ਕੁਦਰਤ, ਮਨੁੱਖ, ਰਾਜਨੀਤੀ, ਪੰਜਾਬ ਤੇ ਸਾਮਰਾਜੀ ਪੂੰਜੀਵਾਦ

ਕੁਦਰਤ ਅਤੇ ਮਨੁਖ ਦੇ ਆਪਸੀ ਅਟੁਟ ਰਿਸ਼ਤੇ ਬਾਰੇ ਤੇ ਪੂੰਜੀਵਾਦ ਵਲੋਂ ਇਸ ਰਿਸ਼ਤੇ ਨੂੰ ਅਣਗੌਲਿਆ ਕਰਨ ਕਰਕੇ ਮਨੁਖੀ ਸਮਾਜ ਤੇ ਕੁਦਰਤ ਸੋਮਿਆਂ ਦੀ ਹੋ ਰਹੀ ਬਰਬਾਦੀ ਬਾਰੇ ਮਾਰਕਸ-ਏਂਗਲਜ ਦੀਆਂ ਧਾਰਨਾਵਾਂ ਪੜ੍ਹਨ ਬਾਅਦ ਹੀ ਸਮਝ ਆਉਂਦਾ ਹੈ ਕਿ ਅੱਜ ਪੰਜਾਬ ਦਾ ਇਹ ਹਸ਼ਰ ਕਿਉਂ ਹੋ ਰਿਹਾ ਹੈ? ਕਿ ਪੰਜਾਬ ਦੀ ਧਰਤੀ ਬੰਜਰ ਬਣ ਰਹੀ ਹੈ। ਧਰਤੀ ਹੇਠਲਾ ਪਾਣੀ ਮਨੁਖੀ ਪਹੁੰਚ ਤੋਂ ਦੂਰ ਹੋ ਰਿਹਾ ਹੈ।

ਪਾਣੀ ਜੋ ਮਿਲਦਾ ਹੈ, ਉਹ ਵੀ ਜ਼ਹਿਰੀਲਾ ਹੋ ਗਿਆ ਹੈ। ਪੰਜਾਬ ਦਾ ਚੌਗਿਰਦਾ ਲਗਾਤਾਰ ਪਲੀਤ ਹੋ ਰਿਹਾ ਹੈ।

ਗੁਰਬਚਨ ਸਿੰਘ, ਜਲੰਧਰ
ਫੋਨ: 91-98156-98451

“ਫਿਊਰਬਾਖ ਦੀ ਵਿਆਖਿਆ ਮੈਨੂੰ ਸਿਰਫ ਇਕ ਪੱਖ ਤੋਂ ਗਲਤ ਜਾਪਦੀ ਹੈ ਕਿ ਉਹ ਕੁਦਰਤ ਦਾ ਜ਼ਿਆਦਾ ਪਰ ਰਾਜਨੀਤੀ ਦਾ ਜ਼ਿਕਰ ਬਹੁਤ ਘਟ ਕਰਦਾ ਹੈ। ਜਦੋਂ ਕਿ ਕੁਦਰਤ ਅਤੇ ਰਾਜਨੀਤੀ ਦੀ ਸਿਰਫ ਸਾਂਝ ਹੀ ਅਜੋਕੀ ਫਿਲਾਸਫੀ ਨੂੰ ਅਮਲ ਵਿਚ ਢਾਲ ਸਕਦੀ ਹੈ।”
17ਵੀਂ ਅਤੇ 18ਵੀਂ ਸਦੀ ਵਿਚ ਯੂਰਪ ਅੰਦਰ ਬੜੀਆਂ ਵਡੀਆਂ ਤਬਦੀਲੀਆਂ ਵਾਪਰ ਰਹੀਆਂ ਸਨ। ਸਾਰੇ ਯੂਰਪ ਅੰਦਰ ਉਥਲ-ਪੁਥਲ ਮਚੀ ਹੋਈ ਸੀ। ਪੁਰਾਣਾ ਸਮਾਜ ਟੁਟ ਰਿਹਾ ਸੀ ਅਤੇ ਨਵਾਂ ਸਮਾਜ ਹੋਂਦ ਵਿਚ ਆ ਰਿਹਾ ਸੀ। ਯੂਰਪੀ ਸਮਾਜ ਵਿਚ ਹੋਈ ਇਸ ਹਲਚਲ ਨੇ ਸਮੁਚੇ ਸੰਸਾਰ ਭਾਈਚਾਰੇ ਨੂੰ ਇਕ ਨਵੇਂ ਆਰਥਿਕ-ਰਾਜਸੀ ਅਤੇ ਸਮਾਜੀ ਦੌਰ ਵਿਚ ਦਾਖਲ ਕਰ ਦਿਤਾ।
19ਵੀਂ ਸਦੀ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਅਤੇ ਫ੍ਰੈਡਰਿਕ ਏਂਗਲਜ਼ ਨੇ ਇਸ ਤਬਦੀਲੀ ਦੇ ਦੌਰ ਦੀ ਬੜੀ ਭਰਵੀਂ ਵਿਆਖਿਆ ਕੀਤੀ। ਦੋਵੇਂ ਮਿਲ ਕੇ ਪਛਮੀ ਯੂਰਪ ਵਿਚਲੀ ਫਿਲਾਸਫੀ ਦੇ ਗਿਆਨ ਨੂੰ ਨਵੀਂਆਂ ਉਚਾਈਆਂ ਉਤੇ ਲੈ ਗਏ। ਉਨ੍ਹਾਂ ਨੇ ਕੁਦਰਤੀ ਸਾਇੰਸ ਦੇ ਖੇਤਰ ਵਿਚ ਹੋਈਆਂ ਨਵੀਂਆਂ ਖੋਜਾਂ ਅਤੇ ਅਨੁਭਵੀ ਫਿਲਾਸਫੀ ਦੀ ਸਾਂਝ ਨਾਲ ਇਕ ਬਿਲਕੁਲ ਨਵੇਂ ਮਨੁਖੀ ਸਮਾਜ ਦੇ ਨਕਸ਼ ਘੜੇ। ਆਪਣੇ ਤੋਂ ਪਹਿਲਾਂ ਤੁਰੇ ਆਉਂਦੇ ਖਿਆਲੀ ਕਮਿਊਨਿਜ਼ਮ ਦੇ ਸੰਕਲਪ ਨੂੰ ਉਨ੍ਹਾਂ ਨੇ ਕੁਦਰਤੀ ਨੇਮਾਂ (ਸਾਇੰਸ) ਅਤੇ ਮਨੁਖ ਜਾਤੀ ਦੇ ਇਤਿਹਾਸਕ ਸਮਾਜੀ ਵਿਕਾਸ ਨਾਲ ਜੋੜਿਆ। ਚੇਤੰਨ ਮਨੁਖ ਦੇ ਅਨੁਭਵੀ ਮਨ ਵਿਚ ਬਣਦੇ ਕਮਿਊਨਿਜ਼ਮ (ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ) ਦੇ ਸੰਕਲਪ ਉਤੇ ਆਧਾਰਤ ਸਮਾਜਵਾਦੀ ਸਮਾਜ ਦੀ ਰਾਜਸੀ ਚੇਤਨਾ ਨੂੰ ਸਪਸ਼ਟ ਕੀਤਾ। ਮਨੁਖੀ ਚੇਤਨਾ ਅਤੇ ਭੌਤਿਕ (ਪਦਾਰਥਕ) ਵਿਕਾਸ ਦੀ ਇਸ ਪੱਧਰ ਉਤੇ ਪਹੁੰਚ ਕੇ, ਸਮਾਜਵਾਦੀ ਸਮਾਜ ਸਮੁਚੀ ਮਨੁਖ ਜਾਤੀ ਦੀ ਮਹਿਜ ਇੱਛਾ ਨਹੀਂ, ਸਗੋਂ ਉਸ ਦੀ ਲੋੜ ਹੈ। ਇਸ ਤੋਂ ਬਿਨਾ ਮਨੁਖੀ ਸਮਾਜ ਨੂੰ ਜਮਹੂਰੀ ਢੰਗ ਨਾਲ ਜਥੇਬੰਦ ਨਹੀਂ ਕੀਤਾ ਜਾ ਸਕਦਾ।
ਭੌਤਿਕਵਾਦੀ ਫਿਲਾਸਫੀ ਦੇ ਪਿਤਾਮਾ ਕਾਰਲ ਮਾਰਕਸ ਤੇ ਫ੍ਰੈਡਰਿਕ ਏਂਗਲਜ਼ ਨੇ ਮਿਲ ਕੇ ਇਸ ਫਿਲਾਸਫੀ ਨੂੰ ਵਿਕਸਿਤ ਕੀਤਾ ਅਤੇ ਇਸ ਦਾ ਰਾਜਸੀ ਸਰੂਪ ਉਘਾੜਿਆ ਹੈ। ਫ੍ਰੈਡਰਿਕ ਏਂਗਲਜ਼ ਦਾ ਇਹ ਵਡੱਪਣ ਸੀ ਕਿ ਉਸ ਨੇ ਇਸ ਫਿਲਾਸਫੀ ਦੇ ਵਿਕਾਸ ਦਾ ਸਾਰਾ ਸਿਹਰਾ ਮਾਰਕਸ ਦੇ ਸਿਰ ਬੰਨ੍ਹਿਆ, ਕਿਉਂਕਿ ਉਹ ਏਂਗਲਜ਼ ਤੋਂ ਪਹਿਲਾਂ ਫਿਲਾਸਫੀ ਦੇ ਇਸ ਸੱਚ ਨੂੰ ਪਛਾਣਨ ਦੇ ਯੋਗ ਹੋਇਆ ਸੀ। ਇਹ ਫਿਲਾਸਫੀ ਮਾਰਕਸ-ਏਂਗਲਜ਼ ਦੇ ਮਨ ਦੀ ਕਲਪਨਾ ਨਹੀਂ, ਸਗੋਂ ਸਮੁਚੀ ਮਨੁਖ ਜਾਤੀ ਦੀ ਹਾਸਲ ਕੀਤੀ ਸਮੁਚੀ ਸਿਆਣਪ ਦਾ ਤੱਤਸਾਰ ਹੈ, ਮਨੁਖ ਜਾਤੀ ਦੀ ਸਮੁਚੀ ਸਮਾਜੀ ਚੇਤਨਾ ਦਾ ਨਿਚੋੜ। ਮਨੁਖ ਜਾਤੀ ਦੀ ਹੁਣ ਇਹ ਲੋੜ ਹੈ ਕਿ ਉਹ ਆਪਣੇ ਖੂਬਸੂਰਤ ਤੇ ਕੁਦਰਤ ਨਾਲ ਇਕਸੁਰ ਭਵਿਖ ਸਿਰਜਣ ਲਈ, ਇਸ ਸਿਆਣਪ ਨੂੰ ਆਪਣੇ ਜੀਵਨ ਦਾ ਮੂਲ ਆਧਾਰ ਬਣਾਏ। ਇਸ ਸਿਆਣਪ ਨੂੰ ਸਵੈ-ਚੇਤਨਾ, ਚੇਤੰਨ ਸੋਚ ਅਤੇ ਆਪਣੇ ਸਰੀਰੀ ਮਨ ਦੇ ਅਨੁਭਵੀ ਸੰਸਾਰ ਦਾ ਅੰਗ ਬਣਾ ਕੇ ਹੀ, ਨਵਾਂ ਮਨੁਖੀ ਸਮਾਜ ਸਿਰਜਿਆ ਜਾ ਸਕਦਾ ਹੈ।
ਭੌਤਿਕਵਾਦੀ ਕੌਣ ਹੈ, ਬਾਰੇ ਏਂਗਲਜ਼ ਦਾ ਕਹਿਣਾ ਹੈ ਕਿ ਆਦਿ ਕਾਲ ਤੋਂ ਇਹ ਸੁਆਲ ਮਨੁਖੀ ਮਨ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ, ਕਿ ਕੀ ਇਸ ਸੰਸਾਰ ਦੀ ਰਚਨਾ ਰਬ ਨੇ ਕੀਤੀ ਹੈ ਜਾਂ ਅੰਤਹੀਣ ਆਦਿਕਾਲ ਤੋਂ ਇਸ ਸੰਸਾਰ ਦੀ ਹੋਂਦ ਇਸੇ ਤਰ੍ਹਾਂ ਹੈ? ਇਸ ਸੁਆਲ ਦਾ ਜੁਆਬ ਦੇਣ ਵਾਲੇ ਫਿਲਾਸਫਰ ਦੋ ਵੱਡੇ ਧੜਿਆਂ ਵਿਚ ਵੰਡੇ ਹੋਏ ਸਨ। ਜੋ ਕੁਦਰਤ ਨਾਲੋਂ ਮਨੁਖੀ ਮਨ ਨੂੰ ਸਿਰਮੌਰ ਮੰਨਦੇ ਸਨ ਤੇ ਸੰਸਾਰ ਦੀ (ਮਨ-ਕਲਪਿਤ) ਰਚਨਾ ਹੋਈ ਮੰਨਦੇ ਸਨ, ਉਹ ਆਦਰਸ਼ਵਾਦੀ ਧੜਾ ਬਣੇ ਅਤੇ ਕੁਦਰਤ ਨੂੰ ਸਿਰਮੌਰ ਮੰਨਣ ਵਾਲੇ ਭੌਤਿਕਵਾਦੀਆਂ ਦੀਆਂ ਅਡ-ਅਡ ਧਿਰਾਂ ਵਿਚ ਸ਼ੁਮਾਰ ਹੁੰਦੇ ਸਨ। ਆਦਰਸ਼ਵਾਦ ਅਤੇ ਭੌਤਿਕਵਾਦ, ਇਹ ਦੋ ਪਰਿਪਾਟੀਆਂ ਮੌਲਿਕ ਰੂਪ ਵਿਚ ਇਸ ਵੰਡ ਨੂੰ ਹੀ ਦਰਸਾਉਂਦੀਆਂ ਸਨ। ਇਸ ਲਈ ਕੁਦਰਤ ਦੀ ਹੋਂਦ ਨੂੰ ਸਦੀਵੀ ਅਤੇ ਸਿਰਮੌਰ ਮੰਨਣ ਵਾਲੇ ਸਾਰੇ ਭੌਤਿਕਵਾਦੀ ਹਨ ਅਤੇ ਮਨ (ਵਿਚਾਰ) ਨੂੰ ਮੁਖ ਮੰਨਣ ਵਾਲੇ ਭਾਵ ਇਸ ਸੰਸਾਰ ਦੀ ਮਨ-ਕਲਪਿਤ ਹੋਈ ਰਚਨਾ ਨੂੰ ਮੰਨਣ ਵਾਲੇ, ਸਾਰੇ ਆਦਰਸ਼ਵਾਦੀ ਹਨ। ਏਂਗਲਜ਼ ਮੁਤਾਬਕ ਸੋਚ ਵਿਚ ਉਲਝਣਾਂ ਉਦੋਂ ਪੈਦਾ ਹੁੰਦੀਆਂ ਹਨ, ਜਦੋਂ ਇਨ੍ਹਾਂ ਪਰਿਪਾਟੀਆਂ ਨੂੰ ਕੁਝ ਹੋਰ ਅਰਥ ਦਿਤੇ ਜਾਂਦੇ ਹਨ।
ਮਾਰਕਸ ਨੇ ਆਪਣੀ ਫਿਲਾਸਫੀ ਦੀ ਖੋਜ ਦਾ ਅਰੰਭ ਕੁਦਰਤ ਤੇ ਮਨੁਖ ਦੇ ਆਪਸੀ ਰਿਸ਼ਤੇ ਦੇ ਗਿਆਨ ਤੋਂ ਕੀਤਾ ਹੈ। ਉਸ ਦੀਆਂ ਅੰਗਰੇਜ਼ੀ ਲਿਖਤਾਂ ਵਿਚ ਕੁਦਰਤ ਸ਼ਬਦ ਲਈ ਅੰਗਰੇਜ਼ੀ ਸ਼ਬਦ ਨੇਚਰ (ਂਅਟੁਰe) ਦੀ ਵਰਤੋਂ ਕੀਤੀ ਗਈ ਹੈ। ‘ਨੇਚਰ’ ਦਾ ਪੰਜਾਬੀ ਵਿਚ ਅਨੁਵਾਦ ਕੁਦਰਤ ਕੀਤਾ ਜਾਂਦਾ ਹੈ, ਜਦੋਂ ਕਿ ਨੇਚਰ ਦਾ ਭਾਵਅਰਥ ਅੰਗਰੇਜ਼ੀ ਸ਼ਬਦ ਕੋਸ਼ਾਂ ਵਿਚ ਅਸੀਮ ਬ੍ਰਹਿਮੰਡ ਅਤੇ ਸਗਲ ਜੀਆ-ਜੰਤ ਹੈ। ਉਂਜ ਵੀ ਪੰਜਾਬੀ ਦਾ ਸ਼ਬਦ ਕੁਦਰਤ ਅਕਸਰ ਦ੍ਰਿਸ਼ਟਮਾਨ ਨੂੰ ਦਰਸਾਉਂਦਾ ਹੈ, ਜਦੋਂ ਕਿ ਬ੍ਰਹਿਮੰਡ (ਬ੍ਰਹਮ) ਦ੍ਰਿਸ਼ਟ ਅਤੇ ਅਸੀਮ ਅਦ੍ਰਿਸ਼ਟ-ਦੋਹਾਂ ਨੂੰ ਦਰਸਾਉਂਦਾ ਹੈ। ਇਸ ਲਈ ਨੇਚਰ ਸ਼ਬਦ ਦਾ ਪੰਜਾਬੀ ਵਿਚ ਭਾਵਅਰਥ ਬ੍ਰਹਮ ਵੀ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ‘ਨੇਚਰ’ ਦਾ ਭਾਵਅਰਥ ਬ੍ਰਹਮ ਜਾਂ ਬ੍ਰਹਿਮੰਡ ਕਰਦੇ ਹਾਂ, ਤਾਂ ਮਾਰਕਸ ਦੀ ਸਮੁਚੀ ਫਿਲਾਸਫੀ ਵੈਦਿਕ ਗਿਆਨ ਦੇ ਘੇਰੇ ਵਿਚ ਆ ਜਾਂਦੀ ਹੈ। ਗੁਰਮਤਿ ਨੇ ਵੈਦਿਕ ਫਿਲਾਸਫੀ ਦੇ ‘ਬ੍ਰਹਮ’ ਗਿਆਨ ਨੂੰ ਹੋਰ ਵੀ ਵਧੇਰੇ ਸਪਸ਼ਟ ਕੀਤਾ ਹੈ।
ਮਾਰਕਸਵਾਦੀ ਗਿਆਨ, ਜਿਸ ਨੂੰ ਦਵੰਦਵਾਦੀ ਭੌਤਿਕਵਾਦ ਦਾ ਨਾਂ ਦਿਤਾ ਗਿਆ, ਅਨੁਸਾਰ ਕੁਦਰਤ ਸਿਰਮੌਰ ਹੈ। ਇਸ ਦੀ ਕਿਸੇ ਨੇ ਸਿਰਜਣਾ ਨਹੀਂ ਕੀਤੀ। ਇਹ ਸਦਾ ਸੀ ਅਤੇ ਇਸ ਨੇ ਸਦਾ ਹੀ ਰਹਿਣਾ ਹੈ। ਇਸ ਦੀ ਹੋਂਦ ਸਦੀਵੀ ਹੈ। ਬੇਸ਼ਕ ਮਨੁਖ ਵੀ ਹੋਰਨਾਂ ਜੀਵਾਂ ਵਾਂਗ ਇਕ ਕੁਦਰਤੀ ਜੀਵ ਹੈ ਅਤੇ ਕੁਦਰਤ ਦਾ ਇਕ ਅਟੁਟ ਅੰਗ ਹੈ। ਜਿੰਨਾ ਚਿਰ ਮਨੁਖ ਨੇ ਜਿਉਂਦੇ ਰਹਿਣਾ ਹੈ, ਓਨਾ ਚਿਰ ਉਸ ਨੇ ਕੁਦਰਤ ਨਾਲ ਨਿਰੰਤਰ ਲੈਣ-ਦੇਣ ਕਰਨਾ ਹੈ। ਇਨ੍ਹਾਂ ਦੋਹਾਂ ਦਾ ਇਹੀ ਆਪਸੀ ਅਟੁਟ ਰਿਸ਼ਤਾ ਹੈ।
ਮਾਰਕਸ ਦਾ ਕਹਿਣਾ ਹੈ, ਜਦੋਂ ਮਨੁਖ ਕੁਦਰਤ ਦੇ ਅਡ-ਅਡ ਤੱਤਾਂ ਬਾਰੇ ਆਪਣੇ ਮੁਢਲੇ ਇੰਦ੍ਰਿਆਵੀ ਅਨੁਭਵ ਤੋਂ ਉਸ ਦੇ ਚੇਤੰਨ ਵਜੂਦ ਦੇ ਤਰਕਸੰਗਤ ਅਨੁਭਵ ਤਕ ਉਤੇ ਉਠਦਾ ਹੈ ਤਾਂ ਉਹ ਇਕ ਬੇਤਰਤੀਬੀ ਏਕਤਾ ਦੇ ਭੂਤ ਦੀ ਥਾਂ ਕੁਦਰਤੀ ਏਕਤਾ ਦੀ ਇਕ ਜੀਵੰਤ ਆਤਮਾ ਦੇ ਸਨਮੁਖ ਹੁੰਦਾ ਹੈ। ਇਥੋਂ ਤਕ ਕਿ ਕੁਦਰਤ ਦੇ ਇਹ ਅਡ-ਅਡ ਤੱਤ ਵੀ ਨਿਰਜੀਵ ਭਿੰਨਤਾ ਵਿਚ ਹੋਂਦ ਨਹੀਂ ਰਖਦੇ, ਸਗੋਂ ਨਿਰੰਤਰ ਇਕ-ਦੂਜੇ ਵਿਚ ਬਦਲ ਰਹੇ ਹਨ ਅਤੇ ਸਿਰਫ ਇਹ ਤਬਦੀਲੀ ਹੀ ਧਰਤੀ ਦੀ ਭੌਤਿਕ ਜ਼ਿੰਦਗੀ, ਉਸ ਦੀ ਆਬੋ-ਹਵਾ ਦੇ ਵਰਤਾਰੇ ਭਾਵ ਚੌਗਿਰਦੇ ਦੇ ਮੁਢਲੇ ਰੂਪਾਂ ਨੂੰ ਸਾਕਾਰ ਕਰਦੀ ਹੈ। ਕੁਦਰਤ ਦੀ ਜੀਵੰਤ ਹੋਂਦ ਵਿਚ ਅਡ-ਅਡ ਤੱਤਾਂ ਦੇ ਅਜਿਹੇ ਸਾਰੇ ਚਿੰਨ੍ਹ ਅਲੋਪ ਹੋ ਜਾਂਦੇ ਹਨ। ਹੁਣ ਇਹ ਭਿੰਨਤਾ ਅਡ-ਅਡ ਤੱਤਾਂ ਦੇ ਵਖਰੇਵੇਂ ਵਿਚ ਨਹੀਂ, ਸਗੋਂ ਅਡ-ਅਡ ਵਰਤਾਰਿਆਂ ਦੀ ਗਤੀਸ਼ੀਲਤਾ ਵਿਚ ਹੋਂਦ ਰਖਦੀ ਹੈ। ਇਹ ਸਾਰੇ ਤੱਤ ਇਕੋ (ਏਕੋ) ਹੋਂਦ ਤੋਂ ਪ੍ਰੇਰਿਤ ਹੋ ਰਹੇ ਹਨ। ਉਨ੍ਹਾਂ ਵਿਚਲੇ ਸਾਰੇ ਵਖਰੇਵੇਂ ਇਸ ਹੋਂਦ ਤੋਂ ਪਹਿਲਾਂ ਤਿਆਰ ਨਹੀਂ ਮਿਲਦੇ, ਸਗੋਂ ਇਸ ਦੇ ਉਲਟ ਨਿਰੰਤਰ ਇਸ ਹੋਂਦ ਵਿਚੋਂ ਪ੍ਰਗਟ ਹੁੰਦੇ ਅਤੇ ਅਲੋਪ ਹੁੰਦੇ ਰਹਿੰਦੇ ਹਨ। ਕੁਦਰਤ ਆਪਣੇ-ਆਪ ਨੂੰ ਮੌਜੂਦ ਪਹਿਲੇ ਤੱਤਾਂ ਤਕ ਸੀਮਤ ਨਹੀਂ ਰਖਦੀ। ਇਥੋਂ ਤਕ ਕਿ ਜ਼ਿੰਦਗੀ ਦੇ ਹੇਠਲੇ ਪਧਰ ਉਤੇ ਵੀ ਇਹ ਭਿੰਨਤਾ ਸਿਰਫ ਇਕ ਅਨੁਭਵੀ ਵਰਤਾਰਾ ਹੈ, ਪਰ ਆਤਮਿਕ ਸੱਚ ਨਹੀਂ।
ਮਾਰਕਸ ਪੱਛਮ ਦਾ ਪਹਿਲਾ ਫਿਲਾਸਫਰ ਸੀ, ਜਿਸ ਨੇ ਕੁਦਰਤ ਅਤੇ ਮਨੁਖ ਦੇ ਸਿਧੇ ਅਨੁਭਵੀ ਰਿਸ਼ਤੇ ਦੀ ਥਾਹ ਪਾਈ ਅਤੇ ਇਸ ਰਿਸ਼ਤੇ ਨੂੰ ‘ਸਵੈਚੇਤਨਾ’ ਅਤੇ ‘ਚੇਤੰਨ ਮਨ’ ਦੇ ਆਪਸੀ ਅਨੁਭਵੀ ਸਬੰਧਾਂ ਰਾਹੀਂ ਸਪਸ਼ਟ ਕੀਤਾ। ਉਸ ਦਾ ਕਹਿਣਾ ਹੈ, ਜਦੋਂ ਤੁਸੀਂ ਮੈਨੂੰ ਕੁਦਰਤ ਅਤੇ ਮਨੁਖ ਦੀ ਰਚਨਾ ਬਾਰੇ ਪੁਛਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕੁਦਰਤ ਅਤੇ ਮਨੁਖ ਨਾਲੋਂ ਤੋੜ ਲੈਂਦੇ ਹੋ। ਤੁਸੀਂ ਉਨ੍ਹਾਂ ਦੀ ਨਿਰਜੀਵ ਹੋਂਦ ਵਜੋਂ ਧਾਰਨਾ ਬਣਾਉਂਦੇ ਹੋ ਅਤੇ ਫਿਰ ਵੀ ਚਾਹੁੰਦੇ ਹੋ ਕਿ ਮੈਂ ਇਨ੍ਹਾਂ ਦੀ ਸਜੀਵ ਹੋਂਦ ਸਾਬਤ ਕਰਾਂ। ਹੁਣ ਮੈਂ ਤੁਹਾਨੂੰ ਕਹਿੰਦਾ ਹਾਂ, ਤੁਸੀਂ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਤੋਂ ਤੋੜ ਕੇ ਵੇਖਣ ਦੀ ਆਪਣੀ ਧਾਰਨਾ ਛਡ ਦਿਉ। ਇਨ੍ਹਾਂ ਦੋਹਾਂ ਦੀ ਆਪਸੀ ਜੀਵੰਤ ਹੋਂਦ ਨੂੰ ਅਨੁਭਵ ਕਰੋ ਤਾਂ ਤੁਸੀਂ ਆਪਣਾ ਸੁਆਲ ਵੀ ਛੱਡ ਦਿਉਗੇ। ਫਿਰ ਵੀ ਜੇ ਤੁਸੀਂ ਆਪਣੇ ਇਸ ਵਖਰੇਵੇਂ ਪ੍ਰਤੀ ਬਜ਼ਿਦ ਹੋ ਤਾਂ ਤੁਸੀਂ ਦ੍ਰਿੜ੍ਹ ਰਹੋ। ਜੇ ਤੁਸੀਂ ਮਨੁਖ ਅਤੇ ਕੁਦਰਤ ਬਾਰੇ ਨਿਰਜੀਵ ਹੋਂਦ ਵਜੋਂ ਸੋਚਦੇ ਹੋ ਤਾਂ ਆਪਣੇ ਬਾਰੇ ਵੀ ਨਿਰਜੀਵ ਹੋਂਦ ਵਜੋਂ ਸੋਚੋ, ਕਿਉਂਕਿ ਤੁਸੀਂ ਵੀ ਤਾਂ ਯਕੀਨਨ ਕੁਦਰਤ ਅਤੇ ਮਨੁਖ ਹੀ ਹੋ। ਨਾ ਤੁਸੀਂ ਸੋਚੋ ਅਤੇ ਨਾ ਮੈਨੂੰ ਪੁਛੋ। ਕਿਉਂਕਿ ਜਦੋਂ ਹੀ ਤੁਸੀਂ ਸੋਚਦੇ ਅਤੇ ਪੁਛਦੇ ਹੋ, ਤਾਂ ਕੁਦਰਤ ਅਤੇ ਮਨੁਖ ਦੀ ਹੋਂਦ ਬਾਰੇ ਤੁਹਾਡੇ ਵਖਰੇਵੇਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਾਂ ਫਿਰ ਤੁਸੀਂ ਏਨੇ ਹਉਮੈਗ੍ਰਸਤ ਹੋ ਕਿ ਤੁਸੀਂ ਸਰਬਤ ਨੂੰ ਕੁਝ ਨਹੀਂ ਸਮਝਦੇ ਅਤੇ ਫਿਰ ਵੀ ਆਪਣੀ ਹੋਂਦ ਨੂੰ ਮੰਨਣਾ ਚਾਹੁੰਦੇ ਹੋ। … ਤੁਸੀਂ ਇਸ ਦਾ ਜੁਆਬ ਦੇ ਸਕਦੇ ਹੋ ਕਿ ਮੈਂ ਕੁਦਰਤ ਦੀ ਹੋਂਦ ਜਾਂ ਅਣਹੋਂਦ ਆਦਿ ਬਾਰੇ ਧਾਰਨਾ ਨਹੀਂ ਬਣਾਉਣੀ ਚਾਹੁੰਦਾ, ਮੈਂ ਤਾਂ ਤੁਹਾਨੂੰ ਉਸ ਦੀ ਉਤਪਤੀ ਬਾਰੇ ਪੁਛ ਰਿਹਾ ਹਾਂ। ਜਿਵੇਂ ਮੈਂ ਕਿਸੇ ਡਾਕਟਰ ਤੋਂ ਹੱਡੀਆਂ ਦੀ ਬਣਤਰ ਆਦਿ ਬਾਰੇ ਪੁਛਦਾ ਹਾਂ। ਪਰ ਭੌਤਿਕਵਾਦੀ ਫਿਲਾਸਫੀ ਦੇ ਧਾਰਨੀ ਇਕ ਕਮਿਊਨਿਸਟ ਮਨੁਖ ਲਈ ਸੰਸਾਰ ਦਾ ਸਮੁਚਾ ਅਖੌਤੀ ਇਤਿਹਾਸ ਹੋਰ ਕੁਝ ਨਹੀਂ, ਸਗੋਂ ਮਨੁਖੀ ਕਿਰਤ ਰਾਹੀਂ ਮਨੁਖ ਦੀ ਸਿਰਜਣਾ ਹੀ ਹੈ। ਹੋਰ ਕੁਝ ਨਹੀਂ ਸਗੋਂ ਮਨੁਖ ਲਈ ਕੁਦਰਤ ਦਾ ਪ੍ਰਗਟ ਹੋਣਾ ਹੀ ਹੈ। ਇਸ ਲਈ ਉਸ ਦੇ ਕੋਲ ਖੁਦ ਰਾਹੀਂ ਆਪਣੇ ਜਨਮ ਦਾ, ਆਪਣੀ ਉਤਪਤੀ ਦਾ ਨਾ ਝੁਠਲਾਇਆ ਜਾ ਸਕਣ ਵਾਲਾ ਸਪਸ਼ਟ ਸਬੂਤ ਮੌਜੂਦ ਹੈ, ਕਿਉਂਕਿ ਕੁਦਰਤ ਅਤੇ ਮਨੁਖ ਦੀ ਅਸਲੀ ਹੋਂਦ ਮਨੁਖ ਦੇ ਆਪਣੇ ਇੰਦ੍ਰਿਆਵੀ ਅਨੁਭਵ (ਮਨ) ਰਾਹੀਂ ਅਮਲ ਵਿਚ ਮਨੁਖ ਦੀ ਸਵੈਚੇਤਨਾ ਵਜੋਂ ਪ੍ਰਗਟ ਹੋ ਰਹੀ ਹੈ। ਮਨੁਖ ਲਈ ਕੁਦਰਤ ਦੀ ਹੋਂਦ ਵਜੋਂ ਮਨੁਖ ਅਤੇ ਮਨੁਖ ਦੀ ਹੋਂਦ ਵਜੋਂ ਕੁਦਰਤ ਪ੍ਰਤੱਖ ਹੋ ਰਹੀ ਹੈ।
ਪ੍ਰਤੱਖ ਹੈ ਕਿ ਮਨੁਖ ਕੁਦਰਤ ਦੀ ਹੋਂਦ ਵਜੋਂ ਹੀ ਹੈ ਅਤੇ ਕੁਦਰਤ ਮਨੁਖ ਦੀ ਹੋਂਦ ਵਜੋਂ ਹੀ ਹੈ। ਦੋਹਾਂ ਤੋਂ ਕਿਸੇ ਵਖਰੀ ਹੋਂਦ ਦਾ ਸੁਆਲ, ਕੁਦਰਤ ਅਤੇ ਮਨੁਖ ਤੋਂ ਪਰ੍ਹਾਂ ਕਿਸੇ ਹੋਰ ਨਿਵੇਕਲੀ ਹੋਂਦ ਦੇ ਸੁਆਲ ਦਾ ਮਤਲਬ ਮਨੁਖ ਅਤੇ ਕੁਦਰਤ ਦੀ ਕਿਸੇ ਕਲਪਿਤ ਹੋਂਦ ਨੂੰ ਮੰਨਣਾ, ਅਮਲ ਵਿਚ ਹੀ ਅਸੰਭਵ ਹੋ ਗਿਆ ਹੈ ਕਿਉਂਕਿ ਕੁਦਰਤ ਮਨੁਖ ਦਾ ਅਜੀਵ ਸਰੀਰ ਹੈ। ਕੁਦਰਤ ਮਨੁਖ ਦਾ ਅਜੀਵ ਸਰੀਰ ਹੀ ਨਹੀਂ, ਸਗੋਂ ਮਨੁਖ ਕੁਦਰਤ ਉਤੇ ਜਿਉਂਦਾ ਹੈ। ਕੁਦਰਤ ਮਨੁਖ ਦੇ ਸਰੀਰ ਦੇ ਅੰਦਰ ਹੈ। ਆਪਣੇ ਜਿਉਂਦੇ ਰਹਿਣ ਲਈ ਮਨੁਖ ਕੁਦਰਤ ਨਾਲ ਲਗਾਤਾਰ ਲੈਣ-ਦੇਣ ਕਰਦਾ ਹੈ। ਮਨੁਖ ਦੀ ਸਰੀਰਕ ਅਤੇ ਆਤਮਿਕ ਜ਼ਿੰਦਗੀ ਦਾ ਕੁਦਰਤ ਨਾਲ ਸਿਧਾ ਰਿਸ਼ਤਾ ਹੈ, ਦਾ ਭਾਵਅਰਥ ਵੀ ਇਹੀ ਹੈ ਕਿ ਕੁਦਰਤ ਦਾ ਖੁਦ ਨਾਲ ਰਿਸ਼ਤਾ ਹੈ ਕਿਉਂਕਿ ਮਨੁਖ ਵੀ ਕੁਦਰਤ ਦਾ ਹੀ ਇਕ ਅਟੁਟ ਅੰਗ ਹੈ।
ਇਹ ਇਕ ਅਨੰਤ ਚਕਰ ਹੈ, ਜਿਸ ਵਿਚ ਮਾਦਾ (ੰਅਟਟeਰ) ਗਤੀਸ਼ੀਲ ਰਹਿੰਦਾ ਹੈ। ਨਿਸ਼ਚੇ ਹੀ ਇਹ ਚੱਕਰ ਆਪਣੇ ਧੁਰੇ ਦੁਆਲੇ ਪਰਿਕਰਮਾ ਲਈ ਜਿੰਨਾ ਸਮਾਂ ਲੈਂਦਾ ਹੈ, ਉਸ ਨੂੰ ਮਾਪਣ ਲਈ ਸਾਡਾ ਧਰਤ-ਵਰ੍ਹਾ ਕਾਫੀ ਨਹੀਂ। ਇਸ ਚੱਕਰ ਵਿਚ ਉਚਤਮ ਵਿਕਾਸ ਦਾ ਸਮਾਂ, ਜੈਵਿਕ ਜੀਵਨ ਦਾ ਸਮਾਂ ਅਤੇ ਇਸ ਤੋਂ ਵੀ ਵਧ, ਕੁਦਰਤ ਅਤੇ ਖੁਦ ਆਪਣੀ ਹੋਂਦ ਪ੍ਰਤੀ ਚੇਤੰਨ ਜੀਵਾਂ ਦਾ ਸਮਾਂ, ਇਸ ਹਦ ਤਕ ਥੋੜ੍ਹ ਚਿਰਾ ਅਤੇ ਸੀਮਤ ਹੁੰਦਾ ਹੈ, ਜਿੰਨਾ ਕਿ ਉਹ ਪੁਲਾੜ, ਜਿਸ ਵਿਚ ਇਹ ਜੀਵਨ ਅਤੇ ਸਵੈਚੇਤਨਾ ਕਾਰਜਸ਼ੀਲ ਹੁੰਦੇ ਹਨ। ਇਕ ਅਜਿਹੇ ਚੱਕਰ ਵਿਚ ਮਾਦੇ ਦੀ ਹੋਂਦ ਦਾ ਹਰ ਅੰਤਿਮ ਰੂਪ, ਭਾਵੇਂ ਇਹ ਇਕ ਸੂਰਜ ਹੈ ਜਾਂ ਧੁੰਦੂਕਾਰ ਪੁੰਜ, ਇਕ ਪਸੂ ਹੈ ਜਾਂ ਪਸੂਆਂ ਦਾ ਵਗ, ਰਸਾਇਣਿਕ ਸੰਜੋਗ ਜਾਂ ਵਿਜੋਗ, ਇਕੋ ਜਿੰਨਾ ਹੀ ਛਿਣ ਭੰਗਰੀ ਹੈ ਅਤੇ ਜਿਸ ਵਿਚ ਸਦੀਵੀ ਬਦਲ ਰਿਹਾ, ਸਦੀਵੀ ਗਤੀਸ਼ੀਲ ਮਾਦਾ ਤੇ ਉਨ੍ਹਾਂ ਨੇਮਾਂ (ਹੁਕਮੁ), ਜਿਨ੍ਹਾਂ ਵਿਚ ਇਹ ਮਾਦਾ ਬਦਲ ਰਿਹਾ ਅਤੇ ਗਤੀਸ਼ੀਲ ਹੈ, ਤੋਂ ਬਿਨਾ ਹੋਰ ਕੁਝ ਵੀ ਸਦੀਵੀ ਨਹੀਂ।
ਕੁਦਰਤ ਅਤੇ ਮਨੁਖ ਦੇ ਆਪਸੀ ਅਟੁਟ ਰਿਸ਼ਤੇ ਬਾਰੇ ਏਂਗਲਜ਼ ਦਾ ਕਹਿਣਾ ਹੈ, ਹਰ ਕਦਮ ਉਤੇ ਸਾਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਕੁਦਰਤ ਤੋਂ ਬਾਹਰ ਖੜ੍ਹੇ ਕਿਸੇ ਅਜਨਬੀ ਵਾਂਗ ਕੁਦਰਤ ਉਤੇ ਰਾਜ ਨਹੀਂ ਕਰ ਸਕਦੇ, ਕਿਉਂਕਿ ਅਸੀਂ ਵੀ ਖੂਨ ਮਾਸ ਤੇ ਦਿਮਾਗ ਸਮੇਤ, ਕੁਦਰਤ ਦਾ ਹੀ ਇਕ ਅਟੁਟ ਅੰਗ ਹਾਂ ਅਤੇ ਸਾਡੀ ਹੋਂਦ ਇਸ ਦੇ ਅੰਦਰ ਹੀ ਹੈ। ਸਾਡੀ ਮੁਹਾਰਤ ਇਸ ਹਕੀਕਤ ਵਿਚ ਮੌਜੂਦ ਹੈ ਕਿ ਸਾਡੇ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਇਕ ਵਾਧੂ ਗੁਣ ਹੈ ਕਿ ਅਸੀਂ ਕੁਦਰਤ ਦੇ ਨੇਮਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੇ ਯੋਗ ਹਾਂ। ਹਰ ਲੰਘੇ ਦਿਨ ਅਸੀਂ ਇਨ੍ਹਾਂ ਨੇਮਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਕੁਦਰਤ ਦੀ ਰਵਾਇਤੀ ਤੋਰ ਵਿਚ ਆਪਣੀ ਦਖਲਅੰਦਾਜ਼ੀ ਪੱਖੋਂ, ਦੋਵੇਂ ਤਰ੍ਹਾਂ ਦੇ, ਵਧੇਰੇ ਫੌਰੀ ਅਤੇ ਦੀਰਘਕਾਲੀ ਸਿਟਿਆਂ ਨੂੰ ਅਨੁਭਵ ਕਰਨ ਲੱਗੇ ਹਾਂ। ਖਾਸ ਕਰਕੇ 19ਵੀਂ ਸਦੀ ‘ਚ ਕੁਦਰਤੀ ਵਿਗਿਆਨ ਵਿਚ ਮਿਲੀ ਤਗੜੀ ਸਫਲਤਾ ਤੋਂ ਬਾਅਦ ਅਸੀਂ ਘਟੋ-ਘਟ ਆਪਣੀਆਂ ਰੋਜ਼ਾਨਾ ਪੈਦਾਵਾਰੀ ਸਰਗਰਮੀਆਂ ਦੇ ਪਹਿਲਾਂ ਨਾਲੋਂ ਵਧੇਰੇ ਦੂਰ-ਰਸੀ ਕੁਦਰਤੀ ਸਿਟਿਆਂ ਨੂੰ ਮਹਿਸੂਸ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਕਾਬੂ ਕਰਨ ਦੀ ਹਾਲਤ ਵਿਚ ਹਾਂ। ਜਿੰਨਾ ਹੀ ਮਨੁਖ ਹੋਰ ਅੱਗੇ ਵਧੇਗਾ, ਨਾ ਸਿਰਫ ਓਨਾ ਹੀ ਉਹ ਇਸ ਨੇੜਤਾ ਨੂੰ ਹੋਰ ਮਹਿਸੂਸ ਕਰੇਗਾ ਸਗੋਂ ਉਹ ਕੁਦਰਤ ਨਾਲ ਆਪਣੀ ਏਕਤਾ ਨੂੰ ਵੀ ਵਧੇਰੇ ਜਾਣੇਗਾ।
ਕੁਦਰਤ ਉਤੇ ਮਨੁਖੀ ਜਿੱਤਾਂ ਦੀ ਗਿਣਤੀ-ਮਿਣਤੀ ਨਾਲ ਸਾਨੂੰ ਕਦੇ ਵੀ ਖੁਸ਼ਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਇਹੋ ਜਿਹੀ ਹਰ ਜਿੱਤ ਦਾ ਕੁਦਰਤ ਸਾਡੇ ਕੋਲੋਂ ਬਦਲਾ ਲੈਂਦੀ ਹੈ। ਇਹ ਸੱਚ ਹੈ ਕਿ ਅਜਿਹੀ ਹਰ ਜਿੱਤ ਦੇ ਨਿਕਲੇ ਪਹਿਲੇ ਸਿਟੇ ਸਾਡੀ ਆਸ ਮੁਤਾਬਕ ਹੀ ਹੁੰਦੇ ਹਨ, ਪਰ ਦੂਜੀ ਤੇ ਤੀਜੀ ਥਾਂ ਬਿਲਕੁਲ ਵਖਰੇ ਅਤੇ ਅਣਕਿਆਸੇ ਸਿਟੇ ਨਿਕਲਦੇ ਹਨ, ਜੋ ਅਕਸਰ ਪਹਿਲੇ ਨਿਕਲੇ ਸਿਟਿਆਂ ਨੂੰ ਨਕਾਰ ਦਿੰਦੇ ਹਨ। ਜਿਨ੍ਹਾਂ ਲੋਕਾਂ ਨੇ ਮੈਸੋਪੋਟਾਮੀਆ, ਯੂਨਾਨ, ਏਸ਼ੀਆ ਮਾਈਨਰ ਅਤੇ ਹੋਰਨੀਂ ਥਾਂਈਂ ਵਾਹੀਯੋਗ ਜਮੀਨ ਪ੍ਰਾਪਤ ਕਰਨ ਲਈ ਜੰਗਲ ਤਬਾਹ ਕੀਤੇ ਸਨ, ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਜੰਗਲਾਂ ਦੇ ਨਾਲ ਹੀ ਨਮੀ ਦੇ ਸੰਗ੍ਰਿਹ ਕੇਂਦਰਾਂ ਅਤੇ ਭੰਡਾਰਾਂ ਨੂੰ ਖਤਮ ਕਰਕੇ, ਉਹ ਉਨ੍ਹਾਂ ਦੇਸ਼ਾਂ ਦੀ ਮੌਜੂਦਾ ਉਜਾੜੇ ਵਾਲੀ ਹਾਲਤ ਦੀ ਨੀਂਹ ਰੱਖ ਰਹੇ ਹਨ।
ਜਦੋਂ (ਐਲਪਸ) ਪਹਾੜਾਂ ਉਤੇ ਰਹਿੰਦੇ ਇਤਾਲਵੀਆਂ ਨੇ ਦੱਖਣੀ ਢਲਾਣਾਂ ਦੇ ਨਾਲ-ਨਾਲ ਬੜੀ ਸਾਂਭ-ਸੰਭਾਲ ਕੇ ਪਾਲੇ ਗਏ ਉਤਰੀ ਢਲਾਣਾਂ ਉਤਲੇ ਚੀੜ੍ਹ ਦੇ ਜੰਗਲ ਵੀ ਵਰਤ ਲਏ ਤਾਂ ਉਨ੍ਹਾਂ ਨੂੰ ਕਦੇ ਚਿਤ-ਚੇਤਾ ਵੀ ਨਹੀਂ ਸੀ ਕਿ ਉਹ ਆਪਣੇ ਖੇਤਰ ਵਿਚਲੀ ਡੇਅਰੀ ਸਨਅਤ ਦੀਆਂ ਜੜ੍ਹਾਂ ਵਢ ਰਹੇ ਹਨ। ਇਸ ਹਕੀਕਤ ਦਾ ਤਾਂ ਉਨ੍ਹਾਂ ਨੂੰ ਹੋਰ ਵੀ ਘਟ ਗਿਆਨ ਸੀ ਕਿ ਇੰਜ ਕਰ ਕੇ ਅਤੇ ਸਾਲ ਦਾ ਵਧੇਰੇ ਸਮਾਂ ਆਪਣੇ ਪਹਾੜੀ ਚਸ਼ਮਿਆਂ ਨੂੰ ਪਾਣੀ ਤੋਂ ਵਾਂਝਾ ਰਖ ਕੇ ਉਹ ਇਹ ਸੰਭਵ ਬਣਾ ਰਹੇ ਹਨ ਕਿ ਬਰਸਾਤਾਂ ਸਮੇਂ ਪਹਾੜੀ ਢਲਾਣਾਂ, ਮੈਦਾਨਾਂ ਉਤੇ ਹੋਰ ਵਧੇਰੇ ਝਲਿਆਏ ਹੜ੍ਹ ਸੁਟਣ।
ਜਿਨ੍ਹਾਂ ਸਪੇਨੀ ਬਾਗਬਾਨਾਂ ਨੇ ਕਿਊਬਾ ਵਿਚਲੇ ਪਹਾੜਾਂ ਦੀਆਂ ਢਲਾਣਾਂ ਉਤਲੇ ਜੰਗਲਾਂ ਨੂੰ ਸਿਰਫ ਇਸ ਕਰਕੇ ਸਾੜ ਦਿਤਾ ਸੀ ਕਿ ਇਕ ਪੀੜ੍ਹੀ ਵਾਸਤੇ ਉਚੇ ਮੁਨਾਫੇ ਵਾਲੇ ਕਾਫੀ ਦੇ ਦਰਖਤਾਂ ਲਈ ਉਨ੍ਹਾਂ ਦੀ ਸੁਆਹ ਤੋਂ ਲੋੜੀਂਦੀ ਖਾਦ ਪ੍ਰਾਪਤ ਕੀਤੀ ਜਾ ਸਕੇ, ਉਨ੍ਹਾਂ ਨੂੰ ਕੀ ਪ੍ਰਵਾਹ ਸੀ ਕਿ ਬਾਅਦ ਵਿਚ ਤਪਤ ਖੰਡਾਂ ਦੇ ਭਾਰੀ ਮੀਂਹ ਉਨ੍ਹਾਂ ਢਲਾਣਾਂ ਦੀ ਮਿਟੀ ਉਤਲੀ ਅਣਸੁਰਖਿਅਤ ਤਹਿ ਨੂੰ ਵਹਾ ਕੇ ਲੈ ਜਾਣਗੇ ਅਤੇ ਪਿਛੇ ਸਿਰਫ ਨੰਗੀਆਂ ਸਖਤ ਚੱਟਾਨਾਂ ਹੀ ਰਹਿ ਜਾਣਗੀਆਂ।
ਸਮਾਜੀ ਪ੍ਰਭਾਵਾਂ ਵਾਂਗ ਹੀ ਕੁਦਰਤ ਉਤੇ ਪੈਣ ਵਾਲੇ ਪ੍ਰਭਾਵਾਂ ਦੇ ਪ੍ਰਸੰਗ ਵਿਚ ਵੀ ਮੌਜੂਦਾ ਪੈਦਾਵਾਰੀ ਢੰਗ (ਪੂੰਜੀਵਾਦ) ਦੀ ਭਾਰੂ ਚਿੰਤਾ ਸਿਰਫ ਫੌਰੀ ਸਿਟੇ (ਮੁਨਾਫਾ) ਪ੍ਰਾਪਤ ਕਰਨਾ ਹੀ ਹੈ ਅਤੇ ਫਿਰ ਵੀ ਹੈਰਾਨੀ ਪ੍ਰਗਟਾਈ ਜਾਂਦੀ ਹੈ ਕਿ ਇਨ੍ਹਾਂ ਅਮਲਾਂ ਦੇ ਦੂਰਰਸੀ ਪ੍ਰਭਾਵ ਅਸਲੋਂ ਹੀ ਵਖਰੇ ਅਤੇ ਜ਼ਿਆਦਾਤਰ ਉਲਟੀ ਖਾਸੀਅਤ ਵਾਲੇ ਹੁੰਦੇ ਹਨ।
ਕੋਲੰਬਸ ਨੇ ਜਦੋਂ ਅਮਰੀਕਾ ਲੱਭਾ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਕਰਕੇ ਉਹ ਨੀਗਰੋ ਗੁਲਾਮੀ ਦੇ ਵਪਾਰ ਦੀ ਨੀਂਹ ਰਖ ਰਿਹਾ ਹੈ ਅਤੇ ਯੂਰਪ ਵਿਚ ਪਹਿਲਾਂ ਹੀ ਖਤਮ ਹੋ ਚੁਕੀ ਗੁਲਾਮੀ ਦੀ ਪ੍ਰਥਾ ਨੂੰ ਇਕ ਨਵੀਂ ਜ਼ਿੰਦਗੀ ਦੇ ਰਿਹਾ ਹੈ। 17ਵੀਂ ਤੇ 18ਵੀਂ ਸਦੀ ਵਿਚ ਭਾਫ ਦਾ ਇੰਜਣ ਬਣਾਉਣ ਲਈ ਮਿਹਨਤ ਕਰਨ ਵਾਲੇ ਲੋਕਾਂ ਨੂੰ ਇਹ ਖਿਆਲ ਤਕ ਨਹੀਂ ਸੀ ਆਇਆ ਕਿ ਉਹ ਇਕ ਅਜਿਹਾ ਯੰਤਰ ਤਿਆਰ ਕਰ ਰਹੇ ਹਨ, ਜੋ ਸੰਸਾਰ ਭਰ ਵਿਚਲੇ ਸਮਾਜੀ ਰਿਸ਼ਤਿਆਂ ਦੇ ਇਨਕਲਾਬੀਕਰਣ ਵਿਚ ਕਿਸੇ ਵੀ ਹੋਰ ਸੰਦ ਨਾਲੋਂ ਵਧੇਰੇ ਹਿੱਸਾ ਪਾਵੇਗਾ। ਖਾਸ ਕਰਕੇ ਯੂਰਪ ਵਿਚ ਕੁਝ ਹੱਥਾਂ ਵਿਚ ਦੌਲਤ ਕੇਂਦਰਿਤ ਕਰਕੇ ਅਤੇ ਭਾਰੀ ਬਹੁਗਿਣਤੀ ਨੂੰ ਇਸ ਦੌਲਤ ਤੋਂ ਵਿਰਵਾ ਕਰਕੇ ਇਹ ਯੰਤਰ ਪਹਿਲਾਂ ਪੂੰਜੀਵਾਦ ਨੂੰ ਸਮਾਜੀ ਅਤੇ ਰਾਜਨੀਤਕ ਗਲਬਾ ਪਾਉਣ ਦਾ ਅਖਤਿਆਰ ਦੇਵੇਗਾ, ਪਰ ਬਾਅਦ ਵਿਚ ਪੂੰਜੀਵਾਦ ਅਤੇ ਕਿਰਤੀਆਂ ਵਿਚਕਾਰ ਜਮਾਤੀ ਸੰਘਰਸ਼ ਨੂੰ ਜਨਮ ਦੇਵੇਗਾ, ਜਿਸ ਦਾ ਅੰਤ ਸਿਰਫ ਪੂੰਜੀਵਾਦ ਦਾ ਤਖਤਾ ਪਲਟਣ ਅਤੇ ਸਾਰੇ ਜਮਾਤੀ ਵਿਰੋਧਾਂ ਦੇ ਅੰਤ ਵਿਚ ਨਿਕਲੇਗਾ।
ਪੂੰਜੀਵਾਦ ਦਾ ਸਮਾਜੀ ਵਿਗਿਆਨ-ਟਕਸਾਲੀ ਰਾਜਨੀਤਕ ਆਰਥਿਕਤਾ ਮੁਖ ਤੌਰ ‘ਤੇ ਪੈਦਾਵਾਰ ਅਤੇ ਵਟਾਂਦਰੇ ਦੇ ਖੇਤਰ ਵਿਚ ਮਨੁਖੀ ਅਮਲਾਂ ਦੇ ਪੈਣ ਵਾਲੇ ਸਮਾਜੀ ਪ੍ਰਭਾਵਾਂ ਦੇ ਸਿਰਫ ਫੌਰੀ ਮੰਤਵਾਂ ਨੂੰ ਹੀ ਧਿਆਨ ਵਿਚ ਰਖਦਾ ਹੈ ਜੋ ਇਸ ਦੀ ਸਮਾਜੀ ਬਣਤਰ ਦੇ ਪੂਰੀ ਤਰ੍ਹਾਂ ਅਨੁਕੂਲ ਹੈ ਤੇ ਇਸ ਦਾ ਸਿਧਾਂਤਕ ਪ੍ਰਗਟਾਵਾ ਹੈ, ਕਿਉਂਕਿ ਨਿਜੀ ਪੂੰਜੀਵਾਦੀ ਪੈਦਾਵਾਰ ਅਤੇ ਵਟਾਂਦਰੇ ਦਾ ਫੌਰੀ ਮੰਤਵ ਸਿਰਫ ਮੁਨਾਫਾ ਕਮਾਉਣਾ ਹੈ। ਇਸ ਲਈ ਅਤਿਅੰਤ ਨੇੜਲਾ, ਸਿਰਫ ਸਭ ਤੋਂ ਵਧ ਫੌਰੀ ਸਿੱਟਾ ਹੀ ਧਿਆਨ ਵਿਚ ਰਖਿਆ ਜਾਣਾ ਜ਼ਰੂਰੀ ਹੈ। ਜਿੰਨਾ ਚਿਰ ਨਿਜੀ ਕਾਰਖਾਨੇਦਾਰ ਜਾਂ ਵਪਾਰੀ, ਬਣਾਈ ਜਾਂ ਖਰੀਦੀ ਵਸਤੂ ਨੂੰ ਪ੍ਰਚਲਿਤ ਲਾਲਚੀ ਮੁਨਾਫੇ ਉਤੇ ਵੇਚਦਾ ਹੈ, ਉਹ ਸੰਤੁਸ਼ਟ ਰਹਿੰਦਾ ਹੈ ਅਤੇ ਬਿਲਕੁਲ ਚਿੰਤਾ ਨਹੀਂ ਕਰਦਾ ਕਿ ਬਾਅਦ ਵਿਚ ਵੇਚੀ ਗਈ ਵਸਤੂ ਦਾ ਕੀ ਬਣਦਾ ਹੈ ਜਾਂ ਇਸ ਦੇ ਖਰੀਦਦਾਰ ਕੌਣ ਹਨ। ਇਹੀ ਤਰਕ ਉਸ ਦੇ ਪੈਦਾਵਾਰੀ ਅਮਲਾਂ ਦੇ ਪੈਣ ਵਾਲੇ ਕੁਦਰਤੀ ਪ੍ਰਭਾਵਾਂ ਉਤੇ ਲਾਗੂ ਹੁੰਦਾ ਹੈ। ਪੂੰਜੀਵਾਦ ਦੀ ਮੁਨਾਫੇ ਦੀ ਹਵਸ ਕੁਦਰਤੀ ਸੋਮਿਆਂ ਦੀ ਬਰਬਾਦੀ ਬਾਰੇ ਉਕਾ ਗੌਰ ਨਹੀਂ ਕਰਦੀ।
ਕੁਦਰਤ ਅਤੇ ਮਨੁਖ ਦੇ ਇਸ ਆਪਸੀ ਅਟੁਟ ਰਿਸ਼ਤੇ ਬਾਰੇ ਤੇ ਪੂੰਜੀਵਾਦ ਵਲੋਂ ਇਸ ਰਿਸ਼ਤੇ ਨੂੰ ਅਣਗੌਲਿਆ ਕਰਨ ਕਰਕੇ ਮਨੁਖੀ ਸਮਾਜ ਤੇ ਕੁਦਰਤ ਸੋਮਿਆਂ ਦੀ ਹੋ ਰਹੀ ਬਰਬਾਦੀ ਬਾਰੇ ਮਾਰਕਸ-ਏਂਗਲਜ ਦੀਆਂ ਉਕਤ ਧਾਰਨਾਵਾਂ ਪੜ੍ਹਨ ਤੋਂ ਬਾਅਦ ਹੀ ਇਹ ਸਮਝ ਆਉਂਦਾ ਹੈ ਕਿ ਅੱਜ ਪੰਜਾਬ ਦਾ ਇਹ ਹਸ਼ਰ ਕਿਉਂ ਹੋ ਰਿਹਾ ਹੈ? ਕਿ ਪੰਜਾਬ ਦੀ ਧਰਤੀ ਬੰਜਰ ਬਣ ਰਹੀ ਹੈ। ਧਰਤੀ ਹੇਠਲਾ ਪਾਣੀ ਮਨੁਖੀ ਪਹੁੰਚ ਤੋਂ ਦੂਰ ਹੋ ਰਿਹਾ ਹੈ। ਪਾਣੀ ਜੋ ਮਿਲਦਾ ਹੈ, ਉਹ ਵੀ ਜ਼ਹਿਰੀਲਾ ਹੋ ਗਿਆ ਹੈ। ਪੰਜਾਬ ਦਾ ਚੌਗਿਰਦਾ ਲਗਾਤਾਰ ਪਲੀਤ ਹੋ ਰਿਹਾ ਹੈ। ਜ਼ਹਿਰੀਲੀਆਂ ਦਵਾਈਆ ਦੇ ਅੰਸ਼ ਭੋਜਨ ਲੜੀ ਵਿਚ ਸ਼ਾਮਿਲ ਹੋ ਕੇ ਪੰਜਾਬੀਆਂ ਦੇ ਸਰੀਰਾਂ ਵਿਚ ਵੜ ਗਏ ਹਨ। ਪੰਜਾਬ ਦਾ ਹਰ ਸ਼ਖਸ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਜਾਨਲੇਵਾ ਰੋਗ ਹਮਲਾਵਰ ਹਨ। ਪੰਜਾਬ ਦੀ ਜਵਾਨੀ ਦਾ ਮਨ ਉਚਾਟ ਹੈ ਤੇ ਨਿਰੰਤਰ ਤਣਾਅ ਦਾ ਸ਼ਿਕਾਰ ਹੈ। ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਵਰਗੇ ਦਲਾਲ ਰਾਜਸੀ ਆਗੂਆਂ ਦੀ ਵਧ ਤੋਂ ਵਧ ਪੈਸਾ ਇਕੱਠਾ ਕਰਨ ਦੀ ਦੌੜ ਤੇ ਸਾਮਰਾਜੀ ਕਾਰਪੋਰੇਸ਼ਨਾਂ ਦੀ ਮੁਨਾਫੇ ਦੀ ਹਵਸ ਦਾ ਸ਼ਿਕਾਰ ਹੋਇਆ ਹਰਾ ਇਨਕਲਾਬ, ਅੱਜ ਪੰਜਾਬ ਲਈ ਸਰਾਪ ਬਣ ਗਿਆ ਹੈ। ਪੰਜਾਬ ਦੀ ਜਰਖੇਜ ਭੌਂਇ ਉਤੇ ਇਮਾਰਤਾਂ ਦਾ ਜੰਗਲ ਉਗ ਆਇਆ ਹੈ। ਇਸ ਪ੍ਰਸੰਗ ਵਿਚ ਹੀ ਮਾਰਕਸ ਦੀ ਉਕਤ ਧਾਰਨਾ ਸਮਝ ਆਉਂਦੀ ਹੈ ਕਿ ਕੁਦਰਤ ਅਤੇ ਰਾਜਨੀਤੀ ਦੀ ਸਿਰਫ ਸਾਂਝ ਹੀ ਅਜੋਕੀ ਫਿਲਾਸਫੀ ਭਾਵ ਸਮੁਚੀ ਸਿਆਣਪ ਨੂੰ ਅਮਲ ਵਿਚ ਢਾਲ ਸਕਦੀ ਹੈ। ਇਹ ਸਾਂਝ ਕਿਵੇਂ ਬਣੇ, ਇਹ ਇਕ ਵਖਰੀ ਲਿਖਤ ਦਾ ਵਿਸ਼ਾ ਹੈ।