‘ਨਾਮਾਲੂਮ ਸਰੋਤਾਂ’ ਦੀ ਆਮਦਨ ਨੇ ਕੀਤੇ ਕੌਮੀ ਪਾਰਟੀਆਂ ਦੇ ਵਾਰੇ ਨਿਆਰੇ

ਨਵੀਂ ਦਿੱਲੀ: ਸੱਤ ਕੌਮੀ ਸਿਆਸੀ ਪਾਰਟੀਆਂ ਨੂੰ ਸਾਲ 2016-17 ਦੌਰਾਨ ‘ਨਾਮਾਲੂਮ ਸਰੋਤਾਂ’ ਤੋਂ 710.80 ਕਰੋੜ ਰੁਪਏ ਦੀ ਕਮਾਈ ਹੋਈ ਸੀ ਹਾਲਾਂਕਿ ਕੁੱਲ ਚੰਦਿਆਂ (20 ਹਜ਼ਾਰ ਰੁਪਏ ਤੋਂ ਵੱਧ ਵਾਲੇ) ਦੇ ਰੂਪ ਵਿਚ 589.38 ਕਰੋੜ ਰੁਪਏ ਦੀ ਕਮਾਈ ਹੋਈ। ਇਸ ਵਿਚੋਂ 532.27 ਕਰੋੜ ਰੁਪਏ ਦੀ ਕਮਾਈ ਇਕੱਲੀ ਭਾਜਪਾ ਦੀ ਹੈ।

ਜਮਹੂਰੀ ਸੁਧਾਰ ਸਭਾ (ਏ.ਡੀ.ਆਰ.) ਦੀ ਰਿਪੋਰਟ ਵਿਚ ਇਹ ਖੁਲਾਸੇ ਕਰਦਿਆਂ ਕਿਹਾ ਗਿਆ ਹੈ ਕਿ ਭਾਜਪਾ ਵੱਲੋਂ ਐਲਾਨੇ ਗਏ ਚੰਦਿਆਂ ਦੀ ਰਕਮ ਇੰਡੀਅਨ ਨੈਸ਼ਨਲ ਕਾਂਗਰਸ, ਐਨ.ਸੀ.ਪੀ., ਸੀ.ਪੀ.ਆਈ., ਸੀ.ਪੀ.ਐਮ. ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਐਲਾਨੇ ਗਏ ਕੁੱਲ ਚੰਦਿਆਂ ਨਾਲੋਂ 9 ਗੁਣਾ ਜ਼ਿਆਦਾ ਹਨ। ਰਿਪੋਰਟ ਮੁਤਾਬਕ ਕੌਮੀ ਪਾਰਟੀਆਂ ਵੱਲੋਂ 2123 ਚੰਦਿਆਂ (20 ਹਜ਼ਾਰ ਰੁਪਏ ਤੋਂ ਵੱਧ ਵਾਲੇ) ਦੇ ਰੂਪ ਵਿਚ ਕੁੱਲ 589.38 ਕਰੋੜ ਰੁਪਏ ਦੀ ਕਮਾਈ ਦਾ ਖੁਲਾਸਾ ਕੀਤਾ ਗਿਆ। ਭਾਜਪਾ ਵੱਲੋਂ 1194 ਚੰਦਿਆਂ ਦੇ ਰੂਪ ਵਿਚ 532.27 ਕਰੋੜ ਰੁਪਏ ਦੀ ਕਮਾਈ ਹੋਣ ਜਦਕਿ ਕਾਂਗਰਸ ਨੇ 599 ਚੰਦਿਆਂ ਰਾਹੀਂ 41.90 ਕਰੋੜ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ।
ਪਿਛਲੇ 11 ਸਾਲਾਂ ਵਾਂਗ, ਬਹੁਜਨ ਸਮਾਜ ਪਾਰਟੀ ਦਾ ਕਹਿਣਾ ਹੈ ਕਿ ਉਸ ਨੂੰ 2016-17 ਦੌਰਾਨ 20 ਹਜ਼ਾਰ ਤੋਂ ਵੱਧ ਦਾ ਕੋਈ ਚੰਦਾ ਨਹੀਂ ਮਿਲਿਆ। ਸਾਲ 2016-17 ਦੌਰਾਨ ਕੌਮੀ ਪਾਰਟੀਆਂ ਦੇ ਕੁੱਲ ਚੰਦਿਆਂ ਦੀ ਕਮਾਈ 2015-16 ਵਿਚ 102 ਕਰੋੜ ਰੁਪਏ ਸੀ ਜਿਸ ਵਿਚ ਪਿਛਲੇ ਸਾਲ 487.36 ਕਰੋੜ ਰੁਪਏ ਦਾ ਵਾਧਾ ਹੋਇਆ। ਭਾਜਪਾ ਨੂੰ 2015-16 ਦੌਰਾਨ 76.85 ਕਰੋੜ ਰੁਪਏ ਦੀ ਕਮਾਈ ਹੋਈ ਸੀ ਜੋ ਪਿਛਲੇ ਸਾਲ ਵਧ ਕੇ 532.27 ਕਰੋੜ ਰੁਪਏ ਹੋ ਗਈ ਜਦਕਿ ਐਨ.ਸੀ.ਪੀ. ਦੇ ਚੰਦੇ 2015-16 ਵਿਚ 71 ਲੱਖ ਰੁਪਏ ਤੋਂ ਵਧ ਕੇ 2016-17 ਦੌਰਾਨ 6.34 ਕਰੋੜ ਰੁਪਏ ਹੋ ਗਏ। ਤ੍ਰਿਣਮੂਲ ਕਾਂਗਰਸ ਦੇ ਚੰਦਿਆਂ ਵਿਚ 231 ਫੀਸਦੀ ਜਦਕਿ ਕਾਂਗਰਸ ਤੇ ਸੀ.ਪੀ.ਐਮ. ਦੇ ਚੰਦਿਆਂ ਵਿਚ ਕ੍ਰਮਵਾਰ 190 ਫੀਸਦੀ ਤੇ 105 ਫੀਸਦੀ ਵਾਧਾ ਹੋਇਆ ਹੈ। ਸੀ.ਪੀ.ਆਈ. ਦੇ ਚੰਦਿਆਂ ਦੀ ਦਰ ਮਹਿਜ਼ 9 ਫੀਸਦੀ ਵਧੀ ਹੈ। ਕੌਮੀ ਪਾਰਟੀਆਂ ਦੀ 2016-17 ਦੌਰਾਨ ਕੁੱਲ ਆਮਦਨ 1559.17 ਕਰੋੜ ਰੁਪਏ ਸੀ।