ਗੱਤਕੇ ਦੀ ਗੁੜਤੀ: ਅਧਿਆਤਮਕ ਅਤੇ ਸਰੀਰਕ ਪੱਖਾਂ ਦੀ ਅਹਿਮੀਅਤ

ਮਨਿੰਦਰਜੀਤ ਸਿੰਘ ਪੁਰੇਵਾਲ
ਹਿੰਦੁਸਤਾਨ ਦੀ ਧਰਤੀ ਨੇ ਸਮੇਂ ਸਮੇਂ ਬਹੁਤ ਉਤਾਰ-ਚੜ੍ਹਾਅ ਹੰਢਾਏ ਹਨ। ਅਣਗਿਣਤ ਕਲਾਵਾਂ, ਕਲਾ ਦੇ ਮੰਦਰ, ਸ਼ਬਦ ਤੇ ਆਵਾਜ਼ ਦੇ ਰੂਪ ਵਿਚ ਇਸ ਧਰਤੀ ਨੂੰ ਭਾਗ ਲਾ ਰਹੇ ਹਨ। ਇਨ੍ਹਾਂ ਅਣਗਿਣਤ ਕਲਾਵਾਂ ਵਿਚੋਂ ਇਕ ਕਲਾ ਹੈ ਸ਼ਸਤਰ ਕਲਾ। ਭਾਰਤ ਦੇ ਵੱਖ ਵੱਖ ਰਾਜਾਂ ਵਿਚ ਕਈ ਪ੍ਰਕਾਰ ਦੀਆਂ ਸ਼ਸਤਰ ਕਲਾਵਾਂ ਤੀਰਅੰਦਾਜ਼ੀ, ਕਮਾਨਬਾਜ਼ੀ, ਤਲਵਾਰਬਾਜ਼ੀ, ਗੁਰਜ ਕਲਾ ਆਦਿ ਅਜ ਵੀ ਪ੍ਰਚਲਿਤ ਹਨ। ਇਨ੍ਹਾਂ ਸ਼ੈਲੀਆਂ ਵਿਚੋਂ ਹੀ ਇਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰ ਕੇ ਪੰਜਾਬ ਅਤੇ ਉਤਰ ਭਾਰਤ ਦੇ ਕਈ ਇਲਾਕਿਆਂ ਵਿਚ ਪ੍ਰਚਲਿਤ ਹੈ।

ਸ਼ਸਤਰ ਵਿਦਿਆ ਦੀ ਸ਼ੁਰੂਆਤ ਧਿਆਨ ਤੋਂ ਹੁੰਦੀ ਹੈ, ਇਸ ਦੀਆਂ ਅਨੇਕ ਉਦਾਹਰਣਾਂ ਚੀਨ ਅਤੇ ਜਪਾਨ ਦੀਆਂ ਸ਼ਸਤਰ ਕਲਾਵਾਂ ਉਪਰ ਖੋਜ ਕਰਨ ਉਪਰੰਤ ਵੀ ਮਿਲੀਆਂ ਹਨ। ਉਸੇ ਤਰ੍ਹਾਂ ਗੱਤਕੇ ਦੀ ਸ਼ੁਰੂਆਤ ਵੀ ਧਿਆਨ, ਸਿਮਰਨ ਤੋਂ ਹੁੰਦੀ ਹੈ। ਜੇ ਕਿਰਿਆਤਮਕ ਪੱਖ ਤੋਂ ਵੀ ਦੇਖੀਏ ਤਾਂ ਸ਼ਸਤਰ ਕਲਾ ਸਿਖਣ ਅਤੇ ਉਸ ਨੂੰ ਆਪਣੇ ਜੀਵਨ ਸ਼ੈਲੀ ਵਿਚ ਸ਼ਾਮਲ ਕਰਨ ਲਈ ਮਨ ਦਾ ਸ਼ਾਂਤ ਅਤੇ ਕਾਬੂ ਵਿਚ ਹੋਣਾ ਬਹੁਤ ਜ਼ਰੂਰੀ ਹੈ। ਸ਼ਸਤਰ ਵਿੱਦਿਆ ਦਾ ਖਜ਼ਾਨਾ ਬਾਬਾ ਬੁੱਢਾ ਜੀ ਕੋਲ ਬਹੁਤ ਲੰਬਾ ਸਮਾਂ (ਗੁਰੂ ਨਾਨਕ ਦੇਵ ਤੋਂ ਗੁਰੂ ਹਰਿਗੋਬਿੰਦ ਤੱਕ) ਤਕਰੀਬਨ 115 ਸਾਲ ਰਿਹਾ। ਬਾਬਾ ਬੁੱਢਾ ਜੀ ਦੁਆਰਾ ਇੰਨਾ ਲੰਮਾ ਸਮਾਂ ਇਸ ਕਲਾ ਨੂੰ ਸਾਂਭੇ ਰੱਖਣਾ ਸੁਭਾਵਕ ਨਹੀਂ ਸੀ। ਇਹ ਵੀ ਤਾਂ ਹੀ ਸੰਭਵ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਧਿਆਨ ਪ੍ਰਕਿਰਿਆ ਵਿਚ ਮਜ਼ਬੂਤ ਬਣਾਈ ਰੱਖਿਆ।
ਗੁਰੂ ਨਾਨਕ ਦੇਵ ਨੇ ਜਦੋਂ ਸਰੀਰ ਤਿਆਗਿਆ ਤਾਂ ਗੁਰਗੱਦੀ ਉਪਰ ਬਿਰਾਜਮਾਨ ਹੋਏ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੇ ਵੀ ਸਭ ਤੋਂ ਜ਼ਿਆਦਾ ਧਿਆਨ, ਸਿਮਰਨ ਅਭਿਆਸ ਵੱਲ ਦਿੱਤਾ। ਨਾਲ ਹੀ ਉਨਾਂ ਮੱਲ ਅਖਾੜੇ ਅਰੰਭ ਦਿੱਤੇ। ਅੱਜ ਮੱਲ ਅਖਾੜੇ ਘੋਲ ਦੇ ਰੂਪ ਵਿਚ ਦੁਨੀਆਂ ਭਰ ਵਿਚ ਪ੍ਰਚਲਿਤ ਹਨ।
ਗੁਰੂ ਅੰਗਦ ਦੇਵ ਤੋਂ ਬਾਅਦ ਗੁਰੂ ਅਮਰਦਾਸ ਨੇ ਵੀ ਧਿਆਨ, ਸਿਮਰਨ ਨੂੰ ਮੁੱਖ ਰੱਖਿਆ ਤੇ ਮਲ ਅਖਾੜੇ ਦੀ ਵਿਰਾਸਤ ਨੂੰ ਸੰਭਾਲਿਆ। ਉਨ੍ਹਾਂ ਆਪਣੀ ਬਾਣੀ ਅਤੇ ਉਪਦੇਸ਼ਾਂ ਦੁਆਰਾ ਇਹ ਯਕੀਨੀ ਬਣਾਇਆ ਕਿ ਜਿਸ ਤਰ੍ਹਾਂ ਮੱਲ ਯੁੱਧ ਕਰਦਿਆਂ ਯੋਧਿਆਂ ਦਾ ਪਸੀਨਾ ਨਿਕਲਦਾ ਹੈ, ਉਸੇ ਤਰ੍ਹਾਂ ਸਿਮਰਨ ਕਰਦਿਆਂ ਮਨ ਵਿਚ ਘਰ ਕੀਤੀਆਂ ਸਮਾਜਿਕ ਕੁਰੀਤੀਆਂ ਨਿਕਲ ਜਾਣੀਆਂ ਚਾਹੀਦੀਆਂ ਹਨ।
ਗੁਰੂ ਅਮਰਦਾਸ ਤੋਂ ਬਾਅਦ ਗੁਰੂ ਰਾਮਦਾਸ ਨੇ ਸੰਗਤ ਦੀ ਮਹੱਤਤਾ ਨੂੰ ਸਮਝਦਿਆਂ ਗੁਰੂ ਸਾਹਿਬ ਨੇ ਸਰਾਵਾਂ ਅਤੇ ਧਰਮ ਮੰਦਰਾਂ ਦੀ ਉਸਾਰੀ ਦਾ ਕਾਰਜ ਅਰੰਭਿਆ। ਇਸੇ ਕਾਰਜ ਤਹਿਤ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵੀ ਆਰੰਭ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਲਾਇਆ ਜੋ ਅੰਤਰ ਦਰਸ਼ਨ ਅਤੇ ਸ਼ਸਤਰ ਵਿਦਿਆ, ਦੋਵਾਂ ਦੇ ਧਨੀ ਸਨ। ਫਿਰ ਗੁਰੂ ਅਰਜਨ ਦੇਵ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤਾਂ ਜੋ ਹਰ ਸਮੇਂ ਹਰ ਵਰਗ ਦਾ ਮਨੁੱਖ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਪਣਾ ਜੀਵਨ ਸੁਧਾਰ ਸਕੇ।
ਦੂਸਰੇ ਪਾਸੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਧਿਆਨ ਕੇਂਦ੍ਰਿਤ ਕਰਨਾ ਸਿੱਖਾਇਆ। ਗੁਰੂ ਹਰਿਗੋਬਿੰਦ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ, ਪਰ ਪਿਤਾ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਨਵੇਂ ਸਿਧਾਂਤ ਨੂੰ ਸਿਰਜਣ ਲਈ ਪ੍ਰੇਰਿਆ। ਉਨ੍ਹਾਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਵਕਤ ਦੀ ਹਕੂਮਤ ਨਾਲ ਜੰਗ ਦਾ ਐਲਾਨ ਕੀਤਾ ਕਿਉਂਕਿ ਜ਼ਾਲਮ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਗੁਰੂ ਹਰਿਗੋਬਿੰਦ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰ ਕੇ ਹੁਕਮਰਾਨਾਂ ਨੂੰ ਸਾਵਧਾਨ ਕਰ ਦਿੱਤਾ ਸੀ ਕਿ ਹੁਣ ਤੋਂ ਸੰਤ ਦੀ ਰਾਖੀ ਸੰਤ ਦੀ ਤੇਗ ਹੀ ਕਰੇਗੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਨੇ ਸੰਤ ਦੇ ਹੱਥ ਵਿਚ ਤੇਗ ਦੇ ਕੇ ਉਸ ਦੇ ਅੰਦਰ ਬੀਰ ਰਸ (ਜੋਸ਼) ਭਰ ਦਿੱਤਾ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਗੱਤਕਾ ਸਿੱਖਲਾਈ ਦਿੱਤੀ ਜਾਂਦੀ ਅਤੇ ਮੁਕਾਬਲੇ ਵੀ ਕਰਵਾਏ ਜਾਂਦੇ ਰਹੇ।
ਫਿਰ ਗੁਰੂ ਹਰਿ ਰਾਇ ਅਤੇ ਗੁਰੂ ਹਰਿਕ੍ਰਿਸ਼ਨ ਨੇ ਕੇਵਲ ਗੁਰਮਤਿ ਨਾਲ ਜੁੜ ਕੇ ਧਿਆਨ ਸਿਮਰਨ ਕਰਨ ਵੱਲ ਪ੍ਰੇਰਿਆ। ਗੁਰੂ ਹਰਿਕ੍ਰਿਸ਼ਨ ਤੋਂ ਬਾਅਦ, ਤੇਗ ਦੇ ਧਨੀ ਗੁਰੂ ਤੇਗ ਬਹਾਦਰ ਨੇ ਸ਼ਾਂਤਮਈ ਢੰਗ ਨਾਲ ਹਕੂਮਤ ਦੇ ਜ਼ੁਲਮ ਦਾ ਵਿਰੋਧ ਕੀਤਾ ਅਤੇ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਕਰ ਕੇ ਗੁਰੂ ਸਾਹਿਬ ਨੇ ਆਪਣੇ ਅਨੁਯਾਈਆਂ ਨੂੰ ਇਹ ਸਿੱਖਿਆ ਦਿੱਤੀ ਕਿ ਜਦੋਂ ਤੱਕ ਹਰ ਹੀਲਾ ਖਤਮ ਨਾ ਹੋ ਜਾਵੇ ਉਦੋਂ ਤੱਕ ਤਲਵਾਰ ਦਾ ਸਹਾਰਾ ਨਹੀਂ ਲੈਣਾ। ਗੁਰੂ ਗੋਬਿੰਦ ਸਿੰਘ ਨੇ ਵੀ ਇਹ ਰਸਤਾ ਹੀ ਅਪਣਾਇਆ ਕਿਉਂਕਿ ਜ਼ਾਲਮ ਦਾ ਜ਼ੁਲਮ ਹਦ ਤੋਂ ਪਾਰ ਹੋ ਚੁੱਕਾ ਸੀ ਤੇ ਉਸ ਨੂੰ ਰੋਕਣ ਦਾ ਹਰ ਹੀਲਾ ਵੀ ਬੇਕਾਰ ਹੋ ਗਿਆ ਸੀ। ਇਸ ਲਈ ਗੁਰੂ ਸਾਹਿਬ ਨੇ ਜ਼ਾਲਮ ਨਾਲ ਸਿੱਧੀ ਟੱਕਰ ਲਈ। ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਨਾਮ ਲਿਖੀ ਆਪਣੀ ਫ਼ਤਹਿ ਦੀ ਚਿੱਠੀ ‘ਜ਼ਫ਼ਰਨਾਮਾ’ ਵਿਚ ਇਹ ਲਿਖ ਕੇ ਸਾਬਿਤ ਕੀਤਾ ਕਿ ਉਨ੍ਹਾਂ ਨੇ ਮਜਬੂਰਨ ਤੇਗ ਚੁੱਕੀ ਹੈ ਕਿਉਂਕਿ ਹੁਕਮਰਾਨ ਨੇ ਹੋਰ ਕੋਈ ਰਸਤਾ ਹੀ ਨਹੀਂ ਛੱਡਿਆ।
ਸਿੱਖ ਸਮਾਜ ਦੇ ਨਾਲ ਨਾਲ ਇਹ ਸਿੱਖਿਆ ਹੌਲੀ-ਹੌਲੀ ਹੋਰ ਵਰਗਾਂ ਨੂੰ ਵੀ ਪ੍ਰਭਾਵਿਤ ਕਰਨ ਲੱਗ ਗਈ। ਪੁਲਿਸ ਅਤੇ ਫੌਜ ਵਿਚ ਭਰਤੀ ਹੋਣ ਸਮੇਂ ਘੋੜਸਵਾਰੀ ਦੇ ਨਾਲ-ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜ਼ ਨੂੰ ਪਹਿਲ ਦਿੱਤੀ ਜਾਂਦੀ ਸੀ। ਕਈ ਘਰਾਣਿਆਂ ਵਿਚ ਤਾਂ ਬਹੁਤ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਗੱਤਕਾ ਖੇਡਣ ਦੀ ਜਾਂਚ ਸਿੱਖਾਈ ਜਾਂਦੀ ਸੀ। ਜਿਸ ਥਾਂ ‘ਤੇ ਗੱਤਕੇ ਦੀ ਸਿੱਖਿਆ ਦਿੱਤੀ ਜਾਂਦੀ, ਉਸ ਨੂੰ ‘ਅਖਾੜਾ’ ਕਿਹਾ ਜਾਂਦਾ ਸੀ। ਸਿੱਖਣ ਵਾਲਿਆਂ ਲਈ ਸਮੇਂ ਦੀ ਪਾਬੰਦੀ, ਜਗ੍ਹਾ ਦੀ ਪਾਬੰਦੀ ਅਤੇ ਰਹਿਤ ਦੀ ਪਾਬੰਦੀ ਕਰਨੀ ਅਤਿ ਜ਼ਰੂਰੀ ਸਮਝੀ ਜਾਂਦੀ ਸੀ। ਹੌਲੀ-ਹੌਲੀ ਇਕ ਅਖਾੜੇ ਤੋਂ ਕਈ ਅਖਾੜੇ ਪਿੰਡਾਂ ਕਸਬਿਆਂ ਵਿਚ ਸਥਾਪਿਤ ਹੋਣ ਲੱਗੇ ਅਤੇ ਫਿਰ ਇਨ੍ਹਾਂ ਅਖਾੜਿਆਂ ਵਿਚ ਆਪਸੀ ਮੁਕਾਬਲੇ ਵੀ ਕਰਵਾਏ ਜਾਂਦੇ। ਸਿੱਖ ਮਿਸਲਾਂ ਦੀ ਹੋਂਦ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਅਜਿਹਾ ਹੁੰਦਾ ਰਿਹਾ।
ਇਸ ਖੇਡ ਵਿਚ ਮੁੱਖ ਰੂਪ ਵਿਚ ਦੋ ਪੱਖਾਂ ਵਿਚ ਨਿਪੁੰਨਤਾ ਹਾਸਲ ਕਰਨੀ ਜ਼ਰੂਰੀ ਹੈ-ਪਹਿਲਾ ਤਾਂ ਆਪਣੇ ਵਿਰੋਧੀ ਦਾ ਹਮਲਾ ਰੋਕਣਾ ਅਤੇ ਦੂਜਾ ਵਿਰੋਧੀ ‘ਤੇ ਹਮਲਾ ਕਰਨਾ। ਗੱਤਕਾ ਖੇਡਣ ਲਈ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਹਨ। ਹਮਲਾ ਕਰਨ ਲਈ ਗੱਤਕਾ ਸੋਟੀ ਜਾਂ ਤਲਵਾਰ ਅਤੇ ਹਮਲਾ ਰੋਕਣ ਲਈ ਢਾਲ ਹੁੰਦੀ ਹੈ। ਗੱਤਕਾ ਇਕ ਮੀਟਰ (39 ਇੰਚ) ਦੇ ਕਰੀਬ ਲੰਬਾ ਡੰਡਾ ਹੁੰਦਾ ਹੈ। ਇਸ ਦੇ ਇਕ ਸਿਰੇ ‘ਤੇ ਹੱਥ ਦੀ ਚੰਗੀ ਪਕੜ ਅਤੇ ਸੁਰੱਖਿਆ ਲਈ ਗੱਦੀ ਲਗਾਈ ਹੁੰਦੀ ਹੈ। ਢਾਲ ਲੱਕੜ ਜਾਂ ਲੋਹੇ ਦੀ ਬਣੀ ਹੁੰਦੀ ਹੈ, ਜਿਸ ਦੇ ਅੰਦਰਲੇ ਪਾਸੇ ਫੜਨ ਲਈ ਮਜ਼ਬੂਤ ਕੁੰਡੀ ਲੱਗੀ ਹੁੰਦੀ ਹੈ। ਸ਼ੁਰੂ ਵਿਚ ਗੱਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੁਝ ਮੁਹਾਰਤ ਹਾਸਲ ਕਰ ਲੈਣ ਤੋਂ ਬਾਅਦ ਤਲਵਾਰ ਅਤੇ ਕਈ ਹੋਰ ਮੁੱਖ ਹਥਿਆਰਾਂ-ਖੰਡਾ (ਦੋ ਧਾਰੀ ਤਲਵਾਰ), ਤਵਰ (ਕੁਹਾੜਾ), ਬਰਛਾ, ਚੱਕਰ, ਨੇਜਾ ਅਤੇ ਜਾਲ ਨਾਲ ਸਿੱਖਲਾਈ ਦਿੱਤੀ ਜਾਂਦੀ ਹੈ।
ਆਜ਼ਾਦੀ ਤੋਂ ਬਾਅਦ ਖਾਸ ਤੌਰ ‘ਤੇ ਇਸ ਸਿੱਖਿਆ ਵੱਲ ਲੋਕਾਂ ਦਾ ਧਿਆਨ ਹੌਲੀ-ਹੌਲੀ ਘਟਦਾ ਚਲਾ ਗਿਆ, ਕਿਉਂਕਿ ਤਲਵਾਰਾਂ, ਨੇਜੇ, ਬਰਛੇ, ਖੰਡੇ ਅਤੇ ਤੀਰ ਕਮਾਨ ਦੀ ਜਗ੍ਹਾ ਬੰਦੂਕਾਂ, ਪਿਸਤੌਲਾਂ, ਰਿਵਾਲਵਰਾਂ, ਰਾਕਟਾਂ, ਲਾਂਚਰਾਂ, ਮਿਜ਼ਾਈਲਾਂ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਣ ਲੱਗੀ। ਕੁਝ ਸਮਾਂ ਪਹਿਲਾਂ ਜੇ ਇੱਕ ਦਹਾਕਾ ਪਹਿਲਾਂ ਦੀ ਗੱਲ ਨਾ ਕਰੀਏ ਤਾਂ ਉਸ ਤੋਂ ਪਹਿਲਾਂ ਇਹ ਖੇਡ ਨਿਹੰਗ ਸਿੰਘਾਂ ਅਤੇ ਅਜਿਹੇ ਕੁਝ ਹੋਰ ਸਮੂਹਾਂ ਤਕ ਹੀ ਸੀਮਿਤ ਰਹਿ ਗਈ ਸੀ। ਮੇਲਿਆਂ ਅਤੇ ਨਗਰ ਕੀਰਤਨ ਵਿਚ ਗੱਤਕੇਬਾਜ਼ੀ ਨੂੰ ਰੌਚਕ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾਂਦਾ ਸੀ। ਵੱਖ-ਵੱਖ ਸਮਿਆਂ ‘ਤੇ ਗੱਤਕੇ ਨੂੰ ਖੇਡ ਵਜੋਂ ਮਾਨਤਾ ਦਿੱਤੇ ਜਾਣ ਦੀ ਗੱਲ ਤੁਰਦੀ ਰਹੀ ਅਤੇ ਲੁਕਦੀ ਰਹੀ ਹੈ ਪਰ ਪੰਜਾਬ ਸਰਕਾਰ ਨੇ ਇਸ ਵਿਦਿਆ ਅਤੇ ਇਸ ਖੇਡ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਇਸੇ ਕਾਰਨ ਪਹਿਲਾਂ ਇੰਟਰ ਕਾਲਜ ਅਤੇ ਫਿਰ ਇੰਟਰ ਯੂਨੀਵਰਸਿਟੀ ਮੁਕਾਬਲੇ ਕਰਵਾਏ ਜਾਣ ਲੱਗ ਪਏ ਹਨ।