ਕੋਲੰਬੀਆ ਦੇ ਦੋ ਐਸਕੋਬਾਰ

ਪਰਦੀਪ ਸੈਨ ਹੋਜੇ
ਕੋਲੰਬੀਆ ਦੱਖਣੀ ਅਮਰੀਕਾ ਦਾ ਕਰੀਬ 5 ਕਰੋੜ ਦੀ ਵਸੋਂ ਵਾਲਾ ਦੇਸ਼ ਹੈ, ਜਿਸ ਦਾ ਨਾਂ ਕ੍ਰਿਸਟੋਫਰ ਕੋਲੰਬਸ ਦੇ ਨਾਂ ‘ਤੇ ਪਿਆ ਹੈ। ਇਸ ਦੇ ਇਕ ਪਾਸੇ ਸਮੁੰਦਰ ਹੈ ਅਤੇ ਅੰਦਰ ਜੰਗਲ-ਪਹਾੜਾਂ ਦੇ ਨਾਲ ਖੇਤੀ ਵਾਲੀ ਜਮੀਨ ਹੈ। ਲਾਸ ਕੈਫੇਟੀਅਰਸ (. ੌੰ ਛAਾਂਓਠਓ੍ਰੌੰ) ਮਤਲਬ ਕੌਫੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਦੇਸ਼। ਪਿਛਲੇ ਕਈ ਦਹਾਕਿਆਂ ਤੋਂ ਕੋਕੀਨ ਉਤਪਾਦਨ ਅਤੇ ਇਸ ਦੀ ਤਸਕਰੀ ਕਰ ਕੇ ਵੀ ਚਰਚਾ ਵਿਚ ਹੈ। ਕੋਲੰਬੀਆ ਬਾਕੀ ਦੱਖਣੀ ਅਮਰੀਕਾ ਦੇ ਦੇਸ਼ਾਂ ਵਾਂਗ ਫੁੱਟਬਾਲ ਦੀ ਖੇਡ ਲਈ ਵੀ ਮਸ਼ਹੂਰ ਹੈ। ਜਦੋਂ ਕਦੀ ਵੀ ਕੋਲੰਬੀਆ ਦੀ ਕੋਕੀਨ ਅਤੇ ਫੁੱਟਬਾਲ ਬਾਰੇ ਚਰਚਾ ਹੋਏ ਤਾਂ ਐਸਕੋਬਾਰ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੈ।

ਅਸਲ ਵਿਚ ਇਹ ਦੋ ਵਿਆਕਤੀਆਂ ਦੇ ਨਾਂ ਹਨ-ਪਾਬਲੋ ਐਸਕੋਬਾਰ ਅਤੇ ਆਂਦਰੇਸ ਐਸਕੋਬਾਰ। ਇਹ ਦੋਵੇਂ ਆਪੋ-ਆਪਣੇ ਪੇਸ਼ੇ ਵਿਚ ਮਸ਼ਹੂਰ ਸਨ। ਇਕ ਸਾਲ ਦੇ ਅੰਦਰ ਦੋਹਾਂ ਨੂੰ ਮੈਡਲੇਨ ਸ਼ਹਿਰ ਵਿਚ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਚਾਹੁਣ ਵਾਲੇ ਲੱਖਾਂ ਹੀ ਲੋਕ, ਉਨ੍ਹਾਂ ਦੇ ਮਾਤਮ ਵਿਚ ਹੰਝੂ ਭਰੀਆਂ ਅੱਖਾਂ ਨਾਲ ਸ਼ਾਮਿਲ ਹੋਏ। ਅੱਜ ਵੀ ਦੋਹਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਵਜ੍ਹਾ ਅਲੱਗ-ਅਲੱਗ ਹੈ।
ਪਾਬਲੋ ਐਸਕੋਬਾਰ ਦਾ ਜਨਮ ਪਹਿਲੀ ਦਸੰਬਰ 1949 ਨੂੰ ਮੈਡਲੇਨ ਸ਼ਹਿਰ ਦੇ ਨੇੜੇ ਇਕ ਗਰੀਬ ਪਰਿਵਾਰ ‘ਚ ਹੋਇਆ। ਗਰੀਬੀ ਨਾਲ ਘੁਲਦਾ ਉਹ ਛੋਟੀ ਉਮਰੇ ਹੀ ਗਲਤ ਧੰਦਿਆਂ ਵਿਚ ਪੈ ਗਿਆ। ਪਹਿਲਾਂ ਉਸ ਨੇ ਗੈਰ-ਕਾਨੂੰਨੀ ਢੰਗ ਨਾਲ ਸਿਗਰਟਾਂ ਵੇਚਣ ਦਾ ਧੰਦਾ ਕੀਤਾ ਅਤੇ ਫੇਰ ਕਾਰਾਂ ਚੋਰੀ ਕਰਕੇ ਪੈਸੇ ਕਮਾਉਣ ਲੱਗਾ। ਉਸ ਨੇ ਅਮੀਰ ਲੋਕਾਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਫਿਰੌਤੀ ਲੈਣੀ ਸ਼ੁਰੂ ਕਰ ਦਿੱਤੀ। ਗਲਤ ਧੰਦਿਆਂ ਦਾ ਰਸਤਾ ਉਸ ਨੂੰ ਕੋਕੀਨ ਦੀ ਤਸਕਰੀ ਵਲ ਲੈ ਗਿਆ। ਸ਼ੁਰੂ ਵਿਚ ਉਹ ਇਕ ਛੋਟੇ ਪੱਧਰ ਦਾ ਤਸਕਰ ਸੀ ਪਰ 1975 ਦੇ ਕਰੀਬ ਉਸ ਨੇ ਅਮਰੀਕਾ ਨੂੰ ਕੋਕੀਨ ਭੇਜਣ ਦਾ ਰਸਤਾ ਲੱਭ ਲਿਆ। ਉਹ ਹਰ ਮਹੀਨੇ 70-80 ਟਨ ਕੋਕੀਨ ਭੇਜਣ ਲੱਗਾ, ਜਿਸ ਦੀ ਕੀਮਤ ਸਾਲ ਭਰ ਵਿਚ ਕਰੀਬ 29 ਬਿਲੀਅਨ ਡਾਲਰ ਬਣਦੀ ਸੀ।
ਜਦੋਂ ਅਮਰੀਕਾ ਦੇ ਦਬਾਅ ਹੇਠ ਕੋਲੰਬੀਆ ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਬਲੋ ਗੁੱਸੇ ਵਿਚ ਪਾਗਲ ਹੋ ਗਿਆ। ਉਸ ਨੇ 500 ਪੁਲਿਸ ਮੁਲਾਜ਼ਮ, ਬਾਰਾਂ ਸੁਪਰੀਮ ਕੋਰਟ ਦੇ ਜੱਜ ਅਤੇ ਕਈ ਸਿਆਸੀ ਨੇਤਾ ਮਰਵਾ ਦਿੱਤੇ। ਇਕ ਹਵਾਈ ਜਹਾਜ ਨੂੰ ਅਸਮਾਨ ਵਿਚ ਹੀ ਉੜਾ ਦਿੱਤਾ, ਜਿਸ ਵਿਚ 107 ਲੋਕ ਸਫਰ ਕਰ ਰਹੇ ਸਨ, ਪਰ ਗਰੀਬ ਲੋਕਾਂ ਦਾ ਪਾਬਲੋ ਮਸੀਹਾ ਵੀ ਸੀ। ਉਸ ਨੇ ਉਨ੍ਹਾਂ ਲਈ ਸਕੂਲ, ਹਸਪਤਾਲ, ਚਰਚ ਅਤੇ ਫੁੱਟਬਾਲ ਖੇਡਣ ਲਈ ਸਟੇਡੀਅਮ ਬਣਵਾਏ। ਇਹ ਲੋਕ ਉਸ ਦੇ ਇਸ ਉਪਕਾਰ ਬਦਲੇ ਪੁਲਿਸ ਤੋਂ ਬਚਣ ‘ਚ ਉਸ ਦੀ ਮਦਦ ਕਰਦੇ।
ਪਾਬਲੋ ਫੁੱਟਬਾਲ ਦੀ ਖੇਡ ਦਾ ਸ਼ੌਕੀਨ ਸੀ, ਕਈ ਵਾਰ ਉਹ ਮੈਚ ਵੇਖਣ ਵੀ ਜਾਂਦਾ ਅਤੇ ਖਿਡਾਰੀਆਂ ਦੀ ਮਾਲੀ ਮਦਦ ਵੀ ਕਰਦਾ। ਅੰਤ ਵਿਚ ਹਰ ਅਪਰਾਧੀ ਦੀ ਤਰ੍ਹਾਂ ਪਾਬਲੋ ਦਾ ਹਸ਼ਰ ਵੀ ਮਾੜਾ ਹੀ ਹੋਇਆ। ਅਮਰੀਕਾ ਦੀ ਮਦਦ ਨਾਲ ਕੋਲੰਬੀਆ ਦੀ ਪੁਲਿਸ ਜਦੋਂ ਉਸ ਦੇ ਪੂਰੀ ਤਰ੍ਹਾਂ ਪਿਛੇ ਪੈ ਗਈ ਤਾਂ ਪਾਬਲੋ ਨੂੰ ਲੁਕਣ ਲਈ ਕੋਈ ਥਾਂ ਨਹੀਂ ਮਿਲੀ। ਉਸ ਨੂੰ 2 ਦਸੰਬਰ 1993 ਨੂੰ ਨੰਗੇ ਪੈਰੀਂ ਛੱਤ ਉਪਰ ਭੱਜਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਪਰ ਉਸ ਦੇ ਅੰਤਿਮ ਸੰਸਕਾਰ ਮੌਕੇ ਲੱਖਾਂ ਲੋਕ ਉਸ ਨੂੰ ਅਲਵਿਦਾ ਆਖਣ ਆਏ।
ਆਂਦਰੇਸ ਐਸਕੋਬਾਰ ਦਾ ਜਨਮ 13 ਮਾਰਚ 1967 ਨੂੰ ਮੈਡਲੇਨ ਸ਼ਹਿਰ ਵਿਚ ਇਕ ਮੱਧਵਰਗੀ ਪਰਿਵਾਰ ਵਿਚ ਹੋਇਆ। ਉਸ ਦਾ ਪਿਤਾ ਇਕ ਬੈਂਕ ਕਰਮਚਾਰੀ ਸੀ। ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਆਂਦਰੇਸ ਫੁੱਟਬਾਲ ਵੀ ਵਧੀਆ ਖੇਡਦਾ ਸੀ। ਉਸ ਨੇ ਆਪਣੇ ਹੀ ਸ਼ਹਿਰ ਦੀ ਪੇਸ਼ਾਵਰ ਕਲੱਬ ਅਟਲੈਟਿਕੋ ਨੈਸ਼ਨਲ (Aਟਲeਟਚੋ ਂਅਟਿਨਅਲ) ਲਈ ਖੇਡਣਾ ਸ਼ੁਰੂ ਕੀਤਾ। ਕੁਝ ਸਮਾਂ ਉਹ ਸਵਿਟਜ਼ਰਲੈਂਡ ਦੀ ਕਲੱਬ ਯੰਗ ਬੁਆਏਜ਼ (ੁਨਗ ਭੇਸ) ਲਈ ਵੀ ਖੇਡਿਆ।
ਆਂਦਰੇਸ ਆਪਣੇ ਦੇਸ਼ ਕੋਲੰਬੀਆ ਲਈ 51 ਵਾਰ ਖੇਡਿਆ। ਉਹ 1990 ‘ਚ ਫਰਾਂਸ ਵਿਚ ਹੋਏ ਵਿਸ਼ਵ ਕੱਪ ਦੀ ਟੀਮ ਦਾ ਵੀ ਮੈਂਬਰ ਸੀ। ਆਂਦਰੇਸ ਆਪਣੀ ਸਾਫ-ਸੁਥਰੀ ਖੇਡ ਲਈ ਜਾਣਿਆ ਜਾਂਦਾ ਸੀ, ਇਸੇ ਕਰ ਕੇ ਉਸ ਨੂੰ ਜੈਂਟਲਮੈਨ (ਠ੍ਹਓ ਘਓਂਠ. ਓੰAਂ) ਦੇ ਨਾਂ ਨਾਲ ਬੁਲਾਇਆ ਜਾਂਦਾ। ਆਂਦਰੇਸ ਦੀ ਮੰਗਣੀ ਆਪਣੀ ਪ੍ਰੇਮਿਕਾ ਡਾ. ਪਾਮੇਲਾ ਕੇਸਕੋਰਡੋ ਨਾਲ ਹੋਈ ਪਰ ਉਨ੍ਹਾਂ ਨੇ ਵਿਆਹ 1994 ਦੇ ਵਿਸ਼ਵ ਕੱਪ ਤੋਂ ਬਾਅਦ ਕਰਨ ਦੀ ਯੋਜਨਾ ਬਣਾਈ ਸੀ। ਜਦ ਕੋਲੰਬੀਆ ਦੀ ਟੀਮ ਵਿਸ਼ਵ ਕੱਪ ਖੇਡਣ ਲਈ ਅਮਰੀਕਾ ਗਈ ਤਾਂ ਲੋਕਾਂ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਫੀਫਾ ਦੀ ਸੂਚੀ ਵਿਚ ਕੋਲੰਬੀਆ ਸੱਤਵੇਂ ਨੰਬਰ ‘ਤੇ ਸੀ। ਆਂਦਰੇਸ ਇਸ ਟੀਮ ਦੀ ਡਿਫੈਂਸ ਲਾਈਨ ਵਿਚ ਖੇਡਦਾ ਸੀ। ਚਾਰ ਟੀਮਾਂ ਦੇ ਗਰੁਪ ਵਿਚ ਕੋਲੰਬੀਆ ਪਹਿਲਾ ਹੀ ਮੈਚ ਰੋਮਾਨੀਆ ਤੋਂ ਹਾਰ ਗਿਆ, ਜਿਸ ਕਰ ਕੇ ਉਨ੍ਹਾਂ ਲਈ ਬਾਕੀ ਰਹਿੰਦੇ ਦੋਵੇਂ ਮੈਚ ਜਿੱਤਣੇ ਅਤੀ ਜਰੂਰੀ ਸਨ।
ਕੋਲੰਬੀਆ ਦਾ ਦੂਜਾ ਮੈਚ ਪੇਸਡੇਨਾ (ਕੈਲੀਫੋਰਨੀਆ) ਵਿਚ ਮੇਜ਼ਬਾਨ ਅਮਰੀਕਾ ਨਾਲ ਸੀ। 22 ਜੂਨ 1994 ਨੂੰ ਇਹ ਮੈਚ ਆਂਦਰੇਸ ਅਤੇ ਕੋਲੰਬੀਆ ਲਈ ਘਾਤਕ ਸਿੱਧ ਹੋਇਆ। ਆਂਦਰੇਸ ਨੇ ਫੁੱਟਬਾਲ ਨੂੰ ਕਿੱਕ ਮਾਰ ਕੇ ਆਪਣੇ ਗੋਲਾਂ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਵਿਚ ਆਪਣੀ ਹੀ ਟੀਮ ਸਿਰ ਗੋਲ ਕਰ ਦਿੱਤਾ। ਭਾਵੇਂ ਇਹ ਇਕ ਇਮਾਨਦਾਰੀ ਵਾਲੀ ਗਲਤੀ ਸੀ ਪਰ ਕੋਲੰਬੀਆ 1-2 ਨਾਲ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ। ਤੀਜਾ ਮੈਚ ਜਿੱਤਣ ਦਾ ਕੋਈ ਫਾਇਦਾ ਨਾ ਹੋਇਆ।
ਕੋਲੰਬੀਆ ਲਈ ਇਹ ਨਿਰਾਸ਼ਾ ਭਰਿਆ ਦਿਨ ਸੀ ਅਤੇ ਕਈ ਲੋਕ ਆਂਦਰੇਸ ਨੂੰ ਇਸ ਦਾ ਜਿੰਮੇਵਾਰ ਸਮਝਦੇ ਸਨ। ਸੱਟਾ ਬਾਜ਼ਾਰ ਵਿਚ ਹਾਰੇ ਲੋਕਾਂ ਦਾ ਉਹ ਦੁਸ਼ਮਣ ਬਣ ਗਿਆ। ਕੋਲੰਬੀਆ ਜਾ ਕੇ ਪੱਤਰਕਾਰਾਂ ਦੇ ਸਖਤ ਸੁਆਲਾਂ ਦਾ ਉਤਰ ਦਿੰਦਿਆ ਉਸ ਨੇ ਕਿਹਾ ਸੀ, “ਜ਼ਿੰਦਗੀ ਇਥੇ ਹੀ ਖਤਮ ਨਹੀਂ ਹੁੰਦੀ।” (. ਿe ਦੋeਸਨ’ਟ eਨਦ ਹeਰe). ਪਰ ਕਈ ਦੋਸਤਾਂ ਨੂੰ ਆਉਣ ਵਾਲੇ ਖਤਰੇ ਦਾ ਪਤਾ ਸੀ। ਉਨ੍ਹਾਂ ਆਂਦਰੇਸ ਨੂੰ ਕੁਝ ਸਮੇਂ ਲਈ ਘਰ ਅੰਦਰ ਹੀ ਰਹਿਣ ਲਈ ਕਿਹਾ। ਇਕ ਦਿਨ ਆਂਦਰੇਸ ਆਪਣੇ ਦੋਸਤਾਂ ਨਾਲ ਬੀਅਰ ਬਾਰ ਨੂੰ ਚਲਾ ਗਿਆ। ਜਦੋਂ ਉਹ ਵਾਪਸ ਆਉਣ ਲਈ ਆਪਣੀ ਕਾਰ ਵਿਚ ਬੈਠਾ ਤਾਂ ਉਸ ਦਾ ਪਿੱਛਾ ਕਰਦੇ ਕੁਝ ਲੋਕਾਂ ਨਾਲ ਉਸ ਦੇ ਕੀਤੇ ਗੋਲ ਕਰ ਕੇ ਬਹਿਸ ਹੋ ਗਈ। ਉਨ੍ਹਾਂ ਆਂਦਰੇਸ ਨੂੰ ਛੇ ਗੋਲੀਆਂ ਮਾਰੀਆਂ ਅਤੇ 2 ਜੁਲਾਈ 1994 ਨੂੰ 27 ਸਾਲ ਦੀ ਉਮਰ ਵਿਚ ਆਂਦਰੇਸ ਐਸਕੋਬਾਰ ਸਦਾ ਲਈ ਸਾਡੇ ਤੋਂ ਵਿਦਾ ਹੋ ਗਿਆ। ਇੱਕ ਲੱਖ ਵੀਹ ਹਜ਼ਾਰ ਲੋਕ ਉਸ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ।
ਅਸੀਂ ਜਿੱਤਾਂ ਜਿੱਤ ਕੇ ਆਏ ਸੀ
ਸਾਡੇ ਗਲ ਉਨ੍ਹਾਂ ਤਗਮੇ ਪਾਏ ਸੀ।
ਗਲੀਆਂ ਦੇ ਨਾਂ ਸਾਡੇ ਨਾਂਵਾਂ ‘ਤੇ
ਵਿਚ ਚੌਕਾਂ ਬੁੱਤ ਉਨ੍ਹਾਂ ਲਾਏ ਸੀ।
ਸਾਡੇ ਮੱਥੇ ਚੁੰਮੇ ਲੱਖਾਂ ਨੇ
ਵਿਚ ਹਵਾ ਦੇ ਨਾਅਰੇ ਲਾਏ ਸੀ।
ਅਸਮਾਨੀ ਸਾਨੂੰ ਚਾੜ੍ਹ ਉਨ੍ਹਾਂ
ਖੁਦ ਗੀਤ ਖੁਸ਼ੀ ਦੇ ਗਾਏ ਸੀ।
ਸਾਡੀ ਹਾਰ ਨਾ ਉਨ੍ਹਾਂ ਝੱਲੀ
ਅੱਜ ਭੁੱਲ ਰਿਸ਼ਤੇ ਸਾਰੇ ਯਾਰ ਗਏ।
ਜਿਹੜੇ ਹੱਥ ਕੱਲ ਸਿਜਦਾ ਕਰਦੇ ਸੀ
ਅੱਜ ਉਹੀ ਗੋਲੀ ਮਾਰ ਗਏ।