ਬੇਅਦਬੀ ਕਾਂਡ: ਪੰਥਕ ਇਕੱਠ ਵਿਚ ਨਿਸ਼ਾਨੇ ਉਤੇ ਰਹੇ ਬਾਦਲ ਤੇ ਕੈਪਟਨ

ਬਰਗਾੜੀ: ਤਿੰਨ ਸਾਲ ਪਹਿਲਾਂ ਬਰਗਾੜੀ ਵਿਚ ਵਾਪਰੀ ਗੁਰੂ ਗ੍ਰੰਥ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਵਰ੍ਹੇਗੰਢ ਮੌਕੇ ਪੰਥਕ ਇਕੱਠ ਵਿਚ ਪੰਜਾਬ ਦੀਆਂ ਸਿਆਸੀ ਧਿਰਾਂ (ਕਾਂਗਰਸ ਤੇ ਅਕਾਲੀ) ਨਿਸ਼ਾਨੇ ਉਤੇ ਰਹੀਆਂ। ਬੁਲਾਰਿਆਂ ਨੇ ਘਟਨਾਵਾਂ ਉਤੇ ਪਰਦਾਪੋਸ਼ੀ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਬੁਲਾਰਿਆਂ ਨੇ ਕਿਹਾ ਕਿ ਰਾਜਨੀਤਕ ਲਾਹੇ ਲਈ ਇਹ ਘਟਨਾਵਾਂ ਤਤਕਾਲੀ ਹਕੂਮਤ ਵੱਲੋਂ ਕਰਵਾਈਆਂ ਗਈਆਂ। ਇਸ ਦੌਰਾਨ ਤਤਕਾਲੀ ਤੇ ਮੌਜੂਦਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਦੀ ਅੰਦਰਖਾਤੇ ‘ਮਿੱਤਰਤਾ’ ਦੀ ਭਾਂਡਾ ਵੀ ਭੰਨਿਆ ਗਿਆ।

ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਕੈਪਟਨ ਸਮਝੌਤੇ ਬਾਰੇ ਬੋਲਦਿਆਂ ਕਿਹਾ ਕਿ ਬਹਿਬਲ ਕਾਂਡ ਦੀ ਐਫ਼ਆਈ.ਆਰ. ਵਿਚ ਦਰਜ ‘ਅਣਪਛਾਤੀ ਪੁਲਿਸ’ ਅਜੇ ਵੀ ਪਹਿਲੀ ਥਾਂ ਤਾਇਨਾਤ ਹੈ, ਜਿਸ ਤੋਂ ਸਾਫ ਹੈ ਕਿ ਕਿਹੜਾ ਪੁਲਿਸ ਅਫਸਰ ਕਿਸ ਦੇ ਖਿਲਾਫ਼ ਕਿਵੇਂ ਕਾਰਵਾਈ ਕਰ ਸਕੇਗਾ? ਉਨ੍ਹਾਂ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਦਰਿਆਈ ਪਾਣੀਆਂ ਅਤੇ ਵਿਦੇਸ਼ ਜਾ ਰਹੇ ਨੌਜਵਾਨਾਂ ਬਾਰੇ ਵੀ ਫਿਕਰਮੰਦੀ ਜਤਾਈ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਨਿਹੋਰਾ ਦਿੱਤਾ ਕਿ ਉਹ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਸਹਿਯੋਗ ਨਹੀਂ ਦਿੰਦੇ ਅਤੇ ਕੇਵਲ ਨਾਅਰੇ ਮਾਰਦੇ ਹਨ।
ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲ ਤੇ ਕੈਪਟਨ ਕਥਿਤ ਰਲੇ ਹੋਏ ਹਨ, ਜਿਸ ਕਾਰਨ ਬੇਅਦਬੀ ਦੇ ਮੁਲਜ਼ਮਾਂ ਅਤੇ ਬਹਿਬਲ ਕਾਂਡ ਦਾ ਖੂਨੀ ਸਾਕਾ ਰਚਾਉਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਹੋਈ। ਉਨ੍ਹਾਂ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੀ ਪਹੁੰਚ ਨੂੰ ਗੈਰ ਸੰਜੀਦਾ ਕਰਾਰ ਦਿੱਤਾ। ਤਖਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਮਤੇ ਪਾਸ ਕਰ ਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ, ਬਰਗਾੜੀ ਬੇਅਦਬੀ ਕਾਂਡ ਖਿਲਾਫ਼ ਕੋਟਕਪੂਰਾ ਅਤੇ ਬਹਿਬਲ ਵਿਚ ਸ਼ਾਂਤਮਈ ਧਰਨੇ ‘ਤੇ ਬੈਠੀ ਸੰਗਤ ਉਪਰ ਕਹਿਰ ਢਾਹੁਣ ਵਾਲੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੇਸ਼-ਵਿਦੇਸ਼ ਵਿਚ ਬੰਦੀ ਸਿੰਘਾਂ ਦੀ ਤੁਰਤ ਰਿਹਾਈ ਲਈ ਚਾਰਾਜੋਈ ਕੀਤੀ ਜਾਵੇ।
_________________________
ਕੈਪਟਨ ਵੱਲੋਂ ਸਿਆਸੀ ਲਾਹਾ ਲੈਣ ਵਾਲੇ ਆਗੂਆਂ ਦੀ ਆਲੋਚਨਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਬਾਰੇ ਸਰਕਾਰ ਦੇ ਨਾਕਾਮ ਰਹਿਣ ਦੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਵਿਚ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੀ ਉਹ ਘਟਨਾ ਵੀ ਸ਼ਾਮਲ ਹੈ, ਜਿਸ ਵਿਚ ਦੋ ਵਿਅਕਤੀ ਮਾਰੇ ਗਏ ਸਨ। ਮੁੱਖ ਮੰਤਰੀ ਨੇ ਇਸ ਮੁੱਦੇ ਤੋਂ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ।