ਸ਼ਿਲਾਂਗ: ਸਿੱਖਾਂ ਅਤੇ ਸਥਾਨਕ ਭਾਈਚਾਰੇ ਵਿਚਕਾਰ ਟਕਰਾਅ

ਚੰਡੀਗੜ੍ਹ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਥਾਨਕ ਖਾਸੀ ਅਤੇ ਸਿੱਖ ਭਾਈਚਾਰੇ ਦਰਮਿਆਨ ਛਿੜਿਆ ਟਕਰਾਅ ਭਾਵੇਂ ਕੁਝ ਘਟਿਆ ਹੈ ਤੇ ਸਥਿਤੀ ਹੌਲੀ-ਹੌਲੀ ਥਾਂ ਸਿਰ ਆਉਣ ਲੱਗੀ ਹੈ ਪਰ ਸਿੱਖ ਭਾਈਚਾਰੇ ਵਿਚ ਅਜੇ ਵੀ ਦਹਿਸ਼ਤ ਦਾ ਮਾਹੌਲ ਹੈ।

ਲੋਕ ਹੁਣ ਵੀ ਆਪਣੇ ਘਰੋਂ ਨਿਕਲਣ ਤੋਂ ਡਰ ਰਹੇ ਹਨ। ਸਮੁੱਚੇ ਭਾਈਚਾਰੇ ਨੂੰ ਆਪਣੇ ਕੰਮਕਾਜ ਤਿਆਗ ਕੇ ਘਰਾਂ ਵਿਚ ‘ਨਜ਼ਰਬੰਦ’ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਇਕ ਖਾਸੀ ਬੱਸ ਚਾਲਕ ਅਤੇ ਇਕ ਪੰਜਾਬੀ ਔਰਤ ਦਰਮਿਆਨ ਪੈਦਾ ਹੋਈ ਤਲਖੀ ਪਿੱਛੋਂ ਪੰਜਾਬੀਆਂ ਅਤੇ ਮੁਕਾਮੀ ਲੋਕਾਂ ਦਰਮਿਆਨ ਹਿੰਸਾ ਤੇ ਅੱਗਜ਼ਨੀ ਦਾ ਰੂਪ ਧਾਰ ਲਿਆ ਸੀ। ਝੜਪਾਂ ਵਿਚ ਪੁਲਿਸ ਤੇ ਸੀæਆਰæਪੀæਐਫ਼ ਦੇ ਜਵਾਨਾਂ ਸਮੇਤ ਤਕਰੀਬਨ ਦਸ ਜਣੇ ਜਖ਼ਮੀ ਹੋ ਗਏ ਸਨ। ਸਥਿਤੀ ਨਾਲ ਨਜਿੱਠਣ ਲਈ ਸ਼ਹਿਰ ਵਿਚ ਨੀਮ ਫੌਜੀ ਦਸਤਿਆਂ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ।
ਇਸ ਘਟਨਾ ਪਿੱਛੋਂ ਸ਼੍ਰੋਮਣੀ ਕਮੇਟੀ ਸਮੇਤ ਪੰਜਾਬ ਸਰਕਾਰ ਅਤੇ ਹੋਰ ਪੰਥਕ ਧਿਰਾਂ ਨੇ ਭਾਈਚਾਰੇ ਦੀ ਸੁਰੱਖਿਆ ਲਈ ਸਰਕਾਰ ਤੱਕ ਪਹੁੰਚ ਕੀਤੀ ਸੀ। ਸਰਕਾਰ ਵੱਲੋਂ ਸਿੱਖਾਂ ਅਤੇ ਸਥਾਨਕ ਲੋਕਾਂ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ‘ਅਮਨ ਕਮੇਟੀ’ ਬਣਾਈ ਗਈ ਹੈ ਜਿਸ ‘ਚ ਦੋਵੇਂ ਧਿਰਾਂ ਦੇ ਮੈਂਬਰ ਸ਼ਾਮਲ ਹਨ। ਸਿੱਖ ਧਿਰਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਤਿੰਨ ਵਾਰ ਸਥਾਨਕ ਲੋਕਾਂ ਦੇ ਹਜੂਮ ਵੱਲੋਂ ਸਿੱਖਾਂ ਉਤੇ ਹਮਲੇ ਕਰਨ ਦਾ ਯਤਨ ਕੀਤਾ ਗਿਆ। ਦੋਸ਼ ਹੈ ਕਿ ਸ਼ਿਲਾਂਗ ਵਿਚ ਪੰਜਾਬੀ ਕਾਲੋਨੀ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਥੋਂ ਉਜਾੜਨ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਦੱਸ ਦਈਏ ਕਿ ਸ਼ਿਲਾਂਗ ਵਿਚ ਦੋ ਤਰ੍ਹਾਂ ਦੇ ਪੰਜਾਬੀ ਪਰਿਵਾਰ ਰਹਿੰਦੇ ਹਨ। ਇਕ ਪੋਠੋਹਾਰ ਧਨੀ (ਮੌਜੂਦਾ ਪਾਕਿਸਤਾਨ ਤੋਂ ਆ ਕੇ ਵਸੇ) ਕਾਰੋਬਾਰੀ ਹਨ। 1947 ਵਾਲੀ ਦੇਸ਼ ਵੰਡ ਤੋਂ ਕੁਝ ਮਹੀਨੇ ਪਹਿਲਾਂ ਪੋਠੋਹਾਰ ਇਲਾਕੇ ਵਿਚ ਫਿਰਕੂ ਦੰਗੇ ਭੜਕਣ ਕਾਰਨ ਕਈ ਹੋਰ ਪਰਿਵਾਰ ਵੀ ਹਿਜਰਤ ਕਰ ਕੇ ਆਪਣੇ ਸਕੇ-ਸਬੰਧੀਆਂ ਕੋਲ ਸ਼ਿਲਾਂਗ ਆ ਗਏ। ਦੂਜੀ ਸ਼੍ਰੇਣੀ ਦਲਿਤ ਸਫਾਈ ਸੇਵਕਾਂ ਦੀ ਸੀ ਜੋ ਬ੍ਰਿਟਿਸ਼ ਹਾਕਮਾਂ ਨੇ ਆਪਣੀਆਂ ਲੋੜਾਂ ਦੀ ਪੂਰਤੀ ਹਿੱਤ ਪੰਜਾਬ ਤੋਂ ਲਿਆ ਕੇ ਸ਼ਿਲਾਂਗ ਵਿਚ ਵਸਾਏ। ਇਨ੍ਹਾਂ ਵਿਚ ਕਈ ਦਲਿਤ ਸਿੱਖ ਪਰਿਵਾਰ ਤਾਂ ਡੇਢ ਸੌ ਸਾਲਾਂ ਤੋਂ ਮੇਘਾਲਿਆ ਵਿਚ ਵਸੇ ਹੋਏ ਹਨ। ਸਦੀਆਂ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਦਾ ਚਾਹੇ ਸਥਾਨਕ ਅਤੇ ਵਿਸ਼ੇਸ਼ ਤੌਰ ‘ਤੇ ਖਾਸੀ ਭਾਈਚਾਰੇ ਨਾਲ ਮੇਲ-ਜੋਲ ਬਣਿਆ ਰਿਹਾ ਹੈ ਪਰ ਸਮੇਂ ਦੇ ਬੀਤਣ ਨਾਲ ਕੁਝ ਸਥਾਨਕ ਲੋਕਾਂ ਦੇ ਹਿੱਤ ਇਨ੍ਹਾਂ ਨਾਲ ਟਕਰਾਉਣੇ ਸ਼ੁਰੂ ਹੋ ਗਏ ਹਨ। ਇਸੇ ਲਈ ਕਈ ਦਹਾਕਿਆਂ ਤੋਂ ਪੰਜਾਬੀ ਲਾਈਨ ਦੇ ਇਲਾਕੇ ਨਾਲ ਜਾਣੇ ਜਾਂਦੇ ਇਥੇ ਵਸੇ ਬਹੁਤੇ ਸਿੱਖ ਅਤੇ ਪੰਜਾਬੀਆਂ ਨੂੰ ਇਸ ਇਲਾਕੇ ‘ਚੋਂ ਕੱਢ ਕੇ ਬਾਹਰਲੇ ਇਲਾਕਿਆਂ ਵਿਚ ਭੇਜੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ ਹਨ। ਪੰਜਾਬੀ ਲਾਈਨ ਦਾ ਇਹ ਇਲਾਕਾ ਵੱਡੇ ਮਹਾਂਨਗਰ ਦੇ ਰੂਪ ਵਿਚ ਫੈਲ ਚੁੱਕੇ ਸ਼ਿਲਾਂਗ ਦੇ ਵਿਚਕਾਰ ਆ ਚੁੱਕਾ ਹੈ। ਸਰਕਾਰ ਵੀ ਅਤੇ ਸਥਾਨਕ ਸਮਰੱਥ ਲੋਕ ਵੀ ਇਥੇ ਚੰਗੇ ਬਾਜ਼ਾਰ ਉਸਾਰਨਾ ਚਾਹੁੰਦੇ ਹਨ ਅਤੇ ਇਸੇ ਲਈ ਉਨ੍ਹਾਂ ਦਾ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਇਹ ਤਣਾਅ ਬਣਿਆ ਰਿਹਾ ਹੈ। ਜਦੋਂ ਇਸ ਮਾਮੂਲੀ ਝਗੜੇ ਨੇ ਵੱਡਾ ਰੂਪ ਧਾਰਨ ਕਰ ਲਿਆ ਤਾਂ ਵੱਡੀ ਗਿਣਤੀ ਵਿਚ ਖਾਸੀ ਲੋਕਾਂ ਨੇ ਪੰਜਾਬੀ ਲਾਈਨ ਦੇ ਇਲਾਕੇ ਵਿਚ ਰਹਿੰਦੇ ਲੋਕਾਂ ਉਤੇ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਰੋਕਿਆ, ਜਿਸ ਕਾਰਨ ਦਰਜਨਾਂ ਹੀ ਵਿਅਕਤੀ ਜ਼ਖ਼ਮੀ ਹੋ ਗਏ। ਖਾਸੀ ਲੋਕਾਂ ਵੱਲੋਂ ਪੈਟਰੋਲ ਬੰਬ ਅਤੇ ਹਥਿਆਰਾਂ ਨਾਲ ਹਮਲੇ ਜਾਰੀ ਰਹੇ, ਜਿਸ ਕਾਰਨ ਘੱਟ ਗਿਣਤੀ ਫਿਰਕੇ ਦੇ ਲੋਕਾਂ ਵਿਚ ਵੱਡੀ ਦਹਿਸ਼ਤ ਫੈਲ ਗਈ।