ਸਾਡਾ ਵਿਰਸਾ ਸਾਡਾ ਮਾਣ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਕੀਤਾ ਮਿਲਦਾ ਹੈ।
ਪਾਠਕ ‘ਸੁਦੇਸ਼ ਸੇਵਕ’ (ਜੋ 1909 ਤੋਂ 1911 ਤੱਕ ਛਪਦਾ ਰਿਹਾ) ਅਤੇ ‘ਸੰਸਾਰ’ (ਜੋ ਸਤੰਬਰ 1912 ਤੋਂ ਜੁਲਾਈ 1914 ਤੱਕ ਛਪਦਾ ਰਿਹਾ) ਵਿਚ ਛਪੀਆਂ ਤਿੰਨ-ਤਿੰਨ ਲਿਖਤਾਂ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। ‘ਸੰਸਾਰ’ ਦੇ ਸੰਪਾਦਕ ਕਰਤਾਰ ਸਿੰਘ ਹੁੰਦਲ ਸਨ। ਐਤਕੀਂ ‘ਸੰਸਾਰ’ ਵਿਚ ਛਪੀਆਂ ਚਾਰ ਲਿਖਤਾਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਅਸੀਂ ਹਿੰਦੁਸਤਾਨੀ ਅੱਜ ਕੱਲ੍ਹ ਤਿੰਨ ਤੇ ਢਾਈ ਹਜ਼ਾਰ ਦੇ ਵਿਚਕਾਰ ਇਸ ਦੇਸ਼ ਵਿਚ ਰਹਿ ਗਏ ਹਾਂ। ਬਾਕੀ ਭਰਾ ਸਹਿਜ ਸਹਿਜ ਵਿਛੜ ਗਏ ਹਨ ਤੇ ਵਿਛੜ ਰਹੇ ਹਨ। ਜੋ ਕੰਮ ਤੇ ਜ਼ਿੰਮੇਵਾਰੀਆਂ ਸਾਡੇ ਸਾਹਮਣੇ ਪਈਆਂ ਹਨ, ਉਹ ਬੜੀਆਂ ਬੜੀਆਂ ਪਹਾੜ ਹਨ ਤੇ ਦੁਨੀਆਂ ਵਿਚ ਇਕ ਕੌਮ ਬਣ ਕੇ ਜੀਵਨ ਲਈ ਸਾਡੇ ਵਾਸਤੇ ਉਨ੍ਹਾਂ ਦਾ ਕਰਨਾ ਸਾਡਾ ਧਰਮ ਹੈ। ਇੰਡੀਆ ਦੇ ਤੀਹ ਕਰੋੜ ਵਸਨੀਕਾਂ ਦੇ ਹੱਕਾਂ ਲਈ ਝਗੜਨ ਦਾ ਕੰਮ ਸਾਡੇ ਸਪੁਰਦ ਹੈ। ਜੇ ਅਸੀਂ ਤਿੰਨ ਹਜ਼ਾਰ ਭੀ ਸਹਿਜ ਸਹਿਜ ਇਸ ਦੇਸ਼ ਤੋਂ ਵਿਛੜ ਗਏ ਤਾਂ ਵੈਰੀਆਂ ਦਾ ਮੰਤਵ ਪੂਰਾ ਉਤਰੇਗਾ ਤੇ ਆਉਣ ਵਾਲੀਆਂ ਇੰਡੀਆ ਦੀਆਂ ਨਸਲਾਂ ਕਹਿਣਗੀਆਂ ਕਿ ਪੰਜ ਛੇ ਹਜ਼ਾਰ ਨਾਮਰਦ ਤੇ ਨਕਾਰੇ ਹਿੰਦੁਸਤਾਨੀ ਕੈਨੇਡਾ ਵਿਚ ਗਏ ਸਨ ਤੇ ਉਨ੍ਹਾਂ ਲਈ ਦੇਸ਼ ਬੰਦ ਕੀਤਾ ਗਿਆ। ਉਹ ਭੈੜੇ ਬੇਅਣਖੇ ਬੇਹਯਾ ਗਿੱਦੜਾਂ ਵਾਂਗ ਦੌੜ ਆਏ ਤੇ ਆਪਣੇ ਹੱਕਾਂ ਲਈ ਉਥੇ ਹੀ ਝਗੜਦੇ ਦੱਪਣ ਨਹੀਂ ਹੋ ਗਏ। ਬੇਇਨਸਾਫੀ ਜ਼ੁਲਮ ਤੇ ਅਧਰਮ ਨੂੰ ਹੁੰਦਾ ਦੇਖ ਕੇ ਘਰ ਨੂੰ ਦੌੜ ਆਉਣਾ ਨਾਮਰਦਾਂ ਤੇ ਨਕਾਰਿਆਂ ਦਾ ਕੰਮ ਹੈ। ਮਰਦ ਕਦੀ ਸੱਚਾਈ ਤੋਂ ਨਹੀਂ ਟਲਿਆ ਕਰਦੇ। ਉਹ ਸੱਚ ਲਈ ਚਰਖੀਆਂ ਪੁਰ ਚਾੜ੍ਹੇ ਜਾਂਦੇ ਹਨ। ਪਰ ਮੈਦਾਨ ਨਹੀਂ ਛੱਡਦੇ। ਉਹ ਤੱਤੇ ਤਵਿਆਂ ਉਤੇ ਬੈਠਾਲੇ ਤੇ ਕੜਾਹਿਆਂ ਵਿਚ ਉਬਾਲੇ ਜਾਂਦੇ ਹਨ, ਪਰ ਸਿਰੜ ਤੋਂ ਨਹੀਂ ਟਲਦੇ।
ਹੱਕ ਲਈ ਝਗੜ ਰਹੇ ਮਰਦਾਂ ਨੂੰ ਇਕ ਆਪਣੇ ਸਿਰੜ ਤੋਂ ਵੱਧ ਹੋਰ ਕੋਈ ਚੀਜ਼ ਪਿਆਰੀ ਨਹੀਂ ਹੁੰਦੀ। ਸਾਰਾ ਸਿਰੜ ਹੀ ਉਨ੍ਹਾਂ ਦੀ ਜਾਨ, ਸਿਰੜ ਹੀ ਮਾਲ, ਸਿਰੜ ਹੀ ਧਰਮ ਤੇ ਸਿਰੜ ਹੀ ਈਮਾਨ ਹੁੰਦਾ ਹੈ। ਉਨ੍ਹਾਂ ਦੇ ਭਾਗ ਭੀ ਹੁੰਦੇ ਹਨ, ਜਿਨ੍ਹਾਂ ਨੂੰ ਸਿਰੜ ਦੇ ਪ੍ਰਤਾਵੇ ਦਾ ਮੌਕਾ ਮਿਲੇ ਤੇ ਪੂਰੇ ਉਤਰਨ ਦਾ। ਇਸ ਵਕਤ ਕੈਨੇਡਾ ਵਿਚ ਸਾਡੇ ਸਾਹਮਣੇ ਇਕ ਵੱਡਾ ਭਾਰਾ ਧਰਮ ਪਿਆ ਹੈ ਜਿਸ ਨਾਲੋਂ ਵੱਡਾ ਕੰਮ ਇਨਸਾਨ ਲਈ ਹੋਰ ਕੋਈ ਨਹੀਂ ਹੋ ਸਕਦਾ ਤੇ ਇਸ ਤੋਂ ਵੱਡਾ ਧਰਮ ਕੀ ਦੁਨੀਆਂ ਵਿਚ ਕੋਈ ਨਹੀਂ ਹੈ? ਉਹ ਧਰਮ ਆਪਣੀ ਕੌਮ ਦੀ ਖੋਹੀ ਜਾ ਰਹੀ ਖੁੱਲ੍ਹ ਨੂੰ ਕਾਇਮ ਰੱਖਣ ਲਈ ਝਗੜਨ ਦਾ ਹੈ। ਬੇਇਨਸਾਫੀ ਤੇ ਜ਼ੁਲਮ ਵਾਲਾ ਕਾਨੂੰਨ ਕਹਿੰਦਾ ਹੈ ਕਿ ਹਿੰਦੁਸਤਾਨੀ ਕੈਨੇਡਾ ਵਿਚ ਨਹੀਂ ਵੜ ਸਕਦਾ ਅਤੇ ਇਸਤਰੀ ਤਕ ਨਹੀਂ ਲਿਆ ਸਕਦਾ ਤੇ ਜੇ ਇਸ ਕਾਨੂੰਨ ਨੂੰ ਦੇਖ ਕੇ ਅਸੀਂ ਮੁੜ ਦੇਸ਼ ਚਲੇ ਜਾਈਏ ਤਾਂ ਸਾਡੇ ਵਰਗਾ ਪਾਪੀ, ਕਮੀਨਾ, ਨਕਾਰਾ ਤੇ ਬੇਸ਼ਰਮ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਅਸੀਂ ਹੀ ਸਿਰਫ ਨਹੀਂ ਮੁੜਦੇ ਬਲਕਿ ਤੀਹ ਕਰੋੜ ਦੇਸ਼ ਵਾਸੀਆਂ ਨੂੰ ਆਉਣ ਵਾਲੀਆਂ ਸਾਰੀਆਂ ਨਸਲਾਂ ਨੂੰ ਇਸ ਮੁਲਕ ਵਿਚੋਂ ਆਪ ਕੱਢਦੇ ਹਾਂ।
ਬਸ ਸਾਡਾ ਇਹੋ ਤੇ ਕੇਵਲ ਇਹ ਹੀ ਧਰਮ ਹੈ ਕਿ ਦੀਵਾ ਵੇਖਣ ਗਏ ਭੰਬਕੜ ਦੀ ਤਰ੍ਹਾਂ ਇਸ ਬੇਇਨਸਾਫੇ ਕਾਨੂੰਨ ਦੇ ਤੋੜਨ ਵਿਚ ਹੀ ਆਪਣੇ ਆਪ ਨੂੰ ਲਗਾ ਦੇਈਏ, ਉਸ ਵਕਤ ਦੇਸ਼ ਨੂੰ ਮੁੜੀਏ ਜਦ ਇਹ ਬੇਇਨਸਾਫੀ ਉਡ ਜਾਏ। ਭਾਵੇਂ ਸਾਡੀ ਸਾਰੀ ਉਮਰ ਹੀ ਕਿਉਂ ਨਾ ਲੱਗ ਜਾਏ। ਜਿਹੜਾ ਆਦਮੀ ਇਸ ਬੇਇਨਸਾਫੀ ਤੇ ਜ਼ੁਲਮ ਨੂੰ ਜਾਣ ਕੇ ਦੇਖ ਕੇ ਛੱਡ ਕੇ ਜਾ ਰਿਹਾ ਹੈ ਤੇ ਫੇਰ ਪੂਜਾ ਪਾਠ ਜਾਂ ਨਮਾਜ਼ ਪੜ੍ਹ ਕੇ ਆਪਣੇ ਆਪ ਨੂੰ ਧਰਮੀ ਕਹਾਉਂਦਾ ਹੈ, ਉਹ ਨੀਚ ਹੈ, ਧੋਖੇਬਾਜ਼ ਤੇ ਅਪਰਾਧੀ ਹੈ। ਧਰਮ ਦੇ ਕਰੜੇ ਕੰਮ ਨੂੰ ਤਕ ਕੇ ਦੌੜ ਜਾਣਾ ਧਰਮੀਆਂ ਦਾ ਕੰਮ ਨਹੀਂ ਹੈ। ਇਸ ਲਈ ਤੁਸੀਂ ਭੀ ਜੇ ਦੁਨੀਆਂ ਵਿਚ ਧਰਮੀ ਸਦਾ ਕੇ ਮੁਖ ਉਜਲਾ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਅੱਜ ਤੋਂ ਇਹ ਅਤਿ ਜ਼ਰੂਰੀ ਨਸੀਹਤ ਲੜ ਬੰਨ੍ਹ ਲਵੋ ਕਿ ਉਸ ਵਕਤ ਤਾਂਈ ਕੈਨੇਡੇ ਤੋਂ ਇੰਡੀਆ ਵਾਪਸ ਨਹੀਂ ਜਾਵਾਂਗੇ ਜਦ ਤਕ ਕਿ ਸਾਡੀ ਕੌਮ ਲਈ ਇਹ ਜ਼ੁਲਮ ਭਰੇ ਕਾਨੂੰਨ ਨਾ ਹਟ ਜਾਣ ਤੇ ਉਸ ਵਕਤ ਤਾਂਈ ਆਪਣ ਤਨ ਮਨ ਧਨ ਇਸ ਦੀ ਸੇਵਾ ਲਈ ਪੇਸ਼ ਕਰੋ ਤੇ ਆਪਣੇ ਧੰਨ ਭਾਗ ਸਮਝੋ। ਜੇ ਤੁਸੀਂ ਕੋਈ ਦੇਸ਼ ਮੁੜਨ ਦਾ ਇਰਾਦਾ ਕੀਤਾ ਹੈ ਤਾਂ ਜ਼ਰਾ ਸੋਚੋ, ਜੇ ਧਰਮੀ ਬਣਨਾ ਚਾਹੁੰਦੇ ਹੋ, ਜੇ ਚਾਹੁੰਦੇ ਹੋ ਕਿ ਲੋਕ ਸਾਨੂੰ ਮਰਦ ਕਹਿਣ, ਪਸੂ ਨਾ ਸੱਦਣ ਤਾਂ ਠਹਿਰ ਜਾਓ। ਉਸ ਇਰਾਦੇ ਨੂੰ ਤੋੜ ਦਿਓ। ਜਦ ਤਕ ਇਹ ਕਾਨੂੰਨ ਨਾ ਟੁੱਟੇ, ਇਸ ਦੇ ਤੋੜਨ ਵਿਚ ਹੀ ਆਪਣੀ ਕਮਾਈ ਅਕਲ ਅਤੇ ਜ਼ੋਰ ਲਗਾਵੋ। ਇਹ ਪ੍ਰਵਾਹ ਨਾ ਕਰੋ ਕਿ ਹੋਰ ਕਿਤਨੇ ਆਦਮੀ ਆਪ ਦੇ ਖਿਆਲ ਦੇ ਹਨ ਪਰ ਤੁਸੀਂ ਪਹਾੜ ਦੀ ਤਰ੍ਹਾਂ ਇਸ ਧਰਮ ਨੂੰ ਲੈ ਕੇ ਖੜੇ ਹੋ ਜਾਵੋ ਤੇ ਹੇਠ ਲਿਖੀਆਂ ਗੱਲਾਂ ਲਈ ਆਪਣਾ ਪੂਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿਓ।
(A) ਹਰ ਇਕ ਭਰਾ ਨੂੰ ਦ੍ਰਿੜ੍ਹ ਕਰਵਾ ਦੇਣ ਦਾ ਯਤਨ ਕਰੋ, ਇਸ ਸੇਵਾ ਤੋਂ ਛੁੱਟ ਹੋਰ ਸਭ ਬੇਫਾਇਦਾ ਹਨ। ਘੱਟ ਤੋਂ ਘੱਟ ਦਸ ਭਰਾਵਾਂ ਨੂੰ ਤਾਂ ਇਸ ਵਕਤ ਇਸ ਸੇਵਾ ਦੇ ਪੱਕੇ ਖਿਆਲ ਦੀ ਧੁਨ ਲਗਾਉਣ ਦਾ ਪ੍ਰਣ ਕਰੋ।
(ਅ) ਇਸ ਸੇਵਾ ਦੇ ਪ੍ਰਚਾਰ ਲਈ ‘ਸੰਸਾਰ’ ਦੇ ਸੇਵਕਾਂ ਨਾਲ ਝਟਪਟ ਜੁਟ ਪਵੋ ਤੇ ਤਨ ਮਨ ਧਨ ਦੁਆਰਾ ਮਦਦ ਕਰਕੇ ਇਸ ਜ਼ਰੂਰੀ ਧਰਮ ਦੀ ਸੇਵਾ ਦਾ ਪ੍ਰਚਾਰ ਕਰੋ।
(e) ਤੁਸੀਂ ਆਪਣੀ ਪੂਰੀ ਵਾਹ ਲਾਉ ਕਿ ਜੋੜ ਮੇਲਾ ਕਮੇਟੀਆਂ ਤੇ ਭਰਾਵਾਂ ਵਿਚ ਕੋਈ ਵਿਰੋਧ ਨਾ ਹੋਵੇ ਤੇ ਸਭ ਨੂੰ ਇਸ ਔਖੇ ਵਕਤ ਦਾ ਇਹ ਨਿਸ਼ਾਨਾ ਨਜ਼ਰ ਆਵੇ ਤੇ ਇਕ ਜਥੇਬੰਦੀ ਹੋਵੇ।
(ਸ) ਇਸ ਸੇਵਾ ਨੂੰ ਕਮਜ਼ੋਰ ਕਰਨ ਵਾਲੇ ਕੌਮ ਘਾਤਕ ਟੋਲੇ ਵਿਚ ਜਿਸ ਪਾਪੀ ਨੂੰ ਦੇਖੋ, ਉਸ ਨੂੰ ਸਮਝਾਵੋ, ਫੇਰ ਸਮਝਾਵੋ ਤੇ ਅਖੀਰ ਉਸ ਨੂੰ ਹਰ ਤਰ੍ਹਾਂ ਸੋਧਣ ਦਾ ਬੰਦੋਬਸਤ ਕਰੋ। ਚੁਗਲਖੋਰਾਂ, ਬਦਮਾਸ਼ਾਂ ਤੇ ਸ਼ਰਾਰਤੀਆਂ ਦਾ ਪੂਰਾ ਧਿਆਨ ਰੱਖੋ।
(ਹ) ਇਸ ਕੰਮ ਦੇ ਫਤਿਹ ਕਰਨ ਲਈ ਮਜ਼ਹਬ ਦੇ ਫਰਕ ਨੂੰ ਇਕ ਪਾਸੇ ਰੱਖ ਦਿਉ, ਸਿਰਫ ਹਿੰਦੁਸਤਾਨ ਦੇ ਜਾਏ ਨੂੰ ਆਪਣਾ ਅੰਗ ਸਮਝ ਕੇ ਪਿਆਰ ਕਰੋ। ਹਿੰਦੂ, ਮੁਸਲਮਾਨ ਤੇ ਸਿੱਖਪੁਣੇ ਦਾ ਫਰਕ ਭੁੱਲ ਜਾਵੋ ਤੇ ਆਪਣੇ ਸੇਵਕਾਂ ਪੁਰ ਪੂਰਾ ਭਰੋਸਾ ਤੇ ਵਿਸ਼ਵਾਸ ਕਰੋ। ਜੇ ਕੋਈ ਸੇਵਕ ਕਹਾ ਕੇ ਖੁਦਗਰਜ਼ ਜਾਂ ਸੁਸਤ ਸਾਬਤ ਹੋ ਜਾਵੇ, ਉਸ ਨੂੰ ਪੂਰੀ ਸਜ਼ਾ ਦਿਉ।
ਸਾਡੇ ‘ਤੇ ਮੌਤ ਦੇ ਘਾਉਘਪ ਹਨ
ਹੇ ਮੌਤ ਦੁਨੀਆਂ ਵਿਚ ਅਸਲ ਤੇਰਾ ਰਾਜ ਹੈ। ਗਰੀਬ, ਅਮੀਰ, ਰਾਜੇ, ਰਾਏ, ਸ਼ਾਹ, ਬਾਦਸ਼ਾਹ, ਮੂਰਖ, ਸਿਆਣੇ ਅੰਤ ਸਭ ਨੇ ਤੇਰੀ ਹੀ ਸ਼ਰਨ ਫੜੀ ਹੈ ਤੇ ਫੜਨਗੇ। ਜਿਤਨੀ ਬੇਇਨਸਾਫੀ ਨਾਲ ਤੂੰ ਪਹਿਲਾਂ ਰੱਜਿਆਂ ਦਾ ਸ਼ਿਕਾਰ ਖੇਡਦੀ ਸੀ, ਅੱਜ ਉਸ ਵਿਚ ਕੁਝ ਫਰਕ ਹੈ। ਤੇਰਾ ਜ਼ੋਰ ਤੇਰੀ ਮੜਕ ਤੇ ਤੇਰਾ ਹੰਕਾਰ ਭਾਵੇਂ ਅੱਗੇ ਵਰਗਾ ਹੀ ਹੈ, ਪਰ ਅੱਜ ਤੂੰ ਅਣਭੋਲ, ਮੂੜ, ਬੇਸਮਝ ਤੇ ਗੁਲਾਮ ਕੌਮਾਂ ਦੇ ਹੱਲ ਪੁਰ ਤਾਂ ਲਕ ਬੰਨ੍ਹ ਲਿਆ ਹੈ, ਪਰ ਚਤੁਰ, ਚਲਾਕ, ਇਲਮਦਾਰ ਕੌਮਾਂ ਤੋਂ ਡਰਦੀ ਹੀ ਨਹੀਂ, ਸਗੋਂ ਤੂੰ ਚੁਤਰ ਕੌਮਾਂ ਦੀ ਤਾਂ ਦਾਸੀ ਬਣ ਗਈ ਤੇ ਉਨ੍ਹਾਂ ਦੇ ਇਸ਼ਾਰੇ ਪਰ ਖੇਲਦੀ ਹੈਂ। ਕੈਨੇਡੇ ਘੁੜਚੂਆਂ ਦਾ ਤੂੰ ਨਾਸ ਕੀਤਾ, ਸਾਡੀ ਜਨਮ ਭੂਮੀ ਵਿਚ ਤੇਰਾ ਪੱਕਾ ਡੇਰਾ ਹੈ। ਤੂੰ ਗਰੀਬ ਹਿੰਦੁਸਤਾਨੀਆਂ ਦੇ ਕਰੋੜਾਂ ਦੀ ਗਿਣਤੀ ਵਿਚ ਆਹੂ ਲਾਹ ਚੁੱਕੀ ਹੈ। ਪਲੇਗ ਤੇਰਾ ਜਰਨੈਲ ਹੈ, ਕਾਲ ਤੇਰਾ ਕਰਨੈਲ ਹੈ। ਹੈਜ਼ਾ ਤੇਰਾ ਕਪਤਾਨ ਹੈ, ਮੂਰਖਤਾ ਤੇ ਖੁਦਗਰਜ਼ੀ ਕੌਮ ਦਾ ਨਾਸ ਕਰਨ ਵਾਲੀਆਂ ਦੋ ਕਠਪੁਤਲੀਆਂ ਤੇਰੇ ਹੱਥ ਵਿਚ ਹਨ। ਗਰੀਬੀ ਦਾ ਕੜਾਕਾ ਤੇਰੀ ਤਿੱਖੀ ਤਲਵਾਰ ਹੈ ਜੋ ਤੀਹ ਕਰੋੜ ਜਾਨ ਦੇ ਸਿਰ ਪੁਰ ਹਰ ਮਿੰਟ ਕੜਕਦੀ ਹੈ। ਹੋਰ ਤਾਪ, ਖੰਘ, ਦਮਾ ਹਜ਼ਾਰਾਂ ਹੀ ਰੋਗ ਤੇਰੇ ਸਿਪਾਹੀ ਹਨ। ਬੇਤਰਸ ਮੌਤ! ਜਾਨ ਤੋਂ ਪਿਆਰੀ, ਪ੍ਰਾਣਾਂ ਤੋਂ ਮਹਿੰਗੀ, ਸਾਡੀ ਅੱਖੀਆਂ ਦੀ ਜੋਤ ਆਪਣੀ ਜਨਮ ਭੂਮੀ ਨੂੰ ਛੱਡ ਕੇ ਗਰੀਬੀ ਦੇ ਸਤਾਏ ਹੋਏ ਕੈਨੇਡਾ ਵਿਚ ਆਏ ਸਾਂ, ਪਰ ਤੂੰ ਸਾਡੇ ਨਾਲ ਕੁਝ ਐਸਾ ਪ੍ਰੇਮ ਪਾ ਲਿਆ ਕਿ ਇਥੇ ਭੀ ਸਾਨੂੰ ਚੈਨ ਨਹੀਂ ਲੈਣ ਦਿੱਤਾ। ਤੂੰ ਗੋਰਿਆਂ, ਚੀਨੀਆਂ ਤੇ ਜਾਪਾਨੀਆਂ ਦਾ ਇਤਨਾ ਪਿੱਛਾ ਨਹੀਂ ਕੀਤਾ ਜਿਤਨੀ ਸਾਡੇ ਵੱਲ ਕਰੜੀ ਨਜ਼ਰ ਹੈ। ਪਰ ਫੇਰ ਭੀ ਕਿਸ ਤਰ੍ਹਾਂ ਉਹ ਤੇਰੇ ਟਾਕਰੇ ਪੁਰ ਖੜੇ ਹਨ। ਸਾਡੇ ਸੈਂਕੜੇ ਭਰਾਵਾਂ ਨੂੰ ਤੂੰ ਰੋਲ ਰੋਲ ਕੇ ਚਿਤ ਕਰ ਚੁੱਕੀ ਹੈ। ਅਨੇਕਾਂ ਜਵਾਨ ਭਰਾਵਾਂ ਦੇ ਤੂੰ ਇਸ ਦੇਸ਼ ਵਿਚ ਪ੍ਰਾਣ ਲਏ ਹਨ। ਤੂੰ ਆਪਣੀਆਂ ਗੋਲੀਆਂ- ਬੇਸਮਝੀ ਤੇ ਖੁਦਗਰਜ਼ੀ ਨੂੰ ਸਾਡੇ ਮਗਰ ਪਾ ਛਡਿਆ ਹੈ। ਉਹ ਸਾਨੂੰ ਤੇਰੇ ਦਰਵਾਜ਼ੇ ਪੁਰ ਜਾ ਖੜਾ ਕਰਦੀਆਂ ਹਨ।
ਪਾਪਣ ਮੌਤ
ਆ ਹੁਣ ਟਲ ਜਾਹ। ਅਸੀਂ ਥੋੜ੍ਹੇ ਰਹਿ ਗਏ ਹਾਂ। ਅਸੀਂ ਬੜੇ-ਬੜੇ ਕੰਮ ਕਰਨੇ ਹਨ। ਕੈਨੇਡਾ ਦਾ ਸਾਡੇ ਲਈ ਕਾਨੂੰਨ ਹੀ ਕਾਫੀ ਕਰੜਾ ਹੈ। ਸਾਡੀ ਗਿਣਤੀ ਨੂੰ ਨਾ ਭੋਰ। ਖੁਦਗਰਜ਼ੀ ਤੇ ਮੂਰਖਤਾ ਨੂੰ ਪਰੇ ਸੱਦ ਲੈ। ਹੁਣ ਸਾਨੂੰ ਸਮਝ ਆ ਗਈ ਹੈ। ਹੁਣ ਅਸੀਂ ਆਪਣੇ ਭਰਾਵਾਂ ਨੂੰ ਤੇਰੇ ਜ਼ਾਲਮ ਹੱਥ ਤੋਂ ਕੁਝ ਨਾ ਕੁਝ ਬਚਾਉਣ ਲਈ ਜ਼ਰੂਰ ਮੋਰਚੇ ਬਣਾਵਾਂਗੇ। ਕੁਰਬਾਨੀ ਤੇ ਸੇਵਾ ਨੂੰ ਤੇਰੇ ਟਾਕਰੇ ਪੁਰ ਖੜ੍ਹਾ ਕਰਾਂਗੇ। ਪਿਆਰੇ ਭਰਾਵੋ! ਕੀ ਆਪ ਮੌਤ ਦੇ ਸਤੇ ਹੋਏ ਨਹੀਂ ਹੋ? ਜ਼ਰਾ ਇਕ ਖੂੰਜੇ ਬਹਿ ਕੇ ਸੋਚੋ ਕਿ ਇਸ ਅਮਰੀਕਾ ਤੇ ਕੈਨੇਡਾ ਦੇਸ਼ ਵਿਚ ਕਿਤਨੇ ਕੁ ਸੌ ਭਰਾ ਮਰ ਚੁੱਕੇ ਹਨ। ਇਸ ਦੇਸ਼ ਵਿਚ ਹਿੰਦੁਸਤਾਨੀ ਦਾ ਮਰਨਾ ਕੁੱਤੇ ਦੇ ਬਰਾਬਰ ਹੋ ਰਿਹਾ ਹੈ। ਇਕ ਭਰਾ ਬੀਮਾਰ ਹੁੰਦਾ ਹੈ। ਸਭ ਦੁਨੀਆਂ ਆਪਣੇ-ਆਪਣੇ ਕੰਮਾਂ ਵਿਚ ਰੁਝੀ ਹੋਈ ਹੈ। ਇਸ ਨੂੰ ਕੋਈ ਪਾਣੀ ਦੇਣ ਵਾਲਾ ਨਹੀਂ ਹੈ। ਕੋਈ ਸਾਰ ਪੁੱਛਦਾ ਨਹੀਂ। ਰਾਤ ਦਿਨ ਡਾਲਰਾਂ ਦਾ ਲਾਲਚ ਸਾਨੂੰ ਕੀ ਬਣਾ ਦੇਵੇਗਾ। ਜਦ ਕਿ ਸੇਵਾ ਤੇ ਕੁਰਬਾਨੀ ਵਰਗੇ ਅਨਮੋਲ ਮੋਤੀ ਸਾਡੇ ਹੱਥੋਂ ਇਸ ਕੜਕੀ ਵਿਚ ਖੁਸ ਰਹੇ ਹਨ। ਸਾਡੇ ਬੀਮਾਰ ਭਰਾ ਵਿਲੂੰ-ਵਿਲੂੰ ਕਰਦੇ ਫਿਰਦੇ ਹਨ ਤੇ ਆਪ ਜ਼ਰਾ ਸੋਚੋ, ਜੇ ਤੁਸੀਂ ਬੀਮਾਰ ਹੋ ਗਏ ਤਾਂ ਇਸੇ ਤਰ੍ਹਾਂ ਫਿਰੋਗੇ।
ਜਿਸਮ ਕਮਜ਼ੋਰ ਹੈ, ਬੀਮਾਰੀ ਦਾ ਜ਼ੋਰ ਹੈ, ਦਵਾ ਦਾਰੂ ਦੀ ਕੋਈ ਆਸ ਨਹੀਂ, ਭਾਈਬੰਦ ਪਾਸ ਨਹੀਂ, ਆਪ ਦਸੋ ਇਸ ਹਾਲਤ ਵਿਚ ਅੰਤਮ ਕੀ ਹੋਵੇ- ਬਸ ਮੌਤ ਹੀ ਮੌਤ ਹੈ। ਮਰਨ ਤੋਂ ਮਗਰੋਂ ਅਸੀਂ ਆਪਣੇ ਦੇਸ਼ ਜਾਇਆਂ ਨੂੰ ਜਾ ਕੇ ਫੂਕ ਆਏ। ਆਪ ਕਦ ਤਾਈਂ ਫੂਕੀ ਜਾਓਗੇ। ਹੁਣ ਤਾਂ ਗਿਣਤੀ ਭੀ ਘਟ ਰਹੀ ਹੈ। ਇਹ ਸੱਚ ਹੈ ਤੇ ਨਿਰੋਲ ਸੱਚ ਹੈ ਕਿ ਹਿੰਦੁਸਤਾਨੀ ਇਸ ਦੇਸ਼ ਵਿਚ ਹੱਡ ਗੋਡੇ ਰਗੜਦੇ ਬਹੁਤ ਬੇਖਬਰੇ ਹੀ ਮਰ ਰਹੇ ਹਨ। ਗੁਰੂ ਸਾਹਿਬ ਕਹਿੰਦੇ ਹਨ, ‘ਬਿਖਤ ਪੜੀ ਸਭ ਹੀ ਸੰਗਤ ਛਾਡਤ ਕੋਈ ਨਾ ਆਵਤ ਨੇੜੇ।’
ਹਿੰਦੁਸਤਾਨ ਦੀ ਜਨਤਾ ਇਸ ਦੇਸ਼ ਵਿਚ ਇਥੋਂ ਤਕ ਖੱਜਲ ਹੋ ਰਹੀ ਹੈ ਕਿ ਹਸਪਤਾਲਾਂ ਵਿਚ ਵੀ ਉਸ ਨੂੰ ਨੱਕ ਵੱਟ ਕੇ ਹੀ ਦੇਖਿਆ ਜਾਂਦਾ ਹੈ। ਦਵਾਈ ਦਾ ਵਕਤ ਟੱਪ ਜਾਂਦਾ ਹੈ, ਖਾਣੇ ਦਾ ਵਕਤ ਲੰਘ ਜਾਂਦਾ ਹੈ। ਸਾਡੇ ਬੀਮਾਰ ਭਰਾ ਹਸਪਤਾਲਾਂ ਵਿਚ ਪਏ ਭੀ ਖੁਆਰ ਹੋ-ਹੋ ਮਰ ਰਹੇ ਹਨ। ਕਈ ਪਾਗਲਖਾਨਿਆਂ ਵਿਚ ਬੰਦ ਹਨ। ਕਈ ਥਾਂ-ਥਾਂ ਰੁਲ ਰਹੇ ਹਨ। ਉਨ੍ਹਾਂ ਦੀ ਕੌਣ ਸਾਰ ਲਵੇ ਤੇ ਕੌਣ ਇਸ ਸੇਵਾ ਨੂੰ ਉਠਾਵੇ। ਚਾਰ ਦਿਨਾਂ ਦੀ ਗੱਲ ਹੈ ਕਿ ਭਾਈ ਹਰੀ ਸਿੰਘ ਗ੍ਰੰਥੀ ਮਿਲ ਸਾਈਡ ਸਖਤ ਬੀਮਾਰੀ ਦੀ ਹਾਲਤ ਵਿਚ ਵਿਕਟੋਰੀਏ ਪੁੱਜੇ, ਖੰਘ ਦਾ ਜ਼ੋਰ, ਲਹੂ ਆ ਰਿਹਾ ਹੈ ਤੇ ਬਹੁਤ ਨਤਾਕਤ ਹੋ ਚੁੱਕੇ ਸਨ। ਕਹਿਣ ਲੱਗੇ ਕਿ ਵੈਨਕੂਵਰ ਹਸਪਤਾਲ ਗਿਆ, ਅੱਗੇ ਆ ਕੇ ਪੰਡਤ ਰਾਮ ਚੰਦ ਨੂੰ ਤਪਦਿਕ ਨਾਲ ਬੀਮਾਰ ਪਏ ਡਿੱਠਾ। ਉਸ ਨੂੰ ਪੁੱਛਿਆ ਕਿ ਇਥੇ ਕੇਹੀ ਕੁ ਖਬਰ ਲਈ ਜਾਂਦੀ ਹੈ ਤਾਂ ਉਸ ਨੇ ਦੱØਿਸਆ ਕਿ ਰਾਤ ਮੈਨੂੰ ਕਿਸੇ ਨੇ ਦਵਾਈ ਤਕ ਨਹੀਂ ਪਿਲਾਈ ਤੇ ਨਾ ਹੀ ਖਾਣ ਨੂੰ ਕੁਝ ਮਿਲਿਆ ਹੈ। ਬੀਮਾਰ ਦਿਲ ਇਹ ਸੁਣ ਕੇ ਘਬਰਾ ਉਠਿਆ ਤੇ ਇਥੇ ਵਿਕਟੋਰੀਏ ਆਏ ਭਾਈ ਹੋਰਾਂ ਨੂੰ ਦੇਖ ਕੇ ਸਾਡਾ ਮਨ ਬੜਾ ਹੀ ਦੁਖੀ ਹੋਇਆ। ਕੋਈ ਖਾਸ ਆਪਣੀ ਜਗ੍ਹਾ ਹੋਵੇ, ਆਪਣੇ ਸੇਵਕ ਹੋਣਗੇ, ਆਪਣਾ ਦਿਲ ਜਾਨ ਬੀਮਾਰ ਭਰਾ ਦੇ ਅੱਗੇ ਰੱਖ ਕੇ ਸੇਵਾ ਕਰਨ ਤਾਂ ਕਿਉਂ ਨਾ ਬੀਮਾਰੀ ਤੋਂ ਮੋੜ ਪਵੇ। ਭਾਈ ਹੋਰਾਂ ਨੂੰ ਇਕ ਖਾਸ ਇੰਤਜ਼ਾਮ ਕਰਕੇ ਇਥੇ ਹਸਪਤਾਲ ਛੱਡਿਆ ਗਿਆ ਹੈ ਤੇ ਅਸੀਂ ਉਨ੍ਹਾਂ ਦੀ ਖਬਰ ਰਖਾਂਗੇ, ਪਰ ਸਾਡਾ ਦਿਨ ਤਾਂ ਦੂਜੇ ਦਰਜਨਾਂ ਹੀ ਰੁਲ ਰਹੇ ਭਰਾਵਾਂ ਦੇ ਦੁੱਖਾਂ ਨੂੰ ਸੋਚ ਕੇ ਸੜ ਰਿਹਾ ਹੈ। ਅਸੀਂ ਆਪ ਦੇ ਪੰਜ ਸੇਵਕਾਂ ਨੇ ਪਰ ਸਾਲ ਆਪਣੇ-ਆਪਣੇ ਕੰਮਾਂ ਨੂੰ ਇਕ ਪਾਸੇ ਰੱਖ ਕੇ ਅਖਬਾਰ ਦਾ ਤੇ ਕੌਮੀ ਸੇਵਾ ਦਾ ਬੀੜਾ ਚੁੱਕਿਆ ਸੀ। ਅੱਜ ਅਖਬਾਰ ਦੀ ਸੇਵਾ ਨੂੰ ਪੂਰੀ ਕਰਕੇ ਆਪ ਦੇ ਅੱਗੇ ਰੱਖ ਦਿੱਤਾ ਹੈ। ਅਨੇਕ ਸੇਵਾ ਪਈਆਂ ਹਨ ਜਿਨ੍ਹਾਂ ਵਿਚੋਂ ਇਸ ਵਕਤ ਬਹੁਤ ਦੁੱਖ ਦੇਣ ਵਾਲੀ ਇਕ ਬੀਮਾਰ ਤੇ ਦੁਖੀ ਭਰਾਵਾਂ ਨੂੰ ਸਾਂਭਣ ਦੀ ਸੇਵਾ ਜੋ ਅਸੀਂ ਬੜੀ ਅਧੀਨਗੀ ਨਾਲ ਕੁਲ ਕੈਨੇਡਾ ਤੇ ਅਮਰੀਕਾ ਦੇ ਭਰਾਵਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਆਓ ਮਰਦਾਂ ਦੇ ਬੱਚਿਓ, ਕੁਝ ਭਰਾ ਤਾਂ ਨਿਤਾਰੋ, ਆਪਣੀਆਂ ਗਰਜ਼ਾਂ ਨੂੰ ਛੱਡ ਕੇ ਸੇਵਾ ਦਾ ਦਿਲ ਲੈ ਕੇ ਅੱਗੇ ਆ ਗੱਜੋ, ਜਿਸ ਤਰ੍ਹਾਂ ਅਖਬਾਰ ਦੀ ਸੇਵਾ ਪੂਰੀ ਹੋ ਗਈ ਹੈ, ਇਸੇ ਤਰ੍ਹਾਂ ਸਾਡਾ ਭਰੋਸਾ ਹੈ ਕਿ ਆਪਣਾ ਇਕ ਹਸਪਤਾਲ ਭੀ ਇਸ ਸਾਲ ਬਣਾ ਕੇ ਦੱਸੀਏ, ਪਰ ਇਸ ਵਾਸਤੇ ਸਾਨੂੰ ਪੰਜ ਬੇਗਰਜ਼ ਸੇਵਕਾਂ ਦੀ ਲੋੜ ਹੈ। ਇਹ ਤਜਵੀਜ਼ ਹੈ ਕਿ ਵਿਕਟੋਰੀਏ ਦੇ ਨੇੜੇ ਹੀ ਪੰਜ ਏਕੜ ਜ਼ਮੀਨ ਲੈ ਕੇ ਉਥੇ ਇਕ ਖੁੱਲ੍ਹਾ ਮਕਾਨ ਬੀਮਾਰਾਂ ਲਈ ਬਣਾਇਆ ਜਾਵੇ। ਦੋ ਸੇਵਕ ਉਥੇ ਹਾਜ਼ਰ ਰਹਿਣ, ਕੁਝ ਦਵਾਈਆਂ ਰੱਖਣ। ਬੀਮਾਰ ਭਰਾਵਾਂ ਨੂੰ ਹਰ ਥਾਂ ਤੋਂ ਲਿਆ ਕੇ ਉਥੇ ਰਖਿਆ ਜਾਵੇ। ਦਵਾ ਦਿੱਤੀ ਜਾਵੇ। ਖੁੱਲ੍ਹੀ ਹਵਾ ਵਿਚ ਦੁੱਧ ਤੇ ਹੋਰ ਖੁਰਾਕ ਦਿੱਤੀ ਜਾਵੇ। ਅਸੀਂ ਕੈਨੇਡਾ ਵਿਚ ਰਹਿਣਾ ਹੈ। ਅਸੀਂ ਮੁਲਕ ਖੁਲਵਾਉਣਾ ਹੈ। ਹਿੰਦੁਸਤਾਨੀਆਂ ਦੇ ਹੱਕਾਂ ਨੂੰ ਬਚਾਉਣਾ ਹੈ। ਇਸ ਲਈ ਜ਼ਰੂਰੀ ਹੈ ਕਿ ਇਕ-ਇਕ ਜਾਨ ਨੂੰ ਕੁਰਬਾਨੀ ਤੇ ਸੇਵਾ ਕਰਕੇ ਬਚਾਇਆ ਜਾਵੇ। ਇਹ ਸੇਵਾ ਸਿਰਜਣਹਾਰ ਦੀ ਸੇਵਾ ਹੈ।
ਇਨ੍ਹਾਂ ਕੰਮਾਂ ਲਈ ਧਰਮੀ ਜਾਨਾਂ ਨੂੰ ਲੋੜ ਹੈ। ਪੈਸੇ ਦੀ ਲੋੜ ਦੂਜੇ ਦਰਜੇ ਪੁਰ ਹੈ। ਪਹਿਲਾਂ ਦਰਦ ਤੇ ਸੇਵਾ ਦੀ ਅੱਗ ਰੱਖਣ ਵਾਲੇ ਵੀਰ ਚਾਹੀਦੇ ਹਨ। ਇਹ ਕੰਮ ਕਦੀ ਰੁਕ ਵੀ ਨਹੀਂ ਸਕਦੇ ਤੇ ਇਨ੍ਹਾਂ ਕੰਮਾਂ ਲਈ ਜ਼ਰੂਰ ਹੀ ਪਵਿੱਤਰ ਆਤਮਾ ਭਰਾ ਸੱਚਾਈ ਦਾ ਝਲਕਾ ਖਾ ਕੇ ਨਿਕਲਣਗੇ। ਆਪ ਕਿਤਨੀਆਂ ਹੀ ਟਕਰਾਂ ਮਾਰ ਲਵੋ, ਕੌਮ ਦੀ ਤਰੱਕੀ ਨਿਰੋਲ ਸੱਚੀ ਸੇਵਾ ਨਾਲ ਹੀ ਹੋ ਸਕੇਗੀ। ਬਾਕੀ ਉਹੜ ਪੋਹੜ ਕਿਤਨੇ ਮਰਜ਼ੀ ਹੈ ਕਰ ਲਵੋ। ਅੰਤ ਥੱਕ ਜਾਵੋਗੇ ਤੇ ਨਿਤਾਰਾ, ਕੁਰਬਾਨੀ ਤੇ ਸੇਵਾ ਪੁਰ ਹੀ ਹੋਵੇਗਾ।
ਸੋ ਪਿਆਰੇ ਭਰਾਵੋ! ਜਿਸ ਤਰ੍ਹਾਂ ਅਖਬਾਰ ਦੀ ਸੇਵਾ ਪੂਰੀ ਹੋਈ ਹੈ, ਇਸੇ ਤਰ੍ਹਾਂ ਇਹ ਵੀ ਪੂਰੀ ਹੋ ਕੇ ਰਹੇਗੀ। ਆਪ ਵੀ ਸੋਚ ਵਿਚਾਰ ਕੇ ਲਿਖੋ ਕਿ ਆਪ ਕਿਥੋਂ ਤਕ ਇਸ ਆਪਣੇ ਬਚਾਓ ਦੇ ਮੋਰਚੇ ਲਈ ਕੁਰਬਾਨੀ ਕਰਨ ਨੂੰ ਤਿਆਰ ਹੋ। ਆਪ ਖਿਆਲ ਕਰੋ, ਜਿਨ੍ਹਾਂ ਸਰੀਰਾਂ ਦੀ ਬੀਮਾਰੀ ਦੀ ਹਾਲਤ ਵਿਚ ਸੇਵਾ ਕੀਤੀ ਜਾਵੇਗੀ ਕਿ ਉਹ ਕੈਨੇਡਾ ਦੇ ਮੋਰਚਿਆਂ ਨੂੰ ਛੱਡ ਜਾਣਗੇ। ਕਦਾਚਿਤ ਨਹੀਂ, ਉਹ ਉਸ ਤੋਂ ਦਸ ਗੁਣਾ ਸੇਵਾ ਕਰਨਗੇ। ਇਸ ਸੇਵਾ ਲਈ ਨਿਤਰੋ ਤੇ ਆਪਣੀ-ਆਪਣੀ ਰਾਏ ਲਿਖ ਘਲੋ।
ਏਸ਼ੀਐਟਿਕ ਐਕਸਕਲੀਊਯਨ ਲੀਗ
ਦੋ ਹਫਤੇ ਤੋਂ ਵਿਕਟੋਰੀਏ ਵਿਚ ਏਸ਼ੀਆ ਦੇ ਲੋਕਾਂ ਨੂੰ ਇਸ ਦੇਸ਼ ਵਿਚੋਂ ਕੱਢ ਦੇਣ ਲਈ ਤੂਫਾਨ ਮਚ ਰਿਹਾ ਹੈ। ਗੋਰਿਆਂ ਨੇ ਬੜੇ-ਬੜੇ ਇਕੱਠ ਕਰਕੇ ਇਕ ਕਮੇਟੀ ਏਸ਼ੀਐਟਿਕ ਐਕਸਕਲੀਊਯਨ ਲੀਗ ਬਣਾਈ ਹੈ ਜਿਸ ਦਾ ਮਤਲਬ ਏਸ਼ੀਆ ਦੇ ਲੋਕਾਂ ਨੂੰ ਕੈਨੇਡਾ ਵਿਚੋਂ ਕੱਢਣਾ ਹੈ। ਦਬਾ ਦਬ ਇਕੱਠ ਹੋ ਰਹੇ ਹਨ। ਗੋਰਿਆਂ ਦੇ ਆਗੂ ਉਨ੍ਹਾਂ ਨੂੰ ਸਾਡੇ ਬਰਖਿਲਾਫ ਨਾਲੋ ਨਾਲ ਕਰ ਰਹੇ ਹਨ। ਇਹੋ ਜਿਹੀ ਗੋਰਿਆਂ ਦੀ ਜਥੇਬੰਦੀ ਦੱਸ ਰਹੀ ਹੈ ਕਿ ਸਾਨੂੰ ਕਿਤਨੇ ਕੁ ਪੱਕੇ ਪੈਰਾਂ ਤੇ ਹਿੰਮਤ ਨਾਲ ਜੁੜਨ ਦੀ ਲੋੜ ਹੈ। ਗੱਲ ਤਾਂ ਇਹ ਹੈ ਕਿ ਇਹ ਗੋਰਿਆਂ ਦੀ ਦੁਹਾਈ ਕਿਸ ਦੇ ਸਿਰ ਪੁਰ ਕੜਕ ਰਹੀ ਹੈ। ਇਹ ਕੋਈ ਲੁਕੀ ਛੁਪੀ ਗੱਲ ਨਹੀਂ। ਇਹ ਆਵਾਜ਼ ਸਾਡੇ ਸਿਰ ਪੁਰ ਹੀ ਨਹੀਂ ਕਿਉਂਕਿ ਜਾਪਾਨੀਆਂ ਦੀ ‘ਵਾ ਵਲ ਵੀ ਕੋਈ ਨਹੀਂ ਤਕ ਸਕਦਾ, ਚੀਨਿਆਂ ਦਾ ਤਾਂ ਕਰਨਾ ਹੀ ਕੀ ਹੈ ਜਿਨ੍ਹਾਂ ਦੇ ਪਿਛਲੇ ਇਕ ਸਾਲ ਵਿਚ ਹੀ ਸਤ ਹਜ਼ਾਰ ਨਵੇਂ ਆਦਮੀ ਆਏ ਹਨ। ਬਾਕੀ ਰਹਿ ਗਏ ਅਸੀਂ ਢਾਈ ਟੋਟਰੂ ਡੇਰਾ ਫਤਿਆਬਾਦ, ਜਿਨ੍ਹਾਂ ਦੀਆਂ ਤੀਵੀਆਂ, ਬੱਚੇ, ਭਰਾ ਭਾਈ ਕੋਈ ਅੱਗੇ ਹੀ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਕੋਈ ਤੂਫਾਨ ਉਠਿਆ ਤਾਂ ਸਾਡੇ ਉਪਰ ਹੀ ਜੋ ਅੱਗੇ ਹੀ ਪੀਹੇ ਜਾ ਰਹੇ ਹਾਂ, ਪੈਂਦਾ ਹੈ।
ਸਾਡੇ ਭਰਾਵਾਂ ਦਾ ਰੱਜ ਕੇ ਇਥੇ ਟੁਕ ਖਾਣਾ ਗੋਰਿਆਂ ਨੂੰ ਦੇਖ ਨਹੀਂ ਸਖਾਉਂਦਾ। ਵਿਚਾਰੇ ਇੰਡੀਆ ਦੇ ਲੋਕਾਂ ਨੂੰ ਨਾ ਘਰ ਢੋਈ ਹੈ, ਨਾ ਬਾਹਰ ਚੈਨ। ਦਸੋ ਸਾਨੂੰ ਮਰਦ ਬਣਨ ਦੀ ਲੋੜ ਨਹੀਂ ਤਾਂ ਕੀ ਹੈ? ਕਮੇਟੀ ਬਣਦੀ ਹੈ ਕਿ ਇਨ੍ਹਾਂ ਨੂੰ ਕੈਨੇਡਾ ਵਿਚੋਂ ਕੱਢ ਦਿੱਤਾ ਜਾਵੇ। ਇਨ੍ਹਾਂ ਕਮੇਟੀਆਂ ਵਾਲਿਆਂ ਦੇ ਹੀ ਚਾਚੇ ਤਾਏ ਭਰਾ ਭਾਈ ਇੰਡੀਆ ਵਿਚ ਸਾਡੇ ਪੁਰ ਰੱਬ ਬਣੀ ਬੈਠੇ ਹੋਣਗੇ, ਪਰ ਹਿੰਦੁਸਤਾਨੀਆਂ ਨੂੰ ਕੌਣ ਪੁੱਛਦਾ ਹੈ। ਨਾ ਇਨ੍ਹਾਂ ਨੂੰ ਰਾਜ ਦੇ ਹੱਕ ਹਨ, ਨਾ ਆਦਮੀਆਂ ਦੇ ਹੱਕ, ਨਾ ਇਨ੍ਹਾਂ ਲਈ ਇੱਜ਼ਤ ਨਾ ਆਬਰੂ।
ਇਸ ਨਾਲੋਂ ਸਾਡੀ ਬਦਕਿਸਮਤੀ ਕੁਝ ਹੋਰ ਕੀ ਹੋ ਸਕਦੀ ਹੈ ਕਿ ਬਾਹਰੋਂ ਤਾਂ ਸਾਡੇ ਪੁਰ ਇਹ ਹੱਲੇ ਹੋ ਰਹੇ ਹਨ ਤੇ ਸਾਨੂੰ ਟਾਹਰਾਂ ਦੇ ਕੇ ਸਮਝੌਤੀਆਂ ਦੇਣ ਵਾਲੇ ਜਿਉਂ ਕੁੱਤਾ ਹੱਡੀ ਮਗਰ ਦੌੜਦਾ ਹੈ, ਡਾਲਰਾਂ ਨੂੰ ਹੀ ਮਾਈ ਬਾਪ ਸਮਝ ਰਹੇ ਹਨ। ਇਸ ਵਕਤ ਬੇਗਰਜ਼ ਸੇਵਕਾਂ ਦੀ ਸੇਵਾ ਦੀ ਲੋੜ ਹੈ। ਸੋ ਜੇ ਦਰਦ ਹੈ ਤਾਂ ਨਿਤਰੋ, ਨਹੀਂ ਤਾਂ ਦੁਨੀਆਂ ਵਿਚ ਨਿਰੇ ਬਕਵਾਸ ਨਾਲ ਕੁਝ ਨਹੀਂ ਬਣਿਆ, ਆਪਣਾ ਆਪ ਵਾਰੋ ਤਾਂ ਬਾਹਰ ਦੇ ਹੱਲਿਆਂ ਤੇ ਆਪਣੇ ਰੋਗਾਂ ਤੇ ਕੌਮ ਬਚ ਸਕੇਗੀ, ਪਰ ਇਥੇ ਆਨੰਦ ਲੈਣ ਤੇ ਆਪਣੀ ਆਪਣੀ ਗਰਜ਼ ਪੂਰੀ ਕਰਨ ਦੇ ਨਸ਼ੇ ਚੜ੍ਹੇ ਹੋਏ ਹਨ। ਨਗਾਰਖਾਨੇ ਮੇਂ ਤੂਤੀ ਕੀ ਆਵਾਜ਼ ਕੌਣ ਸੁਨਤਾ ਹੈ।