ਪੰਜਾਬੀ ਸਿਨਮਾ: 1936 ਤੋਂ 1990 ਤਕ

ਸੁਖਵਿੰਦਰ ਕੰਦੋਲਾ
ਪੰਜਾਬੀ ਫਿਲਮਾਂ ਦਾ ਇਤਿਹਾਸ ਭਾਰਤ ਵਿਚ ਬੋਲਦੀਆਂ ਫਿਲਮਾਂ ਦੇ ਪੰਜ ਵਰ੍ਹੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪਹਿਲੀ ਬੋਲਦੀ ਫਿਲਮ ‘ਆਲਮਆਰਾ’ 1931 ਨੂੰ ਭਾਰਤ ਵਿਚ ਰਿਲੀਜ਼ ਹੋਈ ਅਤੇ ਮਹਾਂਨਗਰ ਕਲਕੱਤਾ ਅਤੇ ਮੁੰਬਈ ਫਿਲਮਾਂ ਦੇ ਨਿਰਮਾਣ ਕੇਂਦਰ ਬਣ ਗਏ। ਇਸ ਤੋਂ ਲਗਪਗ ਪੰਜ ਵਰ੍ਹਿਆਂ ਬਾਅਦ ਪਹਿਲੀ ਪੰਜਾਬੀ ਫਿਲਮ 1936 ਵਿਚ ਕੇ. ਡੀ. ਮੇਹਰਾ ਨੇ ਬਣਾਈ ਜਿਸ ਦਾ ਨਾਮ ‘ਸ਼ੀਲਾ’ ਰੱਖਿਆ ਅਤੇ ਫਿਰ ਇਹ ਫਿਲਮ ‘ਪਿੰਡ ਦੀ ਕੁੜੀ’ ਦੇ ਨਾਮ ਨਾਲ ਚਰਚਿਤ ਹੋਈ। ਖ਼ੂਬਸੂਰਤ ਨੂਰ ਜਹਾਂ ਨੇ ਨਾਇਕਾ ਅਤੇ ਗਾਇਕਾ ਵਜੋਂ ਇਸ ਫਿਲਮ ਰਾਹੀਂ ਸ਼ੁਰੂਆਤ ਕੀਤੀ।

ਇਹ ਫਿਲਮ ਕਲਕੱਤਾ ਵਿਚ ਬਣੀ ਅਤੇ ਲਾਹੌਰ ‘ਚ ਪ੍ਰਦਰਸ਼ਿਤ ਹੋਈ। ਇਹ ਬਹੁਤ ਸਫਲ ਰਹੀ। ਕੇ. ਡੀ. ਮਹਿਰਾ ਨੇ ਇਸ ਦੀ ਕਾਮਯਾਬੀ ਨੂੰ ਵੇਖਦੇ ਹੋਏ ਬਿੱਲੋ ਮਹਿਰਾ ਦੇ ਸਹਿਯੋਗ ਨਾਲ ਫਿਰ 1938 ਵਿਚ ਦੂਜੀ ਫਿਲਮ ‘ਹੀਰ ਸਿਆਲ’ ਬਣਾਈ। ਇਸ ਵਿਚ ਨੂਰ ਜਹਾਂ ਨੇ ‘ਬਾਲੋ’ ਦਾ ਕਿਰਦਾਰ ਨਿਭਾਇਆ। ਇਨ੍ਹਾਂ ਫਿਲਮਾਂ ਦੇ ਨਿਰਮਾਣ ਨਾਲ ਪੰਜਾਬੀ ਬੋਲੀ ਦੀ ਫਿਲਮੀ ਮਾਰਕੀਟ ਬਣ ਗਈ ਕਿਉਂਕਿ ਬਹੁਤਾ ਪੰਜਾਬੀ ਭਾਈਚਾਰਾ ਲਾਹੌਰ ਦੇ ਇਰਦ-ਗਿਰਦ ਪੰਜਾਬ ਦੇ ਇਸੇ ਖੇਤਰ ਵਿਚ ਰਹਿੰਦਾ ਸੀ, ਇਸ ਲਈ ਇਥੇ ਸਟੂਡੀਓ ਖੁੱਲ੍ਹ ਗਏ ਅਤੇ ਬਹੁਤ ਸਾਰੇ ਨਿਰਮਾਤਾ, ਨਿਰਦੇਸ਼ਕ, ਤਕਨੀਸ਼ੀਅਨ ਅਤੇ ਅਦਾਕਾਰ ਕਲਕੱਤਾ ਅਤੇ ਮੁੰਬਈ ਤੋਂ ਲਾਹੌਰ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਵਿਚੋਂ ਕੇ. ਸ਼ਾਤਾ ਆਪਤੇ, ਮੋਤੀ ਲਾਲ, ਚੰਦਰਾ ਮੋਹਨ, ਹੀਰਾ ਲਾਲ, ਨੂਰ ਜਹਾਂ ਅਤੇ ਬਲਦੇਵ ਰਾਜ ਚੋਪੜਾ ਆਦਿ ਲਾਹੌਰ ਫਿਲਮੀ ਉਦਯੋਗ ਅੰਦਰ ਖ਼ਾਸ ਪਛਾਣ ਰੱਖਦੇ ਸਨ। ਬਲਦੇਵ ਰਾਜ ਚੋਪੜਾ ਨੇ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ‘ਤੇ ਆਪਣੀ ਪਛਾਣ ਬਣਾਈ। ਲਾਹੌਰ ਵਿਚ ਉਸ ਨੇ ‘ਸਿਨੇ ਹੇਰਾਲਡ’ ਨਾਮ ਦੀ ਫਿਲਮੀ ਪੱਤ੍ਰਿਕਾ ਵੀ ਪ੍ਰਕਾਸ਼ਿਤ ਕੀਤੀ।
ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕੀਤਾ ਤਾਂ ਇਸ ਦੇ ਨਾਲ ਹੀ ਦੇਸ਼ ਨੂੰ ਦੋ ਹਿੱਸਿਆਂ ‘ਚ ਰਾਜਨੀਤਕ ਤੌਰ ‘ਤੇ ਵੰਡਣ ਦਾ ਮਨਹੂਸ ਅਹਿਦ ਵੀ ਹੋਇਆ। ਇਸ ਤਰ੍ਹਾਂ ਪੰਜਾਬ ਵੀ ਦੋ ਪੰਜਾਬੀ ਕੌਮਾਂ ਵਿਚਕਾਰ ਵੰਡਿਆ ਗਿਆ। ਜਿਸ ਤਰ੍ਹਾਂ ਸਮੁੱਚੀ ਪੰਜਾਬੀ ਕੌਮ ਇਸ ਕੁਟਲ ਰਾਜਨੀਤਕ ਸਾਜ਼ਿਸ਼ ਦਾ ਸ਼ਿਕਾਰ ਹੋਈ, ਉਸੇ ਤਰ੍ਹਾਂ ਹੀ ਪੰਜਾਬੀ ਸਿਨਮਾ ਵੀ ਅਸਰ-ਅੰਦਾਜ਼ ਹੋਇਆ। ਅਨੇਕਾਂ ਹੀ ਮੁਸਲਿਮ ਅਦਾਕਾਰ ਅਤੇ ਫਨਕਾਰ ਪਾਕਿਸਤਾਨ ਨੂੰ ਰਵਾਨਾ ਹੋ ਗਏ। ਇਸੇ ਤਰ੍ਹਾਂ ਸਿੱਖ ਅਤੇ ਹਿੰਦੂ ਅਦਾਕਾਰ ਤੇ ਫਨਕਾਰ ਮੁੰਬਈ ਨੂੰ ਹਿਜਰਤ ਕਰ ਗਏ। ਇਸ ਵੰਡ ਦੇ ਦੌਰਾਨ ਹੋਈ ਆਪਾ-ਧਾਪੀ ‘ਚੋਂ ਪੰਜਾਬੀ ਸਿਨਮੇ ਨੂੰ ਮੁੜ ਸੁਰਜੀਤ ਹੋਣ ਲਈ ਤਿੰਨ ਵਰ੍ਹੇ ਲੱਗੇ। ਫਿਲਮਾਂ ਬਣਾਉਣ ਵਾਲਿਆਂ ਨੇ 1950 ਵਿਚ ਕੁਝ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ। ਇਨ੍ਹਾਂ ਵਿਚੋ ‘ਪੋਸਤੀ’, ‘ਦੋ ਲੱਛੀਆਂ’ ਦੇ ਨਾਮ ਗਿਣੇ ਜਾ ਸਕਦੇ ਹਨ। ਇਨ੍ਹਾਂ ਫਿਲਮਾਂ ‘ਚੋਂ ਕੁਝ ਕਾਮਯਾਬ ਹੋਈਆਂ, ਪਰ ਇਨ੍ਹਾਂ ਨਾਲ ਪੰਜਾਬੀ ਸਿਨਮਾ ਇਸ ਯੋਗ ਨਹੀਂ ਹੋਇਆ ਕਿ ਉਸ ਦੀ ਸਥਾਪਤੀ ਦਾ ਮੁੱਢ ਬੰਨ੍ਹਿਆ ਜਾ ਸਕੇ।
ਇਸ ਸਭ ਦੇ ਬਾਵਜੂਦ ਵੰਡ ਤੋਂ ਪਹਿਲਾਂ ਦਾ ਹਾਸਾ-ਮਾਖੌਲ ਵਾਲਾ ਰੁਝਾਨ ਪੰਜਾਬੀ ਫਿਲਮਾਂ ‘ਚ ਜਾਰੀ ਰਿਹਾ। ਮੁਲਖ ਰਾਜ ਭਾਖੜੀ ਨੇ ਹਾਸੇ ਠੱਠੇ ਦੇ ਮਾਹੌਲ ਵਾਲੀ ਕਾਮਯਾਬ ਫਿਲਮ ‘ਭੰਗੜਾ’ 1958 ਵਿਚ ਬਣਾਈ। ਇਸ ਦੇ ਸਿਤਾਰੇ ਸੁੰਦਰ ਅਤੇ ਨਿਸ਼ੀ ਸਨ। ਇਸ ਫਿਲਮ ਦਾ ਸੰਗੀਤ ਹੰਸਰਾਜ ਬਹਿਲ ਨੇ ਦਿੱਤਾ ਅਤੇ ਗੀਤ ਵਰਮਾ ਮਲਿਕ ਨੇ ਲਿਖੇ। ਇਨ੍ਹਾਂ ਨੂੰ ਅਵਾਜ਼ ਨਾਲ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗ਼ਮ ਨੇ ਸ਼ਿੰਗਾਰਿਆ। ਇਸ ਫਿਲਮ ਦਾ ‘ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ, ਰਾਹ ਭੁੱਲ ਨਾ ਜਾਵੇ ਚੰਨ ਮੇਰਾ’ ਗੀਤ ਬਹੁਤ ਹੀ ਹਰਮਨਪਿਆਰਾ ਹੋਇਆ। ਇਸ ਦੇ ਗੀਤ ਲਗਪਗ ਇੱਕ ਦਹਾਕਾ ਰੇਡੀਓ ‘ਤੇ ਗੂੰਜਦੇ ਰਹੇ। ‘ਭੰਗੜਾ’ ਨੂੰ ਦੁਬਾਰਾ 1980 ਵਿਚ ਮੋਹਨ ਭਾਖੜੀ ਨੇ ‘ਜੱਟੀ’ ਦੇ ਰੂਪ ‘ਚ ਬਣਾਇਆ। ਇਸ ਦੇ ਸਿਤਾਰੇ ਮਿਹਰ ਮਿੱਤਲ ਅਤੇ ਅਰਪਨਾ ਚੌਧਰੀ ਸਨ। ਇਸ ਫਿਲਮ ਨੇ ਇੱਕ ਵਾਰ ਫਿਰ ਟਿਕਟ ਖਿੜਕੀ ‘ਤੇ ਕਾਮਯਾਬੀ ਹਾਸਲ ਕੀਤੀ।
ਨਿਰਦੇਸ਼ਕ ਪਦਮ ਪ੍ਰਕਾਸ਼ ਮਹੇਸ਼ਵਰੀ ਨੇ ਵੱਡੇ ਬਜਟ ਵਾਲੀ ਪ੍ਰੇਮ ਕਹਾਣੀ ‘ਤੇ ਆਧਾਰਿਤ 1964 ਵਿਚ ਫਿਲਮ ‘ਸਤਲੁਜ ਦੇ ਕੰਢੇ’ ਰਿਲੀਜ਼ ਕੀਤੀ। ਇਸ ਦੇ ਸਿਤਾਰੇ ਬਲਰਾਜ ਸਾਹਨੀ, ਨਿਸ਼ੀ, ਵਾਸਟੀ ਅਤੇ ਮਿਰਜ਼ਾ ਮੁਸ਼ਰਫ ਸਨ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੰਸਰਾਜ ਬਹਿਲ ਨੇ। ਇਹ ਫਿਲਮ ਬਹੁਤ ਮਕਬੂਲ ਹੋਈ। ਇਸ ਨੇ ਕੌਮੀ ਪਰੁਸਕਾਰ ਹਾਸਲ ਕੀਤਾ। ਫਿਰ 1969 ਵਿਚ ਧਾਰਮਿਕ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਆਈ। ਇਸ ਦੇ ਸਿਤਾਰੇ ਪ੍ਰਿਥਵੀ ਰਾਜ ਕਪੂਰ, ਆਈ ਐਸ ਜਹੌਰ, ਵਿੰਮੀ, ਸੋਮਨਾਥ, ਨਿਸ਼ੀ ਅਤੇ ਡੇਬਡ ਇਬਰਾਹਿਮ ਸਨ। ਇਹ ਪਹਿਲੀ ਪੰਜਾਬੀ ਫਿਲਮ ਸੀ ਜਿਸ ਨੇ ਆਜ਼ਾਦੀ ਤੋਂ ਬਾਅਦ ਸਿਖ਼ਰ ਦੀ ਕਾਮਯਾਬੀ ਹਾਸਲ ਕੀਤੀ। ਇਸ ਫਿਲਮ ਨਾਲ ਭਾਰਤ ਅੰਦਰ ਪੰਜਾਬੀ ਫਿਲਮ ਉਦਯੋਗ ਦੀ ਪਛਾਣ ਤਾਜ਼ਾ ਹੋ ਗਈ। ਇਸ ਫਿਲਮ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਦੇਖਣ ਲਈ ਦਰਸ਼ਕ ਕਿਲੋਮੀਟਰ ਲੰਮੀ ਕਤਾਰ ਵਿਚ ਵੀ ਟਿਕਟ ਲੈਣ ਲਈ ਇੰਤਜ਼ਾਰ ਕਰਦੇ ਸਨ।
‘ਨਾਨਕ ਨਾਮ ਜਹਾਜ਼ ਹੈ’ ਦੀ ਮਕਬੂਲੀਅਤ ਤੋਂ ਬਾਅਦ ਸੱਤਰਵਿਆਂ ਦੇ ਦੌਰਾਨ ਹਿੰਦੀ ਫਿਲਮਾਂ ਦੇ ਅਦਾਕਾਰ ਵੀ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਵਾਸਤੇ ਉਤਸ਼ਾਹਿਤ ਹੋ ਗਏ। ‘ਕਣਕਾਂ ਦੇ ਓਹਲੇ’ ਵਿਚ ਧਰਮਿੰਦਰ, ਆਸ਼ਾ ਪਾਰੇਖ ਅਤੇ ਰਵਿੰਦਰ ਕਪੂਰ ਆਦਿ ਨੇ ਕੰਮ ਕੀਤਾ। ਇਸ ਤੋਂ ਇਲਾਵਾ ‘ਨਾਨਕ ਦੁਖੀਆ ਸਭ ਸੰਸਾਰ’, ‘ਮੇਲੇ ਮਿੱਤਰਾਂ ਦੇ’, ‘ਮਨ ਜੀਤੇ ਜਗੁ ਜੀਤੇ’, ‘ਭਗਤ ਧੰਨਾ ਜੱਟ’, ‘ਸੱਚਾ ਮੇਰਾ ਰੂਪ ਹੈ’ ਅਤੇ ‘ਦੁੱਖ ਭੰਜਨ ਤੇਰਾ ਨਾਮ’ ਫਿਲਮਾਂ ਵਿਚ ਧਰਮਿੰਦਰ, ਬਲਰਾਜ ਸਾਹਨੀ, ਸੁਨੀਲ ਦੱਤ, ਰਾਜਿੰਦਰ ਕੁਮਾਰ, ਫਿਰੋਜ਼ ਖ਼ਾਨ, ਮਨਮੋਹਨ ਕ੍ਰਿਸ਼ਨ, ਦਾਰਾ ਸਿੰਘ ਅਤੇ ਜੌਨੀ ਵਾਕਰ ਵਰਗੇ ਅਦਾਕਾਰਾਂ ਨੇ ਅਦਾਕਾਰੀ ਕੀਤੀ।
ਵਰਿੰਦਰ ਨੇ 1975 ਵਿਚ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਰਾਹੀਂ ਪੰਜਾਬੀ ਫਿਲਮ ਜਗਤ ਅੰਦਰ ਕਦਮ ਰੱਖਿਆ। 1976 ਵਿਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਵੇਂ ‘ਦਾਜ ਅਤੇ ਗਿੱਧਾ’, ‘ਮੈਂ ਪਾਪੀ ਤੂ ਬਖ਼ਸ਼ਣਹਾਰ’, ‘ਸੰਤੋ ਬੰਤੋ’, ‘ਸਰਦਾਰੇ ਆਜ਼ਮ’ ਅਤੇ ‘ਸਵਾ ਲਾਖ ਸੇ ਏਕ ਲੜਾਊਂ’। ‘ਸਵਾ ਲਾਖ ਸੇ ਏਕ ਲੜਾਊਂ’ ਫਿਲਮ ਨਾਨਕ ਸਿੰਘ ਦੇ ਨਾਵਲ ‘ਗਗਨ ਦਮਾਮਾ ਵਾਜਿਓ’ ‘ਤੇ ਆਧਾਰਿਤ ਸੀ। ਦਾਰਾ ਸਿੰਘ ਦਾ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ‘ਤੇ ਇਹ ਸ਼ਲਾਘਾਯੋਗ ਯਤਨ ਸੀ। ਇਸ ਫਿਲਮ ਵਿਚ ਦਾਰਾ ਸਿੰਘ ਨੇ ਨਾਇਕ ਦੇ ਤੌਰ ‘ਤੇ ਅਤੇ ਰਾਜੇਸ਼ ਖੰਨਾ ਨੇ ਕੱਵਾਲ ਦੇ ਰੂਪ ‘ਚ ਮਹਿਮਾਨ ਅਦਾਕਾਰ ਵਜੋਂ ਭੂਮਿਕਾ ਨਿਭਾਈ। ਇਹ ਫਿਲਮ ਵਾਦ-ਵਿਵਾਦ ਦਾ ਸ਼ਿਕਾਰ ਹੋਣ ਕਾਰਨ ਇਸ ਦੇ ਪ੍ਰਦਰਸ਼ਨ ਹੋਣ ਤੋਂ ਬਾਅਦ ਜਲਦੀ ਹੀ ਇਸ ‘ਤੇ ਪਾਬੰਦੀ ਲੱਗ ਗਈ।
ਦਹਾਕੇ ਦੇ ਅੱਧ ਤੋਂ ਬਾਅਦ ਤਕ ‘ਜੈ ਮਾਤਾ ਦੀ’, ‘ਸਾਲ ਸੋਲ੍ਹਵਾਂ ਚੜਿਆ’, ‘ਸਤ ਸ੍ਰੀ ਅਕਾਲ’ ਅਤੇ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਵਰਗੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਸਨ, ਪਰ ਪੰਜਾਬੀ ਫਿਲਮ ਉਦਯੋਗ 1977 ਤਕ ਕੋਈ ਵੱਡੀ ਪ੍ਰਾਪਤੀ ਨਾ ਕਰ ਸਕਿਆ। ਅਸਲ ਵਿਚ ਇਨ੍ਹਾਂ ਫਿਲਮਾਂ ਦਾ ਮਿਆਰ ਹੇਠਲੇ ਪੱਧਰ ਦਾ ਹੋਣ ਦੇ ਨਾਲ ਤਕਨੀਕੀ ਤੌਰ ‘ਤੇ ਵੀ ਇਨ੍ਹਾਂ ਦਾ ਕੰਮ ਤਸੱਲੀਬਖ਼ਸ਼ ਨਹੀਂ ਸੀ। ‘ਸਤ ਸ੍ਰੀ ਅਕਾਲ’ ਜ਼ਰੂਰ ਕਾਮਯਾਬ ਫਿਲਮ ਸਿੱਧ ਹੋਈ ਸੀ। ਇਸ ਦੇ ਮੁੱਖ ਸਿਤਾਰੇ ਸੁਨੀਲ ਦੱਤ ਅਤੇ ਪ੍ਰੇਮ ਨਾਥ ਸਨ। ਇਸ ਤੋਂ ਬਆਦ 1978 ਵਿਚ ‘ਉਡੀਕਾਂ’ ਰਿਲੀਜ਼ ਹੋਈ। ਇਸ ਦਾ ਨਿਰਦੇਸ਼ਨ ਹਰੀ ਦੱਤ ਨੇ ਕੀਤਾ। ਇਸ ਦੇ ਸਿਤਾਰੇ ਪ੍ਰੀਕਸ਼ਤ ਸਾਹਨੀ, ਸਿੰਮੀ ਗਰੇਵਾਲ ਅਤੇ ਮਿਹਰ ਮਿੱਤਲ ਸਨ। ਇਸ ਦੀ ਗਿਣਤੀ ਵਧੀਆ ਫਿਲਮਾਂ ‘ਚ ਕੀਤੀ ਜਾ ਸਕਦੀ ਹੈ। ਇਸ ਸਮੇਂ ਫਿਲਮ ‘ਜਿੰਦੜੀ ਯਾਰ ਦੀ’ ਵੀ ਰਿਲੀਜ਼ ਹੋਈ, ਪਰ ‘ਉਡੀਕਾਂ’ ਦਾ ਪ੍ਰਦਰਸ਼ਨ ਵਧੀਆ ਰਿਹਾ। ਕਈ ਹੋਰ ਫਿਲਮਾਂ ਵੀ ਇਸ ਵਰ੍ਹੇ ਰਿਲੀਜ਼ ਹੋਈਆਂ, ਜਿਵੇਂ ‘ਵਲਾਈਤੀ ਬਾਬੂ’। ਇਸ ਵਿਚ ਅਮਿਤਾਭ ਬੱਚਨ ਨੇ ਟਾਂਗੇ ਵਾਲੇ ਦੀ ਭੂਮਿਕਾ ਨਿਭਾਈ ਸੀ।
1979 ਵਿਚ ‘ਗੁਰੂ ਮਾਨਿਓ ਗ੍ਰੰਥ’, ‘ਜੱਟ ਪੰਜਾਬੀ’, ‘ਸੁਖੀ ਪਰਿਵਾਰ’ ਅਤੇ ‘ਤਿਲ ਤਿਲ ਦਾ ਲੇਖਾ’ ਜਿਹੀਆਂ ਫਿਲਮਾਂ ਆਈਆਂ। ‘ਜੱਟ ਪੰਜਾਬੀ’ ਹਿੰਦੀ ਫਿਲਮੀ ਸਿਤਾਰਿਆਂ ਨੂੰ ਲੈ ਕੇ ਬਣਾਈ ਗਈ ਸੀ। ਇਸ ਵਿਚ ਮਨੋਜ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ। ਫਿਲਮ ‘ਤਿਲ ਤਿਲ ਦਾ ਲੇਖਾ’ ਦੇ ਸਿਤਾਰੇ ਰਾਜੇਸ਼ ਖੰਨਾ, ਧਰਮਿੰਦਰ ਅਤੇ ਮਿਹਰ ਮਿੱਤਲ ਸਨ। ਇਸ ਫਿਲਮ ਨੇ ਟਿਕਟ ਖਿੜਕੀ ‘ਤੇ ਗੋਲਡਨ ਜੁਬਲੀ ਮਨਾਈ ਅਤੇ ਇਹ ਰਾਜੇਸ਼ ਖੰਨਾ ਦੀ ਦੂਜੀ ਅਤੇ ਮੁੱਖ ਭੂਮਿਕਾ ਵਜੋਂ ਪਹਿਲੀ ਪੰਜਾਬੀ ਫਿਲਮ ਸੀ। ਇਸ ਫਿਲਮ ਦੇ ਲੇਖਕ ਨੂੰ 1979 ਵਿਚ ਪੰਜਾਬ ਸਰਕਾਰ ਨੇ ਫੀਚਰ ਫਿਲਮ ਦੇ ਕਹਾਣੀਕਾਰ ਵਜੋਂ ਸਨਮਾਨ ਨਾਲ ਨਿਵਾਜਿਆ। ਫਿਲਮ ‘ਚੰਨ ਪ੍ਰਦੇਸੀ’ 1980 ਵਿਚ ਆਈ। ਇਸ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ। ਇਹ ਫਿਲਮ ਪੰਜਾਬੀ ਸਿਨਮੇ ਨੂੰ ਵਿਕਸਤ ਰੂਪ ‘ਚ ਵੇਖਣ ਵਾਲੇ ਬਲਰਾਜ ਸਾਹਨੀ ਨੂੰ ਸਮਰਪਿਤ ਕੀਤੀ ਗਈ। ਇਸ ਦੇ ਨਿਰਮਾਤਾ ਸਵਰਨ ਤੇ ਜੋਗਰਾਜ ਸੇਡਾ ਅਤੇ ਨਿਰਦੇਸ਼ਕ ਰਵਿੰਦਰ ਪੀਪਟ ਸਨ। ਫੋਟੋਗ੍ਰਾਫੀ ਮਨਮੋਹਨ ਸਿੰਘ ਨੇ ਕੀਤੀ ਸੀ। ਇਸ ਨੂੰ ਸੰਗੀਤ ਨਾਲ ਮਹਿੰਦਰ ਕੋਹਲੀ ਨੇ ਸ਼ਿੰਗਾਰਿਆ। ਇਸ ਦੇ ਮੁੱਖ ਸਿਤਾਰੇ ਰਾਜ ਬੱਬਰ, ਰਮਾ ਵਿਜ, ਓਮ ਪੁਰੀ, ਅਮਰੀਸ਼ ਪੁਰੀ ਅਤੇ ਕੁਲਭੂਸ਼ਣ ਖਰਬੰਦਾ ਸਨ। ਇਸ ਫਿਲਮ ਵਿਚ ਮਿਹਰ ਮਿੱਤਲ ਨੇ ਆਪਣੀ ਭੂਮਿਕਾ ਛੋਟੀ ਹੋਣ ਦਾ ਇਤਰਾਜ਼ ਕੀਤਾ ਸੀ। ਉਸ ਦੀ ਭੂਮਿਕਾ ਛੋਟੀ ਹੋਣ ਕਰ ਕੇ ਕੁਝ ਫਿਲਮ ਡਿਸਟੀਬੀਊਟਰ ਇਸ ਨੂੰ ਖ਼ਰੀਦਣ ਅਤੇ ਰਿਲੀਜ਼ ਕਰਨ ਤੋਂ ਝਿਜਕਦੇ ਸਨ ਕਿਉਂਕਿ ਉਸ ਸਮੇਂ ਮਿਹਰ ਮਿੱਤਲ ਨੂੰ ਪੰਜਾਬੀ ਫਿਲਮਾਂ ‘ਚ ਹਾਸਰਸ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ ਅਤੇ ਉਸ ਤੋਂ ਬਿਨਾਂ ਪੰਜਾਬੀ ਫਿਲਮ ਦੀ ਕਾਮਯਾਬੀ ਨਾਂ-ਮੁਮਕਿਨ ਵਾਂਗ ਸੀ। ਜਦੋਂ ‘ਚੰਨ ਪ੍ਰਦੇਸੀ’ ਰਿਲੀਜ਼ ਹੋਈ ਤਾਂ ਇਹ ਉਸ ਸਾਲ ਦੀ ਬੇਹੱਦ ਕਾਮਯਾਬ ਫਿਲਮ ਸਾਬਤ ਹੋਈ। ਇਹ ਬਾਰਾਂ ਲੱਖ ਰੁਪਏ ਦੀ ਲਾਗਤ ਨਾਲ ਬਣੀ ਅਤੇ ਇਸ ਨੇ ਪੰਜਾਹ ਲੱਖ ਰੁਪਇਆ ਕਮਾਇਆ।
ਕੁਝ ਹੋਰ ਫਿਲਮਾਂ ਜੋ ਇਸੇ ਵਰ੍ਹੇ ਰਿਲੀਜ਼ ਹੋਈਆਂ, ਉਨ੍ਹਾਂ ਵਿਚ ‘ਸੱਸੀ ਪੁੰਨੂੰ’ ਅਤੇ ‘ਫੌਜੀ ਚਾਚਾ’ ਮੁੱਖ ਹਨ। ਫੌਜੀ ਚਾਚਾ ਵਿਚ ਸੰਜੀਵ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ, ਪਰ ਇਨ੍ਹਾਂ ਫਿਲਮਾਂ ਨੂੰ ਕੋਈ ਖ਼ਾਸ ਕਾਮਯਾਬੀ ਨਾ ਮਿਲੀ। ਉਸ ਤੋਂ ਬਾਅਦ 1981 ਵਿਚ ਆਈ ਫਿਲਮ ‘ਬਲਵੀਰੋ ਭਾਬੀ’ ਕਾਮਯਾਬ ਫਿਲਮ ਰਹੀ। ਇਸ ਵਿਚ ਨਾਇਕ ਦੀ ਭੂਮਿਕਾ ਵਰਿੰਦਰ ਅਤੇ ਖ਼ਲਨਾਇਕ ਦੀ ਭੂਮਿਕਾ ਗੁਰਚਰਨ ਪੋਲੀ ਨੇ ਨਿਭਾਈ। ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਸਨ ਅਤੇ ਪੰਜਾਬ ਦਾ ਬਹੁਪੱਖੀ ਵਿਕਾਸ ਲਗਪਗ ਠੱਪ ਹੋ ਚੁੱਕਾ ਸੀ। ਇਸ ਸਮੇਂ ਦੌਰਾਨ ਪੰਜਾਬ ਅੰਦਰ ਫਿਲਮਾਂ ਬਣਾਉਣੀਆਂ ਅਤੇ ਰਿਲੀਜ਼ ਕਰਨੀਆਂ ਜੋਖ਼ਮ ਵਾਲਾ ਕੰਮ ਸੀ। ਇਸ ਕਾਰਨ ਇਸ ਦਹਾਕੇ ਦੇ ਸ਼ੁਰੂ ਵਿਚ ਪੰਜਾਬੀ ਫਿਲਮਾਂ ਸੀਮਤ ਗਿਣਤੀ ਵਿਚ ਹੀ ਬਣ ਸਕੀਆਂ।
ਉਂਜ, 1983-84 ‘ਚ ਆਈਆਂ ਫਿਲਮਾਂ ‘ਪੁੱਤ ਜੱਟਾਂ ਦੇ’, ‘ਯਾਰੀ ਜੱਟ ਦੀ’ ਤੇ ‘ਮਾਮਲਾ ਗੜਬੜ ਹੈ’ ਨੇ ਚੰਗੀ ਕਮਾਈ ਕੀਤੀ। 1985 ਵਿਚ ਆਈ ਧਾਰਮਿਕ ਪੰਜਾਬੀ ਫਿਲਮ ‘ਉਚਾ ਦਰ ਬਾਬੇ ਨਾਨਕ ਦਾ’ ਨੇ ਗੁਰਦਾਸ ਮਾਨ ਨੂੰ ਫਿਲਮੀ ਸਿਤਾਰਿਆਂ ਦੀ ਗਿਣਤੀ ਵਿਚ ਸ਼ਾਮਿਲ ਕਰ ਦਿੱਤਾ। ਇਸ ਸਮੇਂ ਦੋ ਹੋਰ ਮੁਨਾਫੇ ਪੱਖੋਂ ਕਾਮਯਾਬ ਫਿਲਮਾਂ ‘ਗੁੱਡੋ’ ਅਤੇ ‘ਵੈਰੀ’ ਬਣੀਆਂ।
ਪੰਜਾਬੀ ਰੰਗਮੰਚ ਦੀ ਸ਼ਖ਼ਸੀਅਤ ਹਰਪਾਲ ਟਿਵਾਣਾ ਨੇ 1986 ਵਿਚ ਫਿਲਮ ‘ਲੌਂਗ ਦਾ ਲਿਸ਼ਕਾਰਾ’ ਰਿਲੀਜ਼ ਕੀਤੀ। ਇਸ ਨਾਲ ਇਕ ਵਾਰ ਫਿਰ ‘ਚੰਨ ਪ੍ਰਦੇਸੀ’ ਵਰਗੀ ਕਲਾਤਮਿਕ ਪੱਧਰ ਦੀ ਫਿਲਮ ਦਰਸ਼ਕਾਂ ਦੇ ਰੂਬਰੂ ਹੋਈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ‘ਲੌਂਗ ਦਾ ਲਿਸ਼ਕਾਰਾ’ ਦੇ ਸਿਤਾਰੇ ਰਾਜ ਬੱਬਰ, ਗੁਰਦਾਸ ਮਾਨ, ਓਮ ਪੁਰੀ, ਨਿਰਮਲ ਰਿਸ਼ੀ, ਨੀਨਾ ਟਿਵਾਣਾ ਅਤੇ ਹਰਪ੍ਰੀਤ ਦਿਓਲ ਸਨ। ਇਹ ਉਹ ਫਿਲਮ ਸੀ ਜਿਹੜੀ ‘ਚੰਨ ਪ੍ਰਦੇਸੀ’ ਤੋਂ ਬਾਅਦ ਜਗੀਰੂ ਕਦਰਾਂ ਕੀਮਤਾਂ ‘ਤੇ ਉਸਰੇ ਪੰਜਾਬੀ ਸਭਿਅਚਾਰ ਦੀ ਤਰਜਮਾਨੀ ਕਰਦੀ ਹੈ। ਹਰਪਾਲ ਟਿਵਾਣਾ ਨੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ‘ਤੇ ‘ਦੀਵਾ ਬਲੇ ਸਾਰੀ ਰਾਤ’ ਵੀ ਬਣਾਈ। ਜਗਜੀਤ ਸਿੰਘ ਨੇ ਇਸ ਨੂੰ ਸੰਗੀਤ ਅਤੇ ਗੀਤਾਂ ਨਾਲ ਸਜਾਇਆ। ਇਸ ਨੂੰ 1986 ਵਿਚ ਹੀ ਰਿਲੀਜ਼ ਕੀਤਾ ਗਿਆ, ਪਰ ਇਹ ‘ਲੌਂਗ ਦਾ ਲਿਸ਼ਕਾਰਾ’ ਜਿੰਨੀ ਕਾਮਯਾਬੀ ਨਾ ਹਾਸਲ ਕਰ ਸਕੀ।
ਪੰਜਾਬ ਦੇ ਕਾਲੇ ਦਿਨਾਂ ਦੇ ਦੌਰ ਨੇ 1987 ਵਿਚ ਵਰਿੰਦਰ ਨੂੰ ‘ਜੱਟ ਤੇ ਜ਼ਮੀਨ’ ਫਿਲਮ ਦੀ ਕਿਸੇ ਪਿੰਡ ‘ਚ ਸ਼ੂਟਿੰਗ ਕਰਦਿਆਂ ਨਿਗਲ ਲਿਆ। 1988 ਵਿਚ ਕੋਈ ਵੱਡੀ ਫਿਲਮ ਪ੍ਰਦਰਸ਼ਿਤ ਨਾ ਹੋਈ। ਇਸ ਤੋਂ ਬਆਦ 1989 ਵਿਚ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ‘ਤੇ ਆਧਾਰਿਤ ਫਿਲਮ ਬਣੀ। ਇਸ ਦੇ ਸਿਤਾਰੇ ਰਾਜ ਬੱਬਰ, ਪੰਕਜ ਕਪੂਰ, ਕੰਵਲਜੀਤ ਸਿੰਘ, ਪ੍ਰੀਕਸ਼ਤ ਸਾਹਨੀ ਅਤੇ ਦੀਪਤੀ ਨਵਲ ਸਨ। ਇਸ ਫਿਲਮ ਦੇ ਪੱਲੇ ਨਿਰਾਸ਼ਾ ਪਈ ਅਤੇ ਇਸ ਤਰ੍ਹਾਂ ਵੀ ਜਾਪਿਆ ਕਿ ਪੰਜਾਬੀ ਸਿਨਮਾ ਪ੍ਰੇਮੀਆਂ ਦੇ ਸੋਹਜ ਸੁਆਦ ਦਾ ਮਿਆਰ ਸਿਰਫ ਚਲੰਤ ਕਿਸਮ ਦੀਆਂ ਕਹਾਣੀਆਂ ‘ਤੇ ਬਣੀਆਂ ਫਿਲਮਾਂ ਤਕ ਹੀ ਸੀਮਤ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤਕ ਕਹਾਣੀ ਜਾਂ ਨਾਵਲ ‘ਤੇ ਆਧਾਰਿਤ ਪੰਜਾਬੀ ਫਿਲਮਾਂ ਨਾਂਹ ਦੇ ਬਰਾਬਰ ਬਣੀਆਂ ਹਨ ਤੇ ਜੇ ਕੋਈ ਬਣੀ ਤਾਂ ਉਸ ਦਾ ਹਸ਼ਰ ਚੰਗਾ ਨਹੀਂ ਹੋਇਆ। ਦੋ ਦਹਾਕੇ ਪਹਿਲਾਂ ਫਿਲਮੀ ਅਭਿਨੇਤਾ ਦਾਰਾ ਸਿੰਘ ਨੇ ਮੁਹਾਲੀ ਵਿਖੇ ਇੱਕ ਫਿਲਮ ਸਟੂਡੀਓ ਸਥਾਪਿਤ ਕੀਤਾ ਤਾਂ ਕਿ ਪੰਜਾਬੀ ਸਿਨਮਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਪਰ ਅਫਸੋਸ ਕਿ ਪੰਜਾਬੀ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਇਸ ਤੋਂ ਲਾਭ ਲੈਣ ਦੀ ਬਜਾਇ ਮੁੰਬਈ ਦੀਆਂ ਵਾਟਾਂ ਕੱਛਦੇ ਰਹੇ।
1990 ਵਿਚ ਆਈ ‘ਦੁਸ਼ਮਣੀ ਦੀ ਅੱਗ’ ਮੁਨਾਫੇ ਦੇ ਪੱਖ ਤੋਂ ਠੀਕ ਹੀ ਰਹੀ ਸੀ। ਇਸ ਦੇ ਕਲਾਕਾਰ ਗੁਰਦਾਸ ਮਾਨ ਅਤੇ ਪ੍ਰੀਤੀ ਸਪਰੂ ਸਨ। ਇਸੇ ਸਾਲ ‘ਕੁਰਬਾਨੀ ਜੱਟ ਦੀ’ ਆਈ। ਇਸ ਦੇ ਸਿਤਾਰੇ ਗੁੱਗੂ ਗਿੱਲ, ਯੋਗਰਾਜ ਸਿੰਘ, ਗੁਰਦਾਸ ਮਾਨ, ਧਰਮਿੰਦਰ, ਰਾਜ ਬੱਬਰ ਅਤੇ ਪ੍ਰੀਤੀ ਸਪਰੂ ਸਨ। ਇਸ ਦਾ ਨਿਰਦੇਸ਼ਨ ਪ੍ਰੀਤੀ ਸਪਰੂ ਨੇ ਕੀਤਾ। ਇਹ ਟਿਕਟ ਖਿੜਕੀ ‘ਤੇ ਸਾਂਵੀ ਰਹੀ। ਇਨ੍ਹਾਂ ਵਰ੍ਹਿਆਂ ਦੌਰਾਨ ਬਣਨ ਵਾਲੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਮ ਜੱਟ ਵਿਸ਼ੇਸ਼ਣ ਨਾਲ ਸ਼ੂਰੂ ਹੁੰਦੇ ਸਨ। 1990 ਤਕ ਬਣਨ ਵਾਲੀਆਂ ਫਿਲਮਾਂ ਵਿਚ ਸਮਾਜਿਕ ਫਿਲਮਾਂ ਦੀ ਗਿਣਤੀ ਅੱਜ ਵਾਂਗ ਆਟੇ ਵਿਚ ਲੂਣ ਦੇ ਬਰਾਬਰ ਹੀ ਸੀ।
1990 ਵਿਚ ਆਈ ‘ਦੁਸ਼ਮਣੀ ਦੀ ਅੱਗ’ ਮੁਨਾਫੇ ਦੇ ਪੱਖ ਤੋਂ ਠੀਕ ਹੀ ਰਹੀ ਸੀ। ਇਸ ਦੇ ਕਲਾਕਾਰ ਗੁਰਦਾਸ ਮਾਨ ਅਤੇ ਪ੍ਰੀਤੀ ਸਪਰੂ ਸਨ। ਇਸੇ ਸਾਲ ‘ਕੁਰਬਾਨੀ ਜੱਟ ਦੀ’ ਆਈ। ਇਸ ਦੇ ਸਿਤਾਰੇ ਗੁੱਗੂ ਗਿੱਲ, ਯੋਗਰਾਜ ਸਿੰਘ, ਗੁਰਦਾਸ ਮਾਨ, ਧਰਮਿੰਦਰ, ਰਾਜ ਬੱਬਰ ਅਤੇ ਪ੍ਰੀਤੀ ਸਪਰੂ ਸਨ। ਇਸ ਦਾ ਨਿਰਦੇਸ਼ਨ ਪ੍ਰੀਤੀ ਸਪਰੂ ਨੇ ਕੀਤਾ। ਇਹ ਟਿਕਟ ਖਿੜਕੀ ‘ਤੇ ਸਾਂਵੀ ਰਹੀ। ਇਨ੍ਹਾਂ ਵਰ੍ਹਿਆਂ ਦੌਰਾਨ ਬਣਨ ਵਾਲੀਆਂ ਬਹੁਤ ਸਾਰੀਆਂ ਫਿਲਮਾਂ ਦੇ ਨਾਮ ਜੱਟ ਵਿਸ਼ੇਸ਼ਣ ਨਾਲ ਸ਼ੂਰੂ ਹੁੰਦੇ ਸਨ। 1990 ਤਕ ਬਣਨ ਵਾਲੀਆਂ ਫਿਲਮਾਂ ਵਿਚ ਸਮਾਜਿਕ ਫਿਲਮਾਂ ਦੀ ਗਿਣਤੀ ਅੱਜ ਵਾਂਗ ਆਟੇ ਵਿਚ ਲੂਣ ਦੇ ਬਰਾਬਰ ਹੀ ਸੀ।