ਮਹਿਲਾ ਉਦਮ ਦੀ ਬੁਲੰਦੀ

-ਗੁਲਜ਼ਾਰ ਸਿੰਘ ਸੰਧੂ
ਮਾਲਵੇ ਦੇ ਪਿੰਡ ਚੋਕਾ ਦੀ ਜੰਮਪਲ ਗੁਰਪ੍ਰੀਤ ਕੌਰ ਨੇ ਆਪਣੇ ਕਿਸਾਨ ਪਿਤਾ ਦੇ ਗੰਭੀਰ ਰੋਗੀ ਹੋਣ ਉਤੇ ਘਰ ਦਾ ਸਾਰਾ ਕੰਮ ਆਪਣੇ ਮੋਢਿਆਂ ਉਤੇ ਲੈ ਲਿਆ। ਉਹ ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਸੀ, ਜਦ ਪਿਤਾ ਬਲਜੀਤ ਸਿੰਘ ਦੇ ਫੇਫੜਿਆਂ ਵਿਚ ਪਾਣੀ ਪੈ ਗਿਆ। ਪਿਤਾ ਦੇ ਇਲਾਜ ਤੇ ਪਰਿਵਾਰ ਦੇ ਛੇ ਮੈਂਬਰਾਂ ਦੇ ਖਰਚੇ ਨਾਲ ਸਾਰਾ ਪਰਿਵਾਰ ਆਰਥਕ ਸੰਕਟ ਦਾ ਸ਼ਿਕਾਰ ਹੋ ਗਿਆ।

ਜੋ ਦੋ ਢਾਈ ਏਕੜ ਜਮੀਨ ਸੀ, ਉਹ ਵੀ ਗਹਿਣੇ ਧਰਨੀ ਪੈ ਗਈ। ਉਸ ਨੇ ਕਾਲਜ ਦੀ ਪੜ੍ਹਾਈ ਛੱਡ ਕੇ ਥੋੜੀ ਬੰਜਰ ਜ਼ਮੀਨ ਠੇਕੇ ਉਤੇ ਲੈ ਕੇ ਉਸ ਨੂੰ ਪੱਧਰੀ ਕਰਵਾਇਆ ਅਤੇ ਸਬਜ਼ੀਆਂ ਬੀਜਣ ਵਲ ਉਚੇਚਾ ਧਿਆਨ ਦਿੱਤਾ। ਉਪਜ ਨੂੰ ਸ਼ਹਿਰ ਵਿਚ ਲਿਜਾ ਕੇ ਵੇਚਣ ਦੇ ਮੰਤਵ ਨਾਲ ਕਰਜ਼ਾ ਲੈ ਕੇ ਟੈਂਪੂ ਖਰੀਦ ਲਿਆ। ਜਦੋਂ ਉਸ ਦੇ ਆਪਣੇ ਖੇਤਾਂ ਵਿਚ ਸਬਜ਼ੀ ਨਹੀਂ ਸੀ ਹੁੰਦੀ ਤਾਂ ਸਬਜ਼ੀ ਮੰਡੀ ਵਿਚੋਂ ਸਬਜ਼ੀਆਂ ਖਰੀਦ ਕੇ ਟੈਂਪੂ ਉਤੇ ਇਨ੍ਹਾਂ ਨੂੰ ਪਿੰਡਾਂ ਵਿਚ ਵੇਚਣ ਲੈ ਜਾਂਦੀ। ਉਸ ਨੇ ਉਦਮ ਕਰਕੇ ਪਿਤਾ ਦਾ ਇਲਾਜ ਹੀ ਨਹੀਂ ਕਰਵਾਇਆ, ਆਪਣੇ ਤੋਂ ਛੋਟੀ ਭੈਣ ਦਾ ਵਿਆਹ ਵੀ ਕੀਤਾ। ਹੁਣ 33 ਸਾਲ ਦੀ ਉਮਰ ਵਿਚ ਉਹ ਕਰਜ਼ੇ ਤੋਂ ਮੁਕਤ ਹੋ ਕੇ ਸਫਲ ਕਿਸਾਨੀ ਦੀ ਵਧੀਆ ਮਿਸਾਲ ਬਣ ਚੁਕੀ ਹੈ।
ਗੁਰਪ੍ਰੀਤ ਕੌਰ ਕਹਿੰਦੀ ਹੈ ਕਿ ਉਹ ਬਹੁਤ ਛੇਤੀ ਗਹਿਣੇ ਧਰੀ ਜਮੀਨ ਵੀ ਛੁਡਵਾ ਲਵੇਗੀ। ਉਸ ਦੀ ਲਗਨ, ਦ੍ਰਿੜ੍ਹਤਾ ਤੇ ਸਫਲਤਾ ਨੂੰ ਮੁੱਖ ਰਖਦਿਆਂ ਉਸ ਨੂੰ ਭਾਰਤ ਸਰਕਾਰ ਵਲੋਂ ਕ੍ਰਿਸ਼ੀ ਦਰਪਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ, ਜਿਸ ਵਿਚ ਪ੍ਰਮਾਣ ਪੱਤਰ ਤੋਂ ਬਿਨਾ ਦੋ ਲੱਖ ਰੁਪਏ ਦੀ ਰਕਮ ਵੀ ਸ਼ਾਮਲ ਹੈ। ਚੇਤੇ ਰਹੇ, ਉਸ ਖੇਤਰ ਨੂੰ ਜੰਗਲ ਕਿਹਾ ਜਾਂਦਾ ਸੀ। ਗੁਰਪ੍ਰੀਤ ਦੇ ਉਦਮ ਨੇ ਮੈਨੂੰ ਆਪਣੇ ਨਾਨਕੇ ਪਿੰਡ ਦੀ ਉਹ ਨੂੰਹ ਵੀ ਚੇਤੇ ਕਰਵਾ ਦਿੱਤੀ ਹੈ, ਜਿਸ ਨੂੰ ਮੇਰੇ ਬਚਪਨ ਵਿਚ ਸਾਰੇ ਜਾਂਗਲੋ ਕਹਿ ਕੇ ਬੁਲਾਉਂਦੇ ਸਨ। ਉਹ ਉਚੀ ਲੰਮੀ ਤੇ ਸੁਹਣੀ ਸੀ ਤੇ ਗੁਰਪ੍ਰੀਤ ਵਾਂਗ ਉਦਮੀ ਵੀ।
ਮੇਰੇ ਜੀਵਨ ਦਾ ਅੰਤਿਮ ਸੱਚ: ਮੈਂ ਆਪਣੀ ਆਤਮ ਕਥਾ ਨੂੰ ਅੰਤਿਮ ਛੋਹਾਂ ਦੇ ਰਿਹਾ ਸਾਂ ਕਿ ਛੇ ਦਹਾਕੇ ਪਹਿਲਾਂ ਦੀ ਇੱਕ ਘਟਨਾ ਚੇਤੇ ਆ ਗਈ-ਮੇਰਾ ਹੱਥ ਦੇਖ ਕੇ ਲਾਇਆ ਇੱਕ ਜੋਤਿਸ਼ੀ ਦਾ ਜੋਤਿਸ਼। ਉਸ ਨੇ ਤਿੰਨ ਗੱਲਾਂ ਕਹੀਆਂ। ਪਹਿਲੀ, ਮੈਂ ਜੀਵਨ ਭਰ ਆਪਣੀ ਸਵਾਰੀ ਵਾਲਾ ਰਹਾਂਗਾ। ਦੂਜੀ, ਮੈਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੋਣੀ। ਤੀਜੀ, ਮੈਂ ਅੰਤਿਮ ਉਮਰੇ ਪਾਗਲ ਹੋ ਜਾਣਾ ਹੈ। ਮੈਨੂੰ ਆਪਣੀ ਸੁੱਧ-ਬੁੱਧ ਨਹੀਂ ਰਹਿਣੀ।
ਪਹਿਲੀਆਂ ਦੋਵੇਂ ਗੱਲਾਂ ਠੀਕ ਸਨ। ਮੇਰੇ ਕੋਲ ਆਪਣਾ ਸਾਈਕਲ ਸੀ। ਨਾਨਕੀਂ ਜਾਂਦਾ ਤਾਂ ਸਾਈਕਲ ਉਤੇ, ਪੂਰੇ ਸੱਠ ਕਿਲੋਮੀਟਰ। ਚਾਰ ਭੈਣਾਂ ਦਾ ਇੱਕੋ ਇੱਕ ਭਰਾ ਅਤੇ ਮਾਪਿਆਂ ਦਾ ਜੇਠਾ ਤੇ ਲਾਡਲਾ ਪੁੱਤਰ। ਜੇ ਦੋ ਗੱਲਾਂ ਠੀਕ ਸਨ ਤਾਂ ਤੀਜੀ ਵੀ ਗਲਤ ਨਹੀਂ ਸੀ ਹੋਣੀ।
ਮੇਰੀ ਸੋਚ ਉਤੇ ਤੀਜੀ ਗੱਲ ਭਾਰੂ ਹੋ ਗਈ। ਮੈਂ ਸੁਪਨਿਆਂ ਵਿਚ ਪਾਗਲਾਂ ਵਾਂਗ ਵਿਚਰਦਾ। ਅੱਖ ਖੁਲ੍ਹਦੀ ਤਾਂ ਮੈਨੂੰ ਖੰਨਾ ਮੰਡੀ ਦਾ ਉਹ ਨੌਜਵਾਨ ਤੇ ਹੱਟਾ ਕੱਟਾ ਬੰਦਾ ਚੇਤੇ ਆ ਜਾਂਦਾ ਜੋ ਨੰਗ ਮੁਨੰਗਾ ਸੜਕਾਂ ਉਤੇ ਇੱਕ ਹੀ ਵਾਕ ਦੁਹਰਾਉਂਦਾ ਫਿਰਦਾ ਰਹਿੰਦਾ। ਉਸ ਨੂੰ ਚੜ੍ਹੀ ਲਥੀ ਦੀ ਪਰਵਾਹ ਨਹੀਂ ਸੀ। ਜਿੱਥੇ ਜੀ ਕਰਦਾ ਖਲੋ ਕੇ ਪਿਸ਼ਾਬ ਕਰਨ ਲੱਗ ਜਾਂਦਾ, ਸੜਕ ਦੇ ਐਨ ਵਿਚਕਾਰ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ। ਦਿਨ ਵੇਲੇ ਸਿਰ ਦੁਖਦਾ ਤਾਂ ਨੀਂਦ ਦੀ ਗੋਲੀ ਅਸਰ ਨਾ ਕਰਦੀ। ਮੈਂ ਆਪਣੇ ਆਪ ਨੂੰ ਦਿੱਲੀ ਦੀਆਂ ਸੜਕਾਂ ਉਤੇ ਉਹਦੇ ਵਾਂਗ ਘੁੰਮਦਾ ਵੇਖਦਾ। ਉਹਦੇ ਵਰਗਾ ਹੋਣ ਤੋਂ ਡਰਦਾ ਹੋਰ ਵੀ ਨਿਰਾਸ਼ ਹੋ ਜਾਂਦਾ।
ਦੋ ਕੁ ਮਹੀਨੇ ਏਦਾਂ ਹੀ ਲੰਘੇ ਤਾਂ ਇੱਕ ਦਿਨ ਮੇਰੇ ਮਨ ਵਿਚ ਆਈ ਕਿ ਅੰਤਲੀ ਉਮਰ ਤਾਂ ਪਤਾ ਨਹੀਂ ਕਦੋਂ ਆਉਣੀ ਹੈ, ਜੇ ਮੈਂ ਏਦਾਂ ਹੀ ਸੋਚਦਾ ਰਿਹਾ ਤਾਂ ਕੱਲ੍ਹ ਹੀ ਪਾਗਲ ਹੋ ਜਾਵਾਂਗਾ। ਅਗਲੇ ਪਲ ਜਾਪਿਆ ਕਿ ਮੈਂ ਤਾਂ ਅੱਜ ਹੀ ਪਾਗਲ ਹਾਂ। ਕੇਵਲ ਤਨ ਦੇ ਕੱਪੜੇ ਨਹੀਂ ਪਾੜੇ ਜਾਂ ਉਤਾਰੇ।
ਇਹ ਗੱਲ ਮਨ ਵਿਚ ਆਉਂਦੇ ਸਾਰ ਮੈਂ ਆਪਣੇ ਆਪ ਨੂੰ ਮਣ ਮਣ ਦੀਆਂ ਗਾਲਾਂ ਕੱਢੀਆਂ ਅਤੇ ਮੂੰਹ ਉਤੇ ਪਾਣੀ ਦੇ ਛਿੱਟੇ ਮਾਰ ਕੇ ਗਰਮ ਪਾਣੀ ਨਾਲ ਨ੍ਹਾਤਾ ਤੇ ਜਿਸਮ ਦੀ ਮੈਲ ਦੀਆਂ ਵੱਟੀਆਂ ਲਾਹੀਆਂ। ਚੁਸਤ ਦਰੁਸਤ ਹੋ ਗਿਆ। ਥੋੜ੍ਹੀ ਸਮਝ ਆਈ ਤਾਂ ਜੋਤਿਸ਼ੀ ਨੂੰ ਵੀ ਉਨੀਆਂ ਹੀ ਗਾਲ੍ਹਾਂ ਕੱਢੀਆਂ ਤੇ ਹੋਰ ਵੀ ਹਲਕਾ ਫੁੱਲ ਹੋ ਗਿਆ।
ਮੈਨੂੰ ਨਹੀਂ ਪਤਾ ਕਿ ਖੰਨਾ ਮੰਡੀ ਵਾਲੇ ਨੌਜਵਾਨ ਨੂੰ ਕਿਸੇ ਜੋਤਿਸ਼ੀ ਨੇ ਪਾਗਲ ਕੀਤਾ ਸੀ ਜਾਂ ਇਸ ਦੇ ਕਾਰਨ ਹੋਰ ਸਨ? ਆਪਣੀ ਉਮਰ ਦੇ ਨੌਂਵੇਂ ਦਹਾਕੇ ਵਿਚ ਪਹੁੰਚ ਕੇ ਮੈਨੂੰ ਏਨਾ ਜ਼ਰੂਰ ਪਤਾ ਲੱਗ ਗਿਆ ਸੀ ਕਿ ਆਖਰੀ ਉਮਰੇ ਚੇਤੇ ਨੂੰ ਖੋਰਾ ਲੱਗ ਜਾਂਦਾ ਹੈ। ਮੇਰੇ ਉਘੇ ਤੇ ਸੀਨੀਅਰ ਮਿੱਤਰਾਂ ਨੂੰ ਲੱਗ ਗਿਆ ਸੀ। ਜੇ ਏਧਰ ਵੀ ਇਹ ਭਾਣਾ ਵਰਤ ਗਿਆ ਤਾਂ ਮੈਂ ਉਨ੍ਹਾਂ ਵਰਗਾ ਹੀ ਹੋਵਾਂਗਾ, ਖੰਨਾ ਮੰਡੀ ਵਾਲੇ ਵਰਗਾ ਨਹੀਂ।
ਉਪਰ ਵਾਲਾ: ਧਰਮਪੁਰ-ਸਬਾਠੂ ਸੜਕ ਉਤੇ ਰਹਿੰਦਿਆਂ ਮੈਨੂੰ ਆਪਣਾ ਪੰਜ ਦਹਾਕੇ ਪੁਰਾਣਾ ਚੰਡੀਗੜ੍ਹ ਤੋਂ ਸ਼ਿਮਲਾ ਦਾ ਇੱਕ ਸਫਰ ਚੇਤੇ ਆ ਗਿਆ। ਉਸ ਦਿਨ ਮੈਨੂੰ ਧਰਮਪੁਰ ਤੋਂ ਬੜੌਗ ਨੂੰ ਜਾਂਦਿਆਂ ਮੀਂਹ ਨੇ ਘੇਰ ਲਿਆ। ਮੈਂ ਖੱਬੇ ਹੱਥ ਦੀਆਂ ਡੂੰਘਾਈਆਂ ਤੋਂ ਬਚਦਾ ਕਾਰ ਚਲਾਉਂਦਾ ਗਿਆ। ਮੀਂਹ ਘਟਿਆ ਤਾਂ ਇੱਕ ਮੋੜ ਉਤੇ ਲੋਕਾਂ ਦੀ ਭੀੜ ਨਜ਼ਰ ਆਈ। ਮੈਂ ਰੁਕ ਕੇ ਵੇਖਿਆ ਤਾਂ ਇੱਕ ਟਰੱਕ ਉਲਟਿਆ ਪਿਆ ਸੀ ਤੇ ਉਸ ਦਾ ਸਾਰਾ ਸਾਮਾਨ ਥੱਲੇ ਦੂਰ-ਦੂਰ ਤੱਕ ਰੁੜ੍ਹਿਆ ਪਿਆ ਸੀ। ਕਿਸੇ ਵਿੱਧ ਡਰਾਈਵਰ ਤੇ ਉਸ ਦਾ ਸਾਥੀ ਸਮੇਂ ਸਿਰ ਛਾਲਾਂ ਮਾਰ ਕੇ ਬਚ ਗਏ ਸਨ। ਟਰੱਕ ਇੱਕ ਵੱਡੇ ਰੁੱਖ ਵਿਚ ਫਸੇ ਹੋਏ ਝੋਟੇ ਵਾਂਗ ਜਾਪਦਾ ਸੀ। ਪਤਾ ਨਹੀਂ ਕਿਵੇਂ ਟੂਲ ਬਕਸ ਦਾ ਅਗਲਾ ਫੱਟਾ ਬਿਲਕੁਲ ਸਾਲਮ ਸਬੂਤਾ ਉਸ ਰੁੱਖ ਨਾਲ ਲਟਕ ਰਿਹਾ ਸੀ। ਉਸ ਫੱਟੇ ਉਤੇ ਲਿਖੇ ਸ਼ਬਦਾਂ ਨੂੰ ਵੀ ਕੋਈ ਆਂਚ ਨਹੀਂ ਸੀ ਆਈ। ਇੱਕ ਪੰਜਾਬਣ ਬੀਬੀ ਨੇ ਉਹ ਸ਼ਬਦ ਪੜ੍ਹੇ ਤਾਂ ਸੁਖ ਦਾ ਸਾਹ ਲੈਂਦਿਆਂ ਬੋਲੀ, ‘ਉਪਰ ਵਾਲੇ ਨੇ ਕਿਰਪਾ ਕਰਕੇ ਬਚਾ ਰਖਿਆ ਹੈ।’ ਸੁਣਨ ਵਾਲੇ ਵੀ ਚੁੱਪ ਕਰ ਰਹੇ ਤੇ ਮੈਂ ਵੀ। ਟੂਲ ਬਕਸ ਦੇ ਫੱਟੇ ਦੇ ਸ਼ਬਦ ਸਨ, ‘ਉਹਦੀ ਓਟ।’
ਅੰਤਿਕਾ: ਈਸ਼ਵਰ ਚਿੱਤਰਕਾਰ
ਤੇਰੀ ‘ਨਹੀਂ’ ਨੇ ਫਾਹ ਲਿਆ
ਉਸ ਦਿਲ ਨੂੰ ਕਿਸ ਤਰ੍ਹਾਂ ਭਲਾ,
ਜਿਸ ਵਲ ਜਰਾ ਵੀ ਦੇਖਣੋਂ
ਸੀ ਮੌਤ ਸੰਗਦੀ ਰਹੀ।