ਹਵਾਈ ਅੱਡੇ ‘ਤੇ ਦਸਤਾਰ ਉਤਾਰਨ ਲਈ ਸਿੱਖ ਜਥੇਬੰਦੀ ਸਹਿਮਤ

ਅੰਮ੍ਰਿਤਸਰ: ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਹਵਾਈ ਅੱਡੇ ‘ਤੇ ਸਿੱਖ ਜਥੇਬੰਦੀ ਵੱਲੋਂ ਸਿੱਖ ਯਾਤਰੂਆਂ ਦੀ ਜਾਂਚ ਸਮੇਂ ਦਸਤਾਰ ਉਤਾਰ ਕੇ ਜਾਂਚ ਕੀਤੇ ਜਾਣ ਦਾ ਸਮਰਥਨ ਕਰਨ ਬਾਰੇ ਚਿਪਕਾਏ ਪੱਤਰ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਗੰਭੀਰ ਨੋਟਿਸ ਲਿਆ ਹੈ ਤੇ ਸਿੱਖ ਜਥੇਬੰਦੀ ਨੂੰ ਹਦਾਇਤ ਕੀਤੀ ਹੈ ਕਿ ਉਹ ਹਵਾਈ ਅੱਡੇ ‘ਤੇ ਆਪਣੇ ਤੌਰ ‘ਤੇ ਲਾਏ ਅਜਿਹੇ ਪੱਤਰ ਨੂੰ ਤੁਰੰਤ ਵਾਪਸ ਲਏ।
ਇਸ ਹਵਾਈ ਅੱਡੇ ‘ਤੇ ਪਦਮਸ੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਜਾਂਚ ਸਮੇਂ ਦਸਤਾਰ ਉਤਾਰਨ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਵਾਪਰ ਚੁੱਕੀ ਹੈ ਜਿਸ ਦਾ ਇਥੇ ਲੋਕ ਸਭਾ ਵਿਚ ਵੀ ਰੌਲਾ ਪਿਆ ਸੀ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਸਿੱਖ ਸੰਗਤਾਂ ਵੱਲੋਂ ਸ਼ਿਕਾਇਤ ਪੁੱਜੀ ਹੈ ਜਿਸ ਵਿਚ ਦੱਸਿਆ ਗਿਆ ਕਿ ਬਰੇਸ਼ੀਆ ਦੇ ਹਵਾਈ ਅੱਡੇ ‘ਤੇ ਉਥੋਂ ਦੀ ਸਿੱਖ ਜਥੇਬੰਦੀ ਇਟਲੀ ਸਿੱਖ ਕੌਂਸਲ ਵੱਲੋਂ ਪੱਤਰ ਲਾਇਆ ਗਿਆ ਹੈ ਜਿਸ ਵਿਚ ਉਥੋਂ ਦੀ ਬਾਰਡਰ ਪੁਲਿਸ ਆਫਿਸ ਤੇ ਐਸ਼ਸੀæਏæ ਸਟਾਫ ਨਾਲ ਹੋਏ ਸਮਝੌਤੇ ਦਾ ਹਵਾਲਾ ਦਿੰਦਿਆਂ ਲਿਖਿਆ ਹੋਇਆ ਹੈ ਕਿ ਦਸਤਾਰਧਾਰੀ ਸਿੱਖ ਯਾਤਰੂਆਂ ਨੂੰ ਹਵਾਈ ਅੱਡੇ ਤੋਂ ਰਵਾਨਗੀ ਤੋਂ ਪਹਿਲਾਂ ਹੋਰ ਯਾਤਰੂਆਂ ਵਾਂਗ ਜਾਂਚ ਕਰਾਉਣੀ ਜ਼ਰੂਰੀ ਹੋਵੇਗੀ।
ਸਿੱਖ ਯਾਤਰੂਆਂ ਦੀ ਜਾਂਚ ਵਿਸ਼ੇਸ਼ ਕਮਰੇ ਵਿਚ ਕੀਤੀ ਜਾਵੇਗੀ ਜਿੱਥੇ ਸਿਰਫ ਸੁਰੱਖਿਆ ਅਮਲਾ ਸ਼ਾਮਲ ਹੋਵੇਗਾ ਤੇ ਉਥੇ ਦਸਤਾਰ ਉਤਾਰ ਕੇ ਇਸ ਦੇ ਅੰਦਰੂਨੀ ਹਿੱਸੇ ਦੀ ਜਾਂਚ ਕੀਤੀ ਜਾ ਸਕੇਗੀ। ਜੇਕਰ ਉਸ ਦੇ ਅੰਦਰ ਕੋਈ ਇਤਰਾਜ਼ਯੋਗ ਚੀਜ਼ ਪਾਈ ਗਈ ਤਾਂ ਯਾਤਰੂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਪੱਤਰ ਵਿਚ ਇਹ ਵੀ ਦਰਜ ਹੈ ਕਿ ਸਿੱਖ ਯਾਤਰੂ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਉਹ ਦਸਤਾਰ ਉਤਾਰ ਕੇ ਜਾਂਚ ਕਰਾਉਣਾ ਚਾਹੁੰਦਾ ਹੈ ਜਾਂ ਫਿਰ ਵਿਸ਼ੇਸ਼ ਜਾਂਚ ਮਸ਼ੀਨ ਰਾਹੀਂ ਜਾਂਚ ਕਰਾਉਣਾ ਚਾਹੁੰਦਾ ਹੈ ਪਰ ਦਸਤਾਰ ਦੀ ਜਾਂਚ ਹੋਣਾ ਜ਼ਰੂਰੀ ਹੈ।
ਇਹ ਪੱਤਰ ਸਿੱਖ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਤੁੜ ਵੱਲੋਂ ਲਿਖਿਆ ਹੋਇਆ ਹੈ ਜਿਸ ਉਪਰ 24 ਮਾਰਚ, 2011 ਦੀ ਤਾਰੀਖ ਅੰਕਿਤ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਪੱਤਰ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਤੇ ਉਨ੍ਹਾਂ ਇਸ ਜਥੇਬੰਦੀ ਨੂੰ ਹਦਾਇਤ ਕੀਤੀ ਹੈ ਕਿ ਉਹ ਤੁਰੰਤ  ਇਤਰਾਜ਼ਯੋਗ ਪੱਤਰ ਨੂੰ ਵਾਪਸ ਲਵੇ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਨੇ ਆਖਿਆ ਕਿ ਇਹ ਪੱਤਰ ਹੁਣ ਵੀ ਉਸ ਹਵਾਈ ਅੱਡੇ ਦੇ ਨੋਟਿਸ ਬੋਰਡ ‘ਤੇ ਲੱਗਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਸਮੁੱਚੀ ਸਿੱਖ ਕੌਮ ਵਿਸ਼ਵ ਵਿਚ ਦਸਤਾਰ ਦਾ ਮਾਣ ਸਨਮਾਨ ਬਹਾਲ ਕਰਾਉਣ ਲਈ ਯਤਨਸ਼ੀਲ ਹੈ ਤੇ ਦੂਜੇ ਪਾਸੇ ਇਕ ਸਿੱਖ ਜਥੇਬੰਦੀ ਆਪਣੇ ਪੱਧਰ ‘ਤੇ ਹੀ ਅਜਿਹਾ ਫੈਸਲਾ ਲੈ ਰਹੀ ਹੈ ਜਿਸ ਦਾ ਸਮੁੱਚੀ ਕੌਮ ਵਿਰੋਧ ਕਰ ਰਹੀ ਹੈ। ਭਾਈ ਨਿਰਮਲ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨਾਲ 2010 ਵਿਚ ਇਸੇ ਹਵਾਈ ਅੱਡੇ ‘ਤੇ ਘਟਨਾ ਵਾਪਰੀ ਸੀ ਜਿਸ ਦਾ ਉਨ੍ਹਾਂ ਨੇ ਸਖ਼ਤ ਵਿਰੋਧ ਕੀਤਾ ਸੀ। ਇਸ ਪੱਤਰ ਦਾ ਵਿਰੋਧ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਸਮੁੱਚੀ ਸਿੱਖ ਕੌਮ ਨਾਲ ਜੁੜਿਆ ਮਾਮਲਾ ਹੈ ਜਿਸ ਬਾਰੇ ਕਿਸੇ ਨੂੰ ਆਪਣੇ ਤੌਰ ‘ਤੇ ਫੈਸਲਾ ਨਹੀਂ ਕਰਨਾ ਚਾਹੀਦਾ।

Be the first to comment

Leave a Reply

Your email address will not be published.