ਦੁਰਲਭ ਸਿੱਖ ਦਸਤਾਵੇਜ਼ਾਂ ਦੀ ਹੋਵੇਗੀ ਡਿਜੀਟਲ ਸਾਂਭ ਸੰਭਾਲ

ਸ੍ਰੀ ਆਨੰਦਪੁਰ ਸਾਹਿਬ: ਸਿੱਖ ਇਤਿਹਾਸ ਦੇ ਪੁਰਾਤਨ ਗ੍ਰੰਥਾਂ ਤੇ ਖਰੜਿਆਂ ਦੀ ਸਦੀਵੀ ਸਾਂਭ-ਸੰਭਾਲ ਲਈ ਇਕ ਇਤਿਹਾਸਕ ਫੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਤੇ ਆਮ ਸਿੱਖਾਂ ਕੋਲ ਪਏ ਦੁਰਲੱਭ ਪੁਰਾਤਨ ਇਤਿਹਾਸਕ ਦਸਤਾਵੇਜ਼ਾਂ ਦਾ ਡਿਜ਼ੀਟਲਾਈਜੇਸ਼ਨ ਕਰ ਕੇ ਉਨ੍ਹਾਂ ਦੀ ਸੰਭਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਵਿਖੇ ਕਰਨ ਦਾ ਐਲਾਨ ਕੀਤਾ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਇਤਿਹਾਸ ਤੇ ਸਾਹਿਤ ਨੂੰ ਡਿਜ਼ੀਟਲ ਰੂਪ ਵਿਚ ਸਾਂਭਣ ਦੇ ਇਸ ਪ੍ਰੋਜੈਕਟ ਤਹਿਤ ਉਘੇ ਇਤਿਹਾਸਕਾਰ ਤੇ ਸਿੱਖ ਵਿਦਵਾਨ ਹਰਵਿੰਦਰ ਸਿੰਘ ਖਾਲਸਾ ਦੀ ਨਿੱਜੀ ਲਾਇਬ੍ਰੇਰੀ ਵਿਚ ਮੌਜੂਦ ਦੁਰਲੱਭ ਤੇ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ਾਂ ਨੂੰ ਕੰਪਿਊਟਰਾਈਜ਼ਡ ਕਰ ਕੇ ਸੰਭਾਲਿਆ ਜਾਵੇਗਾ, ਜਿਸ ਨਾਲ ਇਤਿਹਾਸ ਦੇ ਖੋਜਾਰਥੀਆਂ ਨੂੰ ਸਹੂਲੀਅਤ ਮਿਲੇਗੀ। ਲੌਂਗੋਵਾਲ ਨੇ ਸਿੱਖ ਜਗਤ ਨੂੰ ਇਹ ਅਪੀਲ ਵੀ ਕੀਤੀ ਕਿ ਜਿਨ੍ਹਾਂ ਕੋਲ ਸਿੱਖ ਇਤਿਹਾਸ ਨਾਲ ਸਬੰਧਤ ਪੁਰਾਤਨ ਦੁਰਲੱਭ ਖਰੜੇ ਤੇ ਦਸਤਾਵੇਜ਼ ਹੋਣ, ਉਹ ਵੀ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਕੋਲ ਪਏ ਦੁਰਲੱਭ ਖਜ਼ਾਨੇ ਨੂੰ ਵੀ ਡਿਜ਼ੀਟਲ ਰੂਪ ਵਿਚ ਸੰਭਾਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸੀ.ਬੀ.ਐਸ਼ਈ. ਵੱਲੋਂ ਲਈ ਗਈ ਦਸਵੀਂ ਦੀ ਪ੍ਰੀਖਿਆ ਵਿਚੋਂ ਦੇਸ਼ ਭਰ ਵਿਚੋਂ ਤੀਜਾ ਅਤੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਗੁਰਸਿੱਖ ਲੜਕੀ ਤਰਨਪ੍ਰੀਤ ਕੌਰ ਦੀ ਹੌਸਲਾ ਅਫਜਾਈ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਰੁਪਏ ਅਤੇ ਲੈਪਟਾਪ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸੇ ਤਰ੍ਹਾਂ 2016 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਬਟਾਲਾ ਨੇੜਲੇ ਪਿੰਡ ਨੱਤ, ਅੰਮੋਨੰਗਲ ਅਤੇ ਸੇਖਵਾਂ ਦੇ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ 11 ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮੀਟਿੰਗ ਵਿਚ ਪਾਸ ਕੀਤੇ ਹੋਰ ਮਤਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਦੀਆਂ ਜ਼ਮੀਨਾਂ ਬਾਰੇ ਇਕ ਸਬ ਕਮੇਟੀ ਬਣਾਈ ਗਈ ਅਤੇ ਦੇਸ਼ ਦੀ ਆਜ਼ਾਦੀ ਵਿਚ ਗੌਰਵਮਈ ਹਿੱਸਾ ਪਾਉਣ ਵਾਲੇ ਝਬਾਲ ਵਾਸੀ ਅਮਰ ਸਿੰਘ, ਸਨਮੁਖ ਸਿੰਘ ਅਤੇ ਜਸਵੰਤ ਸਿੰਘ ਦੇ ਨਾਂ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਝਬਾਲ ਵਿਖੇ ਕਬੱਡੀ ਅਕੈਡਮੀ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੀ ਕਾਰ ਸੇਵਾ ਕਰਵਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ।
_________________________
ਸਿੱਖ ਪ੍ਰਚਾਰਕਾਂ ਨੂੰ ਜ਼ਾਬਤੇ ‘ਚ ਰਹਿਣ ਦੀ ਨਸੀਹਤ
ਸ੍ਰੀ ਆਨੰਦਪੁਰ ਸਾਹਿਬ: ਸਿੱਖਾਂ ਜਥੇਬੰਦੀਆਂ ਜਾਂ ਪ੍ਰਚਾਰਕਾਂ ਵਿਚਾਲੇ ਪੈਦਾ ਹੋਏ ਟਕਰਾਅ ਅਤੇ ਭਰਾ ਮਾਰੂ ਜੰਗ ਨੂੰ ਰੋਕਣ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਮਿਲ ਬੈਠ ਕੇ ਆਪਸੀ ਮਤਭੇਦਾਂ ਨੂੰ ਦੂਰ ਕਰਨ। ਲੌਂਗੋਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਉਹ ਸਰਕਾਰਾਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਦੀ ਸਾਰ ਲਈ ਜਾਵੇ। ਉਨ੍ਹਾਂ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਉਤੇ ਵੀ ਚਿੰਤਾ ਪ੍ਰਗਟਾਈ।