ਪੰਜਾਬ ਦੀ ਧੀ ਨੂੰ ਪੁਲਿਸ ਵਲੋਂ ਸ਼ਰ੍ਹੇਆਮ ਕੁਟਾਪਾ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪੰਜਾਬ ਵਿਚ ਇਕ ਹੋਰ ਬੇਹੱਦ ਸ਼ਰਮਨਾਕ ਕਾਂਡ ਵਾਪਰਿਆ ਹੈ ਜਿਸ ਨੇ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਤਰਨਤਾਰਨ ਦੀ ਸਿਟੀ ਪੁਲਿਸ ਦੇ ਕਰਮਚਾਰੀਆਂ ਨੇ ਗੋਇੰਦਵਾਲ ਸੜਕ ‘ਤੇ ਮੈਰਿਜ ਪੈਲੇਸ ਵਿਚ ਇਕ ਲੜਕੀ ਉਤੇ ਤਸ਼ੱਦਦ ਕੀਤਾ, ਉਹਦੀ ਜੰਮ ਕੇ ਮਾਰ-ਕੁਟਾਈ ਕੀਤੀ। ਲੜਕੀ ਹਰਬਿੰਦਰ ਕੌਰ ਪੁੱਤਰੀ ਸ਼ ਕਸ਼ਮੀਰ ਸਿੰਘ ਵਾਸੀ ਉਸਮਾ ਆਪਣੇ ਪਰਿਵਾਰ ਸਮੇਤ ਕਿਸੇ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਹੋਈ ਸੀ, ਜਿੱਥੇ ਇਕ ਟੈਕਸੀ ਡਰਾਇਵਰ ਸਾਹਿਬ ਸਿੰਘ ਅਤੇ ਉਹ ਦੇ ਸਾਥੀ ਨੇ ਉਸ ਨਾਲ ਛੇੜਖਾਨੀ ਕੀਤੀ। ਲੜਕੀ ਨੇ ਵਿਰੋਧ ਕੀਤਾ ਤਾਂ ਇਨ੍ਹਾਂ ਮੁੰਡਿਆਂ ਨੇ ਹੋਰ ਅਸ਼ਲੀਲ ਹਰਕਤਾਂ ਕੀਤੀਆਂ। ਇਸ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਟੈਕਸੀ ਵਾਲੇ ਤੇ ਉਹਦੇ ਸਾਥੀ ਨਾਲ ਹੱਥੋਪਾਈ ਕੀਤੀ। ਡਰਾਇਵਰ ਨੇ ਫੋਨ ਕਰ ਕੇ ਪੁਲਿਸ ਬੁਲਾ ਲਈ। ਪੁਲਸੀਆਂ ਨੇ ਆਉਂਦੇ ਹੀ ਲੜਕੀ ਦੇ ਪਰਿਵਾਰ ਨੂੰ ਕੁਟਾਪਾ ਚਾੜ੍ਹਿਆ। ਲੜਕੀ ਦੇ ਪਿਉ ਦੀ ਪੱਗ ਲਾਹ ਕੇ ਉਹਨੂੰ ਕੁੱਟਿਆ। ਜਦ ਲੜਕੀ ਆਪਣੇ ਪਿਉ ਵੱਲ ਦੌੜੀ ਤਾਂ ਦੋ ਪੁਲਸੀਆਂ ਨੇ ਥੱਪੜਾਂ ਅਤੇ ਡੰਡਿਆਂ ਨਾਲ ਕੁੜੀ ਨੂੰ ਪਸ਼ੂਆਂ ਵਾਂਗ ਕੁੱਟਿਆ ਅਤੇ ਉਹਨੂੰ ਸ਼ਰ੍ਹੇਆਮ ਬੇਇੱਜ਼ਤ ਕੀਤਾ। ਇਹ ਸਾਰੀ ਕਾਰਵਾਈ ਚੈਨਲਾਂ ‘ਤੇ ਵਾਰ-ਵਾਰ ਵਿਖਾਈ ਗਈ ਜਿਸ ਨੂੰ ਵੇਖ-ਵੇਖ ਲੋਕ ਤਰਾਸ-ਤਰਾਸ ਕਰ ਉਠੇ ਅਤੇ ਲਾਹਨਤਾਂ ਪਾਈਆਂ।
ਫਰੀਦਕੋਟ ਵਿਚ ਸ਼ਰੂਤੀ ਕੇਸ ਤੋਂ ਸ਼ੁਰੂ ਹੋਇਆ ਪੰਜਾਬ ਸਰਕਾਰ ਅਤੇ ਪੁਲਿਸ ਦਾ ਘਿਣਾਉਣਾ ਰੂਪ ਲੋਕਾਂ ਦਾ ਮੂੰਹ ਚਿੜਾ ਰਿਹਾ ਹੈ। ਚੋਰ ਅਤੇ ਕੁੱਤੇ ਭਾਈਵਾਲ ਬਣ ਕੇ ਪੰਜਾਬ ਦੀ ਅਜ਼ਮਤ ਰੋਲ ਰਹੇ ਹਨ। ਮੰਤਰੀਆਂ-ਸੰਤਰੀਆਂ ਦੇ ਗੁੰਡਾ ਗੈਂਗ ਅਤੇ ਅੱਗਿਓਂ ਉਨ੍ਹਾਂ ਦੇ ਖਬਰੀਏ ਸ਼ਰ੍ਹੇਆਮ ਦਨਦਨਾਉਂਦੇ ਫਿਰਦੇ ਹਨ ਅਤੇ ਕੁੱਤਿਆਂ ਵਾਂਗ ਸੁੰਘਦੇ ਫਿਰਦੇ ਹਨ ਕਿ ਕਿਹੜਾ ‘ਮਾਲ’ ਚੰਗਾ ਹੈ ਅਤੇ ਉਸ ‘ਮਾਲ’ ਨੂੰ ਕਦੋਂ ਚੁੱਕਿਆ ਜਾਵੇਗਾ। ਧੀਆਂ-ਧਿਆਣੀਆਂ ਲਈ ਇਹ ਗੁੰਡੇ ਲੋਕ ‘ਮਾਲ’ ਲਫ਼ਜ਼ ਦੀ ਵਰਤੋਂ ਕਰ ਰਹੇ ਹਨ। ਜਦ ਲੁੱਟੀਆਂ-ਪੁੱਟੀਆਂ ਧੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਾਲੇ ਥਾਣਿਆਂ ਵਿਚ ਜਾ ਕੇ ਰੋਂਦੇ ਹਨ ਤਾਂ ਪੁਲਿਸ ਵਾਲੇ ਉਨ੍ਹਾਂ ਨੂੰ ਢਾਰਸ ਦੇਣ ਦੀ ਬਜਾਏ ਉਨ੍ਹਾਂ ਦੀ ਛਿੱਤਰ ਪਰੇਡ ਕਰਦੇ ਹਨ ਤੇ ਧਮਕੀਆਂ ਵੀ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਖ਼ਿਲਾਫ਼ ਤੁਸੀਂ ਰੌਲਾ ਪਾ ਰਹੇ ਹੋ, ਉਹ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਬੰਦੇ ਹਨ। ਵੱਡੇ ਗੁੰਡੇ ਕੌਣ ਹਨ-ਮੰਤਰੀਆਂ ਦੇ ਮੁਸ਼ਟੰਡੇ ਜਾਂ ਪੁਲਿਸ ਦੇ ਭੇੜੀਏ? ਅੱਜ ਅਖ਼ਬਾਰਾਂ ਵਿਚ ਆਮ ਖ਼ਬਰਾਂ ਨਾਲੋਂ ਬਲਾਤਕਾਰਾਂ ਤੇ ਪੁਲਿਸ ਵਧੀਕੀਆਂ ਦੀਆਂ ਸੁਰਖੀਆਂ ਵੱਧ ਹਨ। ਕਿਥੇ ਬੈਠੀ ਹੈ ਲੁਕ ਕੇ ਪੰਜਾਬ ਦੀ ਸਰਕਾਰ, ਜੋ ‘ਰਾਜ ਨਹੀਂ ਸੇਵਾ’ ਕਰ ਰਹੀ ਹੈ? ਕਿੱਥੇ ਹੈ ਪੰਜਾਬ ਦਾ ਧਾਰਮਿਕ ਚਿਹਰਾ ਜੋ ਰੋਸ਼ਨੀ ਵਿਚ ਵੀ ਕਿਤੇ ਵਿਖਾਈ ਨਹੀਂ ਦੇ ਰਿਹਾ? ਕਿਥੇ ਹਨ ਪੰਜਾਬ ਦੇ ਵਾਰਸ ਤੇ ਪੰਜਾਬ ਦੇ ਬੇ-ਤਾਜ ਬਾਦਸ਼ਾਹ?
ਜਿਸ ਪਾਸੇ ਦੇਖੋ, ਬਲਾਤਕਾਰ!! ਅੱਜ ਪੰਜਾਬ ਦਾ ਵਿਕਾਸ ਆਪਣੇ ਮੂੰਹੋਂ ਬੋਲ ਰਿਹਾ ਹੈ-ਘਰਾਂ ਵਿਚ ਬਲਾਤਕਾਰ, ਕਾਰਾਂ ਵਿਚ ਬਲਾਤਕਾਰ, ਸਕੂਲਾਂ-ਕਾਲਜਾਂ ਵਿਚ ਬਲਾਤਕਾਰ, ਦਫ਼ਤਰਾਂ ਵਿਚ ਬਲਾਤਕਾਰ! ਜਿਵੇਂ ਇਹ ਅੰਕੜੇ ਇੱਕਠੇ ਕਰ ਕੇ ਪੰਜਾਬ ਸਰਕਾਰ ਨੇ ਦੁਨੀਆਂ ਵਿਚ ਆਪਣਾ ਝੰਡਾ ਬੁਲੰਦ ਕਰਨਾ ਹੋਵੇ। ਧੀਆਂ ਦੀ ਇੱਜ਼ਤ ਸ਼ਰ੍ਹੇਆਮ ਲੱਥ ਰਹੀ ਹੈ, ਕੌਣ ਲਾਹ ਰਿਹਾ ਹੈ? ਸਰਕਾਰੀ ਗੁੰਡੇ।æææਤੇ ਉਨ੍ਹਾਂ ਦੀ ਪਿੱਠ ਥਾਪੜ ਰਹੀ ਹੈ ਪੰਜਾਬ ਦੀ ਪੁਲਿਸ। ਆਮ ਆਦਮੀ ਤਾਂ ਪੁਲਿਸ ਵਾਲਿਆਂ ਤੋਂ ਇਵੇਂ ਡਰਦਾ ਹੈ ਜਿਵੇਂ ਬਾਜਾਂ ਤੋਂ ਚਿੜੀਆਂ। ਪੰਜਾਬ ਦਾ ਹਰ ਲੀਡਰ ਅਕ੍ਰਿਤਘਣ ਅਤੇ ਬੇਈਮਾਨ ਹੋ ਚੁੱਕਾ ਹੈ। ਪੰਜਾਬ ਦੀ ਬਦਕਿਸਮਤੀ ਹੈ ਕਿ ਵੋਟਰ ਵਿਕਾਊ ਹੋ ਚੁੱਕਾ ਹੈ। ਜਦੋਂ ਲੀਡਰ ਨੇ ਨੋਟ ਦੇ ਕੇ ਵੋਟਾਂ ਲਈਆਂ ਹਨ ਤਾਂ ਫਿਰ ਉਹ ਪੰਜਾਬ ਦੀਆਂ ਧੀਆਂ ਦੀ ਹਿਫ਼ਾਜ਼ਤ ਕਿਉਂ ਕਰਨਗੇ? ਮੁੱਲ ਖਰੀਦੀ ਵੋਟ ਤੇ ਵਿਕੇ ਹੋਏ ਵੋਟਰਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ, ਇਹ ਲੀਡਰ ਤਬਕੇ ਨੂੰ ਭਲੀ ਪ੍ਰਕਾਰ ਪਤਾ ਹੈ। ਅੱਜ ਪੰਜਾਬ ਦਾ ਵੋਟਰ ਨਿਕੰਮਾ ਹੋ ਚੁੱਕਾ ਹੈ ਕਿਉਂਕਿ ਇਸ ਨੇ ਤਾਂ ਚੰਦ ਸਿੱਕਿਆਂ ਲਈ ਜਾਂ ਅਫੀਮਾਂ-ਭੁੱਕੀਆਂ ਲਈ ਆਪਣੀ ਜ਼ਮੀਰ ਤੱਕ ਵੇਚ ਛੱਡੀ ਹੈ।
ਪੰਜਾਬ ਵਾਲਿਓ! ਅਜੇ ਤਾਂ ‘ਰਾਜ ਨਹੀਂ ਸੇਵਾ’ ਦਾ ਇਕ ਸਾਲ ਹੀ ਪੂਰਾ ਹੋਇਆ ਹੈ; ਪੂਰੇ ਚਾਰ ਸਾਲ ਹੋਰ ਪਏ ਹਨ। ਅਜੇ ਤਾਂ ਸ਼ੁਰੂਆਤ ਹੀ ਹੋਈ ਹੈ, ਤੂਫ਼ਾਨ ਆਉਣੇ ਅਜੇ ਬਾਕੀ ਹਨ। ਲਾਹਨਤ ਹੈ ਇਹੋ ਜਿਹੇ ਰਾਜ ‘ਤੇ! ਇਹੋ ਜਿਹੇ ਸਮਾਜ ‘ਤੇ!! ਲਾਹਨਤ ਹੈ ਇਹੋ ਜਿਹੇ ਰਖਵਾਲਿਆਂ ‘ਤੇ ਜੋ ਧੀਆਂ ਨੂੰ ਬਚਾਉਣ ਦੀ ਥਾਂ ਸ਼ਰ੍ਹੇਆਮ ਸੜਕਾਂ ‘ਤੇ ਕੁੱਟਦੇ ਹਨ ਅਤੇ ਉਨ੍ਹਾਂ ਦੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਉਨ੍ਹਾਂ ਨੂੰ ਨੰਗੀਆਂ ਕਰਦੇ ਹਨ। ਹੁਣ ਆਮ ਆਦਮੀ ਮਹਿਫੂਜ਼ ਨਹੀਂ ਹੈ, ਪੰਜਾਬ ਦਲ-ਦਲ ਵਿਚ ਧਸ ਚੁੱਕਾ ਹੈ। ਜਵਾਨੀ ਨਸ਼ਿਆਂ ਵਿਚ ਡੁੱਬ ਕੇ ਅਪਾਹਜ ਹੋ ਚੁੱਕੀ ਹੈ। ਪੰਜਾਬ ਹਰ ਪੱਖ ਤੋਂ ਨਿਘਾਰ ਵੱਲ ਜਾ ਰਿਹਾ ਹੈ, ਪਰ ਰੱਬ ਦਾ ਵਾਸਤਾ ਜੇ, ਅਜੇ ਵੀ ਸੰਭਲ ਜਾਉ। ਪੰਜਾਬੀਉ! ਤੁਹਾਡੇ ਕੋਲ ਤਾਕਤ ਹੈ, ਉਸ ਦੀ ਵਰਤੋਂ ਕਰੋ। ਪਿੰਡਾਂ, ਸ਼ਹਿਰਾਂ ਅਤੇ ਗਲੀਆਂ ਮੁਹੱਲਿਆਂ ਦੇ ਲੋਕੋ, ਆਪਣੇ ਨਿੱਜੀ ਵਿਰੋਧ ਤਿਆਗ ਕੇ ਇਕੱਠੇ ਹੋਵੇ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਆਪ ਕਰੋ। ਬੱਸ, ਇਕੋ ਚਾਰਾ ਹੈ-ਸਭ ਜਾਤਾਂ ਪਾਤਾਂ ਤੇ ਧਰਮਾਂ ਨੂੰ ਛੱਡ ਕੇ ਇੱਕਠੇ ਹੋ ਜਾਵੋ; ਜਦ ਜਨਤਾ ਇਕੱਠੀ ਹੋ ਕੇ ਤੁਰ ਪਈ, ਤੁਹਾਡੀ ਤਾਕਤ ਸਾਹਮਣੇ ਆ ਗਈ ਤਾਂ ਕੋਈ ਮੰਤਰੀ ਜਾਂ ਪੁਲਿਸ ਵਾਲਾ ਤੁਹਾਡੇ ਵਧਦੇ ਹੋਏ ਵੇਗ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕੇਗਾ। ਉਠੋ, ਇਕੱਠੇ ਹੋਵੇ ਤੇ ਆਪਣੀਆਂ ਧੀਆਂ ਦੀਆਂ ਇੱਜ਼ਤਾਂ ਆਪ ਬਚਾਵੋ।

Be the first to comment

Leave a Reply

Your email address will not be published.