ਰੰਗ ਦੀ ਨਫਰਤ

ਸਾਡਾ ਵਿਰਸਾ ਸਾਡਾ ਮਾਣ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਕੀਤਾ ਮਿਲਦਾ ਹੈ। ਪਾਠਕ ‘ਸੁਦੇਸ਼ ਸੇਵਕ’ (ਜੋ 1909 ਤੋਂ 1911 ਤੱਕ ਛਪਦਾ ਰਿਹਾ) ਅਤੇ ‘ਸੰਸਾਰ’ (ਜੋ ਸਤੰਬਰ 1912 ਤੋਂ ਜੁਲਾਈ 1914 ਤੱਕ ਛਪਦਾ ਰਿਹਾ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਰਾਹੀਂ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਲਿਖਤਾਂ ਦੇ ਸ਼ਬਦ-ਜੋੜ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰ ਹੋ ਸਕਣ।

-ਸੰਪਾਦਕ

ਤਜਰਬੇ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਵਿਚ ਬਹੁਤ ਗੋਰਿਆਂ ਨੇ ਜੋ ਇੰਡੀਆ ਵਿਚ ਨੌਕਰੀਆਂ ਕਰਦੇ ਆਏ ਹਨ, ਕੈਨੇਡਾ ਵਿਚ ਸਾਡੇ ਬਰਖਿਲਾਫ ਬੋਲਣ ਲਈ ਆਪਣਾ ਸਾਰਾ ਜ਼ੋਰ ਲਾਇਆ ਹੈ, ਜੋ ਬਹੁਤ ਅਫਸੋਸ ਹੀ ਨਹੀਂ ਸਗੋਂ ਹਨੇਰ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦਾ ਹਾਲਾ ਤੇ ਲੂਣ ਖਾਂਦੇ ਆਉਂਦੇ ਸਾਡੀਆਂ ਜੜ੍ਹਾਂ ਵਿਚ ਇਥੇ ਆ ਕੇ ਤੇਲ ਦੇਣ। ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ’ ਵਾਲਾ ਮਾਮਲਾ ਹੈ। ਇਹ ਕੋਈ ਨਾ ਕੋਈ ਮਿਹਰਬਾਨ ਕਿਸੇ ਨਾ ਕਿਸੇ ਖੂੰਜੇ ਵਿਚ ਬੇਪੁੱਛੇ ਹੀ ਸਾਡੇ ਉਲਟ ਬੋਲਣ ਲੱਗ ਪੈਂਦਾ ਹੈ। ਅਜੇ ਦੋ ਹਫਤੇ ਹੋਏ ਹਨ ਤਾਂ 25 ਸਾਲ ਇੰਡੀਆ ਵਿਚ ਰਹਿ ਆਏ ਸਾਹਿਬ ਬਹਾਦਰ ਸਾਡੇ ਬਰਖਿਲਾਫ ਉਚਰ ਰਹੇ ਸਨ, ਹੁਣ ਕਿਸੇ ਮੋਈਜ਼ ਨਾਮੀ ਗੋਰੇ ਨੇ ਹਿੰਦੂ ਇੰਮੀਗਰੇਸ਼ਨ ਦੇ ਸਿਰਨਾਮੇ ਨਾਲ ਵਿਕਟੋਰੀਏ ਦੀ ਇਕ ਅਖਬਾਰ ਵਿਚ ਹੇਠ ਲਿਖੀ ਚਿੱਠੀ ਛਪਵਾਈ ਹੈ ਤੇ ਸਾਡੇ ਪੁਰ ਅਣਹੋਣੇ ਦੋਸ਼ ਥੱਪ ਕੇ ਮਨਤਕ ਛਾਂਟੇ ਹਨ। ਚਿੱਠੀ ਦਾ ਤਾਤਪਰਜ਼ ਇਹ ਹੈ:
ਮੈਂ ਤੇਰਾਂ ਸਾਲ ਇੰਡੀਆ ਵਿਚ ਰਿਹਾ ਹਾਂ ਤੇ ਇਲਮਦਾਰ ਤੇ ਅਨਪੜ੍ਹ ਹਿੰਦੂਆਂ ਨੂੰ ਡਿੱਠਾ ਹੈ। ਮੈਂ ਹਿੰਦੁਸਤਾਨੀਆਂ ਦੇ ਕੈਨੇਡਾ ਵਿਚ ਵੜਨ ਤੇ ਵੱਸਣ ਦੇ ਬਹੁਤ ਹੀ ਬਰਖਿਲਾਫ ਹਾਂ। ਇਹ ਲਿਖ ਕੇ ਹੇਠਾਂ ਲੂੰਬੜੀ ਵਾਲੀਆਂ ਦਲੀਲਾਂ ਦਿੱਤੀਆਂ ਹਨ (1) ਇੰਡੀਆ ਵਿਚ ਇਸ ਵਕਤ ਨਮਕ ਹਲਾਲ ਆਦਮੀਆਂ ਦੀ ਲੋੜ ਹੈ ਤੇ ਅਸੀਂ ਰਾਜ ਧਰੋਹੀਆਂ ਨੂੰ ਬਿਲਕੁਲ ਨਹੀਂ ਮੰਗਦੇ। ਕੁਝ ਚਿਰ ਹੋਇਆ ਹੈ ਤਾਂ ਇੰਡੀਆ ਵਿਚ ਗਵਰਮੈਂਟ ਦੇ ਬਰਖਿਲਾਫ ਲਿਖੀਆਂ ਹੋਈਆਂ ਪੋਥੀਆਂ ਗਈਆਂ ਸਨ ਜੋ ਕਹਿੰਦੇ ਸਨ ਕਿ ਅਮਰੀਕਾ ਤੋਂ ਆਈਆਂ ਹਨ। (2) ਇੰਡੀਆ ਅਜੇ ਪੂਰਾ ਆਬਾਦ ਨਹੀਂ ਹੋਇਆ। ਇਸ ਲਈ ਉਥੋਂ ਇਥੇ ਆਦਮੀ ਨਹੀਂ ਆਉਣ ਦੇਣੇ ਚਾਹੀਦੇ। ਉਥੇ ਬਹੁਤ ਆਦਮੀਆਂ ਦੀ ਲੋੜ ਹੈ। (3) ਕੈਨੇਡਾ, ਆਸਟਰੇਲੀਆ ਤੇ ਅਫਰੀਕਾ ਵਿਚ ਬਸਤੀਆਂ ਗੋਰੇ ਰੰਗ ਵਾਲਿਆਂ ਦੇ ਵਸਣ ਲਈ ਹਨ ਅਤੇ ਅੰਗਰੇਜ਼ਾਂ ਦੇ ਵਾਧੇ ਲਈ। (4) ਹਿੰਦੂਆਂ, ਸਿੱਖਾਂ, ਬੰਗਾਲੀਆਂ, ਪੰਜਾਬੀਆਂ ਦੀਆਂ ਰੀਤਾਂ ਰਸਮਾਂ ਬਹੁਤ ਹੁੰਦੀਆਂ ਹਨ। ਸੌ ਦੀ ਇਕ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਇਥੇ ਕੋਈ ਨਹੀਂ ਮੰਗਦਾ (ਚਾਹੁੰਦਾ)।
ਪਿਆਰੇ ਭਰਾਵੋ! ਇਹ ਉਪਰ ਲਿਖੀਆਂ ਦਲੀਲਾਂ ਉਸ ਗੋਰੇ ਨੇ ਦਿੱਤੀਆਂ ਹਨ ਜਿਨ੍ਹੇ ਤੇਰਾਂ ਸਾਲ ਸਾਡੇ ਦੇਸ਼ ਦਾ ਲੂਣ ਖਾਧਾ, ਨੌਕਰੀ ਲਈ ਤੇ ਬੁਲੇ ਲੁੱਟੇ। ਅਫਸੋਸ ਹੈ ਕਿ ਸਾਡਾ ਸਾਮਨਾ ਐਸਾ ਭੈੜਾ ਹੈ ਜਿਸ ਨੂੰ ਤੇਰਾਂ ਸਾਲ ਖਾਣ ਵਾਲ ਗੋਰਾ ਭੀ ਸਾਨੂੰ ਇਥੇ ਆ ਕੇ ਗਾਲ੍ਹਾਂ ਹੀ ਦਿੰਦਾ ਹੈ। ਇਕ ਗੋਰੇ ਨੇ ਹੀ ਇਸ ਚਿੱਠੀ ਦਾ ਉੱਤਰ ਦਿੱਤਾ ਹੈ ਜੋ ਅਸੀਂ ਅਗਲੇ ਪਰਚੇ ਵਿਚ ਛਾਪਾਂਗੇ ਤੇ ਇਸ ਮੋਈਜ਼ ਸਾਹਿਬ ਬਹਾਦਰ ਦੇ ਪੋਲ ਨੂੰ ਖੋਲ੍ਹ ਕੇ ਦੱਸਾਂਗੇ।

ਸਾਡੇ ਦਾਈਏ
ਕੀ ਸਬੱਬ ਹੈ, ਸਾਡੀ ਕੌਮ ਨਾਲ ਦੁਨੀਆਂ ਵਿਚ ਹਰ ਜਗ੍ਹਾ ਸਖਤੀ ਹੋ ਰਹੀ ਹੈ। ਕਿਉਂ ਸਭ ਦੇਸ਼ ਮੁਲਕ ਸਾਡੇ ਲਈ ਬੰਦ ਹਨ। ਆਦਮੀਆਂ ਦੀਆਂ ਕਤਾਰਾਂ ਵਿਚ ਖੜ੍ਹੇ ਹੋਈਏ ਤਾਂ ਸਾਡੇ ਕੱਦ ਸਾਰਿਆਂ ਨਾਲੋਂ ਉਚੇ ਹਨ। ਕਾਬਲ ਦੀ ਮੁਹਿੰਮ ਸਰ ਕਰਨੀ ਸਾਡੇ ਲਈ ਇਕ ਸੌਖੀ ਖੇਲ੍ਹ ਹੈ। ਮਿਹਨਤ ਮਜ਼ਦੂਰੀ ਕਰਨ ਵਿਚ ਸਾਤੋਂ ਸਭ ਕੰਨ ਭੰਨਦੇ ਹਨ। ਸਾਡੀਆਂ ਪਲਟਨਾਂ ਰਜਮੰਟਾਂ ਦੀ ਧਾਕ ਕੁਲ ਦੁਨੀਆਂ ਵਿਚ ਮਚ ਰਹੀ ਹੈ। ਬੜੇ-ਬੜੇ ਇਮਾਨਦਾਰ ਸਾਡੇ ਵਿਚ ਬੀ. ਏ. ਤੇ ਐਮ. ਏ. ਦੀਆਂ ਪੂਛਾਂ ਲਾਈ ਫਿਰਦੇ ਹਨ। ਬੜੇ-ਬੜੇ ਸਮਝੌਤੀਆਂ ਦੇਣ ਵਾਲੇ ਗਿਆਨੀ ਸਾਡੇ ਵਿਚ ਸੰਘ ਪਾੜ-ਪਾੜ ਕੇ ਅੜਾ ਰਹੇ ਹਨ। ਸਾਡੀ ਗਿਣਤੀ ਦੁਨੀਆਂ ਦੇ ਕਈ ਮੁਲਕ ਇਕੱਠੇ ਕਰੀਏ, ਤਾਂ ਵੀ ਵਧ ਜਾਂਦੀ ਹੈ। ਸਾਡੇ ਵਿਚ ਕਿਹੜੀ ਥੋੜ੍ਹ ਹੈ ਜੋ ਦੂਜੀਆਂ ਕੌਮਾਂ ਦੇ ਸਿਰਾਂ ਵਿਚ ਹੰਕਾਰ ਦਾ ਕੀੜਾ ਪੈਦਾ ਕਰਦੀ ਹੈ ਕਿ ਇਨ੍ਹਾਂ ਨੂੰ ਠੁੱਡ ਲਗਾਵੋ। ਦੁਨੀਆਂ ਵਿਚ ਖੁੱਲ੍ਹੇ ਨਾ ਫਿਰਨ ਦਿਉ। ਹਰ ਇਕ ਦੇਸ਼ ਤੋਂ ਮੋੜ ਦਿਉ। ਕਿਹੜੀ ਚੀਜ਼ ਹੈ ਜੋ ਦੂਜੀਆਂ ਕੌਮਾਂ ਤੋਂ ਸਾਨੂੰ ਪਸ਼ੂ, ਨਿਕੰਮੇ ਤੇ ਗਧੇ ਸਦਵਾ ਰਹੀ ਹੈ। ਕਿਹੜਾ ਨੁਕਸ ਹੈ ਜਿਸ ਕਰਕੇ ਸਾਡੇ ਲਈ ਨਿਆਉ ਭੀ ਅਨਿਆਉ ਬਣ ਜਾਂਦਾ ਹੈ। ਕਿਸ ਕਰਕੇ ਕੰਪਨੀਆਂ ਸਾਨੂੰ ਟਿਕਟ ਤਕ ਨਹੀਂ ਵੇਚਦੀਆਂ। ਕਿਸ ਕਰਕੇ ਸਾਡੀਆਂ ਸਿੰਘਣੀਆਂ, ਬੱਚਿਆਂ ਤਕ ਨੂੰ ਸਾਡੇ ਪਾਸ ਆਉਣ ਦੀ ਖੁੱਲ੍ਹ ਨਹੀਂ। ਕੀ ਪਾਪ ਹੈ ਜੋ ਸਾਨੂੰ ਕਰੋੜਾਂ ਆਦਮੀਆਂ ਨੂੰ ਪਸ਼ੂਆਂ ਵਾਂਗਰ ਭੁੱਖ ਤੇ ਦੁੱਖ ਮਾਰਦਾ ਹੈ। ਕੀ ਘਾਟਾ ਹੈ ਜਿਸ ਕਰਕੇ ਸਾਡੀ ਸ਼ਰੀਫ ਕੌਮ ਦੇ ਬੱਚੇ ਲੱਖਾਂ ਦੀ ਗਿਣਤੀ ਵਿਚ ਗੋਰਮੰਟੀਏ ਕੁਲੀ ਬਣ ਕੇ ਪ੍ਰਦੇਸ ਵਿਚ ਰੁਲ ਰਹੇ ਹਨ। ਆਓ, ਉਸ ਕੌਮਾਂ ਦਾ ਖੁਰਾ ਖੋਜ ਮਿਟਾਉਣ ਵਾਲੇ ਜ਼ਾਲਮ ਔਗੁਣਾਂ ਨੂੰ ਲੱਭ ਲਈਏ। ਆਉ, ਉਸ ਪਾਪਣ ਕੋਹੜ ਦੀ ਖੋਜ ਕਰੀਏ।

ਪਸਰ ਜਾਓ
ਅਸੀਂ ਬੜੇ ਅਫਸੋਸ ਨਾਲ ਲਿਖਦੇ ਹਾਂ ਕਿ 7 ਅਗਸਤ ਨੂੰ ਸਾਡਾ ਨਿਊ ਯਾਰਕ ਵਿਚ ਰੋਕਿਆ ਹੋਇਆ ਭਰਾ ਦਾਨਾ ਸਿੰਘ ਲਿਵਰਪੂਲ ਨੂੰ ਵਾਪਸ ਮੋੜਿਆ ਗਿਆ ਹੈ। ਉਸ ਭਰਾ ਨੂੰ ਪੰਦਰਾਂ ਡਾਲਰ ਮਿਲ ਗਏ ਸਨ। ਫੇਰ ਉਸ ਨੇ ਲਿਖਿਆ ਕਿ ਹੋਰ ਡਾਲਰ ਘੱਲੋ ਤੇ ਕਿਸੇ ਆਦਮੀ ਨੂੰ ਕਹੋ ਕਿ ਆ ਕੇ ਮੇਰੀ ਜ਼ਿੰਮੇਵਾਰੀ ਦੇਵੇ, ਪਰ ਸਾਡੀ ਬੇਠਿਕਾਣਾ ਕੌਮ ਦੀ ਕੌਣ ਸਾਰ ਲਵੇ। ਅਸੀਂ ਝਟਪਟ ਦੋ ਤਿੰਨ ਆਦਮੀਆਂ ਨੂੰ, ਜੋ ਨਿਊ ਯਾਰਕ ਤੋਂ ਸੌ-ਸੌ ਮੀਲ ਪੁਰ ਸਨ, ਤਾਰਾਂ ਦਿੱਤੀਆਂ ਤੇ ਖਤ ਲਿਖੇ, ਪਰ ਉਥੇ ਕੋਈ ਨਾ ਬਹੁੜ ਸਕਿਆ। ਅੰਤ 7 ਅਗਸਤ ਨੂੰ ਬੇ ਆਸਰਾ ਭਰਾ ਸਾਰੀ ਉਮਰ ਖੁਆਰ ਹੋਣ ਲਈ ਮੋੜਿਆ ਗਿਆ। ਜੇ ਅੱਜ ਨਿਊ ਯਾਰਕ ਵਿਚ ਸਾਡੇ ਹੋਰ ਭਰਾ ਆ ਰੁਕਣ ਤਾਂ ਉਨ੍ਹਾਂ ਦਾ ਦੁੱਖ ਵਡਾਉਣ ਵਾਲਾ ਕੌਣ ਹੈ। ਕੋਈ ਨਹੀਂ। ਕੌਮੀ ਦੁੱਖ ਤਾਂ ਇਹ ਹੀ ਹਨ ਕਿ ਅੱਵਲ ਤਾਂ ਅਸੀਂ ਇਕ ਦੂਜੇ ਦਾ ਦੁੱਖ ਵੰਡਾਉਣ ਲਈ ਤਿਆਰ ਹੀ ਨਹੀਂ ਹਾਂ, ਜੇ ਹਾਂ ਭੀ ਤਾਂ ਸਾਡੀ ਜਥੇਬੰਦੀ ਕਮਜ਼ੋਰ ਹੈ। ਸਾਡੇ ਪਾਸ ਪੂਰੇ ਵਸੀਲੇ ਨਹੀਂ ਹਨ ਜਿਨ੍ਹਾਂ ਨਾਲ ਅਸੀਂ ਕੁਝ ਨਾ ਕੁਝ ਆਪਣੀ ਰੁਲਦੀ ਕੌਮ ਦਾ ਬਚਾਓ ਕਰ ਸਕੀਏ। ਦਸ ਕਿਤੇ ਠੁੱਡ ਖਾਂਦੇ ਫਿਰਦੇ ਹਨ, ਵੀਹ ਕਿਤੇ ਰੁਲ ਰਹੇ ਹਨ, ਤੀਹ ਕਿਤੇ ਖੁਆਰ ਹੋ ਰਹੇ ਹਨ। ਬਾਕੀਆਂ ਨੂੰ ਕੁਝ ਅਹੁੜਦਾ ਹੀ ਨਹੀਂ ਤੇ ਬਸ ਸੇਵਾ ਨੂੰ ਭੁਲਾ ਕੇ ਜਿਸ ਨੇ ਕਿ ਸਾਨੂੰ ਚੁੱਕਣਾ ਹੈ, ਲੜਨ ਭਿੜਨ ਦੀ ਪਈ ਹੋਈ ਹੈ। ਜਿਤਨੇ ਜਣੇ ਅਸੀਂ ਅਮਰੀਕਾ ਤੇ ਕੈਨੇਡਾ ਵਿਚ ਆਏ ਹੋਏ ਹਾਂ, ਸਾਡੇ ਸਿਰ ਪੁਰ ਸਾਡੀ ਤੀਹ ਕਰੋੜ ਕੌਮ ਦੀ ਜ਼ਿੰਮੇਵਾਰੀ ਹੈ। ਸਾਡਾ ਫਰਜ਼ ਹੈ, ਇਨ੍ਹਾਂ ਮੁਲਕਾਂ ਵਿਚ ਆਪ ਟਿਕ ਜਾਣਾ ਤੇ ਹੋਰ ਭਰਾਵਾਂ ਨੂੰ ਲਿਆ ਕੇ ਟਿਕਾਉਣਾ। ਉਹ ਕੰਮ ਕਰਨੇ, ਉਹ ਜਥੇਬੰਦੀ ਕਾਇਮ ਕਰਨੀ ਜਿਸ ਨਾਲ ਕਿ ਇਕ ਇਕ ਭਰਾ ਦਾ ਬਚਾਓ ਹੋ ਸਕੇ ਤੇ ਅਸੀਂ ਹੋਰ ਕੌਮਾਂ ਵਾਂਗ ਵਧੀਏ ਫੁਲੀਏ। ਹੋਰ ਤਰੱਕੀ ਕਿਤੇ ਰੁੱਖਾਂ ਨੂੰ ਤਾਂ ਨਹੀਂ ਲੱਗਿਆ ਕਰਦੀ। ਅਸੀਂ ਹੀ ਤਰੱਕੀ ਕਰਨੀ ਹੈ। ਜਦ ਸਾਡਾ ਇਕ ਵੀ ਭਰਾ ਮੋੜਿਆ ਜਾਵੇ ਤਾਂ ਸਮਝ ਲਵੋ, ਅਜੇ ਸਾਨੂੰ ਅਸਲੀ ਤਰੱਕੀ ਦਾ ਖਿਆਲ ਭੀ ਨਹੀਂ ਆਇਆ।
ਜੇ ਸਾਡੇ ਇਕ ਭੀ ਭਰਾ ਨੂੰ ਦੁੱਖ ਹੋਇਆ ਹੈ, ਜੇ ਅਸੀਂ ਉਸ ਦੀ ਮਦਦ ਨਹੀਂ ਕਰ ਸਕੇ ਤਾਂ ਫੇਰ ਤਰੱਕੀ ਕਿਥੇ ਹੈ। ਬਹੁਤ ਹੀ ਜ਼ਰੂਰੀ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਵੱਡੇ ਵੱਡੇ ਸ਼ਹਿਰਾਂ ਨਿਊ ਯਾਰਕ, ਮੋਂਟਰੀਆਲ, ਸੇਂਟ ਜਾਨ, ਹੈਲੀਫੈਕਸ, ਟੋਰਾਂਟੋ, ਸਿਆਟਲ, ਸਾਨ ਫਰਾਂਸਿਸਕੋ ਵਿਚ ਸਾਡੇ ਸੇਵਕ ਭਰਾਵਾਂ ਦਾ ਇਕ-ਇਕ ਜਥਾ ਟਿਕਾਣਾ ਕਰੇ, ਇਕ-ਇਕ ਆਪਣਾ ਮਕਾਨ ਹੋਵੇ, ਉਸ ਵਿਚ ਰਹਿਣ ਵਾਲੇ ਭਰਾਵਾਂ ਦਾ ਮੁੱਖ ਮੰਤਵ ਦਿਨ ਭਰ ਕੰਮ ਕਰ ਆਉਣਾ ਤੇ ਜੇ ਕਿਸੇ ਹਿੰਦੁਸਤਾਨੀ ਭਰਾ ਨੂੰ ਦੁੱਖ ਹੋਵੇ ਜਾਂ ਕੋਈ ਰੁਕ ਜਾਵੇ ਤਾਂ ਉਸ ਦਾ ਉਪਾਅ ਕਰਨਾ। ਇਸ ਧਰਮ ਨੂੰ ਲੈ ਕੇ ਉਸ ਹੱਦ ਵਿਚ ਇਹ ਜਥੇ ਖਿਲਰ ਜਾਣ। ਇਹ ਜ਼ਰੂਰੀ ਨਹੀਂ, ਸਗੋਂ ਸਾਨੂੰ ਵਧਣ ਤੋਂ ਰੋਕਦਾ ਹੈ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਵਿਚ ਹੀ ਬੈਠੇ ਰਹੀਏ। ਜ਼ਰੂਰੀ ਹੈ ਕਿ ਹਿੰਦੁਸਤਾਨੀ, ਅਮਰੀਕਾ ਤੇ ਕੈਨੇਡਾ ਦੇ ਇਕ-ਇਕ ਹਿੱਸੇ ਵਿਚ ਪਸਰ ਜਾਵੇ। ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਵਿਚ ਕੰਮਕਾਰ ਘੱਟ ਹੈ ਤਾਂ ਮੰਡਲੀਆਂ ਬਣ ਕੇ ਵਿਨੀਪਿਗ ਵੱਲ ਨੂੰ ਤੁਰ ਪਵੋ। ਉਥੇ ਹਾਲੀ ਹਜ਼ਾਰ ਆਦਮੀ ਦੀ ਫਸਲ ਸਾਂਭਣ ਲਈ ਲੋੜ ਹੈ। ਕੁਝ ਭਰਾ ਮੋਂਟਰੀਆਲ ਵਿਚ ਚੱਲ ਵੱਜੋ। ਕੰਮ ਦਾ ਕੋਈ ਘਾਟਾ ਨਹੀਂ।
ਜੋ ਇਕ ਜਗ੍ਹਾ ਬੈਠੇ ਰਹੇ ਹਨ, ਉਹ ਕਦੇ ਨਹੀਂ ਵਧ ਸਕੇ। ਹੁਣ ਸਾਨੂੰ ਚੰਗੀ ਤਰ੍ਹਾਂ ਇਸ ਮੁਲਕ ਦਾ ਪਤਾ ਲੱਗ ਗਿਆ ਹੈ, ਹਰ ਜਗ੍ਹਾ ਖਿਲਰ ਜਾਵੋ, ਜਿਥੇ ਜਾਵੋ, ਆਪਣੀ ਕੌਮ ਦੀ ਇੱਜ਼ਤ ਨੂੰ ਵਧਾਵੋ। ਸਾਡਾ ਮੁੱਖ ਮੰਤਵ ਅਮਰੀਕਾ ਤੇ ਕੈਨੇਡਾ ਵਿਚ ਆਪਣੀ ਕੌਮ ਨੂੰ ਟਿਕਾਉਣਾ ਹੈ। ਸੋ ਉਸ ਲਈ ਜ਼ਰੂਰੀ ਹੈ ਕਿ ਸਾਡੀ ਹਰ ਪਾਸੇ ਠਾਹਰ ਹੋਵੇ। ਡਾਕਟਰ ਸੁੰਦਰ ਸਿੰਘ ਜੀ ਈਸਟ ਕੈਨੇਡਾ ਵਿਚ ਜਾਣ ਦੀਆਂ ਤਿਆਰੀਆਂ ਵਿਚ ਹਨ। ਉਮੀਦ ਹੈ, ਕੁਝ ਭਰਾ ਉਨ੍ਹਾਂ ਦੇ ਨਾਲ ਭੀ ਉਧਰ ਜਾਣਗੇ। ਆਪ ਭੀ ਜੇ ਇਸ ਮੁਹਿੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਲਿਖ ਘਲੋ। ਉਧਰ ਕੰਮ ਕਾਰ ਦਾ ਵੀ ਚੰਗਾ ਬੰਦੋਬਸਤ ਹੋਵੇਗਾ। ਪ੍ਰਚਾਰ ਹੋਵੇਗਾ ਤੇ ਨਾਲੇ ਆਪਣੇ ਕੌਮੀ ਅੱਡੇ ਬਣਨਗੇ।

ਇਕ ਹੋਰ ਵਾਰ
ਕੈਨੇਡਾ ਦੀ ਗਵਰਨਮੈਂਟ ਤਾਂ ਜੋ ਸਖਤੀ ਸਾਡੀਆਂ ਸਿੰਘਣੀਆਂ ਤੇ ਬੱਚਿਆਂ ਨੂੰ ਖੁੱਲ੍ਹ ਨਾ ਦੇ ਕੇ ਸਾਡੇ ਨਾਲ ਕਰ ਰਹੀ ਹੈ, ਉਸ ਦਾ ਸਾਡੇ ਨਾਲ ਢਾਹ ਪੈ ਚੁੱਕਾ ਹੈ ਤੇ ਅਸੀਂ ਉਸ ਦੇ ਇਲਾਜ ਲਈ ਹੱਥ ਪੈਰ ਮਾਰ ਰਹੇ ਹਾਂ, ਪਰ ਜੋ ਲੂਣ ਸਾਡੇ ਜ਼ਖਮਾਂ ਪੁਰ ਇੰਡੀਆ ਵਿਚੋਂ ਆਏ ਗੋਰੇ ਇਥੋਂ ਲੰਘਦੇ ਹੋਏ ਸਾਡੇ ਹੀ ਬਰਖਿਲਾਫ ਬੋਲ ਕੇ ਜਿਨ੍ਹਾਂ ਦੇ ਮੁਲਕ ਦੀ ਉਹ ਸਾਰੀ ਉਮਰ ਖੱਟੀ ਖਾਂਦੇ ਸੌਂਦੇ ਹਨ, ਸਿਟ ਜਾਂਦੇ ਹਨ, ਉਹ ਸਾਨੂੰ ਬਹੁਤ ਹੀ ਦੁਖੀ ਕਰਦਾ ਹੈ। ਇਕ ਨਹੀਂ, ਦੋ ਨਹੀਂ, ਦਰਜਨਾਂ ਹੀ ਮਿਸਾਲਾਂ ਬੀਤ ਚੁੱਕੀਆਂ ਹਨ ਕਿ ਇੰਡੀਆ ਤੋਂ ਆ ਰਹੇ ਗੋਰੇ ਕੈਨੇਡਾ ਵਿਚੋਂ ਸਾਨੂੰ ਕੱਢ ਦੇਣ ਲਈ ਇਥੇ ਆ ਕੇ ਰੌਲਾ ਪਾਉਂਦੇ ਹਨ। ਅਜੇ 35 ਨੰਬਰ ਸਿੱਖ ਪਲਟਨ ਦੇ ਮੇਜਰ ਦੇ ਵੈਨਕੂਵਰ ਵਿਚ ਸਾਡੇ ਉਲਟ ਕਹੇ ਹੋਏ ਲਫਜ਼ ਭੁੱਲੇ ਨਹੀਂ ਸਨ ਕਿ ਹੁਣ 11 ਅਗਸਤ ਨੂੰ ਵਿਕਟੋਰੀਏ ਵਿਚ ਸਰ ਈਟਡ ਜੇਮਜ਼ ਨੇ, ਜਿਸ ਦੀ ਸਾਰੀ ਉਮਰ ਇੰਡੀਆ ਵਿਚ ਗੁਜ਼ਰੀ ਤੇ ਹੁਣ ਤਾਂਈਂ ਉਥੇ ਦੀ ਪਿਨਸਨ ਖਾਂਦਾ ਹੈ, ਬੜੇ ਲਾਟ ਦੀ ਕੌਂਸਲ ਦਾ ਮੈਂਬਰ ਰਿਹਾ ਹੈ, ਵਿਕਟੋਰੀਏ ਦੇ ਇਕ ਅਖਬਾਰ ਵਿਚ ਕੈਨੇਡਾ ਵਾਲੇ ਗੋਰਿਆਂ ਨੂੰ ਨਸੀਹਤ ਕੀਤੀ ਹੈ ਕਿ ਹਿੰਦੂਆਂ ਨੂੰ ਕੈਨੇਡਾ ਵਿਚ ਵੜਨ ਤੋਂ ਰੋਕੋ। ਕਿਸੇ ਭੀ ਹਾਲਤ ਉਨ੍ਹਾਂ ਨੂੰ ਨਾ ਵੜਨ ਦਿਓ। ਇਹ ਕੁਝ ਕਹਿ ਕੇ ਇਸ ਮਾਮਲੇ ਪੁਰ ਬਹਿਸ ਕਰਨ ਤੋਂ ਨਾਂਹ ਕੀਤੀ।
ਸਾਨੂੰ ਹੁਣ ਤਾਂਈਂ ਖਿਆਲ ਸੀ ਕਿ ਸਾਡੇ ਇੰਡੀਆ ਦੇ ਗੋਰੇ ਅਫਸਰ ਜ਼ਰੂਰ ਕਹਿੰਦੇ ਹੋਣਗੇ ਕਿ ਸਾਡੇ ਨਾਲ ਇਥੇ ਜ਼ੁਲਮ ਹੋ ਰਿਹਾ ਹੈ, ਪਰ ਇਨ੍ਹਾਂ ਤਜਰਬਿਆਂ ਨੇ ਦੱਸ ਦਿੱਤਾ ਹੈ ਕਿ ਕੈਨੇਡਾ, ਆਸਟਰੇਲੀਆ, ਇੰਡੀਆ, ਅਮਰੀਕਾ ਸਭ ਜਗ੍ਹਾ ਦੇ ਗੋਰਿਆਂ ਨੂੰ ਹੀ ਸਾਡੇ ਬਰਖਿਲਾਫ ਹਵਾ ਫਿਰ ਗਈ ਹੈ। ਪਿਆਰੇ ਭਰਾਵੋ, ਜਦ ਸਾਰੀ ਉਮਰ ਸਾਡੇ ਮੁਲਕ ਦਾ ਲੂਣ ਖਾ ਕੇ ਆਉਣ ਵਾਲੇ ਹੀ ਸਾਡੇ ਬਰਖਿਲਾਫ ਇਥੇ ਜ਼ਹਿਰ ਉਗਲਣੋਂ ਖੈਰ ਨਹੀਂ ਕਰਦੇ ਤਾਂ ਹੋਰ ਸਾਡੀ ਇਥੇ ਮਦਦ ਕਿਨ੍ਹੇ ਕਰਨੀ ਹੈ! ਆਪ ਹੀ ਜਾਗੋ ਤੇ ਤਕੜੇ ਹੋ ਕੇ ਹੱਕ ਪੁਰ ਖੜੇ ਹੋਵੋ।

ਨਵੇਂ ਸ਼ਗੂਫੇ
ਅੱਜ ਇਹ ਗੱਲ ਕੁਲ ਦੁਨੀਆਂ ਹੀ ਜਾਣਦੀ ਹੈ ਕਿ ਹਿੰਦੁਸਤਾਨੀਆਂ ਨੂੰ ਕੈਨੇਡਾ ਵੜਨ ਤੋਂ ਗਵਰਮੈਂਟ ਨੇ ਬੜੀ ਹੀ ਭੈੜੀ ਚਾਲ ਨਾਲ ਰੋਕਿਆ ਹੋਇਆ ਹੈ। ਇਕ ਪਾਸੇ ਕਾਨੂੰਨ ਤਾਂ ਕਹਿੰਦਾ ਹੈ ਕਿ ਕਲਕੱਤੇ ਤੋਂ ਸਿੱਧਾ ਟਿਕਟ ਲੈ ਕੇ ਹਰ ਕੋਈ ਕੈਨੇਡਾ ਆ ਸਕਦਾ ਹੈ, ਪਰ ਦੂਜੇ ਪਾਸੇ ਕੰਪਨੀਆਂ ਨੂੰ ਚੰਗੀ ਤਰ੍ਹਾਂ ਤਾੜਨਾ ਹੈ ਕਿ ਇਨ੍ਹਾਂ ਨੂੰ ਟਿਕਟ ਹੀ ਨਾ ਦਿਉ। ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਪਰੂੰ ਜੁਲਾਈ ਮਹੀਨੇ ਵਿਚ ਜਾਪਾਨੀਆਂ ਦੀ ਨਿਪਨ ਯੂਫਨ ਕੇਠਾ ਕੰਪਨੀ ਨੇ ਦਸ ਦੇ ਕਰੀਬ ਸਿੱਧੇ ਟਿਕਟ ਦਿੱਤੇ ਸਨ, ਉਨ੍ਹਾਂ ਟਿਕਟਾਂ ਪੁਰ ਆਉਣ ਵਾਲੇ ਨਵੇਂ ਦੋ ਭਾਈ, ਇਕ ਸਿੰਘਣੀ ਤੇ ਬੱਚੇ 29 ਜੁਲਾਈ ਨੂੰ ਵਿਕਟੋਰੀਏ ਆਏ ਤੇ ਪਹਿਲੀ ਅਗਸਤ ਨੂੰ ਉਤਾਰੇ ਗਏ। ਇਨ੍ਹਾਂ ਨਵੇਂ ਸਰੀਰਾਂ ਦਾ ਉਤਰਨਾ ਸਾਫ ਦੱਸਦਾ ਹੈ ਕਿ ਸਿੱਧਾ ਟਿਕਟ ਵੀ ਮਿਲ ਸਕਦਾ ਹੈ। ਸਾਡੇ ਨਵੇਂ ਆਦਮੀ ਇਥੇ ਆ ਵੀ ਸਕਦੇ ਹਨ, ਪਰ ਸਾਡੇ ਰਸਤੇ ਵਿਚ ਪੱਥਰ ਸਿੱਟੇ ਜਾਂਦੇ ਹਨ। ਉਸ ਹੀ ਕੰਪਨੀ ਦੇ ਏਜੰਟ ਤੋਂ ਤੁਸੀਂ ਹੁਣ ਜਾ ਕੇ ਸਿੱਧਾ ਟਿਕਟ ਮੰਗੋ ਤਾਂ ਕੰਨਾਂ ਪੁਰ ਹੱਥ ਧਰਦਾ ਹੈ, ਨੋ-ਨੋ। ਆਪ ਪੁੱਛੋ ਕਿ ਤੁਹਾਡੇ ਜਹਾਜ਼ ਸਿੱਧੇ ਚਲਦੇ ਹਨ, ਸਾਡੇ ਨਵੇਂ ਆਦਮੀ ਤੁਹਾਥੋਂ ਟਿਕਟ ਲੈ ਕੇ ਆਏ ਹਨ, ਪਰ ਹੁਣ ਕੀ ਮਾਰ ਵਗ ਗਈ ਹੈ। ਇਸ ਦਾ ਕੋਈ ਉਤਰ ਨਹੀਂ। ਪਿੱਛੋਂ ਕੁੰਜੀਆਂ ਲੱਗੀਆਂ ਹੋਈਆਂ ਹਨ ਕਿ ਹਿੰਦੂਆਂ ਨੂੰ ਟਿਕਟ ਨਾ ਦਿਉ।
ਇਕ ਅਗਸਤ ਨੂੰ ਇਨ੍ਹਾਂ ਸਾਡੇ ਨਵੇਂ ਸਰੀਰਾਂ ਦੇ ਉਤਰਨ ਦੀ ਦੇਰ ਸੀ ਕਿ ਝਟਪਟ ਸ਼ਗੂਫੇ ਨਿਕਲਣ ਲੱਗ ਪਏ। 9 ਅਗਸਤ ਦੀ ਉਟਾਵੇ ਦੀ ਕਰਕੇ ਇਕ ਤਾਰ ਸਭ ਅਖਬਾਰਾਂ ਵਿਚ ਛਪੀ ਹੈ ਇਕ ਖਬਰ ਕਿ ਹਿੰਦੁਸਤਾਨੀ ਚਾਰ ਸਿੱਧੇ ਜਹਾਜ਼ ਭਾੜੇ ਕਰਕੇ ਕੈਨੇਡਾ ਨੂੰ ਆ ਰਹੇ ਹਨ ਤੇ ਇਹ ਬੰਦੋਬਸਤ ਇੰਡੀਆ ਦੇ ਤੇ ਕੈਨੇਡਾ ਬੜੇ-ਬੜੇ ਧਨੀ ਹਿੰਦੂਆਂ ਨੇ ਕੀਤਾ ਹੈ। ਹਿੰਦੁਸਤਾਨੀ ਭਰਾਵੋ: ਜ਼ਰਾ ਅੱਖਾਂ ਖੋਲ੍ਹੋ, ਤੁਹਾਡੇ ਨਰੜਨ ਲਈ ਕਿਹੋ ਜਿਹੇ ਤੂਫਾਨ ਉਡਾ ਕੇ ਇਥੇ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਤੁਸੀਂ ਲੜਨ ਤੇ ਘੁਲਣ ਦਾ ਕੰਮ ਪਹਿਲਾਂ ਨਬੇੜ ਲਵੋ, ਫੇਰ ਵਿਹਲ ਹੋਵੇਗਾ ਤਾਂ ਕੰਮ ਕਰ ਲਵਾਂਗੇ। ਆਉ, ਸੰਭਲ ਜਾਉ। ਅਜੇ ਭੀ ਕੁਝ ਨਹੀਂ ਵਿਗੜਿਆ, ਤੁਹਾਡਾ ਮੁਕਾਬਲਾ ਬੜੇ ਚਾਲਬਾਜ਼ਾਂ ਨਾਲ ਹੈ।

‘ਸੰਸਾਰ’ ਦੀ ਵਰ੍ਹੇਗੰਢ
ਇਸ ਆਪਣੇ ਕੌਮੀ ਅਖਬਾਰ ਦੀ ਸੇਵਾ ਨੂੰ ਅਸੀਂ ਜੁਲਾਈ 1912 ਦੇ ਸ਼ੁਰੂ ਵਿਚ ਇਕ ਅਕਾਲ ਪੁਰਖ ਦੇ ਭਰੋਸੇ ਪੁਰ ਚੁੱਕਿਆ ਸੀ ਤੇ ਸਤੰਬਰ ਮਹੀਨੇ ਵਿਚ ‘ਸੰਸਾਰ’ ਦਾ ਪਹਿਲਾ ਪਰਚਾ ਪੱਥਰ ਦੇ ਛਾਪੇ ਵਿਚ ਛਪਵਾਇਆ ਗਿਆ। ਅਗਲਾ ਮਹੀਨਾ ਸਤੰਬਰ ਹੈ ਜਦ ਕਿ ਇਸ ਸੇਵਾ ਦਾ ਇਕ ਸਾਲ ਪੂਰਾ ਹੋਵੇਗਾ। ਪਿਛਲੇ ਸਤੰਬਰ ਵਿਚ ਅਸੀਂ ਛਾਪੇਖਾਨੇ ਵਾਲਿਆਂ ਗੋਰਿਆਂ ਦੀਆਂ ਮਿੰਨਤਾਂ ਕਰਕੇ ਇਹ ਅਖਬਾਰ ਛਪਵਾ ਰਹੇ ਸਾਂ, ਪਰ ਹੁਣ ਵਾਲੇ ਸਤੰਬਰ ਵਿਚ ਇਕ ਸਾਲ ਭਰ ਦੀ ਅਥੱਕ ਕੋਸ਼ਿਸ਼ ਦਾ ਨਤੀਜਾ ਹੈ ਕਿ ਸਾਡਾ ਆਪਣਾ ਗੁਰਮੁਖੀ ਅੰਗਰੇਜ਼ੀ ਛਾਪੇਖਾਨਾ ਕਾਇਮ ਹੈ। ਇਸ ਤੋਂ ਵਧ ਕੇ ਸੇਵਕਾਂ ਨੂੰ ਹੋਰ ਕੀ ਖੁਸ਼ੀ ਵਾਲਾ ਭਾਗਾਂ ਭਰਿਆ ਦਿਹਾੜਾ ਹੋ ਸਕਦਾ ਹੈ ਕਿ ਉਨ੍ਹਾਂ ਦੀ ਸੇਵਾ ਤੇ ਮਿਹਨਤ ਦਾ ਪਹਿਲਾ ਸਾਲ ਅਕਾਲ ਪੁਰਖ ਦੀ ਕਿਰਪਾ ਤੇ ਆਪ ਭਰਾਵਾਂ ਦੀ ਮਦਦ ਨਾਲ ਨਿਰਵਿਘਨ ਮੁਕਣ ਨੂੰ ਆਇਆ ਹੈ। ਇਸ ਖੁਸ਼ੀ ਭਰੇ ਸੰਸਾਰ ਦੀ ਪਹਿਲੇ ਵਰ੍ਹੇਗੰਢ ਪਰ 20 ਸਤੰਬਰ ਦਾ ‘ਸੰਸਾਰ’ ਇਕ ਖਾਸ ਸਾਲਾਨਾ ਨੰਬਰ ਕਰਕੇ ਨਿਕਲੇਗਾ ਜੋ ਵਧੀਆ ਕਾਗਜ਼ ਪਰ ਰੰਗਦਾਰ ਛਪੇਗਾ। ਹੁਣ ਦੇ ਹੀ ‘ਸੰਸਾਰ’ ਦੇ ਖਰਚ ਪੂਰੇ ਕਰਨੇ ਸਾਡੇ ਵਿਤੋਂ ਬਾਹਰ ਹੋ ਰਹੇ ਹਨ। ਸਾਡੇ ਪਾਸ ਮਾਇਆ ਨਹੀਂ ਹੈ, ਪਰ ਦਿਲ ਹੈ, ਸਰੀਰ ਹੈ, ਮਿਹਨਤ ਹੈ। ਅਸੀਂ ਚਾਹੁੰਦੇ ਹਾਂ ਕਿ 20 ਸਤੰਬਰ ਦੇ ‘ਸੰਸਾਰ’ ਵਿਚ ਕੈਨੇਡਾ ਤੇ ਅਮਰੀਕਾ ਦੇ ਹਰ ਥਾਂ ਦੇ ਭਰਾਵਾਂ ਦੀਆਂ ਤਸਵੀਰਾਂ ਦੇ ਪੂਰੇ ਹਾਲ ਹੋਣ ਜਿਸ ਨਾਲ ਕਿ ਦੂਰ ਬੈਠੇ ਭਰਾ ਇਕ ਦੂਜੇ ਦੇ ਦਰਸ਼ਨ ਕਰ ਸਕਣ ਤੇ ਸਾਡੇ ਇਸ ਸੇਵਕ ਦੇ ਤੁਫੈਲ ਦੂਰ ਬੈਠਿਆਂ ਹੀ ਪ੍ਰੇਮ ਵਧੇ ਤੇ ਇਕ ਦੂਜੇ ਦਾ ਪਤਾ ਲੱਗੇ।
ਅਸੀਂ ਆਪਣੇ ਵੱਲੋਂ ਇਸ ਸੇਵਾ ਲਈ ਸਿਰਫ ਦਿਨ ਰਾਤ ਮਿਹਨਤ ਕਰ ਸਕਦੇ ਹਾਂ। ਮਾਇਆ ਦੀ ਮਦਦ ਕਰਨੀ ਭਰਾਵਾਂ ਦੇ ਵੱਸ ਹੈ। ਸੋ ਜੇ ਸਾਨੂੰ ਸੱਠ ਡਾਲਰ ਇਸ ਪਰਚੇ ਦੇ ਸਾਮਾਨ ਲਈ ਮਿਲ ਜਾਣ ਤਾਂ ਅਸੀਂ ਮਿਹਨਤ ਵੱਲੋਂ ਤਾਂ ਕਸਰ ਰਹਿਣ ਹੀ ਨਹੀਂ ਦਿੰਦੇ। ਬੇਨਤੀ ਹੈ ਕਿ ਅਸੀਂ ਇਸ ਸੇਵਾ ਲਈ ਆਪਣਾ ਵਿਤੋਂ ਬਾਹਰਾ ਜ਼ੋਰ ਲਾਵਾਂਗੇ। ਜੇ ਆਪ ਭਰਾ ਭੀ ਸਾਡੀ ਥੋੜ੍ਹੀ ਮਦਦ ਕਰੋ ਤਾਂ 20 ਸਤੰਬਰ ਦਾ ‘ਸੰਸਾਰ’ ਇਕ ਸੁਗਾਤ ਬਣ ਸਕਦਾ ਹੈ।
ਪੋਰਟਲੈਂਡ, ਆਸਟਰੀਆ, ਵੈਨਕੂਵਰ, ਨੀਊ ਵੈਸਟਮਿਨਸਟਰ, ਯੂਨੀਅਨਬੇ, ਸਟਾਕਟਨ, ਗੋਲਡਨ ਹੋਲਟ ਪੇਰਟਮੁਢੀ, ਮਿਲਸਾਈਡ ਤੇ ਹੋਰ ਹਰ ਜਗ੍ਹਾ ਤੋਂ ਜਿਥੇ ਆਪ ਰਹਿੰਦੇ ਹੋ, ਸਾਨੂੰ ਹਰ ਥਾਂ ਦੇ ਜਥਿਆਂ ਦੀਆਂ ਤਸਵੀਰਾਂ ਹਰ ਤਸਵੀਰ ਨਾਲ ਪੰਜ ਡਾਲਰ ਛਪਣ ਲਈ ਤਾਂਬੇ ਦਾ ਕੱਟ ਬਣਾਉਣ ਲਈ ਤੇ ਇਕ ਉਸ ਜਗ੍ਹਾ ਦਾ ਸਾਰਾ ਖੋਲ੍ਹ ਕੇ ਲਿਖਿਆ ਹੋਇਆ ਪੂਰਾ ਹਾਲ, ਇਹ ਤਿੰਨ ਚੀਜ਼ਾਂ ਮਿਲ ਜਾਣ ਤਾਂ ਸਮਝੋ 20 ਸਤੰਬਰ ਦਾ ‘ਸੰਸਾਰ’ ਇਕ ਫੁੱਲਾਂ ਦੀ ਫੁਲਵਾੜੀ ਬਣ ਸਕਦਾ ਹੈ। ਇਹ ਤਿੰਨ ਚੀਜ਼ਾਂ 5 ਸਤੰਬਰ ਤਾਂਈਂ ‘ਸੰਸਾਰ’ ਦੇ ਦਫਤਰ ਵਿਚ ਪੁੱਜ ਜਾਣ। ਇਕ ਜਗ੍ਹਾ ਰਹਿਣ ਵਾਲੇ ਕਈ ਕਈ ਭਰਾਵਾਂ ਨੂੰ ਇਕ ਤਸਵੀਰ ਬਖਸ਼ ਦੇਣੀ ਤੇ ਪੰਜ ਡਾਲਰ ਉਸ ਦੀ ਬਣਵਾਈ ਲਈ ਘਲਣੇ, ਕੋਈ ਬੜੀ ਗੱਲ ਨਹੀਂ ਹੈ। ਜੇ ਆਪ ਨੇ ਨਾ ਹਿੰਮਤ ਕੀਤੀ ਤਾਂ ਸਾਡੇ ਕੁਝ ਵੱਸ ਨਹੀਂ। ਅਸੀਂ ਫੇਰ ਆਪਣੀ ਹੀ ਥੋੜ੍ਹੀ ਬਹੁਤ ਵਾਹ ਲਾਵਾਂਗੇ। ਸਾਨੂੰ ਉਮੀਦ ਹੈ ਕਿ ਆਪ ਢਿੱਲ ਨਹੀਂ ਕਰੋਗੇ।