ਅੱਖਰਾਂ ਦੀ ਲੋਅ ਵਰਗਾ: ਰਵਿੰਦਰ ਸਹਿਰਾਅ

ਸੁਰਿੰਦਰ ਸੋਹਲ
28 ਮਈ 2017 ਦਾ ਸੂਰਜ ਮੁਹੱਬਤੀ ਕਿਰਨਾਂ ਦਾ ਕਟੋਰਾ ਭਰੀ ਦਰਵਾਜੇ Ḕਤੇ ਖੜ੍ਹਾ ਹੈ। ਰਵਿੰਦਰ ਸਹਿਰਾਅ ਕਿਚਨ ਵਿਚ ਚਾਹ ਬਣਾ ਰਿਹਾ ਹੈ। ਨੀਰੂ ਭੈਣ ਅਜੇ ਆਪਣੇ ਸਟੋਰ ਤੋਂ ਵਾਪਸ ਨਹੀਂ ਆਈ। ਉਸ ਨੇ ਆਣ ਕੇ ਸਾਨੂੰ ਲੰਚ-ਬਰੰਚ ਕਰਾਉਣਾ ਹੈ। ਕਿਚਨ ਦੇ ਬਰਾਬਰ ਲਹਿੰਦੇ ਪਾਸੇ, ਬਾਹਰ ਡੈੱਕ Ḕਤੇ ਛਾਂਵੇਂ ਕੁਰਸੀਆਂ ਡਾਹੀ ਬੈਠੇ ਸੁਸ਼ੀਲ ਦੁਸਾਂਝ ਅਤੇ ਗੁਰਮੀਤ ਸਿੰਘ ਸ਼ੁਗਲੀ ḔਖੱਬੀਆਂḔ ḔਸੱਜੀਆਂḔ ਗੱਲਾਂ ਦੀਆਂ ਪਤੰਗਾਂ ਪਰ੍ਹਾਂ ਖਿੜੀ ਹੋਈ ਧੁੱਪ ਵਿਚ ਉਡਾ ਰਹੇ ਨੇ। ਬਿੰਦਰ ਬਿਸਮਿਲ ਦਾ ਤਾਜ਼ੇ ਸ਼ਿਅਰ ਵਰਗਾ ਹਾਸਾ ਕਦੇ ਕਦੇ ਲਿਸ਼ਕ ਮਾਰ ਜਾਂਦਾ ਹੈ।

ਰਾਤ ਬਹੁਤ ਲੇਟ ਸੁੱਤੇ ਸਾਂ। ਬਾਲਟੀਮੋਰ ਵਿਚ ਧਰਮ ਸਿੰਘ ਗੋਰਾਇਆ ਦੀ ਕਿਤਾਬ ਦਾ ਰਿਲੀਜ਼ ਸਮਾਗਮ ਸੀ। ਮਾਸਟਰ ਧਰਮ ਪਾਲ ਉੱਗੀ ਦਾ ਪ੍ਰਬੰਧ, Ḕਚੀ ਗਵੇਰਾ’ ਬਾਰੇ ਕਿਤਾਬ ਅਤੇ ਰਵਿੰਦਰ ਸਹਿਰਾਅ ਦਾ ਪ੍ਰੋਗਰਾਮ ਨੂੰ ਚਲਾਉਣ ਦਾ ਸੁਹਜ ਭਰਿਆ ਸਲੀਕਾ। ਏਨਾ ਕਾਮਯਾਬ ਸਮਾਗਮ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਰਾਤੀਂ 10 ਵਜੇ ਪ੍ਰੋਗਰਾਮ ਖਤਮ ਹੋਇਆ ਸੀ। ਮਿੱਥੇ ਪ੍ਰੋਗਰਾਮ ਮੁਤਾਬਕ ਨਿਊ ਯਾਰਕ ਤੋਂ ਪਹੁੰਚੇ ਮੈਂ ਤੇ ਗੁਰਮੀਤ ਸਿੰਘ ਸ਼ੁਗਲੀ (Ḕਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ Ḕਅਰਜਨ ਸਿੰਘ ਗੜਗੱਜ ਫਾਊਂਡੇਸ਼ਨ’ ਦੇ ਜਨਰਲ ਸਕੱਤਰ), ਪ੍ਰੋਗਰਾਮ ਤੋਂ ਬਾਅਦ ਰਵਿੰਦਰ ਸਹਿਰਾਅ ਦੇ ਘਰ ਬਾਰਾਂ ਕੁ ਵਜੇ ਦੇ ਕਰੀਬ ਪਹੁੰਚ ਗਏ ਸਾਂ। ਸ਼ਾਇਦ ਪ੍ਰੋਗਰਾਮ ਦੀ ਸਫਲਤਾ ਦੇ ਸਰੂਰ ਵਿਚ ਹੀ ਤੜਕੇ ਦੇ ਸਾਢੇ ਤਿੰਨ ਵਜੇ ਤੱਕ ਬੈਠੇ ਰਹੇ ਸਾਂ ਅਤੇ ਸਵੇਰੇ ਲੇਟ ਹੀ ਉਠ ਸਕੇ ਸਾਂ।
ਗੁਰਮੀਤ ਸਿੰਘ ਸ਼ੁਗਲੀ, ਸ਼ੁਰਲੀਆਂ ਛੱਡ ਰਿਹਾ ਹੈ। ਬਹੁਤੀਆਂ ਸ਼ੁਰਲੀਆਂ ਉਸ ਦੇ ਵਕੀਲੀ ਪੇਸ਼ੇ ਨਾਲ ਹੀ ਸਬੰਧਤ ਹਨ:
“ਭਾਈ ਜੀ, ਜੱਟ ਭੋਲੇ ਵੀ ਬੜੇ ਹੁੰਦੈ ਐ ਤੇ ਸ਼ਤਾਨ ਵੀ। ਇਕ ਵਾਰੀ ਇਕ ਜੱਟ ਨੇ ਪਿੰਡ ਵਿਚ ਡੇਰਾ ਖੋਲ੍ਹ ਲਿਆ। ਲੋਕਾਂ ਵਿਚ ਆਪਣੇ ਕਰਾਮਾਤੀ ਹੋਣ ਦਾ ਰੌਲਾ ਪੁਆ ਦਿੱਤਾ। ਕੁਝ ਅਗਾਂਹ-ਵਧੂ ਲੋਕਾਂ ਨੇ ਉਸ ਦੇ ਖਿਲਾਫ ਕੇਸ ਕਰ ਦਿੱਤਾ, ਬਈ ਇਹ ਪਖੰਡੀ ਐ, ਇਹਦੇ ਕੋਲ ਕੋਈ ਕਰਾਮਾਤ ਨਹੀਂ। ਅਦਾਲਤ ਵਿਚ ਕੇਸ ਚਲਾ ਗਿਆ। ਜੱਟ ਦਾ ਵਿਰੋਧੀ ਵਕੀਲ ਦਲੀਲ ‘ਤੇ ਦਲੀਲ ਦੇ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਬਈ ਦੁਨੀਆਂ ‘ਤੇ ਕਰਾਮਾਤ ਹੁੰਦੀ ਈ ਨਹੀਂ। ਜੱਟ ਅੜਿਆ ਰਿਹਾ। ਹਾਰ ਕੇ ਜੱਜ ਨੇ ਜੱਟ ਨੂੰ ਕਿਹਾ, Ḕਕਿਉਂ ਬਈ! ਤੂੰ ਕੋਈ ਕਰਾਮਾਤ ਦਿਖਾ ਸਕਦੈਂ?’
ਜੱਟ ਕਹਿੰਦਾ, Ḕਹਾਂ ਜੀ।Ḕ
ਜੱਜ ਨੇ ਕਿਹਾ, Ḕਦਿਖਾ ਫਿਰ।Ḕ
ਜੱਟ ਕਹਿੰਦਾ, Ḕਜਨਾਬ ਕਿਰਪਾਨ ਮੰਗਵਾਓ। ਤੁਸੀਂ ਮੇਰੇ ਵਿਰੋਧੀ ਵਕੀਲ ਦੀ ਧੌਣ ਵੱਢ ਦਿਉ। ਮੈਂ ਜੋੜ ਕੇ ਦਿਖਾ ਦਊਂ।Ḕ
ਕੰਬਦਾ ਕੰਬਦਾ ਵਿਰੋਧੀ ਵਕੀਲ ਕਹਿੰਦਾ, Ḕਜਨਾਬ ਇਹ ਸੱਚ ਕਹਿੰਦਾ, ਇਹ ਕਰਾਮਾਤ ਕਰ ਸਕਦੈ। ਇਹਨੂੰ ਬਰੀ ਕਰ ਦਿਉ।”
ਇਸ ਸ਼ਗੂਫੇ ਦੇ ਹਾਸੇ ਦਾ ਰੰਗ ਫਿਜ਼ਾ ਵਿਚ ਅਜੇ ਸੁੱਕਿਆ ਨਹੀਂ ਸੀ, ਉਸ ਹੋਰ ਸ਼ੁਰਲੀ ਛੱਡ ਦਿੱਤੀ:
“ਭਰਾਵੋ ਮੈਂ ਵੀ ਵਕੀਲ ਆਂ। ਏਸੇ ਕਰਕੇ ਵਕੀਲਾਂ ਦੀਆਂ ਗੱਲਾਂ ਈਂ ਸੁਣਾਊਂ। ਇਕ ਵਾਰੀ ਇਕ ਜੱਟ ਕਹਿੰਦਾ, ਮੈਂ ਵਕੀਲ ਨਹੀਂ ਕਰਨਾ ਆਪਣਾ ਕੇਸ ਆਪ ਲੜਨਾ। ਜੱਜ ਕਹਿੰਦਾ ਲੜੋ। ਜੱਟ ਨੇ ਬੋਲਣਾ ਸ਼ੁਰੂ ਕੀਤਾ। ਜੱਜ ਕਹਿੰਦਾ, ਮੈਨੂੰ ਤੇਰੀ ਕੋਈ ਗੱਲ ਸਮਝ ਨਹੀਂ ਆਉਂਦੀ, ਵਕੀਲ ਕਰ ਲੈ। ਜੱਟ ਅੱਗੋਂ ਬੋਲਿਆ, ਕਮਾਲ ਐ, ਸਮਝ ਤੈਨੂੰ ਨਹੀਂ ਆਉਂਦੀ, ਵਕੀਲ ਮੈਂ ਕਰਾਂ।”
ਸੁਸ਼ੀਲ ਦੁਸਾਂਝ ਖਿੜ-ਖਿੜਾ ਕੇ ਹੱਸਿਆ। ਸਰੀਰ ਸਮੇਤ ਬਿੰਦਰ ਬਿਸਮਿਲ ਨੇ ਠਹਾਕਾ ਲਾਇਆ। ਸਵੇਰ ਦੀ ਮਹਿਕ ਵਿਚ ਹਾਸਾ ਖਿਲਾਰਦਾ ਮੈਂ ਕੁਰਸੀ ਤੋਂ ਉਠ ਕੇ ਡੈੱਕ ਦੇ ਕੋਨੇ Ḕਤੇ ਖੜ੍ਹਾ ਸੱਤ-ਅੱਠ ਫੁੱਟ ਨੀਵੇਂ ਬੈਕ-ਯਾਰਡ ਵੱਲ ਦੇਖਦਾ ਹਾਂ। ਖੁਸ਼ਕ ਅਤੇ ਬੰਜਰ ਜਿਹੀ ਜਮੀਨ ਵਿਚ ਚੈਰੀ ਅਤੇ ਪਲੱਮ ਦੇ ਬੂਟੇ ਖਾਮੋਸ਼ ਭਾਸ਼ਾ ਵਿਚ ਕੋਈ ਤਬਸਰਾ ਕਰਦੇ ਜਾਪਦੇ ਨੇ। ਸ਼ਾਇਦ ਸਾਡੀਆਂ ਕਮਲੀਆਂ Ḕਤੇ ਈ ਹੱਸਦੇ ਹੋਣ। ਇਨ੍ਹਾਂ ਸੁੰਦਰ ਅਤੇ ਕੋਮਲ ਬੂਟਿਆਂ ਦਾ ਜ਼ਿਕਰ ਕਰਦੀ ਨਜ਼ਮ ਰਵਿੰਦਰ ਨੇ ਕੁਝ ਦਿਨ ਪਹਿਲਾਂ ਹੀ ਫੋਨ Ḕਤੇ ਸੁਣਾਈ ਸੀ:
ਕਿੰਨਾ ਚੰਗਾ ਲੱਗਦਾ ਹੈ
ਬੈਕ-ਯਾਰਡ ਵਿਚ ਜਮੀਨ ਤਿਆਰ ਕਰਦਿਆਂ
. . . . .
ਪੂਦਨੇ ਦੀ ਮਹਿਕ
ਹਵਾਵਾਂ Ḕਚ ਘੁਲ ਰਹੀ ਹੈ
ਦੋ ਵਰ੍ਹੇ ਪਹਿਲਾਂ ਲਾਏ
ਚੈਰੀ ਅਤੇ ਪਲੱਮ ਦੇ ਬੂਟੇ
ਐਤਕੀਂ ਫੁੱਲਾਂ ਨਾਲ
ਫਿਰ ਫਲਾਂ ਨਾਲ ਭਰ ਗਏ
ਭੱਜ ਅੰਦਰ ਆਉਂਦਾ
ਤੇ ਘਰਵਾਲੀ ਨੂੰ ਖੁਸ਼ਖਬਰੀ ਸੁਣਾਉਂਦਾ ਹਾਂ
ਚੈਰੀ ਦਾ ਬੂਟਾ ਉਸ ਦਾ ਹੈ
ਤੇ ਪਲੱਮ ਮੇਰਾ
ਖੁਸ਼ ਹੈ ਉਹ ਵੀ ਬਹੁਤ।
ਸੋਚਦਾ ਹਾਂ
ਰੁੱਖਾਂ ਨਾਲ ਗੱਲਾਂ ਕਰਨਾ
ਕਈ ਵੇਰਾਂ ਮਨੁੱਖਾਂ ਨਾਲੋਂ ਚੰਗਾ ਹੁੰਦਾ. . . ।
ਬੂਟਿਆਂ ਵਾਲੀ ਥਾਂ ਨੂੰ ਮੈਂ ਜ਼ਰਾ ਗੌਰ ਨਾਲ ਦੇਖਦਾ ਹਾਂ। ਇਹੀ ਥਾਂ ਸੀ, ਜਿੱਥੇ ਰਵਿੰਦਰ ਨੇ ਬਲੂ ਲੇਬਲ ਦੀ ਬੋਤਲ ਇਸ ਵਾਅਦੇ ਨਾਲ ਦੱਬੀ ਸੀ ਕਿ ਮੇਰੇ ਆਉਣ Ḕਤੇ ਹੀ ਪੁੱਟਾਂਗੇ। ਮੈਂ ਡੈੱਕ ਦੀਆਂ ਪੌੜੀਆਂ ਉਤਰ ਕੇ ਬੈਕ-ਯਾਰਡ ਵਿਚ ਲੱਗੇ ਬੂਟਿਆਂ ਵੱਲ ਤੁਰ ਪਿਆ ਹਾਂ।

4 ਜੁਲਾਈ ਸੀ, 2014 ਸੰਨ ਦੀ। ਮੇਰਾ ਅਤੇ ਦਲਜੀਤ ਮੋਖਾ ਦਾ ਪਰਿਵਾਰ ਪੈਨਸਿਲਵੇਨੀਆ ਰਵਿੰਦਰ ਦੇ ਘਰ ਆਜ਼ਾਦੀ ਦਿਵਸ ਮਨਾਉਣ ਗਏ ਸਾਂ। ਉਦੋਂ ਅਸੀਂ ਅੰਦਰ ਬੈਠੇ ਸਾਂ। ਰਵਿੰਦਰ ਸਹਿਰਾਅ ਨੇ ਮੈਨੂੰ ਅੱਖ ਨਾਲ ਇਸ਼ਾਰਾ ਕੀਤਾ। ਅਸੀਂ ਘਰ ਦੇ ਬੈਕ-ਯਾਰਡ ਵਿਚ ਚਲੇ ਗਏ। ਉਸ ਦੀਆਂ ਅੱਖਾਂ ਵਿਚ ਸ਼ਰਾਰਤ ਭਰੀ ਚਮਕ ਸੀ ਅਤੇ ਬੁੱਲ੍ਹਾਂ Ḕਤੇ ਮਨਮੋਹਕ ਮੁਸਕਰਾਹਟ। ਪੈਰਾਂ ਭਾਰ ਬੈਠ ਕੇ ਉਸ ਨੇ ਨਿੱਕੀ ਜਿਹੀ ਰੰਬੀ ਨਾਲ ਬੰਜਰ ਜਿਹੀ ਜਮੀਨ ਪੁੱਟੀ। ਨਿੱਕੀਆਂ ਨਿੱਕੀਆਂ ਬੱਟੀਆਂ ਤੇ ਰੋੜਾਂ ਵਾਲੀ ਖੁਸ਼ਕ ਮਿੱਟੀ ਪਾਸੇ ਕਰਦਿਆਂ ਬਲੂ ਲੇਬਲ ਦੀ ਬੋਤਲ ਜਮੀਨ ਵਿਚੋਂ ਮੂਲੀ ਵਾਂਗ ਧੂਹ ਲਈ। ਉਸ ਨੂੰ ਸਾਫ ਕੀਤਾ ਤੇ ਮੇਰੇ ਵੱਲ ਕਰ ਕੇ ਹਿਲਾਇਆ। ਉਸ ਨੇ ਜਿਵੇਂ ਬੰਜਰ ਜਿਹੀ ਮਿੱਟੀ ਨਹੀਂ ਸੀ ਪੁੱਟੀ, ਸਗੋਂ ਸਮੁੰਦਰ ਮੱਥ ਕੇ ਤੇਰਵਾਂ ਰਤਨ ਕੱਢਿਆ ਸੀ।
ਉਸ ਨੇ ਦਾਰੂ ਪੀਣੀ ਅਤੇ ਘਰ ਵਾੜਨੀ ਬੰਦ ਕੀਤੀ ਹੋਈ ਸੀ। ਉਨ੍ਹੀਂ ਦਿਨੀਂ ਉਸ ਦੇ ਘਰ ਸਭ ਲਈ ਦਾਰੂ ਬੰਦ ਸੀ। ਸਿਰਫ ਮੈਂ ਅਤੇ ਗੁਰਬਚਨ (ਚੰਡੀਗੜ੍ਹੀਆ) ਹੀ ਪੀ ਸਕਦੇ ਸਾਂ।
ਬੰਜਰ ਜਮੀਨ ਨਾਲ ਰਵਿੰਦਰ ਦੀ ਪੁਰਾਣੀ ਸਾਂਝ ਸੀ। ਜਦੋਂ ਉਸ ਦਾ ਬਾਪ ਪੂਰਾ ਹੋਇਆ, ਰਵਿੰਦਰ ਮਸਾਂ ਤਿੰਨ ਕੁ ਸਾਲ ਦਾ ਹੋਏਗਾ। ਸ਼ਰੀਕਾਂ ਨੇ ਵਾਹੀ ਯੋਗ ਜਮੀਨ ਆਪ ਸਾਂਭ ਲਈ ਸੀ ਤੇ ਬੰਜਰ, ਬੀਆਬਾਨ ਇਨ੍ਹਾਂ ਦੇ ਹਿੱਸੇ ਆ ਗਈ ਸੀ। ਉਸ ਬੰਜਰ ਨੂੰ ਰਵਿੰਦਰ ਨੇ ਆਪਣੀ ਮਿਹਨਤ ਨਾਲ ਅਜਿਹੀ ਸ਼ੱਕਰ ਵਰਗੀ ਨਰਮ ਤੇ ਉਪਜਾਊ ਬਣਾ ਲਿਆ ਸੀ ਕਿ ਸਮੁੰਦਰ ਵਿਚੋਂ ਨਿਕਲਦੇ ਰਤਨਾਂ ਵਾਂਗ ਫਸਲਾਂ ਦਾ ਝਾੜ ਦੇਖ ਕੇ ਆਂਢੀ-ਗੁਆਂਢੀ ਵੀ ਦੇਖਦੇ ਰਹਿ ਗਏ ਸਨ।
ਹਰਦੋ ਫਰਾਲੇ ਤੋਂ ਪ੍ਰਾਇਮਰੀ ਕਰਕੇ, ਮਹੇੜੂ ਤੋਂ ਮੈਟ੍ਰਿਕ ਕਰਕੇ ਜਦੋਂ ਰਵਿੰਦਰ ਰਾਮਗੜੀਆ ਕਾਲਜ, ਫਗਵਾੜਾ ਦਾਖਲ ਹੋਇਆ ਤਾਂ ਖੱਬੇ ਪੱਖੀ ਲਹਿਰ ਜ਼ੋਰ ਫੜ੍ਹ ਚੁਕੀ ਸੀ। ਬੰਜਰ ਜ਼ਿੰਦਗੀਆਂ ਵਿਚ ਖੁਸ਼ੀਆਂ ਦੇ ਗੁਲਾਬ ਖਿੜ੍ਹਾਉਣ ਦਾ ਸੁਪਨਾ ਰਵਿੰਦਰ ਦੀਆਂ ਅੱਖਾਂ ਵੀ ਦੇਖਣ ਲੱਗ ਪਈਆਂ ਸਨ। ਜੇ ਉਹ ਬੰਜਰ ਜਮੀਨ ਨੂੰ ਉਪਜਾਊ ਬਣਾ ਸਕਦਾ ਸੀ ਤਾਂ ਬੰਜਰ ਜ਼ਿੰਦਗੀਆਂ ਵਿਚ ਇਨਕਲਾਬ ਦੇ ਸਾਵਣ ਬਰਸਾ ਕੇ ਹਾਸਿਆਂ ਦੇ ਗੇਂਦੇ ਕਿਉਂ ਨਹੀਂ ਸੀ ਖਿੜਾ ਸਕਦਾ? ਉਸ ਨੂੰ ਲਗਦਾ ਸੀ, ਇਨਕਲਾਬ ਦੇ ਸੂਰਜ ਅੱਗੇ ਜਰਜਰ ਸਿਆਸਤ ਦਾ ਨਿਜ਼ਾਮ ਅਤੇ ਸਰਮਾਏਦਾਰੀ ਦੇ ਮਹਿਜ਼ ਬੱਦਲ ਹੀ ਨੇ। ਉਸ ਨੇ ਤੇ ਉਸ ਦੇ ਸਾਥੀਆਂ ਨੇ ਹਨੇਰੀ ਬਣ ਕੇ ਝੁੱਲਣਾ ਹੈ ਅਤੇ ਸਾਰਾ ਕੁਝ ਉੜਾ ਕੇ ਲੈ ਜਾਣਾ ਹੈ। ਸੂਰਜ ਨੇ ਆਪਣੇ ਪ੍ਰਕਾਸ਼ ਨਾਲ ਹਨੇਰੀਆਂ ਝੁੱਗੀਆਂ ਦਾ ਕਿਣਕਾ ਕਿਣਕਾ ਸੋਨੇ ਦਾ ਬਣਾ ਦੇਣਾ ਹੈ।
ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ਦੀ ਯੂਨੀਅਨ ਨੇ ਹੜਤਾਲ ਕੀਤੀ ਤਾਂ ਉਨ੍ਹਾਂ ਦੇ ਹੱਕ ਵਿਚ ਸਾਰੀਆਂ ਯੂਨੀਅਨਾਂ ਨੇ ਹੜਤਾਲ ਕਰ ਦਿੱਤੀ। ਬੀ. ਏ. ਭਾਗ ਪਹਿਲਾ ਦਾ ਵਿਦਿਆਰਥੀ, ਤੂਤ ਦੀ ਛਿਟੀ ਵਰਗਾ ਪਤਲਾ ਤੇ ਬਾਜ਼ ਵਰਗਾ ਫੁਰਤੀਲਾ ਰਵਿੰਦਰ ਛਾਲ ਮਾਰ ਕੇ ਕਾਲਜ ਦੀ ਕੰਧ Ḕਤੇ ਚੜ੍ਹ ਗਿਆ। ਉਸ ਦਾ ਚਿਹਰਾ ਇੰਜ ਲਿਸ਼ਕ ਰਿਹਾ ਸੀ, ਜਿਵੇਂ ਸੂਰਜ ਕੰਧ Ḕਤੇ ਉਤਰ ਆਇਆ ਹੋਵੇ। ਉਸ ਦੇ ਬੋਲ ਸ਼ੱਰਾਰਿਆਂ ਵਾਂਗ ਕਾਲੀਆਂ ਤਾਕਤਾਂ ਦੇ ਪਿੰਡਿਆਂ Ḕਤੇ ਨਿਸ਼ਾਨ ਪਾ ਰਹੇ ਸਨ। ਪੁਲਿਸ ਦੀ ਧਾੜ ਨੇ ਸੁਨਹਿਰੀ ਤਕਰੀਰ ਕਰਦੇ ਨੂੰ ਗ੍ਰਿਫਤਾਰ ਕਰ ਲਿਆ। ਲੋਕ ਸੋਚ ਰਹੇ ਸਨ, ਏਨਾ ਮਾੜਕੂ ਜਿਹਾ ਪੁਲਿਸ ਦਾ ਤਸ਼ੱਦਦ ਸਹਿ ਲਵੇਗਾ? ਪਰ ਸ਼ਾਇਦ ਉਸ ਅੰਦਰਲੀ ਪਕਿਆਈ ਤੋਂ ਉਹ ਨਾਵਾਕਿਫ ਸਨ। ਮਘਦੇ ਬੋਲਾਂ ਨੂੰ ਡੇਢ ਮਹੀਨੇ ਲਈ ਹਨੇਰੀ ਗੁਫਾ ਵਿਚ ਬੰਦ ਕਰ ਦਿੱਤਾ ਸੀ। ਇਹ ਘਟਨਾ ਜਨਵਰੀ 1974 ਦੀ ਸੀ। ਪਹਿਲਾਂ ਵੀ ਉਸ ਨੂੰ ਇਕ ਵਾਰ ਗ੍ਰਿਫਤਾਰ ਕੀਤਾ ਸੀ, ਪਰ ਕੋਈ ਸਬੂਤ ਨਾ ਹੋਣ ਕਾਰਨ ਥਾਣਿਓਂ ਹੀ ਤੋਰ ਦਿੱਤਾ ਸੀ।
ਉਸ ਅੰਦਰ ਸੁਪਨੇ ਅਗੜਾਈਆਂ ਲੈ ਰਹੇ ਸਨ। ਜਵਾਨੀ ਮਹਿਕਣ ਤੇ ਟਹਿਕਣ ਲੱਗ ਪਈ ਸੀ।
ਹਵਾਵਾਂ ਸੂਹੀਏ ਬਣ ਗਈਆਂ। ਬੱਸ ਅੱਡੇ ਉਨ੍ਹਾਂ ਦੀਆਂ ਢਾਣੀਆਂ ਨੂੰ ਪਛਾਣਨ ਲੱਗ ਪਏ ਸਨ। ਦਿਨ ਦੀ ਲੋਅ ਮੁਖਬਰ ਬਣ ਗਈ ਸੀ। ਮੰਜ਼ਿਲ Ḕਤੇ ਪਹੁੰਚਣ ਲਈ ਉਹ ਰਾਤ ਬਰਾਤੇ ਨਿਕਲਦੇ। ਮਹਿਬੂਬਾ ਦੀਆਂ ਜ਼ੁਲਫਾਂ Ḕਚ ਤਾਰੇ ਟੰਗਣ ਦੇ ਲਾਰਿਆਂ ਤੋਂ ਅਗਾਂਹ ਦਾ ਸੀ, ਉਨ੍ਹਾਂ ਦਾ ਸਫਰ:
ਅਸੀਂ ਮਹਿਬੂਬਾ ਨੂੰ
ਅੰਬਰਾਂ ਤੋਂ ਤਾਰੇ ਤੋੜ ਕੇ
ਮੀਢੀਆਂ ਵਿਚ ਜੜਨ ਦਾ
ਲੁਭਾਉਣਾ ਲਾਰਾ ਨਹੀਂ ਦਿੰਦੇ
ਅਸੀਂ ਤਾਂ ਤਾਰਿਆਂ ਦੀ ਛਾਂਵੇਂ
ਤੁਰਨ ਵਿਚ ਵਿਸ਼ਵਾਸ ਰਖਦੇ ਹਾਂ।
ਅਸੀਂ ਤਾਂ ਪੰਛੀ ਦੇ ਬੋਟ ਦੀ
ਪਹਿਲੀ ਉਡਾਣ ਹਾਂ
ਜੋ ਉਡਦਾ ਹੈ
ਡਿੱਗਦਾ ਹੈ ਤੇ ਫਿਰ ਉਡਦਾ ਹੈ
ਅਤੇ ਇੰਜ ਵਕਫਾ ਤੈਅ ਕਰਦਾ ਹੈ. . . ।
ਮਾਰਕਸੀ ਫਲਸਫੇ ਨੇ ਸੋਚ ਨੂੰ ਤਰਕ ਦੀ ਸਾਣ Ḕਤੇ ਚਾੜ੍ਹ ਰੱਖਿਆ ਸੀ। ਪਰ ਦਿਲ ਦੇ ਜਜ਼ਬਿਆਂ ਦਾ ਕੋਈ ਕੀ ਕਰੇ?
ਬੇਨਾਮ ਮੁਹੱਬਤ ਦਾ ਖਤ ਉਸ ਨੂੰ ਮਿਲਿਆ। ਬੁੱਲ੍ਹਾਂ Ḕਤੇ ਹਲਕੀ ਜਿਹੀ ਮੁਸਕਾਨ। ਦਿਲ Ḕਚ ਪਹਿਲੀ ਮੁਹੱਬਤ ਦੀ ਤਰੰਗ। ਪਰ ਝੱਟ ਮਸਤਕ ਵਿਚ ਚਲਦੇ ਤਰਕ ਦੇ ਆਰੇ ਦਾ ਜ਼ੋਰ ਪਿਆ। ਖਤ ਲੀਰੋ-ਲੀਰ ਕਰ ਦਿੱਤਾ। ਸੁੱਟਣ ਲੱਗਾ ਤਾਂ ਦਿਲ ਦਾ ਜਜ਼ਬਾ ਭਾਰੂ ਹੋ ਗਿਆ। ਖਤ ਪਾੜ ਤਾਂ ਦਿੱਤਾ ਪਰ ਸੁੱਟਿਆ ਨਾ ਗਿਆ। ਕਮਰੇ ਦੇ ਇਕ ਖੂੰਜੇ ਸੰਭਾਲ ਲਿਆ, ਜਿਵੇਂ ਦਿਲ ਦੇ ਖੂੰਜੇ ਕੋਈ ਮਿੱਠੀ ਜਿਹੀ ਯਾਦ ਸੰਭਾਲ ਲਈਦੀ ਹੈ। ਤੇ ਬੇਨਾਮ ਖਤ ਆਉਂਦੇ ਗਏ। ਲੀਰੋ-ਲੀਰ ਹੁੰਦੇ ਗਏ ਤੇ ਕਮਰੇ ਦੇ ਖੂੰਜੇ ਵਿਚ ਸੰਭਾਲ ਹੁੰਦੇ ਗਏ।
ਅਚਾਨਕ ਇਕ ਕਾਮਰੇਡ ਨੂੰ ਲੱਭ ਗਏ। ਉਸ ਨੇ ਟੁਕੜਿਆਂ ਨੂੰ ਜੋੜਿਆ। ਪੜ੍ਹਿਆ। ਤਿੜ੍ਹਿਆ। ਖਿਝਿਆ, Ḕਇਹ ਕੀ ਕਾਮਰੇਡ! ਸਾਡੀ ਮੰਜ਼ਿਲ ਇਹ ਨਹੀਂ, ਇਨਕਲਾਬ ਹੈ।Ḕ
Ḕਏਸੇ ਕਰ ਕੇ ਤਾਂ ਮੈਂ ਖਤ ਪਾੜੀ ਜਾਨਾਂ। ਮੈਂ ਤਾਂ ਨਹੀਂ ਲਿਖਦਾ ਨਾ। ਦੂਜਾ ਲਿਖੀ ਜਾਵੇ ਤਾਂ ਮੈਂ ਕੀ ਕਰ ਸਕਦਾਂ?’ ਰਵਿੰਦਰ ਨੇ ਕਿਹਾ, ਪਰ ਉਹ ਖਤਾਂ ਦੇ ਕਾਗਜ਼ ਨੂੰ ਤਾਂ ਪਾੜ ਦਿੰਦਾ ਸੀ, ਖਤਾਂ ਦੀ ਇਬਾਰਤ ਨੂੰ ਕੋਈ ਕਿਵੇਂ ਪਾੜ ਸਕਦਾ ਹੈ! ਪਰ ਇਹ ਰਹੱਸ ਰਹੱਸ ਹੀ ਬਣਿਆ ਰਿਹਾ, ਸਿਰਫ ਮੁਹੱਲਾ ਸਤਨਾਮ ਪੁਰਾ, ਫਗਵਾੜਾ ਦੀ ਮੋਹਰ ਕਦੇ ਕਦੇ ਉਸ ਦੀਆਂ ਅੱਖਾਂ ਵਿਚ ਤੈਰ ਜਾਂਦੀ।
ਮੁਹੱਬਤ ਦਾ ਜਜ਼ਬਾ ਕਿੰਨਾ ਬੇਰੋਕ ਹੁੰਦਾ ਹੈ, ਸ਼ੂਕਦਾ ਝਨਾਂ ਨਜ਼ਰ ਨਹੀਂ ਆਉਂਦਾ, ਤਪਦਾ ਥਲ ਪੈਰਾਂ ਨੂੰ ਛੂੰਹਦਾ ਹੀ ਨਹੀਂ, ਸਲੀਬ ਜਿਵੇਂ ਮਹਿਬੂਬ ਵਾਂਗ ਆਸ਼ਕ ਨੂੰ ਕਲਾਵੇ ਵਿਚ ਲੈ ਲੈਂਦੀ ਹੈ। ਲੋਕਾਈ ਦੀ ਮੁਹੱਬਤ ਦਾ ਇਹੀ ਜਜ਼ਬਾ ਰਵਿੰਦਰ ਨੂੰ ਡੋਲਣ ਨਹੀਂ ਸੀ ਦਿੰਦਾ। ਉਸ ਲਈ Ḕਜ਼ਿੰਦਗੀ’ ਹੀ ਮਹਿਬੂਬਾ ਸੀ:
ਜ਼ਿੰਦਗੀ!
ਤੂੰ ਤੇ ਉਹ ਹੁਸੀਨਾ ਏਂ
ਜਿਹਦੇ ਹੁਸਨ ਨੂੰ ਮਾਣਨ ਲਈ
ਅਸੀਂ ਜਿਸਮ ਦੇ ਚੀਥੜੇ ਕਰਵਾਏ
ਦਹਿਸ਼ਤ ਦੇ ਕਾਲੇ ਦੌਰ ਅੰਦਰ ਵੀ
ਆਪਣੇ ਹਮਸਫਰਾਂ ਦੀਆਂ
ਲਾਸ਼ਾਂ Ḕਤੇ ਰੋਣ ਦੀ ਥਾਂਵੇਂ
ਉਨ੍ਹਾਂ ਦੇ ਲਹੂ ਨੂੰ ਮੁੱਠੀ Ḕਚ ਲੈ ਕੇ
ਤੇਰੇ ਮਸਤਕ Ḕਤੇ ਟਿੱਕਾ ਲਾਉਣ ਦਾ
ਅਰਮਾਨ ਰੱਖਦੇ ਸਾਂ. . . ।
ਵਕਤ ਹਨੇਰੀ ਵਾਂਗ ਲੰਘਿਆ ਤੇ ਕਮਰੇ ਦੇ ਖੂੰਜੇ ਵਿਚ ਸਾਂਭੇ ਹੋਏ ਖਤਾਂ ਦੇ ਟੁਕੜੇ ਆਪਣੀ ਅਉਧ ਹੰਢਾ ਗਏ ਹੋਣਗੇ, ਪਰ ਯਾਦਾਂ Ḕਨਿੱਤ ਨਵੀਆਂ’ ਰਹਿੰਦੀਆਂ ਨੇ। ਖਤਾਂ ਦੇ ਉਹ ਟੁਕੜੇ ਜ਼ਰੂਰ ਬੱਦਲਾਂ ਦੀ ਜੂਨ ਪੈ ਗਏ ਹੋਣਗੇ ਤੇ ਉਸ ਨੂੰ ਮਿਲਣ ਲਈ ਤਾਂਘਦੇ ਹੋਣਗੇ। ਤਾਂ ਹੀ ਤਾਂ ਹਵਾਈ ਸਫਰ ਕਰਦਾ ਰਵਿੰਦਰ ਕਦੇ ਉਨ੍ਹਾਂ ਬੱਦਲਾਂ ਵਿਚ ਦੀ ਲੰਘਿਆ ਹੋਵੇਗਾ ਤਾਂ ਇਸ ਕਵਿਤਾ ਦਾ ਜਨਮ ਹੋਇਆ ਹੋਵੇਗਾ:
ਉਸ ਕਿਹਾ,
ਕਿਵੇਂ ਰਿਹਾ ਸਫਰ?
. . . ਬਹੁਤ ਖੂਬਸੂਰਤ

ਕੋਈ ਅਭੁੱਲ ਯਾਦ?
ਹਾਂ. . .
ਬੱਦਲ ਦਾ ਇਕ ਟੋਟਾ
ਉੱਡ ਰਿਹਾ ਸੀ ਨਾਲ ਨਾਲ
ਅਚਾਨਕ ਕੋਲ ਆਇਆ
ਤਾਂ ਮੈਂ ਉਸ ਉਪਰ
ਤੇਰਾ ਨਾਂ ਲਿਖ ਦਿੱਤਾ. . . ।
ਬੱਦਲਾਂ ਨਾਲ ਰਵਿੰਦਰ ਦੀ ਗਹਿਰੀ ਸਾਂਝ ਹੈ, ਸਾਂਝ ਹੀ ਨਹੀਂ, ਜ਼ਿੱਦ ਵੀ। ਬੱਦਲ ਆਪਣੀ ਅੱਖ Ḕਚੋਂ ਕਣੀ ਕੇਰਨ ਲਈ ਤਾਂ ਭੋਰਾ ਸੋਚਦਾ ਹੋਵੇਗਾ, ਪਰ ਰਵਿੰਦਰ ਦੀਆਂ ਅੱਖਾਂ ਝੱਟ ਝੜੀਆਂ ਲਾ ਦਿੰਦੀਆਂ ਹਨ। ਇਹ ਹੰਝੂ ਹੀ ਉਸ ਦੇ ਦਿਲ ਦੀ ਝੀਲ ਦੇ ਸਾਫ ਤੇ ਸ਼ੱਫਾਫ ਹੋਣ ਦਾ ਬਿੰਬ ਹਨ।
ਸਾਥੀਆਂ ਨਾਲ ਮਿਲਣ ਦਾ ਰਾਹ ਵੀ ਵੱਖਰਾ ਕੱਢ ਲਿਆ। ਮਿਲਣਾ ਹੁੰਦਾ, ਪੋਸਟ ਕਾਰਡ ਲਿਖਦਾ, Ḕਅਗਲੇ ਹਫਤੇ ਫਿਲਮ ਦੇਖਣ ਚਲੀਏ?Ḕ
ਫਿਲਮ ਦਾ ਮਤਲਬ Ḕਮੀਟਿੰਗ’ ਹੁੰਦਾ।
1976 ਦੀ ਫਰਵਰੀ ਚੜ੍ਹੀ ਨੂੰ ਕੁਝ ਦਿਨ ਹੋਏ ਸਨ। ਨਰਿੰਦਰ ਸਿਨੇਮੇ Ḕਫਿਲਮ’ ਦੇਖਣ ਦਾ ਪ੍ਰੋਗਰਾਮ ਬਣ ਗਿਆ। ਗੁਲਾਬੀ ਧੁੱਪ, ਹਲਕੀ ਹਲਕੀ ਠੰਢ, ਦਿਲ ‘ਚ ਮਘਦੇ ਜਜ਼ਬੇ। ਕਾਲੇ ਦਿਨਾਂ ਦਾ ਦੌਰ। ਸੂਹੀਆ ਹਵਾ ਨੇ ਪਹਿਲਾਂ ਹੀ ਮੁਖਬਰੀ ਕਰ ਦਿੱਤੀ ਸੀ। ਪੁਲਿਸ ਜਾਲ ਵਿਛਾਈ ਬੈਠੀ ਸੀ। Ḕਫਿਲਮ’ ਦੇਖਣ ਤੋਂ ਪਹਿਲਾਂ ਹੀ ਸੂਬਾ ਕਮੇਟੀ, ਜਿਸ ਦਾ ਉਹ ਪ੍ਰਧਾਨ ਸੀ, ਦੇ ਬੰਦੇ ਫੜ੍ਹੇ ਗਏ।
ਪੁਲਿਸ ਨੇ ਜਾਸੂਸੀ ਨਾਵਲ ਵਾਂਗ ਕਹਾਣੀ ਘੜੀ, “ਰਵਿੰਦਰ ਅਤੇ ਉਸ ਦਾ ਸਾਥੀ ਕਮਲਜੀਤ ਵਿਰਕ, ਕਪੂਰਥਲੇ ਬਸ ਅੱਡੇ ਤੋਂ ਹਥਿਆਰਾਂ ਸਮੇਤ ਫੜ੍ਹੇ ਗਏ। ਇਹ ਖਤਰਨਾਕ ਮੁਜਰਮ ਬੱਸ ਅੱਡੇ ਦੇ ਨਾਲ ਨਾਲ ਹੋਰ ਵੀ ਸਰਕਾਰੀ ਇਮਾਰਤਾਂ ਉਡਾਉਣਾ ਚਾਹੁੰਦੇ ਸਨ। ਅਸੀਂ ਜਾਨ Ḕਤੇ ਖੇਲ੍ਹ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ, ਕਿਉਂਕਿ ਇਨ੍ਹਾਂ ਨੂੰ ਜ਼ਿੰਦਾ ਫੜ੍ਹਨਾ ਲਾਜ਼ਮੀ ਸੀ।”
ਐਸ਼ ਡੀ. ਐਮ. ਦੇ ਪੇਸ਼ ਕਰਕੇ ਰਿਮਾਂਡ ਲੈ ਲਿਆ। ਅੱਖਾਂ Ḕਤੇ ਪੱਟੀਆਂ ਬੰਨ੍ਹ ਕੇ ਜਦੋਂ ਤੋਰਿਆ ਤਾਂ ਰਵਿੰਦਰ ਉਸ ਵਕਤ ਨੂੰ ਕਦੇ ਭੁੱਲ ਨਹੀਂ ਸਕਿਆ, Ḕਸਾਨੂੰ ਲੱਗਦਾ ਸੀ, ਬਸ ਹੁਣ ਮੁਕਾਬਲਾ ਬਣ ਗਿਆ।Ḕ
Ḕਡਰ ਤਾਂ ਲੱਗਿਆ ਹੋਏਗਾ?’ ਮੈਂ ਪੁੱਛਿਆ।
“ਡਰ? ਯਾਰ ਉਦੋਂ ਡਰ ਲੱਗਦਾ ਈ ਨਹੀਂ ਸੀ। ਮੌਤ ਤਾਂ ਸਮਝ ਲੈ ਅਸੀਂ ਹੱਥਾਂ ‘ਤੇ ਚੁੱਕੀ ਫਿਰਦੇ ਸੀ। ਸਾਨੂੰ ਪਤਾ ਸੀ, ਸਾਡਾ ਅੰਤ ਕਿਸੇ ਦਿਨ ਇਹੋ ਈ ਹੋਣੈਂ। ਰਾਤਾਂ ਨੂੰ ਵੀ ਤੁਰੇ ਫਿਰਦੇ ਸੀ, ਆਪਣੇ ਮਿਸ਼ਨ ‘ਤੇ ਨਿਗਾਹ ਸੀ, ਡਰ ਨਹੀਂ ਸੀ ਲੱਗਦਾ। ਹੁਣ ਸੋਚੀਦੈ, ਕਿਹੜੀ ਚੀਜ਼ ਸਾਨੂੰ ਏਦਾਂ ਚੁੱਕੀ ਫਿਰਦੀ ਸੀ।” ਉਹ ਮੁਸਕਰਾਇਆ, ਰਤਾ ਕੁ ਭਾਵੁਕ ਹੋਇਆ।
ਕਹਾਣੀ ਅਗਾਂਹ ਤੋਰੀ, “ਜਦੋਂ ਅੱਖਾਂ ਖੋਲ੍ਹੀਆਂ, ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ। ਬੜਾ ਬਦਨਾਮ ਸੈਂਟਰ ਸੀ, ਸਮੱਗਲਰਾਂ ਵਾਸਤੇ ਬਣਾਇਆ ਸੀ। ਉਨ੍ਹਾਂ ਦੀ ਰੀਤ ਸੀ, ਅੰਦਰ ਵੜਦਿਆਂ ਨੂੰ ਅਲਫ ਨੰਗੇ ਕਰਕੇ ਭਜਾਓ। ਸਾਹਮਣੀ ਕੰਧ ਨੂੰ ਹੱਥ ਲਾ ਕੇ ਫਿਰ ਵਾਪਸ ਆਉ। ਇਕ ਪੁਲਿਸ ਵਾਲਾ ਸੀ ਉਥੇ। ਕਹਿਣ ਲੱਗਾ, Ḕਯਾਰ ਇਹ ਸਮੱਗਲਰ ਥੋੜ੍ਹੋਂ ਆਂ, ਵਿਦਿਆਰਥੀ ਆ, ਇਨ੍ਹਾਂ ਨਾਲ ਨਾ ਕਰੋ ਏਦਾਂ।’ ਤੇ ਅਸੀਂ ਬਚ ਗਏ।”
ਉਹ ਚੁੱਪ ਕਰ ਗਿਆ। ਸ਼ਾਇਦ ਉਸ ਪੁਲਿਸ ਵਾਲੇ ਦਾ ਚਿਹਰਾ ਯਾਦ ਕਰ ਰਿਹਾ ਹੋਵੇਗਾ। ਜੇਲ੍ਹ ਵਿਚ ਰਹਿੰਦਿਆਂ, ਉਸ ਦੀਆਂ ਕਵਿਤਾਵਾਂ ਨੂੰ ਜੇਲ੍ਹੋਂ ਬਾਹਰ ਕੱਢਣ ਵਾਲਾ ਦੁਰਗਾ ਭੰਗੀ ਵੀ ਉਸ ਨੂੰ ਕਦੇ ਨਹੀਂ ਭੁੱਲਿਆ, ਉਸ ਦਾ ਜ਼ਿਕਰ ਉਸ ਨੇ ਦੋ ਕਵਿਤਾਵਾਂ ਵਿਚ ਕੀਤਾ ਹੈ:
ਕਿਤਿਉਂ ਵੀ ਸ਼ੁਰੂ ਕਰ ਲਈਏ
ਕਣਕ ਦੇ ਵੱਢਾਂ Ḕਚ ਫਿਰਦਿਆਂ
ਪੈਰਾਂ Ḕਚ ਹੋਈਆਂ ਮੋਰੀਆਂ ਤੋਂ
ਸੈਂਕੜੇ ਬੰਦਿਆਂ ਦਾ ਗੰਦ ਹੂੰਝਦੇ
ਦੁਰਗੇ ਭੰਗੀ ਦੇ
ਪੈਰਾਂ ਦੀਆਂ ਕਰੋਹੀਆਂ ਤੋਂ
ਜਾਂ ਕੱਚੀਆਂ ਕੰਧਾਂ ਨੂੰ
ਅੱਡੀਆਂ ਚੁੱਕ ਚੁੱਕ ਕੇ ਲਿੱਪਦੀ
ਕੰਮੀਆਂ ਦੀ ਭੋਲਾਂ ਦੇ ਅੱਧ-ਕੱਜੇ ਜਿਸਮ ਤੋਂ
ਗੱਲ ਤਾਂ ਆਖਰ ਏਥੇ ਹੀ ਮੁੱਕਣੀ ਹੈ।
. . . . .
ਤੇ ਹੁਣ ਅਸੀਂ ਉਦਾਸ ਮੌਸਮਾਂ ਦਾ
ਕਾਰਣ ਹੀ ਨਹੀਂ ਲੱਭਣਾ
ਸਗੋਂ ਚੁਰਾਏ ਪਲਾਂ ਦਾ ਹਿਸਾਬ ਹੈ ਲੈਣਾ. . . ।
ਮਜ਼ਦੂਰ ਮਜ਼ਦੂਰ ਹੀ ਹੈ, ਚਾਹੇ ਹਿੰਦੋਸਤਾਨ ਦਾ ਦੁਰਗਾ ਭੰਗੀ ਹੋਵੇ, ਚਾਹੇ ਅਮਰੀਕਾ ਦਾ ਜੌਰਜ:
ਜੌਰਜ
ਗੂੜ੍ਹੇ ਕਾਲੇ ਰੰਗ ਦੀ ਚਮੜੀ
ਅਣਧੋਤੇ ਪਰ ਤਹਿਜ਼ੀਬ ਨਾਲ ਪਹਿਨੇ ਕੱਪੜੇ
ਸਿਰ ਉਪਰ ਹੈਟ
ਤੇ ਮੂੰਹ ਵਿਚ ਸਿਗਾਰ ਪਾਈ
ਉਹ ਹਰ ਲੰਘਦੇ ਵੜਦੇ ਨੂੰ
ਦੁਆ ਸਲਾਮ ਕਰਦਾ ਹੈ
ਉਮਰ ਦੇ ਸੱਤਵੇਂ ਦਹਾਕੇ Ḕਚ ਵੀ
ਜਦ ਉਸ ਨੂੰ ਕੰਮ ਕਰਦਿਆਂ
ਅਤੇ ਮੜਕ ਨਾਲ ਤੁਰਦਿਆਂ ਤੱਕਦਾ ਹਾਂ
ਤਾਂ ਪੰਦਰਾਂ ਵਰ੍ਹੇ ਪਹਿਲਾਂ
ਕਪੂਰਥਲਾ ਜੇਲ੍ਹ Ḕਚ ਕੰਮ ਕਰਦਾ
ਦੁਰਗਾ ਭੰਗੀ ਯਾਦ ਆਉਂਦਾ ਹੈ. . . ।
“ਬਹੁਤ ਕੁੱਟ ਪਈ ਇੰਟੈਰੋਗੇਸ਼ਨ ਸੈਂਟਰ ਵਿਚ।” ਰਵਿੰਦਰ ਨੇ ਬੁੱਲ੍ਹਾਂ ਵਿਚ ਮਿਕਨਾਤੀਸੀ ਮੁਸਕਾਨ ਲਿਆ ਕੇ ਕਿਹਾ। ਫਿਰ ਅੱਖਾਂ ਭਰ ਕੇ ਭਾਵੁਕ ਆਵਾਜ਼ ਵਿਚ ਬੋਲਿਆ, “ਪਰ ਕਮਲਜੀਤ ਵਿਰਕ ਨੂੰ ਸਭ ਤੋਂ ਵੱਧ ਕੁੱਟ ਪਈ। ਉਹ 19 ਸਾਲਾਂ ਦਾ ਸੀ ਉਦੋਂ। ਪੁਲਿਸ ਵਾਲੇ ਕੁੱਟਦੇ, ਤੇ ਉਹ ਭੁੰਜੇ ਪਿਆ ਨਾਅਰਾ ਮਾਰਦਾ-ਗੁਰੂ ਗੋਬਿੰਦ ਸਿੰਘ ਦਾ ਰਾਹ, ਸਾਡਾ ਰਾਹ. . . ਭਗਤ ਸਿੰਘ ਦਾ ਰਾਹ ਸਾਡਾ ਰਾਹ. . . ਨਕਸਲਬਾੜੀ ਜ਼ਿੰਦਾਬਾਦ. . . । ਬਿੱਕਰ ਕੰਮੇਆਣਾ ਵੀ ਸਾਡੇ ਨਾਲ ਸੀ।”
ਇਕ ਪੁਲਿਸ ਵਾਲੇ ਨੇ ਬਹੁਤ ਹੀ ਪਿਆਰ ਨਾਲ ਪਲੋਸਦਿਆਂ ਰਵਿੰਦਰ ਨੂੰ ਕਿਹਾ, “ਦੇਖ ਤੂੰ ਵੀ ਰਾਮਗੜ੍ਹੀਆ ਤੇ ਗਿਆਨੀ ਜ਼ੈਲ ਸਿੰਘ ਵੀ ਰਾਮਗੜ੍ਹੀਆ। ਤੂੰ ਸਿਰਫ ਏਨਾ ਲਿਖ ਕੇ ਦੇ ਦੇਹ ਕਿ ਅਸੀਂ ਗਲਤ ਸਾਂ। ਸਾਡਾ ਰਾਹ ਗਲਤ ਸੀ। ਬਸ ਜਿਹੜੀ ਨੌਕਰੀ ਕਹੇਂਗਾ, ਜਿੱਥੇ ਕਹੇਂਗਾ, ਸੈਟ ਕਰਵਾ ਦਿਆਂਗੇ।”
ਰਵਿੰਦਰ ਅੰਦਰਲੀ ਅੱਗ ਦੇ ਸੇਕ Ḕਚ ਪੁਲਿਸ ਵਾਲੇ ਦੀ ਇਹ Ḕਲੁਭਾਉਣੀ ਪੇਸ਼ਕਸ਼Ḕ ਮੋਮ ਦੀ ਮੂਰਤ ਵਾਂਗ ਪਿਘਲ ਕੇ ਪੁਲਿਸ ਵਾਲੇ ਦੀ ਵਰਦੀ ਨੂੰ ਹੀ ਚਿੰਬੜ ਗਈ।
ਮੀਸਾ (ਮੇਂਟੀਨੈਂਸ ਆਫ ਇੰਟਰਨਲ ਸਿਕਿਓਰਿਟੀ ਐਕਟ) ਲੱਗ ਗਿਆ ਤੇ ਉਹ ਡੇਢ ਸਾਲ ਵਾਸਤੇ ਜੇਲ੍ਹ ਵਿਚ ਬੰਦ ਹੋ ਗਏ। ਐਮਰਜੈਂਸੀ ਮੁੱਕੀ। ਰਿਹਾਈ ਹੋਈ ਤੇ ਜਨਤਾ ਪਾਰਟੀ ਵਲੋਂ ਜਲੰਧਰ ਕੈਂਟ ਤੋਂ ਐਮ. ਐਲ਼ ਏ. ਦੀ ਸੀਟ ਦੀ Ḕਲੁਭਾਉਣੀ ਪੇਸ਼ਕਸ਼’ ਆ ਗਈ, ਉਸ ਦਾ ਹਸ਼ਰ ਵੀ ਪਹਿਲੀ ਮੋਮ ਦੀ ਮੂਰਤੀ ਵਾਲਾ ਹੀ ਹੋਇਆ।
ਲੋਕਾਂ ਲਈ ਲੜਦਾ ਲੜਦਾ ਸ਼ਾਇਰ ਕਾਲਜੀ ਪੜ੍ਹਾਈ ਤੋਂ ਪਛੜਦਾ ਗਿਆ। ਬੜੀ ਦੇਰ ਨਾਲ ਖਾਲਸਾ ਕਾਲਜ ਤੋਂ ਐਮ. ਏ. ਪੰਜਾਬੀ ਮੁਕੰਮਲ ਕੀਤੀ। ਪ੍ਰੋ. ਨਿਰੰਜਨ ਸਿੰਘ ਢੇਸੀ, ਦਰਸ਼ਨ ਖਟਕੜ, ਜਸਵੰਤ ਖਟਕੜ, ਪਾਸ਼, ਸੁਖਵਿੰਦਰ ਕੰਬੋਜ, ਮਾਸਟਰ ਧਰਮ ਪਾਲ ਉੱਗੀ ਦੀ ਦੋਸਤੀ, ਉਸ ਦੀ ਜ਼ਿੰਦਗੀ ਦਾ ਹਾਸਿਲ ਰਹੇ।
“ਪਤਾ ਨਈਂ ਯਾਰ ਪਿੰਡ ਦੀ ਸਰਪੰਚੀ ਕਰਨੀ ਕਿਵੇਂ ਮੰਨ ਗਿਆ?” ਉਸ ਦੀ ਆਵਾਜ਼ ਵਿਚ ਹਲਕਾ ਜਿਹਾ ਪਛਤਾਵਾ ਸੀ। ਫਿਰ ਰਤਾ ਕੁ ਚਮਕ ਕੇ ਕਿਹਾ, “ਪਰ ਕੋਈ ਗਲਤ ਕੰਮ ਨਹੀਂ ਕੀਤਾ, ਕਿਸੇ ਤੋਂ ਕੁਛ ਲਿਆ ਨਹੀਂ, ਸਹੀ ਬੰਦੇ ਦੀ ਮਦਦ ਕੀਤੀ। ਪਰ ਲੋਕਾਂ ਨੂੰ ਏਨੀ ਇਮਾਨਦਾਰੀ ਵੀ ਚੰਗੀ ਨਹੀਂ ਲੱਗਦੀ।”
1970 ਵਿਚ ਭੈਣ ਨੇ ਅਮਰੀਕਾ ਵਿਚ ਪੜ੍ਹਾਈ ਦੇ ਆਧਾਰ Ḕਤੇ ਲਿਆਉਣ ਲਈ ਪੂਰਾ ਪ੍ਰਬੰਧ ਕਰ ਲਿਆ, ਪਰ ਰਵਿੰਦਰ ਨੇ ਕਿਹਾ, “ਮੈਂ ਨਈਂ ਜਾਣਾ ਸਾਮਰਾਜੀ ਮੁਲਕ ਵਿਚ।”
ਭੋਲੀ ਭੈਣ ਨੇ ਪੁੱਛਿਆ, “ਇਹ Ḕਸਾਮਰਾਜੀ ਮੁਲਕ’ ਕੀ ਹੁੰਦਾ?”
“ਪਰ ਵਿਡੰਬਨਾ ਦੇਖੋ”, ਰਵਿੰਦਰ ਲੰਬਾ ਸਾਹ ਖਿੱਚ ਕੇ ਬੋਲਿਆ, “1984 ਵਿਚ ਮੈਨੂੰ ਏਥੇ ਈ ਆਉਣਾ ਪਿਆ।”
ਖਾਲੀ ਹੱਥ, ਬੰਜਰ ਵਰਗੀ ਜ਼ਿੰਦਗੀ ਲੈ ਕੇ ਅਮਰੀਕਾ ਪਹੁੰਚੇ ਰਵਿੰਦਰ ਨੇ ਸਖਤ ਮਿਹਨਤ ਨਾਲ ਫਿਰ ਚੈਰੀ ਅਤੇ ਪਲੱਮ ਵਰਗੇ ਖੂਬਸੂਰਤ ਸੁਪਨੇ ਸਾਕਾਰ ਕੀਤੇ।
ਉਸ ਦੇ ਸਟੋਰ Ḕਤੇ ਇਕ ਵਾਰ ਇਕ ਕਾਲੇ ਬੰਦੇ ਨੇ ਹੰਗਾਮਾ ਕਰ ਦਿੱਤਾ। ਕਾਲੇ ਦਾ ਕਸੂਰ ਸੀ, ਕਾਲੇ ਨੂੰ ਅਦਾਲਤ ਵਿਚ ਪੇਸ਼ ਹੋਣਾ ਪਿਆ। ਰਵਿੰਦਰ ਸਹਿਰਾਅ ਗਵਾਹ ਦੇ ਤੌਰ Ḕਤੇ ਅਦਾਲਤ ਵਿਚ ਪੇਸ਼ ਹੋਇਆ। ਜੱਜ ਸਾਹਮਣੇ ਕਾਲਾ ਰੋ ਰਿਹਾ ਸੀ, ਘਨਘੋਰ ਬੱਦਲ ਵਾਂਗ। ਸ਼ਾਇਦ ਰਵਿੰਦਰ ਨੇ ਮਹਿਸੂਸ ਕੀਤਾ ਹੋਵੇਗਾ, ਹੰਝੂਆਂ ਦਾ ਦਰਦ ਸਾਂਝਾ ਹੁੰਦਾ ਹੈ, ਰੰਗ ਸਾਂਝਾ ਹੁੰਦਾ ਹੈ। ਹੰਝੂਆਂ ਦੀ ਭਾਸ਼ਾ ਸਾਂਝੀ ਹੁੰਦੀ ਹੈ। ਰਵਿੰਦਰ ਨੇ ਕੇਸ ਵਾਪਸ ਲੈ ਲਿਆ।
ਰਵਿੰਦਰ ਸਹਿਰਾਅ ਦੇ ਘਰ ਜਾਣ ਦਾ ਚਾਅ ਮੈਨੂੰ ਵਿਆਹ Ḕਤੇ ਜਾਣ ਵਰਗਾ ਹੁੰਦਾ ਹੈ। ਉਸ ਦੇ ਘਰ ਦੀਆਂ ਕੰਧਾਂ ਵੀ ਅਹਿਮਦ ਸਲੀਮ, ਜਗਤਾਰ, ਕੁਲਵਿੰਦਰ (ਗਜ਼ਲਗੋ), ਸਫੀਰ ਰਾਮਾਹ (ਅਪਨਾ), ਜਾਵੇਦ ਬੂਟਾ (ਪਾਕਿਸਤਾਨੀ ਸੂਝਵਾਨ ਤੇ ਲਿਪੀ ਅੰਤਰਕਾਰ), ਦਲਜੀਤ ਮੋਖਾ, ਗੁਰਬਚਨ, ਬਲਦੇਵ ਸਿੰਘ ਧਾਲੀਵਾਲ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਧਰਮ ਪਾਲ ਉੱਗੀ, ਨਿਰੰਜਨ ਸਿੰਘ ਢੇਸੀ, ਹਰਵਿੰਦਰ ਰਿਆੜ, ਉਂਕਾਰਪ੍ਰੀਤ (ਕੈਨੇਡਾ) ਦੀਆਂ ਆਵਾਜ਼ਾਂ, ਸਾਹਿਤਕ ਮਹਿਫਿਲਾਂ ਦਾ ਰੰਗ ਪਛਾਣਦੀਆਂ ਹਨ। ਇਨ੍ਹਾਂ ਮਹਿਫਿਲਾਂ ਵਿਚ ਭਰੀ ਹਾਜ਼ਰੀ ਮੈਨੂੰ Ḕਅਸਲੀ ਕਮਾਈḔ ਜਾਪਦੀ ਹੈ।
ਉਸ ਦੇ ਘਰ ਮੈਂ ਬਹੁਤ ਰਾਤਾਂ ਰਿਹਾ ਹਾਂ। ਖੂਬਸੂਰਤ ਪਲੰਘ ਅਤੇ ਮੁਲਾਇਮ ਗੱਦਿਆਂ ਦੀ ਥਾਂ ਹਮੇਸ਼ਾ ਮੈਂ ਫਰਸ਼ Ḕਤੇ ਬਿਸਤਰ ਲਾ ਕੇ ਸੌਂਦਾ ਹਾਂ। ਇਹ ਨੀਂਦ ਮੈਨੂੰ ਧੂਹ ਕੇ ਬਚਪਨ ਦੇ ਉਸ ਪੜਾਅ ਵਿਚ ਲੈ ਜਾਂਦੀ ਹੈ, ਜਦੋਂ ਮੈਂ ਆਪਣੀ ਬੀਬੀ ਨਾਲ Ḕਬਾਬੇ ਮੱਲḔ ਦੀ ਚੌਂਕੀ ਭਰਨ ਮਾਲੜੀ ਜਾਂਦਾ ਹੁੰਦਾ ਸਾਂ। ਬੀਬੀ ਦਾ ਵਿਸ਼ਵਾਸ ਸੀ, ਬਾਬੇ ਮੱਲ ਦੀ ਚੌਂਕੀ ਭਰਨ ਨਾਲ ਜੋੜਾਂ ਦਾ ਦਰਦ ਹਟ ਜਾਂਦਾ ਹੈ। ਰਵਿੰਦਰ ਦੇ ਘਰ ਭਰੀਆਂ ਚੌਂਕੀਆਂ ਨਾਲ ਮੈਂ ਹਮੇਸ਼ਾ ਰੂਹ ਨੂੰ Ḕਨਾਕਾਰਾਤਮਕ ਸੋਚḔ ਦੇ ਰੋਗਾਂ ਤੋਂ ਸੁਰਖਰੂ ਹੁੰਦੇ ਮਹੂਸਸ ਕੀਤਾ ਹੈ।
ਨੀਰੂ ਭੈਣ ਜਦੋਂ ਹੱਸਦੀ ਹੋਈ ਸਵਾਗਤ ਕਰਦੀ ਹੈ ਤਾਂ ਉਸ ਦੇ ਚਿਹਰੇ ‘ਤੇ ਲਿਸ਼ਕੀ ਮਮਤਾ ਦੀ ਭਾਅ ਨਾਲ ਰੂਹ ਦ੍ਰਵਿਤ ਹੋ ਜਾਂਦੀ ਹੈ। ਜਦੋਂ ਉਹ ਮੈਨੂੰ ਬੱਚਿਆਂ ਵਾਂਗ ਕਲਾਵੇ ਵਿਚ ਲੈਂਦੀ ਹੈ ਤਾਂ ਉਸ ਅਪਣੱਤ ਅਤੇ ਮੋਹ ਨੂੰ ਸ਼ਬਦਾਂ ਵਿਚ ਬੰਨ੍ਹਣਾ ਅਸੰਭਵ ਪ੍ਰਤੀਤ ਹੁੰਦਾ ਹੈ।
ਅਸੀਂ ਤਾਂ ਪੰਛੀ ਦੇ ਬੋਟ ਦੀ
ਪਹਿਲੀ ਉਡਾਣ ਹਾਂ
ਜੋ ਉਡਦਾ ਹੈ
ਡਿੱਗਦਾ ਹੈ ਤੇ ਫਿਰ ਉਡਦਾ ਹੈ
ਅਤੇ ਇੰਜ ਵਕਫਾ ਤੈਅ ਕਰਦਾ ਹੈ. . . ।
ਸਤਰਾਂ ਸਿਰਫ ਰਵਿੰਦਰ ਦੀ ਕਵਿਤਾ ਦੀਆਂ ਨਹੀਂ, ਉਸ ਦੀ ਜ਼ਿੰਦਗੀ ਦਾ ਤੱਤ-ਸਾਰ ਹਨ। ਉਹ ਪੁਲਿਸ ਤਸ਼ੱਦਦ ਵਿਚ ਦੀ ਗੁਜ਼ਰਿਆ ਹੈ, ਜੇਲ੍ਹ ਕੱਟੀ ਹੈ, ਰਿਸ਼ਤਿਆਂ ਦੀ ਸਲੀਬ Ḕਤੇ ਟੰਗ ਹੋਇਆ ਹੈ, ਕਾਰੋਬਾਰ ਦੀ ਹੇਠ-ਉਤ ਹੰਢਾਈ ਹੈ, ਜਿਗਰ ਦੇ ਟੁਕੜੇ ਦੀ ਅਰਥੀ ਨੂੰ ਮੋਢਾ ਦੇਣ ਤੱਕ ਦਾ ਦਰਦ ਉਸ ਦੀਆਂ ਆਂਦਰਾਂ ਵਿਚ ਦੀ ਲੰਘਿਆ ਹੈ। ਪਰ ਉਹ ਡਿੱਗਦਾ ਤੇ ਫਿਰ ਉਠਦਾ, ਜ਼ਿੰਦਗੀ ਦਾ ਸਫਰ ਤੈਅ ਕਰਦਾ ਰਿਹਾ ਹੈ। ਉਸ ਦੇ ਕਵਿਤਾ ਦੇ ਅੱਖਰਾਂ ਦੀ ਲੋਅ ਮੱਧਮ ਨਹੀਂ ਹੋਈ। ਉਸ ਦੀ ਨਿੱਗਰ ਸੋਚ ਨੂੰ ਨਿਰਾਸ਼ਾ ਦਾ ਘੁਣ ਨਹੀਂ ਲੱਗਿਆ। ਵਕਤ ਦਾ ਰੇਗਮਾਰ ਉਸ ਦੇ ਦਿਲ ਤੋਂ ਲੋਕਾਈ ਦੀ ਮੁਹੱਬਤ ਦੇ ਨਕਸ਼ ਮਿਟਾ ਨਹੀਂ ਸਕਿਆ, ਸਗੋਂ ਮੁਹੱਬਤ ਦੀ ਇਹ ਇਬਾਰਤ ਹੋਰ ਗੂੜ੍ਹੀ ਹੋਈ ਹੈ।
ਰਵਿੰਦਰ ਸਹਿਰਾਅ ਤੁਰਦਾ ਹੈ ਤਾਂ ਦਰਿਆ ਹੈ, ਰੁਕਦਾ ਹੈ ਤਾਂ ਪਹਾੜ, ਖਿੜਦਾ ਹੈ ਤਾਂ ਗੁਲਾਬ, ਡੁੱਲ੍ਹਦਾ ਹੈ ਤਾਂ ਤਰੇਲ, ਤਪਦਾ ਹੈ ਤਾਂ ਹਾੜ ਦਾ ਸੂਰਜ, ਨਿੱਘਾ ਹੈ ਤਾਂ ਪੋਹ ਦੀ ਧੁੱਪ, ਬੋਲਦਾ ਹੈ ਤਾਂ ਕਵਿਤਾ, ਚੁੱਪ ਹੈ ਤਾਂ ਖੰਡਰ, ਉਦਾਸ ਹੈ ਤਾਂ ਵੀਪਿੰਗ ਟ੍ਰੀ, ਸਿਸਕਦਾ ਹੈ ਤਾਂ ਪਪੀਹਾ। ਆਸ਼ਾਵਾਦੀ ਸਟ੍ਰਾਬੇਰੀ ਦੀ ਵੇਲ ਵਾਂਗ ਹੈ, ਜੋ ਸਨੋਅ ਵਿਚ ਦੱਬੀ ਜਾਂਦੀ ਹੈ, ਪਰ ਸਨੋਅ ਪਿਘਲਣ ਮਗਰੋਂ ਫਿਰ ਮੁਸਕਾਉਂਦੀ ਹੋਈ ਚਿੱਟੇ ਫੁੱਲਾਂ ਨਾਲ ਨਵੇਂ ਮੌਸਮ ਦਾ ਸਵਾਗਤ ਕਰਦੀ ਹੈ। ਰਵਿੰਦਰ ਸਹਿਰਾਅ ਨੂੰ ਮਿਲ ਕੇ ਕੁਦਰਤ ਦੇ ਸਾਰੇ ਮੌਸਮਾਂ ਨਾਲ ਮੇਲ ਹੋ ਜਾਂਦਾ ਹੈ।
ਉਸ ਨੇ ਬੰਜਰ, ਬੀਆਬਾਨਾਂ, ਉਜਾੜਾਂ ਭਰੇ ਰਾਹਾਂ ਦਾ ਸਫਰ ਕਰਦਿਆਂ ਵੀ ਮਨ ਦੀ ਜਮੀਨ ਨੂੰ ਜ਼ਰਖੇਜ਼ ਤੇ ਉਪਜਾਊ ਰੱਖਿਆ ਹੈ। Ḕਚੁਰਾਏ ਪਲਾਂ ਦਾ ਹਿਸਾਬ’, Ḕਜ਼ਖਮੀਂ ਪਲ’, Ḕਰਿਸ਼ਤਾ ਸ਼ਬਦ ਸਲੀਬਾਂ ਦਾ’ ਅਤੇ Ḕਅੱਖਰਾਂ ਦੀ ਲੋਅ’ ਕਾਵਿ-ਸੰਗ੍ਰਿਹ ਵਿਚਲੀਆਂ ਕਵਿਤਾਵਾਂ ਇਸ ਦੀ ਗਵਾਹੀ ਹਨ।
ਰਵਿੰਦਰ ਸਹਿਰਾਅ ਉਨ੍ਹਾਂ ਹਸਤਾਖਰਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਦੀਆਂ ਕਿਤਾਬਾਂ ਨੂੰ ਕੋਈ ਵੀ ਪ੍ਰਕਾਸ਼ਕ ਸਰਕਾਰੀ ਦਮਨ ਤੋਂ ਡਰਦਾ ਛਾਪਣ ਤੋਂ ਇਨਕਾਰ ਕਰ ਦਿੰਦਾ ਹੈ। Ḕਚੁਰਾਏ ਪਲਾਂ ਦਾ ਹਿਸਾਬ’ ਲਹਿਰ ਦੇ ਹਮਦਰਦ ਹਰਭਜਨ ਸਿੰਘ ਤਰਨਤਾਰਨ (ਬੀ. ਡੀ. ਓ. ) ਦੀ ਮਦਦ ਨਾਲ ਛਪੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਆਪਣਾ ਵੱਖਰਾ ਹੀ ਇਤਿਹਾਸ ਰੱਖਦੀ ਹੈ। Ḕਹੁਣ’ ਰਿਸਾਲੇ ਨਾਲ ਰਿਸ਼ਤਾ ਉਸ ਅੰਦਰਲੇ ਜਾਗਦੇ ਮਨੁੱਖ ਦਾ ਬਿੰਬ ਹੈ।
ਉਹ ਜ਼ਿੰਦਗੀ ਦੀ ਭਰਪੂਰ ਬਹਾਰ ਵਿਚ ਦੀ ਲੰਘਿਆ ਹੈ ਅਤੇ ਸਿਖਰ ਦੀ ਪੱਤਝੜ ਉਸ ਦੀ ਰੂਹ ਵਿਚ ਦੀ ਗੁਜ਼ਰੀ ਹੈ। ਉਸ ਨੇ Ḕਪਰ’ ਦੇ ਪਸੀਨੇ ਨੂੰ ਆਪਣੇ ਖੂਨ ਨਾਲੋਂ ਵੱਧ ਜਾਣਿਆ ਹੈ ਅਤੇ ਆਪਣੇ Ḕਨਿੱਜ’ ਦੇ ਹੰਝੂਆਂ ਨੂੰ ਖਾਮੋਸ਼, ਤਨਹਾ ਹਨੇਰਿਆਂ ਵਿਚ ਆਪਣੀਆਂ ਪਲਕਾਂ ਤੋਂ ਵੀ ਚੋਰੀ ਅੰਦਰੇ ਅੰਦਰ ਪੀਤਾ ਹੈ। ਬਹਾਰ ਤੇ ਪੱਤਝੜ ਦੇ ਪਾਸਾਰ ਜਦੋਂ ਕਾਇਨਾਤ ਤਕ ਫੈਲਦੇ ਹਨ ਤਾਂ ਸਹਿਰਾਅ ਦੀ ਕਵਿਤਾ ਜਨਮ ਲੈਂਦੀ ਹੈ। ਹੰਝੂ, ਪਸੀਨਾ ਅਤੇ ਲਹੂ ਆਪਸ ਵਿਚ ਘੁਲਦੇ ਹਨ ਤਾਂ ਉਸ ਦੀ ਕਵਿਤਾ ਦਾ ਸੁਹਜ ਨਿਵੇਕਲੇ ਅੰਦਾਜ਼ ਵਿਚ ਪ੍ਰਗਟ ਹੁੰਦਾ ਹੈ। ਉਸ ਦੀ ਕਵਿਤਾ ਦਿਲ ਤੇ ਦਿਮਾਗ ਨੂੰ ਇਕੋ ਵੇਲੇ, ਇਕੋ ਜਿੰਨਾ ਹੁਲਾਰਾ ਦੇਣ ਤੇ ਚੇਤਨਾ ਪ੍ਰਦਾਨ ਕਰਨ ਦਾ ਬਲ ਰੱਖਦੀ ਹੈ।
ਉਸ ਨੇ ਦਿਲ ਤੇ ਦਿਮਾਗ ਦਾ ਤੋਲ ਹਮੇਸ਼ਾ ਬਰਾਬਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੁਹੱਬਤ ਦੇ ਖਤਾਂ ਨੂੰ ਪਾੜਨਾ ਤੇ ਸੰਭਾਲਣਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਮੈਂ ਚੈਰੀ ਅਤੇ ਪਲੱਮ ਨੂੰ ਪਲੋਸ ਰਿਹਾ ਹਾਂ। ਤਰੇਲ ਨਾਲ ਭਿੱਜੇ ਬੂਟਿਆਂ ਵਿਚੋਂ ਮੁਹੱਬਤ ਵਰਗੀ ਮਹਿਕ ਆ ਰਹੀ ਹੈ। ਰਵਿੰਦਰ ਦੀ ਆਵਾਜ਼ ਆਉਂਦੀ ਹੈ, “ਚਾਹ ਤਿਆਰ ਹੈ ਬਈ। ਛੇਤੀ ਕਰੋ। ਨੀਰੂ ਆ ਗਈ ਹੈ, ਖਾਣਾ ਵੀ ਤਿਆਰ ਹੋ ਰਿਹਾ ਹੈ।”
ਡੈੱਕ ਤੋਂ ਸਾਵਣ ਦੀ ਫੁਹਾਰ ਵਰਗਾ ਗੁਰਮੀਤ ਸਿੰਘ ਸ਼ੁਗਲੀ ਦਾ ਤਲਿਸਮੀ ਹਾਸਾ ਅਤੇ ਗਜ਼ਲਗੋ ਬਿੰਦਰ ਬਿਸਮਿਲ ਦਾ ਬਾ-ਬਹਿਰ ਕਹਿਕਹਾ ਫੈਲਦਾ ਹੋਇਆ ਮੇਰੇ ਤੱਕ ਪਹੁੰਚਦਾ ਹੈ। ਸ਼ਾਇਦ ਸ਼ੁਰਲੀ ਸੁਸ਼ੀਲ ਦੁਸਾਂਝ ਨੇ ਛੱਡੀ ਹੈ. . . ।

ਰਵਿੰਦਰ ਸਹਿਰਾਅ ਦੀਆਂ ਕੁਝ ਰਚਨਾਵਾਂ

ਸਿਆਲ
ਲੋੜੋਂ ਵੱਧ
ਸਵੈਟਰ ਹਨ ਜੈਕਟਾਂ ਹਨ
ਘਰ ਦੀਆਂ ਕਲੌਜਿਟਾਂ
ਤੁੰਨੀਆਂ ਪਈਆਂ ਹਨ
ਤੂੜੀ ਵਾਲੇ ਕੁੱਪਾਂ ਵਾਂਗ।
ਘਰ ਵਿਚ, ਕਾਰ ਵਿਚ, ਕੰਮ ‘ਤੇ
ਲਗਾਤਾਰ ਹੀਟ ਚੱਲਦੀ ਹੈ
ਪਰ ਫਿਰ ਵੀ
ਕਿਉਂ ਠੰਢ ਲੱਗਦੀ ਹੈ. . . !

ਠੰਢ ਲੱਗਦੀ ਹੈ
ਜਦ ਮੈਂ ਸੋਚਦਾਂ ਉਨ੍ਹਾਂ ਬਾਰੇ
ਜਿਨ੍ਹਾਂ ਕੋਲ ਛੱਤ ਨਹੀਂ
ਜਿਹੜੇ ਸੜਕਾਂ ‘ਤੇ ਸੌਂਦੇ ਨੇ
ਗੱਤਿਆਂ ਦੀ ਓਟ ਲੈ ਕੇ
ਸੌਣ ਦੀ ਕੋਸ਼ਿਸ਼ ਕਰਦੇ ਹਨ
ਬਹਾਨਾ ਕਰਦੇ ਹਨ
ਪਰ ਨੀਂਦ ਤੋਂ ਵਾਂਝੇ ਰਹਿੰਦੇ ਹਨ।

ਮੌਸਮ ਬਦਲੇਗਾ
ਸ਼ਹਿਰ ਦੇ ਅਧਿਕਾਰੀ ਤੇ ਮੀਡੀਆ
ਸਰਗਰਮ ਹੋਵੇਗਾ
ਅੰਕੜੇ ਪੇਸ਼ ਕਰੇਗਾ
ਕਿੰਨੇ ਮਰੇ ਹਨ ਠੰਢ ਨਾਲ
ਕਿੰਨਾ ਮਾਰੂ ਰਿਹਾ
ਇਸ ਵੇਰ ਸਿਆਲ਼. . !
***

ਚਾਹੁੰਦਾ ਹਾਂ ਤੈਨੂੰ
ਚਾਹੁੰਦਾ ਹਾਂ ਤੈਨੂੰ
ਕਾਲਖ ਦੀ ਹਿੱਕ ਚੀਰਦੀ
ਦੀਵੇ ਦੀ ਲਾਟ ਵਾਂਗੂੰ

ਪਾਣੀ ਦੀ ਇਕ ਬੂੰਦ ਨੂੰ
ਮੁੱਦਤ ਤੋਂ
ਤਰਸਦੇ ਸਹਿਰਾਅ ਵਾਂਗੂੰ

ਮਨ-ਪਸੰਦ ਖਿਡਾਉਣਾ ਵੇਖ ਕੇ
ਬੱਚੇ ਦੇ ਚਿਹਰੇ ‘ਤੇ ਆਈ
ਮਾਸੂਮ ਮੁਸਕਾਨ ਵਾਂਗੂੰ

ਮਨ-ਮਸਤਕ ਵਿਚ
ਖਲਬਲੀ ਪਾਉਂਦੀ
ਕਿਸੇ
ਪਿਆਰੀ ਨਜ਼ਮ ਵਾਂਗੂੰ

ਅਸਮਾਨ ਵਿਚ ਉਡਦੇ
ਪੰਛੀਆਂ ਦੀ
ਬੇਰੋਕ ਪਰਵਾਜ਼ ਵਾਂਗੂੰ

ਹਰ ਇਕ ਨੂੰ
ਆਪਣੀ ਹਿੱਕ ਨਾਲ ਲਾਉਂਦੀ
ਧਰਤ ਵਾਂਗੂੰ

ਚਾਹੁੰਦਾ ਹਾਂ ਬਸ
ਸਿਰਫ ਤੈਨੂੰ ਤੇਰੇ ਵਾਂਗੂੰ
***

ਚਾਹਤ
ਕੁਝ ਵੀ ਕਰ ਸਕਦੇ ਹੋ
ਜੇ ਕਰਨਾ ਚਾਹੋ ਤਾਂ
ਧਰਤੀ ਨੂੰ ਨਤਮਸਤਕ ਹੋ ਕੇ
ਅੰਬਰਾਂ ਨੂੰ ਛੂਹ ਸਕਦੇ ਹੋ

ਨ੍ਹੇਰੀਆਂ ਰਾਤਾਂ ‘ਚ
ਚਾਨਣ ਦੀ ਲੀਕ ਬਣ
ਕਾਲਖ ਚੀਰ ਸਕਦੇ ਹੋ

ਰੁੱਸਿਆਂ ਨੂੰ
ਦੋਸਤੀ ਦੀ ਲਾਟ ਬਣ
ਜਗਮਗਾ ਸਕਦੇ ਹੋ

ਜਾਣੇ-ਅਣਜਾਣੇ
ਰਾਹਾਂ ‘ਤੇ ਤੁਰਦਿਆਂ
ਮੰਜ਼ਿਲ ਪਾ ਸਕਦੇ ਹੋ

ਕੁਝ ਵੀ ਕਰ ਸਕਦੇ ਹੋ
ਪਰ
ਕਰਨ ਦੀ ਚਾਹਤ ਜ਼ਰੂਰੀ ਹੈ
***

ਨਜ਼ਮ
ਸੌਂ ਰਿਹਾ ਸੀ ਘੂਕ
ਦਰਵਾਜੇ ‘ਤੇ
ਹਲਕੀ ਜਿਹੀ ਠੱਕ-ਠੱਕ ਹੋਈ
ਉਠਿਆ, ਦੇਖਿਆ
ਕੋਈ ਨਹੀਂ ਸੀ
ਰਾਤ
ਅੱਧਿਓਂ ਵੀ ਟੱਪ ਚੁੱਕੀ ਸੀ
ਪਲਸੇਟੇ ਮਾਰਦਾ
ਫਿਰ ਸੌਂ ਗਿਆ
ਅੱਖਾਂ ਮਲਦਾ ਸਵੇਰੇ ਉਠਿਆ
ਤਾਂ ਦੰਗ ਰਹਿ ਗਿਆ
ਦਰਵਾਜੇ ‘ਤੇ
ਨਜ਼ਮ ਖੜ੍ਹੀ ਸੀ. . . ।
***