ਸ਼ਾਹਕੋਟ ਚੋਣ: ਕਾਂਗਰਸ ਨੇ 22 ਸਾਲ ਪਿੱਛੋਂ ਢਾਹਿਆ ਅਕਾਲੀਆਂ ਦਾ ਗੜ੍ਹ

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਨੇ 22 ਸਾਲ ਬਾਅਦ ਅਕਾਲੀ ਦਲ ਦਾ ਗੜ੍ਹ ਢਾਹ ਸੁੱਟਿਆ। ਭਾਵੇਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ, ਪਰ ਹਕੂਮਤੀ ਪੱਤਾ ਕਾਂਗਰਸ ਨੂੰ ਖੂਬ ਰਾਸ ਆਇਆ ਹੈ ਤੇ ਉਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ 38 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਜਿੱਤ ਨੇ ਸਰਕਾਰ ਦੀ ਕਾਰਗੁਜ਼ਾਰੀ ਉਪਰ ਉਠ ਰਹੀਆਂ ਉਂਗਲਾਂ ਨੂੰ ਇਕ ਵਾਰ ਸ਼ਾਂਤ ਕਰ ਦਿੱਤਾ ਹੈ।

ਯਾਦ ਰਹੇ 2017 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਲਹਿਰ ਚੱਲ ਰਹੀ ਸੀ ਤਾਂ ਅਜੀਤ ਸਿੰਘ ਕੋਹਾੜ ਨੇ ਇਹ ਸੀਟ ਉਤੇ ਜਿੱਤ ਬਰਕਰਾਰ ਰੱਖੀ ਸੀ। ਉਹ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸਨ। ਇਸ ਲਈ ਹੀ ਅਕਾਲੀ ਦਲ ਨੇ ਉਨ੍ਹਾਂ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ 38,802 ਵੋਟਾਂ ਦੇ ਫਰਕ ਨਾਲ ਹਾਰ ਗਏ। ਨਾਇਬ ਸਿੰਘ ਕੋਹਾੜ ਨੂੰ 43,944 ਵੋਟ ਮਿਲੇ ਜਦੋਂਕਿ ਕਾਂਗਰਸੀ ਉਮੀਦਵਾਰ ਨੇ 82,745 ਹਾਸਲ ਕਰ ਕੇ ਜਿੱਤ ਦਾ ਝੰਡਾ ਲਹਿਰਾਇਆ। 1977 ਤੋਂ ਲੈ ਕੇ 1992 ਤੱਕ ਅਕਾਲੀ ਉਮੀਦਵਾਰ ਬਲਵੰਤ ਸਿੰਘ ਇਸ ਸੀਟ ਉਤੇ ਕਾਬਜ਼ ਰਹੇ। 1992 ਵਿਚ ਸਿਰਫ ਇਕ ਵਾਰ ਕਾਂਗਰਸੀ ਉਮੀਦਵਾਰ ਬ੍ਰਿਜ ਭੁਪਿੰਦਰ ਸਿੰਘ ਜੇਤੂ ਹੋਏ ਜੋ ਇਸ ਵੇਲੇ ਅਕਾਲੀ ਦਲ ਵਿਚ ਚਲੇ ਗਏ ਹਨ। ਇਸ ਮਗਰੋਂ 1997 ਤੋਂ ਲੈ ਕੇ 2017 ਤੱਕ ਇਸ ਸੀਟ ਉਤੇ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਦਾ ਹੀ ਕਬਜ਼ਾ ਰਿਹਾ। ਜਨਵਰੀ 2018 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਸ਼ਾਹਕੋਟ ਵਿਧਾਨ ਸਭਾ ਸੀਟ ਜਿੱਤਣ ਦੇ ਨਾਲ ਹੀ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ। ਕਾਂਗਰਸ ਕੋਲ ਸਦਨ ਵਿਚ ਦੋ ਤਿਹਾਈ ਬਹੁਮਤ ਹੋ ਗਿਆ ਹੈ। ਉਧਰ, ਇਹ ਸੀਟ ਹਾਰਨ ਨਾਲ ਅਕਾਲੀ ਦਲ 14 ਸੀਟਾਂ ਉਤੇ ਸਿਮਟ ਗਿਆ ਹੈ। ਅਕਾਲੀ ਦਲ ਲਈ ਇਹ ਸਭ ਤੋਂ ਵੱਡਾ ਝਟਕਾ ਹੈ। ਇਸ ਵੇਲੇ ਵਿਧਾਨ ਸਭਾ ਵਿਚ ਕਾਂਗਰਸ ਕੋਲ 78, ਆਮ ਆਦਮੀ ਪਾਰਟੀ ਕੋਲ 20, ਅਕਾਲੀ ਦਲ ਕੋਲ 14, ਬੀ.ਜੇ.ਪੀ. ਕੋਲ ਤਿੰਨ ਤੇ ਲੋਕ ਇਨਸਾਫ ਪਾਰਟੀ ਕੋਲ ਦੋ ਸੀਟਾਂ ਹਨ। ਫਰਵਰੀ 2017 ਦੀ ਵਿਧਾਨ ਸਭਾ ਵਿਚ 40 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਮਜ਼ਬੂਤ ਆਧਾਰ ਵਾਲੀ ਪਾਰਟੀ ਵਜੋਂ ਉਭਰੀ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਨੂੰ ਹੁਣ ਸਿਰਫ 1900 ਵੋਟ ਹੀ ਮਿਲਣ ਨਾਲ ਪੰਜਾਬ ਅੰਦਰ ਉਨ੍ਹਾਂ ਦੇ ਵਜੂਦ ਉਪਰ ਹੀ ਸੁਆਲੀਆ ਚਿੰਨ੍ਹ ਲੱਗ ਗਿਆ। ਸ਼ਾਹਕੋਟ ਹਲਕੇ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਨਾਲ ਹਲਕੇ ‘ਚ ਲਗਾਤਾਰ ਪ੍ਰਚਾਰ ਮੁਹਿੰਮ ‘ਚ ਕੁੱਦੇ ਰਹੇ, ਪਰ ਉਨ੍ਹਾਂ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਨਮੋਸ਼ੀ ਭਰੀ ਹਾਰ ਨੇ ਇਹ ਸਿਆਸੀ ਸੁਨੇਹਾ ਵੀ ਦਿੱਤਾ ਕਿ ਲੋਕ ਖਾਸ ਕਰ ਪੰਥ ਅਜੇ ਅਕਾਲੀ ਲੀਡਰਸ਼ਿਪ ਪ੍ਰਵਾਨ ਕਰਨ ਲਈ ਤਿਆਰ ਨਹੀਂ।
ਹਲਕੇ ‘ਚ ਸਿਆਸੀ ਮੁੱਦਿਆਂ ਖਾਸ ਕਰ ਕੇ ਦਰਿਆਵਾਂ ਤੇ ਨਾਲਿਆਂ ਦੇ ਪਾਣੀ ਦੇ ਪ੍ਰਦੂਸ਼ਤ ਹੋਣਾ, ਇੰਸਪੈਕਟਰ ਬਾਜਵਾ ਦਾ ਰੌਲਾ-ਗੌਲਾ, ਇਥੋਂ ਤੱਕ ਕਿ ਰੇਤੇ ਦੀ ਚੋਰ ਬਾਜ਼ਾਰੀ ਵਰਗੇ ਮਸਲੇ ਵੋਟਰਾਂ ਨੇ ਬਿਲਕੁਲ ਨਹੀਂ ਗੌਲੇ। ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ 10 ਮਈ ਨੂੰ ਕਾਗਜ਼ ਦਾਖਲ ਕਰਵਾਉਣ ਵਾਲੇ ਦਿਨ ਤੋਂ ਹੀ ਪ੍ਰਚਾਰ ਮੁਹਿੰਮ ਦੀ ਸਾਰੀ ਕਮਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੰਭਾਲੀ ਹੋਈ ਸੀ। ਉਸ ਦਿਨ ਤੋਂ ਵੋਟਾਂ ਪੈਣ ਤੱਕ ਉਹ ਲਗਾਤਾਰ ਦਿਨ-ਰਾਤ ਹਲਕੇ ਵਿਚ ਹੀ ਵਿਚਰੇ। ਉਨ੍ਹਾਂ ਵੱਲੋਂ ਬਣਾਈ ਗਈ ਵਿਉਂਤਬੰਦੀ ਨੇ ਨਾ ਸਿਰਫ ਪਾਰਟੀ ਵਰਕਰਾਂ ਵਿਚ ਉਤਸ਼ਾਹ ਹੀ ਪੈਦਾ ਕੀਤਾ ਸਗੋਂ ਸਮੁੱਚੀ ਪਾਰਟੀ ਨੇ ਜ਼ਬਤ ਵੱਧ ਹੋ ਕੇ ਪਾਰਟੀ ਉਮੀਦਵਾਰ ਦੀ ਜਿੱਤ ਲਈ ਇਕ-ਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਤ ਕੀਤਾ।
_________________________
ਸੁਖਬੀਰ ਤੇ ਮਜੀਠੀਆ ਲਈ ਸਭ ਤੋਂ ਵੱਧ ਨਮੋਸ਼ੀ
ਜਲੰਧਰ: ਸਵਾ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਲਈ ਪਾਰਟੀ ਦੀ ਹਾਰ ਨਿੱਜੀ ਝਟਕਾ ਵੀ ਮੰਨੀ ਜਾ ਰਹੀ ਹੈ ਕਿਉਂਕਿ ਦੋਹਾਂ (ਬਾਦਲ-ਮਜੀਠੀਆ) ਨੇ ਹੀ ਜ਼ਿਮਨੀ ਚੋਣ ਨੂੰ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ।
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਸਰਕਾਰ ਦੀ ਕਾਰਗੁਜ਼ਾਰੀ ‘ਤੇ ਆਪਣਿਆਂ (ਕਾਂਗਰਸੀਆਂ) ਵੱਲੋਂ ਹੀ ਲਗਾਤਾਰ ਉਂਗਲਾਂ ਉਠਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਕਾਂਗਰਸ ਵੱਲੋਂ ਸਿਆਸੀ ਫਰੰਟ ‘ਤੇ ਰਾਜਸੀ ਵਿਰੋਧੀਆਂ ਨੂੰ ਧੋਬੀ ਪਟਕਾ ਵੀ ਮਾਰਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਇਕ ਦਹਾਕਾ ਸੱਤਾ ਵਿਚ ਰਹਿਣ ਤੋਂ ਬਾਅਦ ਅਕਾਲੀਆਂ ਨੇ ਲੋਕਾਂ ਦੇ ਮਨਾਂ ਵਿਚੋਂ ਆਪਣਾ ਆਧਾਰ ਘਟਾ ਲਿਆ ਹੈ ਅਤੇ ਵਾਪਸੀ ਲਈ ਅਕਾਲੀ ਦਲ ਨੂੰ ਵੱਡੇ ਸੁਧਾਰ ਕਰਨੇ ਪੈਣਗੇ। ਜ਼ਿਮਨੀ ਚੋਣ ਦੇ ਨਤੀਜੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਭਵਿੱਖ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦੇ ਦਿਲ ਜਿੱਤਣ ਲਈ ਨਵੀਂ ਰਣਨੀਤੀ ਤਿਆਰ ਕਰਨੀ ਪਵੇਗੀ।
ਇਸ ਚੋਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਜ਼ ਇਕ ਦਿਨ ਪ੍ਰਚਾਰ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੁਝ ਹੋਰਨਾਂ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਕਿਨਾਰਾ ਹੀ ਕਰ ਲਿਆ ਸੀ। ਕਾਂਗਰਸ ਦੇ ਵਿਧਾਇਕਾਂ ਦੀ ਵਧੀ ਹੋਈ ਗਿਣਤੀ ਰਾਜ ਸਰਕਾਰ ਖਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀ ਵੀ ਹੈ ਕਿਉਂਕਿ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਬਹੁਤੇ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ।