਨੇ ਦੋਵੇਂ ਹੱਥਾਂ ਨਾਲ ਮੇਰੇ ਗੋਡੇ ਫੜ੍ਹ ਲਏ। ਮੈਂ ਇਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਹੀ ਕਰ ਰਿਹਾ ਸਾਂ ਕਿ ਉਸ ਦੇ ਸਮਰਥਕ ਕਹਿਣ ਲੱਗੇ, “ਬਾਈ, ਸ਼ੇਰੇ ਵਾਸਤੇ ਆਏ ਐਂ ਜੀ, ਕਿੱਲੇ ਬਟਾਈ ਪਰ ਇਸੇ ਨੂੰ ਦਿਓ। ਯੋਹ ਅੱਗੇ ਵੀ ਤਾਏ ਕੇ ਟੈਮ ਮਾਂ ਥਾਰੀ ਜਮੀਨ ਬਾਹੇ ਕਰੇ ਤਾ।”
ਗੋਡੇ ਛੱਡ ਦੋਵੇਂ ਹੱਥ ਜੋੜ ਸ਼ੇਰਾ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, “ਰੁਲਦੂ ਤੇ ਅੱਡ ਹੋ ਕੇ ਮੇਰੇ ਪਾਸ ਘਰ ਕੇ ਬੱਸ ਦੋ ਕਿੱਲੇ ਈ ਐਂ। ਬਾਕੀ ਬਟਾਈ ਪਰ ਲੇ ਕੈ ਬੱਸ ਥਾਰੇ ਆਸਰੇ ਤੇ ਟੱਬਰ ਕਾ ਪੇਟ ਪਾਲਾਂ ਬਾਈ।”
ਮੈਨੂੰ ਲੱਗਾ, ਕਿਸਾਨ ਸਮੇਂ ਦੀ ਗਰਦਸ਼ ਨੇ ਭਾਵੇਂ ਤੋੜ ਸੁੱਟਿਆ ਹੈ ਪਰ ਸਵੈਮਾਣ ਭੁੰਜੇ ਨਹੀਂ ਡਿੱਗਣ ਦਿੰਦਾ। ਬਟਾਈ ਲਈ ਜਮੀਨ ਮੰਗਦਾ ਹੋਇਆ ਵੀ ਆਪਣੇ ਘਰ ਦੇ ਦੋ ਕਿੱਲਿਆਂ ਦਾ ਜ਼ਿਕਰ ਉਪਰ ਰੱਖਦਾ ਹੈ। ਸ਼ਾਇਦ ਉਸ ਨੂੰ ਪਤਾ ਨਹੀਂ ਸੀ ਕਿ ਹੁਣ ਉਸ ਦੀ ਸਥਿਤੀ ਜ਼ਿਮੀਂਦਾਰਾਂ ਵਾਲੀ ਨਹੀਂ ਸੀ ਰਹੀ, ਉਸ ਨੇ ਖੇਤ ਮਜ਼ਦੂਰੀ ਵਲ ਪਹਿਲਾ ਕਦਮ ਪੁੱਟ ਲਿਆ ਸੀ। ਉਸ ਦੀ ਗੱਲ ਸੁਣ ਕੇ ਮੇਰੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਫਰਾਂਸ, ਜਰਮਨੀ ਤੇ ਰੂਸ ਦੀ ਕਿਸਾਨੀ ਦਾ ਇਤਿਹਾਸ ਮੇਰੇ ਦਿਮਾਗ ਵਿਚ ਘੁੰਮਣ ਲੱਗਾ। ‘ਕਮਿਊਨਿਸਟ ਮੈਨੀਫੈਸਟੋ’ ਵਿਚ ਕਿਸਾਨੀ ਦੇ ਪ੍ਰੋਲੇਤਾਰੀ ਜਮਾਤ ਵਿਚ ਪਰਿਵਰਤਨ ਦਾ ਮਾਰਕਸੀ ਸਿਧਾਂਤ ਸਾਪੇਖ ਰੂਪ ‘ਚ ਸਾਹਮਣੇ ਆ ਗਿਆ। ਲੱਗਾ, ਭਾਰਤ ਮਹਾਨ ਵਿਚ ਵੀ ਬਿਮਾਰੀ ਦੇ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਕਿਸਾਨੀ ਦੀ ਖੈਰ ਨਹੀਂ।
ਮੈਨੂੰ ਖਾਮੋਸ਼ ਵੇਖ ਸ਼ੇਰਾ ਫਸਲ ਦਾ ਹਿਸਾਬ ਇਮਾਨਦਾਰੀ ਨਾਲ ਦੇਣ ਦੀਆਂ ਕਸਮਾਂ ਖਾਣ ਲੱਗਾ ਤੇ ਉਸ ਦੇ ਸਾਥੀ ਉਸ ਦੀ ਸੱਚਾਈ-ਮਾਨੀ ਦੀ ਹਾਮੀ ਭਰਨ ਲੱਗੇ। ਮੈਂ ਸਿਰ ਝਟਕਿਆ। ਮੈਨੂੰ ਲੱਗਾ, ਮੇਰੀ ਸਮੱਸਿਆ ਦਾ ਪੂਰਾ ਹੱਲ ਮੇਰੇ ਸਾਹਮਣੇ ਖੜ੍ਹਾ ਹੈ ਤੇ ਮੈਂ ਕਿਧਰੇ ਹੋਰ ਹੀ ਸੋਚੀ ਜਾਂਦਾ ਹਾਂ। ਮੈਨੂੰ ਪਤਾ ਸੀ ਕਿ ਪਿੰਡ ਦੇ ਜ਼ਿਮੀਂਦਾਰ ਬਟਾਈ ਕਾਸ਼ਤਕਾਰਾਂ ਨੂੰ ਚੋਰ ਤੇ ਹੇਰਾ-ਫੇਰੀ ਮਾਸਟਰ ਸਮਝ ਕੇ ਉਨ੍ਹਾਂ ‘ਤੇ ਕਰੜੀ ਨਿਗਰਾਨੀ ਰੱਖਦੇ ਹਨ। ਤਿਥ-ਤਿਓਹਾਰ ਨੂੰ ਗੰਨਾ ਛੱਲੀ ਵੀ ਭੰਨਣ ਨਹੀਂ ਸਨ ਦਿੰਦੇ ਤੇ ਬੋਹਲ ਦੀ ਤੁਲਾਈ ਵੇਲੇ ਸਿਰ ‘ਤੇ ਖੜ੍ਹਦੇ ਸਨ। ਮੇਰਾ ਮਨ ਕਦੇ ਵੀ ਇਸ ਵਿਚਾਰਧਾਰਾ ਨਾਲ ਨਹੀਂ ਸੀ ਖੜ੍ਹਿਆ ਪਰ ਹੁਣ ਤਾਂ ਮੇਰੀ ਇਹ ਸੱਮਸਿਆ ਹੀ ਨਹੀਂ ਸੀ। ਮੈਨੂੰ ਤਾਂ ਉਹ ਕਾਸ਼ਤਕਾਰ ਚਾਹੀਦਾ ਸੀ ਜੋ ਘੱਟ ਵੱਧ ਵਟਾਈ ਦੇ ਕੇ ਜਮੀਨ ਵਾਹੀ ਚੱਲੇ ਤੇ ਮੈਨੂੰ ਸੁਰਖਰੂ ਰੱਖੇ। ਇਸ ਲਈ ਮੈਂ ਉਸ ਨੂੰ ਉਦਾਰਤਾ ਨਾਲ ਬਰੀ ਕਰਦਿਆਂ ਕਿਹਾ, “ਜਾਹ ਵਾਹ ਲੈ।” ਉਹ ਤੇ ਉਸ ਦੇ ਸਾਥੀ ਮੇਰੀ ਜੈ ਜੈ ਕਾਰ ਕਰਦੇ ਚਲੇ ਗਏ।
ਜਦੋਂ ਮੈਂ ਦੁਬਾਰਾ ਪਿੰਡ ਗਿਆ, ਸ਼ੇਰਾ ਉਦਾਸ ਜਿਹਾ ਮੂੰਹ ਲੈ ਕੇ ਆਇਆ ਤੇ ਸ਼ਿਕਾਇਤੀ ਲਹਿਜ਼ੇ ਵਿਚ ਕਹਿਣ ਲੱਗਾ, “ਪ੍ਰੋਫੈਸਰ, ਤਾਇਆ ਖੇਤ ਮਾਂ ਹਲ ਨੀ ਵੜਨ ਦਿੰਦਾ, ਗਾਲ੍ਹਾਂ ਕੱਢਾ।”
ਮੈਂ ਕਿਹਾ, “ਕੋਈ ਗੱਲ ਨਹੀਂ। ਤੂੰ ਹੁਣੇ ਹਲਾਈਂ ਕੱਢ, ਮੈਂ ਇਥੇ ਈ ਆਂ।” ਉਸ ਨੇ ਡਰਦੇ ਡਰਦੇ ਉਸੇ ਵੇਲੇ ਖੇਤ ਵਿਚ ਹਲ ਵਾੜਿਆ ਤੇ ਕੰਮ ਅਰੰਭ ਕਰ ਦਿੱਤਾ।
ਉਧਰ ਘਰ ਗਿਆ ਤਾਂ ਮੇਰੇ ਪਿਤਾ ਜੀ ਗੁੱਸੇ ਨਾਲ ਕਹਿਣ ਲੱਗੇ, “ਅਹੁ ਸਾਲਾ ਲਗਿਆ ਤੇਰੀ ਜਮੀਨ ਕਾ? ਕਰ ਬਾਹਰ ਉਸ ਚੋਰ ਨੂੰ ਉਥੇ ਤੇ।”
ਮੈਂ ਬਜ਼ੁਰਗ ਨੂੰ ਕਿਹਾ, “ਜਮੀਨ ਸਾਲ ਲਈ ਦਿੱਤੀ ਐ, ਅੱਧ ਦੀ ਵਟਾਈ ‘ਤੇ। ਉਸੇ ਕੋਲ ਰਹੇਗੀ, ਛੁਡਾ ਨਹੀਂ ਸਕਦਾ।” ਪਿਤਾ ਜੀ ਲਾਲ ਪੀਲੇ ਹੋ ਕੇ ਬੋਲਦੇ ਰਹੇ, ਤੇ ਮੈਂ ਉਥੋਂ ਨਿਕਲ ਆਇਆ। ਟੁਟਦੇ ਜ਼ਿਮੀਂਦਾਰੀ ਨਿਜ਼ਾਮ ਦਾ ਸੰਕਟ ਉਨ੍ਹਾਂ ‘ਤੇ ਵੀ ਘੱਟ ਗਹਿਰਾ ਨਹੀਂ ਸੀ ਗੁਜ਼ਰ ਰਿਹਾ।
ਉਸ ਸਾਲ ਭਾਰੀ ਬਾਰਸ਼ ਅਤੇ ਗੜ੍ਹਿਆਂ ਕਾਰਨ ਸਾਡੇ ਪਿੰਡ ਵਿਚ ਫਸਲ ਦਾ ਕੁਝ ਨੁਕਸਾਨ ਹੋ ਗਿਆ। ਸਰਕਾਰ ਨੇ ਖਾਸ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪਿਤਾ ਜੀ ਨੇ ਕਿਸੇ ਰਾਹੀਂ ਮੈਨੂੰ ਖਬਰ ਕਰਵਾ ਕੇ ਮੁਆਵਜ਼ਾ ਮਿਲਣ ਵਾਲੇ ਦਿਨ ਪਿੰਡ ਆਉਣ ਦਾ ਸੁਨੇਹਾ ਲਾਇਆ। ਪਟਵਾਰੀ ਨੇ ਭੁਗਤਾਨ ਕਰਨ ਲਈ ਸਕੂਲ ਵਿਚ ਇਕੱਠ ਕੀਤਾ। ਜਦੋਂ ਮੈਂ ਉਥੇ ਪਹੁੰਚਿਆ ਤਾਂ ਇਕੱਠ ਵਿਚ ਬੈਠੇ ਬਾਪੂ ਨੇ ਮੈਨੂੰ ਉਚੀ ਜਿਹੀ ਸੰਬੋਧਨ ਕਰ ਕੇ ਕਿਹਾ, “ਜਮੀਨ ਤੇਰੀ ਐ, ਪੈਸੇ ਵੀ ਤੇਰੇ ਐ, ਤੇਰੇ ਦਸਤਖਤਾਂ ਗੈਲ ਮਿਲੇਂਗੇ। ਕਿਸੇ ਗੀਆਂ ਬਾਤਾਂ ਮਾਂ ਨਾ ਆਜੀਂ।” ਫਿਰ ਉਹ ਸ਼ੇਰੇ ਵਲ ਬਾਂਹ ਕਰ ਕੇ ਬੋਲੇ, “ਹੋਰ ਕਿਸੇ ਨੂੰ ਦੁਆਨੀ ਨੀ ਦੇਣੀ, ਪਿਆ ਕੋਈ ਖੜ੍ਹਿਆ ਰੌਲਾ ਪਾਂਦਾ ਰਹੇ।” ਬਾਪੂ ਦੀ ਇਹ ਗੱਲ ਮੈਨੂੰ ਮੂਲੋਂ ਹੀ ਤਰਕਹੀਣ ਲੱਗੀ, ਕਿਉਂਕਿ ਮੁਆਵਜ਼ਾ ਫਸਲ ਮਾਰੇ ਜਾਣ ਦਾ ਸੀ, ਨਾ ਕਿ ਹੜ੍ਹ ਵਿਚ ਜਮੀਨ ਰੁੜ੍ਹ ਜਾਣ ਦਾ।
ਜਦੋਂ ਮੈਂ ਅੱਗੇ ਗਿਆ, ਸ਼ੇਰਾ ਵਾਹੋ ਦਾਹ ਮੇਰੇ ਵਲ ਆਇਆ ਤੇ ਉਚੀ ਆਵਾਜ਼ ‘ਚ ਕਹਿਣ ਲੱਗਾ, “ਬਾਈ ਪੈਸੇ ਫਸਲ ਮਰੀ ਕੇ ਐਂ। ਜਿੰਨੇ ਤੰਨੂੰ ਮਿਲੇਂਗੇ, ਉਨ੍ਹਾਂ ਮਾਂ ਅੱਧ ਮੇਰਾ ਵੀ ਐ।”
ਮੈਨੂੰ ਲੱਗਾ ਜਿਵੇਂ ਬਾਪੂ ਮੇਰੇ ਆਉਣ ਤੋਂ ਪਹਿਲਾਂ ਉਸ ਨਾਲ ਖਹਿਬੜ ਕੇ ਹਟਿਆ ਹੋਵੇ ਤੇ ਉਸ ਨੂੰ ਉਥੋਂ ਭਜਾਉਣ ਦੀ ਨਾਕਾਮ ਕੋਸ਼ਿਸ਼ ਕਰ ਚੁਕਾ ਹੋਵੇ। ਮੈਂ ਕੁਝ ਬੋਲੇ ਬਿਨਾ ਸ਼ੇਰੇ ਨੂੰ ਪਰ੍ਹੇ ਹੋ ਕੇ ਬੈਠਣ ਦਾ ਇਸ਼ਾਰਾ ਕੀਤਾ। ਜਦੋਂ ਮੈਂ ਦਸਤਖਤ ਕਰਨ ਲਈ ਪਟਵਾਰੀ ਦੇ ਮੇਜ਼ ਕੋਲ ਗਿਆ, ਸ਼ੇਰਾ ਬੇਵਸਾਹੀ ਨਾਲ ਝੱਟ ਮੇਰੇ ਪਿੱਛੇ ਆਣ ਖੜ੍ਹਿਆ ਤੇ ਵੇਖਣ ਲੱਗਾ ਕਿ ਕਿੰਨੇ ਪੈਸੇ ਮਿਲੇ ਹਨ। ਉਸ ਨੂੰ ਦਿੱਤੀ ਜਮੀਨ ਦੇ ਡੇਢ ਸੌ ਰੁਪਏ ਕਿੱਲੇ ਦੇ ਹਿਸਾਬ ਮੈਨੂੰ ਛੇ ਸੌ ਮਿਲੇ ਤੇ ਮੈਂ ਸਭ ਦੇ ਸਾਹਮਣੇ ਗਿਣ ਕੇ ਤਿੰਨ ਸੌ ਰੁਪਏ ਉਸ ਨੂੰ ਫੜ੍ਹਾ ਦਿੱਤੇ। ਉਸ ਦੇ ਚਿਹਰੇ ‘ਤੇ ਬਿਆਨ ਨਾ ਕਰ ਸਕਣ ਵਾਲੀ ਖੁਸ਼ੀ ਫਿਰ ਗਈ। ਮੈਂ ਕਈ ਆਵਾਜ਼ਾਂ ਇੱਕਠੀਆਂ ਆਉਂਦੀਆਂ ਸੁਣੀਆਂ, “ਵਾਹ ਬੇ ਪ੍ਰੋਫੈਸਰ ਵਾਹ!” ਉਸ ਦਾ ਹੱਕ ਉਸ ਨੂੰ ਦੇ ਕੇ ਮੈਨੂੰ ਵੀ ਉਹ ਅਨੰਦ ਆਇਆ ਜੋ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਵੀ ਨਾ ਆਵੇ। ਬਾਪੂ ਦੀ ਧੀਮੀ ਜਿਹੀ ਆਵਾਜ਼ ਕੰਨੀ ਪਈ, “ਬੇ-ਅਕਲ ਹੋਰ ਕਹੇ ਜੇ ਹੋਆਂ? ਇਸੇ ਬਰਗੇ ਤੋ ਹੋਆਂ।”
(ਚਲਦਾ)