ਹੈਪੀ ਹੈਪੀ ਫਾਦਰ’ਜ਼ ਡੇਅ!

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫਾਦਰ’ਜ਼ ਡੇਅ ਦਾ ਬਹੁਤ ਪਿਆਰਾ ਦਿਨ ਆ ਗਿਆ ਹੈ। ਆਓ, ਅਸੀਂ ਵੀ ਸਾਰੇ ਆਪੋ ਆਪਣੇ ਸਤਿਕਾਰਯੋਗ ਪਿਤਾ ਜੀ, ਬਾਪੂ ਜੀ, ਭਾਪਾ ਜੀ ਅਤੇ ਡੈਡੀ ਜੀ ਨੂੰ ਇਸ ਸੋਹਣੇ ਦਿਨ ਦੀਆਂ ਵਧਾਈਆਂ ਦੇਈਏ, ਪਿਆਰ ਵੀ ਕਰੀਏ, ਸਤਿਕਾਰ ਵੀ ਕਰੀਏ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਨਰੋਈ ਜ਼ਿੰਦਗੀ ਲਈ ਅਰਦਾਸ ਵੀ ਕਰੀਏ।
ਗੁਰਬਾਣੀ ਵਿਚ ਸਤਿਗੁਰੂ ਜੀ ਜਿਥੇ ਧਰਤੀ ਨੂੰ ਮਾਤਾ ਆਖ ਕੇ ਮੁਖਾਤਿਬ ਹੁੰਦੇ ਹਨ, ਉਥੇ ਪਾਣੀ ਨੂੰ ਪਿਤਾ ਆਖ ਕੇ ਸਤਿਕਾਰ ਦਿੰਦੇ ਹਨ।

ਸਾਡੀ ਜ਼ਿੰਦਗੀ ਵਿਚ ਧਰਤੀ ਅਤੇ ਪਾਣੀ-ਦੋਹਾਂ ਦਾ ਹੀ ਅਹਿਮ ਅਸਥਾਨ ਹੈ, ਅਸੀਂ ਦੋਹਾਂ ਬਿਨਾ ਹੀ ਅਧੂਰੇ ਹਾਂ, ਪਰ ਅੱਜ ਦੇ ਸਮੇਂ ਵਿਚ ਧਰਤੀ ਤੇ ਪਾਣੀ ਦੋਹਾਂ ਦਾ ਹੀ ਹਾਲ ਬਦ ਤੋਂ ਬਦਤਰ ਹੈ, ਅਤੇ ਸਾਰਾ ਜਗਤ ਇਸ ਵਿਸ਼ੇ ‘ਤੇ ਬਹੁਤ ਚਿੰਤਾਤੁਰ ਵੀ ਹੈ। ਦੂਜੇ ਪਾਸੇ ਸਾਡੇ ਜਨਮ ਦਾਤਾ ਸਾਡੇ ਪਿਤਾ ਤੇ ਮਾਤਾ ਹਨ, ਜਿਨ੍ਹਾਂ ਸਦਕਾ ਅਸੀਂ ਇਸ ਸੰਸਾਰ ਵਿਚ ਖੁਸ਼ੀਆਂ ਭਰੇ ਜੀਵਨ ਜੀ ਰਹੇ ਹਾਂ, ਹਾਲਾਤ ਉਨ੍ਹਾਂ ਦੇ ਵੀ ਚੰਗੇ ਨਹੀਂ, ਬਹੁਤ ਬਹੁਤ ਮਾੜੇ ਅਤੇ ਤਰਸ ਯੋਗ ਹਨ। ਕਿਉਂ? ਇਸ ਦਾ ਜਵਾਬ ਤਾਂ ਸਾਡੇ ਕੋਲ ਹੈ ਪਰ ਅਸੀਂ ਕਦੀ ਮੰਨਣ ਨੂੰ ਤਿਆਰ ਨਹੀਂ ਹੋਵਾਂਗੇ। ਉਹ ਮਾਂ-ਬਾਪ, ਜਿਨ੍ਹਾਂ ਨੇ ਜ਼ਿੰਦਗੀ ਦਾ ਹਰ ਦੁਖ ਆਪ ਸਹਿ ਕੇ ਹਰ ਖੁਸ਼ੀ ਸਾਡੀ ਝੋਲੀ ਵਿਚ ਪਾਈ, ਉਹ ਸਾਡਾ ਬਾਪੂ ਜਿਸ ਬਗੈਰ ਸਾਡਾ ਜੀਵਨ ਹੀ ਨਹੀਂ ਹੈ, ਉਹ ਬਾਪੂ ਜਿਸ ਨੇ ਵੱਡੇ ਵੱਡੇ ਜਫਰ ਜਾਲ ਕੇ, ਮਿਹਨਤ ਮਜਦੂਰੀਆਂ ਕਰ ਕਰ ਕੇ ਸਾਡੇ ਲਈ ਹਰ ਸੁਖ ਖਰੀਦਿਆ, ਉਹ ਬਾਪੂ ਜੋ ਬੋਲਦਾ ਬਹੁਤ ਘੱਟ ਅਤੇ ਸੋਚਾਂ ਦੇ ਸਮੁੰਦਰ ਵਿਚ ਦਿਨ ਰਾਤ ਹਰ ਵੇਲੇ ਹੀ ਡੁਬਿਆ ਰਹਿੰਦਾ ਕਿ ਮੇਰੇ ਬੱਚੇ ਵੀ ਚੰਗੀ ਰੋਟੀ ਖਾਣ ਤੇ ਚੰਗੇ ਕਪੜੇ ਪਾਉਣ, ਉਹ ਬਾਪੂ ਜੋ ਕਦੀ ਹੱਸਦਾ ਨਹੀਂ ਅਤੇ ਫਿਕਰਾਂ ਵਿਚ ਰਹਿਦਾ ਹੈ ਕਿ ਮੇਰੇ ਬੱਚੇ ਵੀ ਪੜ੍ਹ-ਲਿਖ ਕੇ ਡਾਕਟਰ, ਇੰਜੀਨੀਅਰ ਬਣਨ ਅਤੇ ਮੇਰਾ ਸਿਰ ਉਚਾ ਕਰਨ, ਮੇਰੀ ਮਿਹਨਤ ਥਾਂਏ ਪਵੇ ਅਤੇ ਮੇਰਾ ਪਰਿਵਾਰ ਵੀ ਸਮਾਜ ਵਿਚ ਜਾਣਿਆ ਜਾਵੇ।
ਇਹ ਸੁਪਨਾ ਹਰ ਬਾਪੂ ਦਾ ਹੈ ਅਤੇ ਇਸ ਸੁਪਨੇ ਨੂੰ ਪੂਰਿਆਂ ਕਰਨ ਲਈ ਹਰ ਬਾਪੂ ਨਾ ਹਾੜ ਦੇਖਦਾ ਹੈ ਤੇ ਨਾ ਸਿਆਲ। ਬਾਪੂ ਅਚਾਰ ਨਾਲ ਰੁੱਖੀ ਰੋਟੀ ਖਾ ਕੇ ਵੀ ਸੰਤੁਸ਼ਟ ਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ, ਬਾਪੂ ਨੂੰ ਥਕਾਵਟ ਤਾਂ ਹੁੰਦੀ ਹੈ ਪਰ ਉਹ ਥਕਾਵਟ ਜਤਾਉਂਦਾ ਨਹੀਂ। ਬਾਪੂ ਦਾ ਵੀ ਕਦੀ ਚੰਗੇ ਕਪੜੇ ਪਾਉਣ ਨੂੰ ਦਿਲ ਕਰਦਾ ਹੈ ਪਰ ਉਹ ਜਦ ਪੁੱਤਰ ਨੂੰ ਚੰਗੇ ਕਪੜੇ ਪਾ ਸਕੂਲ-ਕਾਲਜ ਜਾਂਦੇ ਨੂੰ ਵੇਖਦਾ ਹੈ ਤਾਂ ਸੋਚਦਾ ਹੈ ਕਿ ਉਹ ਸਮਾਂ ਨੇੜੇ ਆ ਰਿਹਾ ਹੈ ਜਦ ਮੇਰੇ ਸੁਪਨੇ ਮੇਰੇ ਅਰਮਾਨ ਸਾਕਾਰ ਹੋਣਗੇ। ਉਹ ਸੁਤੇ ਸਿਧ ਹੀ ਝੂਮ ਉਠਦਾ ਹੈ ਅਤੇ ਕਦੀ ਕਦੀ ਆਪੇ ਮੁਸਕਰਾ ਵੀ ਪੈਂਦਾ ਹੈ ਕਿ ਹੁਣ ਪੁੱਤਰ ਡਿਗਰੀ ਲੈ ਕੇ ਚੰਗੀ ਜਾਬ ‘ਤੇ ਲੱਗਣ ਵਾਲਾ ਹੈ ਤੇ ਫਿਰ ਬਸ ਮੌਜਾਂ ਹੀ ਮੌਜਾਂ। ਵਾਹ! ਮਨ ਹੀ ਮਨ ਇਹ ਕੈਸੀ ਚਿਤਵਨ ਸੀ ਬਾਪੂ ਦੀ। ਕਿਸੇ ਅਗੰਮੀ ਖੁਸ਼ੀ ਦਾ ਇਹ ਕੈਸਾ ਅਹਿਸਾਸ ਸੀ ਜਿਸ ਨੂੰ ਸੋਚ ਕੇ ਬਾਪੂ ਗਦ ਗਦ ਹੋ ਜਾਂਦਾ ਸੀ।
ਕਈ ਵਾਰ ਬਾਪੂ ਨੂੰ ਇਵੇਂ ਵੇਖ ਕੇ ਜਦ ਮਾਂ ਕੋਈ ਸਵਾਲ ਕਰਦੀ ਤਾਂ ਬਾਪੂ ਚੌੜਾ ਹੋ ਆਖਦਾ ਭਾਗਾਂ ਵਾਲੀਏ ਹੁਣ ਦੁੱਖਾਂ ਭਰੇ ਦਿਨ ਮੁੱਕ ਚੱਲੇ ਨੇ, ਬਸ ਸ਼ੇਰ ਪੁੱਤ ਨੂੰ ਜਰਾ ਵੱਡੀ ਕੁਰਸੀ ‘ਤੇ ਬੈਠ ਲੈਣ ਦੇਹ, ਤੇਰੇ-ਮੇਰੇ ਸਾਰੇ ਗਿਲੇ ਸ਼ਿਕਵੇ ਤੇ ਔਖੇ ਦਿਨ ਕਿਤੇ ਦੂਰ ਉਡ ਪੁਡ ਜਾਣੇ ਨੇ। ਆਪਣਾ ਪੁੱਤ ਬਹੁਤ ਚੰਗਾ ਈ, ਵੇਖੀਂ ਇਹਨੇ ਸਾਨੂੰ ਕਦੀ ਡੱਕਾ ਨਹੀਂਓਂ ਤੋੜਨ ਦੇਣਾ ਤੇ ਹੁਣ ਬੱਸ ਆਰਾਮ ਹੀ ਆਰਾਮ ਹੈ।
ਕਈ ਸੁਪਨੇ ਪੂਰੇ ਹੋ ਜਾਂਦੇ ਨੇ ਅਤੇ ਕਈ ਇਕ ਸੁਪਨਾ ਹੀ ਬਣ ਕੇ ਰਹਿ ਜਾਂਦੇ ਨੇ। ਅੱਜ ਦਾ ਸਮਾਂ ਬਾਪੂਆਂ ਦੇ ਟੁੱਟੇ ਹੋਏ ਸੁਪਨਿਆਂ ਦਾ ਸਮਾਂ ਬਣ ਗਿਆ ਲਗਦਾ ਹੈ। ਬਿਲਕੁਲ ਇਵੇਂ ਹੀ ਹੋ ਰਿਹਾ ਹੈ। ਸਾਰੇ ਤਾਂ ਨਹੀਂ ਪਰ ਬਹੁਤੇ ਬਾਪੂਆਂ ਦੇ ਹਾਲਾਤ ਇਸੇ ਤਰ੍ਹਾਂ ਦੇ ਮਿਲਦੇ-ਜੁਲਦੇ ਹਨ। ਬੁਢਾਪੇ ਦੀਆਂ ਪੀੜਾਂ, ਇਕੱਲ ਅਤੇ ਮਾਨਸਿਕ ਚਿੰਤਾਵਾਂ ਦੇ ਨਾਲ ਨਾਲ ਪਨਪਦੀਆਂ ਬੀਮਾਰੀਆਂ ਬੁਢਾਪੇ ਨੂੰ ਹੋਰ ਭਿਆਨਕ ਅਤੇ ਡਰਾਵਣਾ ਬਣਾ ਰਹੀਆਂ ਹਨ। ਜਿਨ੍ਹਾਂ ਬੱਚਿਆਂ ਲਈ ਬਾਪੂ ਨੇ ਭੁੱਖੇ ਰਹਿ ਰਹਿ ਮਿਹਨਤਾਂ ਕੀਤੀਆਂ ਸਨ, ਜਦ ਉਨ੍ਹਾਂ ਹੀ ਬੱਚਿਆਂ ਨੇ ਉਚੀਆਂ ਪਰਵਾਜ਼ਾਂ ਭਰੀਆਂ ਤਾਂ ਬਾਪੂ ਜੀ ਤਾਂ ਕਿਤੇ ਨਜ਼ਰ ਅੰਦਾਜ਼ ਹੀ ਹੋ ਗਏ, ਵਿਸਰ ਹੀ ਗਏ। ਬੱਚਿਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਬਾਪੂ ਤੇ ਮਾਂ ਮਨਫੀ ਹੋ ਗਏ। ਬੱਸ ਇਥੇ ਆ ਕੇ ਹੀ ਸਾਰੀ ਕਹਾਣੀ ਵਿਗੜ ਗਈ ਹੈ। ਉਹ ਬਾਪੂ ਨਾਲ ਕੀਤੀਆਂ ਤੋਤਲੀਆਂ ਗੱਲਾਂ ਅਤੇ ਲਾਡ ਪਿਆਰ ਦੇ ਵਾਅਦੇ ਬਾਪੂ ਨੂੰ ਤਾਂ ਚੰਗੀ ਤਰ੍ਹਾਂ ਯਾਦ ਹਨ ਪਰ ਬੱਚੇ ਭੁਲ ਬੈਠੇ ਹਨ। ਕੋਸ਼ਿਸ਼ ਕਰ ਰਹੀ ਹਾਂ, ਕੁਝ ਯਾਦ ਕੀਤਾ ਜਾਵੇ ਅਤੇ ਜ਼ਿੰਦਗੀ ਵਿਚ ਲਾਗੂ ਵੀ ਕੀਤਾ ਜਾਵੇ। ਵਿਚਾਰ ਹੀ ਬਦਲਨੇ ਹਨ।
ਆਓ, ਅੱਜ ਫਾਦਰ’ਜ਼ ਡੇਅ ਵੀ ਮਨਾਈਏ ਅਤੇ ਆਪਣੇ ਖੁਦ ਦੇ ਅੰਦਰੀਂ ਵੜ ਵਿਚਾਰਾਂ ਵੀ ਕਰੀਏ ਕਿ ਅਸੀਂ ਕਿਵੇਂ ਤੇ ਕਦੋਂ ਦੇ ਗਲਤ ਹੋ ਚੁਕੇ ਹਾਂ ਅਤੇ ਇਹ ਕਿਉਂ ਹੋ ਰਿਹਾ ਹੈ? ਬੇਸ਼ੱਕ ਕਈ ਬਾਪੂ ਸਖਤ ਅਤੇ ਕੁੜੱਤਣ ਭਰੇ ਸੁਭਾਅ ਦੇ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਤਾਂ ਬਿਲਕੁਲ ਹੀ ਨਹੀਂ ਕਿ ਅਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚੋਂ ਹੀ ਬਾਹਰ ਕੱਢ ਧਰੀਏ! ਉਨ੍ਹਾਂ ਨੂੰ ਪਿਆਰ ਨਾਲ ਸਮਝਿਆ ਜਾ ਸਕਦਾ ਹੈ, ਉਹ ਜ਼ਰੂਰ ਸਮਝਣਗੇ। ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਦੂਰ ਨਾ ਕਰੀਏ ਬਲਕਿ ਬੱਚਿਆਂ ਨਾਲ ਖੇਡਣ ਦੇਈਏ। ਬੱਚਿਆਂ ਦੀ ਜਿੰਮੇਦਾਰੀ ਵੀ ਉਨ੍ਹਾਂ ਨੂੰ ਦੇਈਏ। ਕਦੀ ਘਰ ਵਿਚ ਉਨ੍ਹਾਂ ਦੀ ਸਲਾਹ ਵੀ ਲਈਏ ਤਾਂ ਕਿ ਉਹ ਆਪਣੇ ਆਪ ਨੂੰ ਸਾਡੇ ਨਾਲੋਂ ਟੁਟੇ ਹੋਏ ਨਾ ਸਮਝ ਬੈਠਣ। ਬੱਸ ਥੋੜ੍ਹਾ ਜਿਹਾ ਪਿਆਰ, ਥੋੜਾ ਜਿਹਾ ਸਤਿਕਾਰ ਦੇ ਕੇ ਦੇਖਣਾ, ਘਰ ਵਿਚ ਤੇ ਜੀਵਨ ਵਿਚ ਵੀ ਬਹਾਰ ਆ ਜਾਵੇਗੀ। ਯਾਦ ਕਰਨ ਦੀ ਕੋਸ਼ਿਸ਼ ਵੀ ਕਰਿਆ ਕਰੀਏ ਕਿ ਇਹ ਉਹੀਓ ਬਾਪੂ ਹੈ, ਜਿਸ ਦੀ ਮਿਹਨਤ ਮੁਸ਼ੱਕਤ ਸਦਕਾ ਅੱਜ ਸਾਡੀ ਹੋਂਦ ਹੈ।
ਯਾਦ ਕਰੀਏ, ਅਸੀਂ ਨਿੱਕੇ ਹੁੰਦੇ ਕਈ ਵਾਰੀ ਬਾਪੂ ਦੇ ਗਲ ਲੱਗ ਕੇ ਆਖਿਆ ਕਰਦੇ ਸਾਂ, “ਬਾਪੂ ਜੀ ਮੈਨੂੰ ਵੱਡਾ ਹੋ ਲੈਣ ਦਿਓ, ਮੈਂ ਤੁਹਾਨੂੰ ਕੋਈ ਕੰਮ ਨਹੀਂ ਕਰਨ ਦੇਣਾ। ਤੁਸੀਂ ਬੈਠ ਕੇ ਸੁਖ ਲੈਣਾ, ਕੰਮ ਮੈਂ ਕਰਿਆ ਕਰੂੰ”, ਤਾਂ ਬਾਪੂ ਨੇ ਖੁਸ਼ ਹੋ ਸਾਨੂੰ ਗਲ ਨਾਲ ਲਾ ਕੇ ਆਖਣਾ, “ਮੇਰਾ ਸ਼ੇਰ ਪੁੱਤਰ।” ਅਤੇ ਜਜ਼ਬਾਤੀ ਜਿਹਾ ਹੋ ਸੋਚਣਾ ਕਿ ਆਉਣ ਵਾਲਾ ਸਮਾਂ ਕਿੰਨੇ ਸੁੱਖ ਤੇ ਕਿੰਨੀਆਂ ਖੁਸ਼ੀਆਂ ਨਾਲ ਲੈ ਕੇ ਆ ਰਿਹਾ ਹੈ। ਹੁਣ ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ, ਬਸ ਅਨੰਦ ਹੀ ਅਨੰਦ ਹੋਵੇਗਾ। ਕਦੀ ਸਮਾਂ ਮਿਲਣ ‘ਤੇ ਸਾਡੀ ਮਾਂ ਕੋਲ ਬੈਠ ਬਾਪੂ ਨੇ ਹੁਬ ਕੇ ਗੱਲ ਕਰਨੀ, “ਲੈ ਕਰਮਾਂ ਵਾਲੀਏ, ਆਪਾਂ ਜਿੰਨੇ ਹੱਡ ਰੋਲਣੇ ਸੀ, ਰੋਲ ਲਏ। ਆਪਣਾ ਸ਼ੇਰ ਪੁੱਤਰ ਪੜ੍ਹ ਲਿਖ ਕੇ ਜਵਾਨ ਹੋ ਚੱਲਿਆ ਈ, ਹੁਣ ਨਾ ਝੂਰਿਆ ਕਰ। ਆਪਣਾ ਪੁੱਤਰ ਤਾਂ ਸਰਵਣ ਪੁੱਤਰ ਏ। ਅੱਜ ਪਿਆ ਮੈਨੂੰ ਆਖਦਾ ਸੀ, ਬਾਪੂ ਹੁਣ ਮੈਂ ਤੁਹਾਨੂੰ ਬਹੁਤ ਸੁਖ ਦੇਣੇ ਨੇ. . . ।”
ਮਾਂ ਵੀ ਹੱਥ ਜੋੜ ਰੱਬ ਦਾ ਸ਼ੁਕਰ ਕਰਦੀ ਕਿ ਹੁਣ ਮੇਰੇ ਆਦਮੀ ਨੂੰ ਵੀ ਚਾਰ ਦਿਨ ਸੁਖ ਦੇ ਮਿਲਣਗੇ, ਪਰ ਪਤਾ ਹੀ ਨਹੀਂ ਲੱਗਾ, ਕੈਸੀਆਂ ਬੇਰੁਖੀਆਂ ਹਵਾਵਾਂ ਚੱਲੀਆਂ, ਪੱਛਮ ਨੇ ਪੂਰਬ ਨੂੰ ਸਬੂਤਾ ਹੀ ਨਿਗਲ ਲਿਆ। ਵੱਡੀਆਂ ਪੜ੍ਹਾਈਆਂ, ਵੱਡੇ ਅਹੁਦੇ, ਵੱਡੇ ਰੁਤਬੇ, ਵੱਡੀਆਂ ਸੁਸਾਇਟੀਆਂ ਅਤੇ ਵੱਡੀ ਰਹਿਣੀ-ਬਹਿਣੀ ਨੇ ਸਾਡਾ ਸਾਰਾ ਕੁਝ ਹੀ ਤਹਿਸ-ਨਹਿਸ ਕਰ ਕੇ ਰੱਖ ਦਿਤਾ। ਸੁਖੀ ਵੱਸਦੇ ਪਰਿਵਾਰਾਂ ਦੇ ਟੋਟੇ ਟੋਟੇ ਹੋ ਗਏ, ਜਿਸ ਦੀ ਸਭ ਤੋਂ ਵੱਧ ਮਾਰ ਬਜ਼ੁਰਗ ਮਾਪਿਆਂ ਨੂੰ ਹੀ ਪਈ। ਉਹ ਵਿਚਾਰੇ ਸਭ ਕੁਝ ਹੋਣ ਦੇ ਬਾਵਜੂਦ ਨਾ ਘਰ ਦੇ ਰਹੇ, ਨਾ ਘਾਟ ਦੇ।
ਵਧਦੀ ਵਧਦੀ ਇਹ ਬੀਮਾਰੀ ਹੁਣ ਲਾਇਲਾਜ ਹੋ ਗਈ ਹੈ ਅਤੇ ਸਾਡੇ ਹਥੋਂ ਨਿਕਲ ਚੁਕੀ ਹੈ। ਨਵੇਂ ਜ਼ਮਾਨੇ ਦੇ ਪੜ੍ਹੇ-ਲਿਖੇ ਜੋੜੇ ਵਾਧੂ ਭਾਰ, ਵਾਧੂ ਜਿੰਮੇਦਾਰੀਆਂ ਚੁੱਕਣ ਨੂੰ ਤਿਆਰ ਨਹੀਂ। ਮਾਪੇ ਕਿੱਥੇ ਜਾਣ? ਸਾਡੇ ਸਮਾਜ ਨੇ ਇਸ ਦਾ ਹੱਲ ਕੱਢਿਆ ਹੈ, ਥਾਂ ਥਾਂ ਬਜ਼ੁਰਗ ਹਾਊਸ ਬਣ ਗਏ ਹਨ। ਬੁੱਢੇ, ਬੀਮਾਰ, ਲਾਚਾਰ ਮਾਪੇ ਉਨ੍ਹਾਂ ਨਰਕ ਵਰਗੇ ਥਾਂਵਾਂ ‘ਤੇ ਆਪਣੇ ਆਖਰੀ ਦਿਨ ਗੁਜ਼ਾਰ ਰਹੇ ਹਨ। ਹੇ ਰੱਬ ਜੀ! ਇਹ ਕੀ ਹੋ ਗਿਆ ਇਨਸਾਨ ਨੂੰ! ਪਰ ਮੈਂ ਤਾਂ ਅਜੇ ਵੀ ਬੇਉਮੀਦ ਨਹੀਂ ਹਾਂ। ਸੋਚਦੀ ਹਾਂ, ਉਹ ਸਮੇਂ ਫਿਰ ਪਰਤਣਗੇ ਅਤੇ ਸਾਡੇ ਪਰਿਵਾਰ ਇਕੱਠੇ ਹੋਣਗੇ। ਅਸੀਂ ਆਪਣੇ ਬੱਚਿਆਂ ਨੂੰ ਅਤੇ ਸਾਡੇ ਬੱਚੇ ਸਾਨੂੰ ਬਹੁਤ ਪਿਆਰ ਦੇਣਗੇ।
ਸਾਲ ਮਗਰੋਂ ਬਾਪੂ ਜੀ ਦਾ ਇਕ ਦਿਨ ਹੋਣਾ ਜਾਂ ਮਨਾਉਣਾ ਬਹੁਤ ਪਿਆਰੀ ਤੇ ਮਾਣਮੱਤੀ ਗੱਲ ਹੈ ਪਰ ਬਾਪੂ ਜੀ ਨੂੰ ਆਪਣੇ ਹੀ ਬਣਾਏ ਘਰ ਵਿਚ ਤਾਂ ਸਦਾ ਹੀ ਮਾਣ ਮਿਲਣਾ ਚਾਹੀਦਾ ਹੈ।
ਮੈਂ ਆਪਣੀ ਗੱਲ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੀ। ਅੱਜ ਮੈਂ ਜ਼ਿੰਦਗੀ ਵਿਚ ਜੋ ਵੀ ਹਾਂ, ਆਪਣੇ ਪਿਤਾ ਜੀ ਦੇ ਸਦਕਾ ਹਾਂ। ਉਨ੍ਹਾਂ ਦੀ ਦਿੱਤੀ ਸਿਖਿਆ ਸਦਕਾ ਹਾਂ, ਉਨ੍ਹਾਂ ਦੇ ਦਿੱਤੇ ਉਚੇ ਵਿਚਾਰਾਂ ਸਦਕਾ ਹਾਂ। ਜਦ ਵੀ ਗੁਰੂ ਦਰਬਾਰ ਵਿਚ ਕੀਰਤਨ ਕਰਨ ਬੈਠਦੀ ਹਾਂ ਤਾਂ ਸੋਚਦੀ ਹਾਂ, ਪਿਤਾ ਜੀ ਨੇ ਸਾਰੀ ਉੁਮਰ ਗੁਰੂ ਲੇਖੇ ਲਾਈ ਅਤੇ ਮੈਨੂੰ ਵੀ ਗੁਰੂ ਮਾਰਗ ‘ਤੇ ਤੁਰਨ ਲਈ ਤਿਆਰ ਕੀਤਾ, ਵਰਨਾ ਮੈਂ ਅੱਜ ਕਿਤੇ ਵੀ ਨਾ ਹੁੰਦੀ। ਇਸ ਲਈ ਬੇਨਤੀ ਕਰਦੀ ਹਾਂ ਆਪਣੇ ਮਾਪਿਆਂ ਦਾ ਬਹੁਤ ਸਤਿਕਾਰ ਕਰੀਏ। ਉਹ ਮਹਿੰਗੇ ਕਪੜਿਆਂ ਜਾਂ ਮਹਿੰਗੀਆਂ ਚੀਜ਼ਾਂ ਦੇ ਨਹੀਂ, ਸਾਡੇ ਪਿਆਰ ਦੇ ਭੁਖੇ ਹਨ, ਸਿਰਫ ਪਿਆਰ ਦੇ। ਆਓ, ਥੋੜ੍ਹਾ ਜਿਹਾ ਚੰਗਾ ਸੋਚਣ ਦੀ ਕੋਸ਼ਿਸ਼ ਕਰੀਏ। ਜ਼ਿੰਦਗੀ ਬਹੁਤ ਛੋਟੀ ਜਿਹੀ ਹੈ, ਬਾਪੂ ਹਰ ਵੇਲੇ ਸਾਡਾ ਰਾਹ ਵੇਖਦਾ ਹੈ। ਘਰੋਂ ਕੰਮ ‘ਤੇ ਜਾਣ ਲੱਗਿਆਂ ਅਤੇ ਕੰਮ ਤੋਂ ਘਰੇ ਆ ਕੇ ਦੱਸ ਮਿੰਟ ਬਾਪੂ ਕੋਲ ਬਹਿ ਉਨ੍ਹਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰੀਏ। ਕਰਕੇ ਵੇਖੀਏ ਤਾਂ ਸਹੀ ਬਦਲਾਓ ਜਰੂਰ ਮਹਿਸੂਸ ਹੋਵੇਗਾ। ਬਾਪੂ ਜੀ ਦੇ ਬੁਝੇ ਹੋਏ ਚਿਹਰੇ ‘ਤੇ ਖਿੜਾਓ ਦਿਸੇਗਾ। ਬੱਸ ਇਹ ਹੀ ਹੋਵੇਗਾ ਫਾਦਰ’ਜ਼ ਡੇਅ ਦਾ ਸਭ ਤੋਂ ਵਧੀਆ ਤੇ ਅਨਮੋਲ ਗਿਫਟ ਬਾਪੂ ਜੀ ਲਈ। ਉਨ੍ਹਾਂ ਦੇ ਗਲ ਨਾਲ ਲੱਗ ਕੇ ਉਨ੍ਹਾਂ ਨੂੰ ਪਿਆਰ ਦੇਣਾ ਅਤੇ ਪਿਆਰ ਲੈਣਾ।
ਹੈਪੀ ਹੈਪੀ ਫਾਦਰ’ਜ਼ ਡੇਅ! ਸਭ ਦੇ ਬਾਪੂ ਜੀ ਸਦਾ ਤੰਦਰੁਸਤ ਅਤੇ ਖੁਸ਼ ਰਹਿਣ।