ਹਰੀਕੇ ਪੱਤਣ: ਬੀਤੀ 16 ਮਈ ਨੂੰ ਕੀੜੀ ਅਫਗਾਨਾ ਸਥਿਤ ਖੰਡ ਮਿੱਲ ਵੱਲੋਂ ਬਿਆਸ ਦਰਿਆ ‘ਚ ਸੁੱਟੇ ਸੀਰੇ ਕਾਰਨ ਦਰਿਆ ਦਾ ਪਾਣੀ ਜ਼ਹਿਰੀਲਾ ਹੋ ਗਿਆ ਸੀ ਤੇ ਲੱਖਾਂ ਜੀਵ-ਜੰਤੂ ਤੇ ਮੱਛੀਆਂ ਇਸ ਜ਼ਹਿਰੀਲੇ ਪਾਣੀ ਦੀ ਭੇਟ ਚੜ੍ਹ ਗਈਆਂ ਸਨ। ਬਿਆਸ ਦਰਿਆ ‘ਚ ਜੀਵ ਜੰਤੂਆਂ ਦੇ ਹੋਏ ਭਾਰੀ ਨੁਕਸਾਨ ਤੇ ਬਿਆਸ ਦਰਿਆ ਦੀ ਸ਼ਾਨ ਇੰਡਸ ਰਿਵਰ ਡਾਲਫਿਨ ਦੀ ਭਾਲ ਲਈ ਜੰਗਲੀ ਜੀਵ ਵਣ ਵਿਭਾਗ ਹਰੀਕੇ ਤੇ ਡਬਲਿਊ. ਡਬਲਿਊ.ਐਫ਼ ਦੀ ਟੀਮ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਸੀ
ਅਤੇ ਇਕ ਹਫਤਾ ਚੱਲਿਆ ਇਹ ਸਰਵੇਖਣ ਮੁਕੰਮਲ ਹੋ ਗਿਆ ਹੈ, ਜਿਸ ਦੌਰਾਨ ਸਰਵੇਖਣ ‘ਚ ਟੀਮ ਨੂੰ ਸਿਰਫ 4 ਡਾਲਫਿਨ ਹੀ ਦਿਖਾਈ ਦਿੱਤੀਆਂ ਅਤੇ ਮੱਛੀਆਂ ਤੇ ਹੋਰ ਜੀਵ ਜੰਤੂਆਂ ਦਾ ਭਾਰੀ ਨੁਕਸਾਨ ਪਾਇਆ ਗਿਆ। ਇੰਨੀ ਵੱਡੀ ਸੰਖਿਆ ‘ਚ ਜੀਵ ਜੰਤੂਆਂ ਦਾ ਜ਼ਹਿਰੀਲੇ ਪਾਣੀ ਕਾਰਨ ਮਰਨਾ ਪਹਿਲੀ ਵਾਰ ਹੋਇਆ ਹੈ ਅਤੇ ਵਿਭਾਗ ਮੁਤਾਬਕ ਇਸ ਨੁਕਸਾਨ ਦੀ ਪੂਰਤੀ ਨੂੰ 4 ਸਾਲ ਲੱਗ ਜਾਣਗੇ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ 16 ਮਈ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ‘ਚ ਸੀਰੇ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ, ਜਿਸ ਦੀ ਪੁਸ਼ਟੀ ਜੰਗਲੀ ਜੀਵ ਤੇ ਵਣ ਵਿਭਾਗ ਦੇ ਡੀ.ਐਫ਼ਓ. ਚਰਨਜੀਤ ਸਿੰਘ ਨੇ ਕੀਤੀ। ਸਰਵੇਖਣ ਸਬੰਧੀ ਜਾਣਕਾਰੀ ਦਿੰਦਿਆਂ ਡਬਲਿਊ. ਡਬਲਿਊ. ਐਫ਼ ਦੀ ਸੀਨੀਅਰ ਪ੍ਰੋਜੈਕਟ ਅਫਸਰ ਮੈਡਮ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਇਕ ਹਫਤਾ ਚੱਲਿਆ ਇਹ ਸਰਵੇਖਣ ਮੁਕੰਮਲ ਹੋ ਚੁੱਕਾ ਹੈ। ਇਸ ਦੌਰਾਨ ਮੱਛੀਆਂ ਅਤੇ ਜੀਵ ਜੰਤੂਆਂ ਦਾ ਵੱਡਾ ਨੁਕਸਾਨ ਦੇਖਿਆ ਗਿਆ, ਜਿਸ ਦੀ ਪੂਰਤੀ ਲਈ ਲੰਮਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ‘ਚ ਪਹਿਲਾਂ 5 ਤੋਂ 11 ਦੀ ਗਿਣਤੀ ‘ਚ ਡਾਲਫਿਨ ਵੱਖ-ਵੱਖ ਖੇਤਰਾਂ ‘ਚ ਦਿਖਾਈ ਦਿੰਦੀਆਂ ਸਨ, ਪ੍ਰੰਤੂ ਇਸ ਸਰਵੇਖਣ ਦੌਰਾਨ ਕਰਮੂਵਾਲਾ ਨਜ਼ਦੀਕ 4 ਡਾਲਫਿਨ ਹੀ ਦੇਖੀਆਂ ਗਈਆਂ।
ਇਸ ਸਬੰਧੀ ਡੀ.ਐਫ਼ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਸਰਵੇਖਣ ਦਾ ਕੰਮ ਖਤਮ ਹੋ ਚੁੱਕਾ ਹੈ। ਬੇਸ਼ੱਕ ਬਿਆਸ ਦਰਿਆ ਦਾ ਪਾਣੀ ਸਾਫ ਦਿਖਾਈ ਦੇ ਰਿਹਾ ਹੈ, ਪਰ ਸੀਰੇ ਤੇ ਪ੍ਰਦੂਸ਼ਿਤ ਹੋਏ ਪਾਣੀ ਦਾ ਅਸਰ ਅੱਜ ਵੀ ਹੈ ਅਤੇ ਪਾਣੀ ਦਾ ਰੰਗ ਅਜੇ ਵੀ ਸੀਰੇ ਦਾ ਅਸਰ ਦਿਖਾ ਰਿਹਾ ਹੈ। ਇਸ ਜ਼ਹਿਰੀਲੇ ਪਾਣੀ ਨੇ ਬਿਆਸ ਦਰਿਆ ਨੂੰ ਵੱਡੀ ਮਾਰ ਮਾਰੀ ਹੈ ਅਤੇ ਜੀਵ ਜੰਤੂਆਂ ਤੇ ਮੱਛੀਆਂ ਦੇ ਹੋਏ ਨੁਕਸਾਨ ਦੀ ਪੂਰਤੀ ਨੂੰ ਤਿੰਨ ਚਾਰ ਸਾਲ ਦਾ ਸਮਾਂ ਲੱਗ ਜਾਵੇਗਾ। ਜ਼ਿਕਰਯੋਗ ਹੈ ਕਿ ਬਿਆਸ ਦਰਿਆ ‘ਚ ਸਰਵੇਖਣ ਦੌਰਾਨ ਚਾਰ ਡਾਲਫਿਨ ਦਾ ਹੀ ਦਿਖਾਈ ਦੇਣਾ ਚਿੰਤਾ ਵਾਲੀ ਗੱਲ ਹੈ ਤੇ ਹੁਣ ਵਿਭਾਗ ਵੱਲੋਂ ਦੁਬਾਰਾ ਇਕ ਮਹੀਨੇ ਬਾਅਦ ਸਰਵੇਖਣ ਕਰਵਾਇਆ ਜਾਵੇਗਾ।
_________________________
ਸਿੱਧੂ ਨੇ ਬਿਆਸ ਦਰਿਆ ‘ਚ ਛੱਡੀਆਂ ਮੱਛੀਆਂ
ਅੰਮ੍ਰਿਤਸਰ: ਵਾਤਾਵਰਣ ਦਿਵਸ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਆਸ ਦਰਿਆ ਦਾ ਦੌਰਾ ਕੀਤਾ ਜਿਥੇ ਬੀਤੇ ਦਿਨੀਂ ਵੱਡੀ ਤਾਦਾਦ ਵਿਚ ਮੱਛੀਆਂ ਮਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸਿੱਧੂ ਨੇ ਬਿਆਸ ਦਰਿਆ ਜਾ ਕੇ ਪ੍ਰਭਾਵਿਤ ਥਾਂ ‘ਤੇ ਹਾਲਾਤ ਦਾ ਜਾਇਜ਼ਾ ਲਿਆ ਤੇ ਦਰਿਆ ਵਿਚ ਮੱਛੀਆਂ ਵੀ ਛੱਡੀਆਂ। ਇਸ ਦੌਰਾਨ ਉਨ੍ਹਾਂ ਨੇ ਸੁਖਪਾਲ ਖਹਿਰਾ ਦੀ ਚੁਣੌਤੀ ਨੂੰ ਜਾਇਜ਼ ਦੱਸਿਆ ਤੇ ਕਿਹਾ ਕਿ ਵਾਤਾਵਰਨ ਦੇ ਮੁੱਦੇ ਉਤੇ ਵਿਧਾਨ ਸਭਾ ਦਾ ਸਾਂਝਾ ਸੈਸ਼ਨ ਬੁਲਾਉਣਾ ਚਾਹੀਦਾ ਹੈ। ਬੀਤੀ 17 ਮਈ ਨੂੰ ਗੁਰਦਾਸਪੁਰ ਦੀ ਕੀੜੀ ਅਫਗ਼ਾਨਾ ਵਿਚ ਸਥਿਤ ਚੱਢਾ ਸ਼ੂਗਰ ਮਿੱਲ ਵਿਚੋਂ ਸੀਰੇ ਦਾ ਬਿਆਸ ਦਰਿਆ ਵਿਚ ਰਿਸਾਅ ਹੋਣ ਤੋਂ ਬਾਅਦ ਲੱਖਾਂ ਜਲ ਜੀਵ ਮਾਰੇ ਗਏ ਸਨ। ਇਸੇ ਦੌਰਾਨ ਸਰਕਾਰ ਉੱਪਰ ਮਿੱਲ ਦਾ ਬਚਾਅ ਕਰਨ ਦੇ ਇਲਜ਼ਾਮ ਵੀ ਲੱਗੇ ਸਨ।