ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਖਾਨਾਜੰਗੀ ਜਾਰੀ ਹੈ। ਜਿਹੜਾ ਵੀ ਲੀਡਰ ਉਭਰਨ ਲੱਗਦਾ ਹੈ, ਉਸ ਖਿਲਾਫ ਸਾਜ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਾਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਿਸ਼ਾਨੇ ਉਤੇ ਹਨ। ਸੋਸ਼ਲ ਮੀਡੀਆ ਉਤੇ ਆਡੀਓ ਵਾਇਰਲ ਹੋਈ ਹੈ।
ਖਹਿਰਾ ਦਾ ਦਾਅਵਾ ਹੈ ਕਿ ਆਡੀਓ ਵਿਚ ਪੰਜਾਬ ਦੇ ਸੰਗਠਨ ਇੰਚਾਰਜ ਗੈਰੀ ਵੜਿੰਗ ਤੇ ਦਿੱਲੀ ਤੋਂ ‘ਆਪ’ ਆਗੂ ਸੁਮੀਤ ਯਾਦਵ ਵਿਚਾਲੇ ਗੱਲਬਾਤ ਹੈ। ਖਹਿਰਾ ਮੁਤਾਬਕ ਆਡੀਓ ਵਿਚ ਯਾਦਵ ਵੱਲੋਂ ਵੜਿੰਗ ਨੂੰ ਕਿਹਾ ਜਾ ਰਿਹਾ ਹੈ ਕਿ ਭਵਿੱਖ ਵਿਚ ਉਹ ਖਹਿਰਾ ਉਪਰ ਕਿਵੇਂ ਵਿਸ਼ਵਾਸ ਕਰ ਸਕਦੇ ਹਨ। ਅੱਗੋਂ ਵੜਿੰਗ ਕਹਿੰਦੇ ਹਨ, ”ਹੁਣ ਖਹਿਰਾ ਉਤੇ ਵਿਸ਼ਵਾਸ ਨਹੀਂ ਕਰ ਸਕਦੇ, ਪਰ ਇਸ ਸਮੇਂ ਉਸ ਨੂੰ ਹਟਾ ਵੀ ਨਹੀਂ ਸਕਦੇ ਕਿਉਂਕਿ ਖਹਿਰਾ ਦਾ ਕੱਦ ਬੜਾ ਵੱਡਾ ਹੋ ਗਿਆ ਹੈ। ਇਸ ਕਾਰਨ 6 ਮਹੀਨਿਆਂ ਦੌਰਾਨ ਜਾਂ ਤਾਂ ਹੋਰ ਆਗੂਆਂ ਦਾ ਕੱਦ ਵਧਾਉਣਾ ਪਵੇਗਾ ਜਾਂ ਖਹਿਰਾ ਦਾ ਕੱਦ ਘਟਾਉਣਾ ਪਵੇਗਾ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਹੀ ਕੁਝ ਆਗੂ ਉਸ ਦੀਆਂ ਜੜ੍ਹਾਂ ਵੱਢ ਰਹੇ ਹਨ। ਖਾਸ ਗੱਲ ਇਹ ਹੈ ਕਿ ਆਡੀਓ ਬੜੇ ਸਾਜ਼ਿਸ਼ੀ ਢੰਗ ਨਾਲ ਆਡਿਟ ਕੀਤੀ ਗਈ ਹੈ। ਇਸ ਵਿਚ ਸਿਰਫ ਖਹਿਰਾ ਵਿਰੁੱਧ ਹੋਈ ਗੱਲਬਾਤ ਹੀ ਹੈ। ਗੈਰੀ ਵੜਿੰਗ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਯੂਨਿਟ ਦੇ ਇੰਚਾਰਜ ਦੁਰਗੇਸ਼ ਪਾਠਕ ਦੀ ਟੀਮ ਦਾ ਅਹਿਮ ਮੈਂਬਰ ਸੀ।
ਸੂਤਰਾਂ ਅਨੁਸਾਰ ਇਹ ਆਡੀਓ ਉਦੋਂ ਦੀ ਹੈ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ‘ਚ ਮੁਆਫੀ ਮੰਗੀ ਸੀ। ਉਦੋਂ ਖਹਿਰਾ ਨੇ ਕੇਜਰੀਵਾਲ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਸੀ। ਖਹਿਰਾ ਦਾ ਕਹਿਣਾ ਹੈ ਕਿ ਪਾਰਟੀ ਦੇ ਬੰਦਿਆਂ ਵੱਲੋਂ ਹੀ ਉਸ ਵਿਰੁੱਧ ਸਾਜ਼ਿਸ਼ਾਂ ਘੜਨ ਦਾ ਉਸ ਨੂੰ ਬੜਾ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਾਰਟੀਆਂ ਨਹੀਂ ਚੱਲ ਸਕਦੀਆਂ। ਪਾਰਟੀ ਦੇ ਹੀ ਕੁਝ ਬੰਦੇ ਉਨ੍ਹਾਂ ਤੇ ਹਾਈਕਮਾਂਡ ਵਿਚ ਪਾੜਾ ਪੈਦਾ ਕਰ ਰਹੇ ਹਨ।
_______________________
ਆਮ ਆਦਮੀ ਪਾਰਟੀ ਦੀ ਹੋਂਦ ਖਤਰੇ ਵਿਚ
ਚੰਡੀਗੜ੍ਹ: ਜ਼ਿਮਨੀ ਚੋਣ ਦੇ ਨਤੀਜਿਆਂ ਨੇ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੀ ਹੋਂਦ ਲਈ ਖਤਰਾ ਪੈਦਾ ਕਰ ਦਿੱਤਾ ਹੈ। ‘ਆਪ’ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ ਕੁੱਲ ਭੁਗਤੀਆਂ ਵੋਟਾਂ ਵਿਚੋਂ ਮਹਿਜ਼ 1.44 ਫੀਸਦੀ ਹੀ ਮਿਲੀਆਂ ਹਨ। ਆਪ ਨੂੰ ਕੁੱਲ 1900 ਵੋਟਾਂ ਮਿਲੀਆਂ ਹਨ, ਜੋ ਨੋਟਾ ਨੂੰ ਮਿਲੀਆਂ ਵੋਟਾਂ ਤੋਂ ਸਿਰਫ 632 ਵੱਧ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਉਮੀਦਵਾਰ ਡਾ. ਅਮਰਜੀਤ ਸਿੰਘ ਥਿੰਦ ਨੂੰ ਇਸ ਹਲਕੇ ਤੋਂ 41,000 ਤੋਂ ਵੱਧ ਵੋਟਾਂ ਮਿਲੀਆਂ ਸਨ।
ਸ਼ਾਹਕੋਟ ਹਲਕੇ ਦੇ 1268 ਵੋਟਰਾਂ ਨੇ ਇਸ ਚੋਣ ਵਿਚ ਸਾਰੇ ਉਮੀਦਵਾਰਾਂ ਨੂੰ ਨਕਾਰਦਿਆਂ ਨੋਟਾ ਦਾ ਬਟਨ ਦਬਾਇਆ ਹੈ।
‘ਆਪ’ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਬਾਅਦ ਸ਼ਾਹਕੋਟ ਦੀ ਉਪ ਚੋਣ ਵਿਚੋਂ ਵੀ ਸ਼ਰਮਨਾਕ ਹਾਰ ਮਿਲਣ ਕਾਰਨ ਜਿਥੇ ਇਸ ਪਾਰਟੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ, ਉਥੇ ਲੀਡਰਸ਼ਿਪ ਦਾ ਵੱਕਾਰ ਵੀ ਦਾਅ ਉਤੇ ਲੱਗ ਗਿਆ ਹੈ। ‘ਆਪ’ ਭਾਵੇਂ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਹੈ, ਪਰ ਲਗਾਤਾਰ ਤਿੰਨ ਚੋਣਾਂ ਵਿਚੋਂ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਮਿਲਣ ਕਾਰਨ ਜਨਤਕ ਤੌਰ ‘ਤੇ ਇਸ ਪਾਰਟੀ ਦੀ ਹਾਲਤ ਪਤਲੀ ਪੈ ਗਈ ਹੈ। ਦਰਅਸਲ, ਸ਼ਾਹਕੋਟ ਚੋਣ ਦੇ ਸ਼ੁਰੂ ਵਿਚ ਹੀ ਪਾਰਟੀ ਦੇ ਦੋ ਮੁੱਖ ਆਗੂਆਂ- ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਕੇਤ ਦਿੱਤਾ ਗਿਆ ਸੀ ਕਿ ਇਹ ਚੋਣ ਲੜਨੀ ਪਾਰਟੀ ਦੇ ਵੱਸ ਦਾ ਰੋਗ ਨਹੀਂ ਹੈ।
ਪਾਰਟੀ ਦੀ ਇਸ ਵੇਲੇ ਬਣੀ ਅੰਦਰੂਨੀ ਸਥਿਤੀ ਤੋਂ ਸੰਕੇਤ ਮਿਲਦੇ ਹਨ ਕਿ ਅਗਲੇ ਦਿਨ ਵੀ ‘ਆਪ’ ਲਈ ਸੰਕਟ ਵਾਲੇ ਹਨ, ਕਿਉਂਕਿ ਪੰਜਾਬ ਦੀ ਮੁੱਖ ਲੀਡਰਸ਼ਿਪ ਵਿਚ ਕੋਈ ਤਾਲਮੇਲ ਨਹੀਂ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਹੁਣ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਨਹੀਂ ਲੈਣਗੇ। ਹਾਈ ਕਮਾਂਡ ਨੂੰ ਇਸ ਅਹੁਦੇ ਲਈ ਸ੍ਰੀ ਮਾਨ ਦੇ ਹਾਣ ਦਾ ਕੋਈ ਆਗੂ ਨਾ ਮਿਲਣ ਕਾਰਨ ਪੰਜਾਬ ਵਿਚ ਪਾਰਟੀ ਬਿਨਾ ‘ਕਮਾਂਡਰ’ ਤੋਂ ਹੀ ਚੱਲ ਰਹੀ ਹੈ। ਇਸੇ ਤਰ੍ਹਾਂ ਪਾਰਟੀ ਦੇ ਵੱਡੇ ਚਿਹਰੇ ਐਚ.ਐਸ਼ ਫੂਲਕਾ ਨੇ ਵੀ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਦੀਆਂ ਸਰਗਰਮੀਆਂ ਤੋਂ ਆਪਣੇ ਆਪ ਨੂੰ ਦੂਰ ਕਰਕੇ 1984 ਦੇ ਸਿੱਖ ਕਤਲੇਆਮ ਦੀ ਕਾਨੂੰਨੀ ਲੜਾਈ ਤੱਕ ਸੀਮਤ ਕਰ ਲਿਆ ਹੈ। ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਅਤੇ ਸ਼ਾਹਕੋਟ ਵਿਚੋਂ ਪਾਰਟੀ ਨੂੰ ਮਿਲੀ ਸ਼ਰਮਨਾਕ ਹਾਰ ਕਾਰਨ ਹਾਈ ਕਮਾਂਡ ਨੂੰ ਪੰਜਾਬ ਇਕਾਈ ਦੀ ਹੋਂਦ ਬਚਾਉਣੀ ਵੱਡੀ ਚੁਣੌਤੀ ਬਣ ਗਈ ਹੈ।
__________________
ਚੋਣ ਨਾ ਲੜਨ ਦੀ ਦਿੱਤੀ ਸੀ ਸਲਾਹ: ਖਹਿਰਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਦੇ ਪ੍ਰਮੁੱਖ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਖਿੜੇ ਮੱਥੇ ਉਹ ਸਵੀਕਾਰਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਨੂੰ ਪਹਿਲਾਂ ਹੀ ਇਹ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ। ਪਾਰਟੀ ਦੀ ਹਾਰ ਸਵੀਕਾਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ‘ਚ ਇਹ ਪੱਖ ਰੱਖਿਆ ਸੀ ਕਿ ਇਹ ਚੋਣ ਲੜਨ ਦਾ ਮੌਕਾ ਤੇ ਸਮਾਂ ਨਹੀਂ ਹੈ।