ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਪਿਛਲੇ ਦਿਨੀਂ ਖਬਰ ਆਈ ਕਿ ਕੇਂਦਰ ਦੇ ਯੋਜਨਾ ਕਮਿਸ਼ਨ ਦੇ ਮੈਂਬਰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮਿਲੇ। ਜਦ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਲਈ ਆਰਥਕ ਰਾਹਤ ਦਾ ਵਾਸਤਾ ਪਾਇਆ ਗਿਆ, ਜਿਨ੍ਹਾਂ ਨੇ ਕੇਂਦਰ ਦੇ ਅਨਾਜ ਭੰਡਾਰ ਨੂੰ ਭਰਿਆ ਹੈ, ਤਾਂ ਯੋਜਨਾ ਕਮਿਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਬਾਰੇ ਕੇਂਦਰ ਕੁਝ ਨਹੀਂ ਕਰ ਸਕਦਾ।
ਪੰਜਾਬ ਸਰਕਾਰ ਹੀ ਇਸ ਬਾਰੇ ਫਿਕਰ ਕਰੇ। ਪੰਜਾਬ ਨੂੰ ਕੇਂਦਰ ਦੇ ਅਨਾਜ ਭੰਡਾਰ ਬਾਰੇ ਵੀ ਫਿਕਰ ਕਰਨ ਦੀ ਲੋੜ ਨਹੀਂ। ਇਸ ਦਾ ਬੰਦੋਬਸਤ ਕੇਂਦਰ ਖੁਦ ਕਰ ਲਵੇਗਾ। ਬਹੁਤ ਤਲਖ, ਕਰਾਰੇ ਤੇ ਸਪੱਸ਼ਟ ਜਵਾਬ ਨੇ ਪੰਜਾਬ ਸਰਕਾਰ ਨੂੰ ਜਵਾਬਹੀਣ ਕਰ ਦਿੱਤਾ। ਦਰਅਸਲ ਹੁਣ ਜਦ ਦੂਸਰੇ ਰਾਜ ਅਨਾਜ ਪੈਦਾ ਕਰਕੇ ਅਨਾਜ-ਲੋੜਾਂ ਪੂਰੀਆਂ ਕਰ ਸਕਦੇ ਹਨ ਤਾਂ ਪੰਜਾਬ ਦੇ ਅਨਾਜ ਦੀ ਕਿਸ ਨੂੰ ਲੋੜ ਏ?
ਭਾਰਤ ਦੇ ਖਾਲੀ ਅੰਨ ਭੰਡਾਰਾਂ ਨੂੰ ਨੱਕੋ-ਨੱਕ ਭਰਨ ਵਾਲੇ ਪੰਜਾਬ ਲਈ ਇਸ ਤੋਂ ਵਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਉਸ ਨੂੰ ਸ਼ਾਬਾਸ਼ ਜਾਂ ਮਾਣ-ਤਾਣ ਤਾਂ ਕੀ ਮਿਲਣਾ ਸੀ, ਸਗੋਂ ਉਸ ਨੂੰ ਆਪਣੀ ਤ੍ਰਾਸਦੀ ਸੰਗ ਜਿਉਣ ਅਤੇ ਖੁਦਕੁਸ਼ੀਆਂ ਦੀ ਉਗ ਰਹੀ ਫਸਲ ਨੂੰ ਹੋਰ ਹੁਲਾਰਾ ਦੇਣ ਵਿਚ ਕੇਂਦਰ ਨੇ ਆਪਣਾ ਯੋਗਦਾਨ ਜਰੂਰ ਪਾ ਦਿੱਤਾ ਏ। ਪੰਜਾਬ ਦਾ ਬੁੱਧੀਜੀਵੀ ਵਰਗ ਪਹਿਲਾਂ ਵਾਂਗ ਹੀ ਖਾਮੋਸ਼ ਏ ਅਤੇ ਖਾਮੋਸ਼ ਹੈਨ ਪੰਜਾਬ ਦੇ ਸਿਆਸੀ, ਧਾਰਮਿਕ ਤੇ ਸਮਾਜਕ ਰਹਿਨੁਮਾ।
ਕੀ ਇਕ ਵਾਰ ਫਿਰ ਪੰਜਾਬ ਕਿਸੇ ਬਹੁਤ ਹੀ ਸੋਚੀ-ਸਮਝੀ, ਕਮੀਨੀ ਸਾਜਿਸ਼ ਦਾ ਸ਼ਿਕਾਰ ਹੋ ਗਿਆ ਹੈ? ਕੀ ਪੰਜਾਬੀ ਸੂਬਾ ਮੰਗਣ ਕਾਰਨ, ਪੰਜਾਬੀਆਂ ਦੀ ਅੜੀ ਭੰਨਣ, ਅਣਖ ਨੂੰ ਮਿੱਟੀ ‘ਚ ਮਿਲਾਉਣ ਅਤੇ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਹੀ ਕੇਂਦਰ ਵਲੋਂ ਹਰੀ ਕ੍ਰਾਂਤੀ ਦੇ ਨਾਅਰੇ ਨਾਲ ਪੰਜਾਬ ਨੂੰ ਕਰਮਨਾਸ਼ ਧਰਾਤਲ ਬਣਾਇਆ ਗਿਆ ਸੀ?
ਕੁਦਰਤੀ ਸਰੋਤਾਂ ਨਾਲ ਲਬਰੇਜ਼ ਸੀ ਪੰਜਾਬ। ਬੰਦੇ ਜੰਮਣ ਵਾਲੀ ਜਮੀਨ, ਅੰਮ੍ਰਿਤ ਵਰਗੇ ਪਾਣੀ, ਪਾਕ-ਪਾਕੀਜ਼ ਹਵਾ ਤੇ ਸਰੂ ਵਰਗੇ ਸੋਹਣੇ ਗੱਭਰੂਆਂ ਦੀ ਧਰਤੀ ਅਤੇ ਮਾਣਮੱਤੇ ਪੰਜਾਬ ਨੂੰ ਹੀਣਾ ਬਣਾਉਣ ਲਈ ਹੀ ਤਾਂ ਇਹ ਚਾਲ ਨਹੀਂ ਸੀ ਚੱਲੀ ਗਈ? ਕੀ ਇਸ ਚਾਲ ਵਿਚ ਪੰਜਾਬ ਦੇ ਸਿਆਸਤਦਾਨ, ਖੇਤੀ ਵਿਗਿਆਨੀ ਅਤੇ ਬੁੱਧੀਜੀਵੀ ਵਰਗ ਵੀ ਢੰਗ ਨਾਲ ਸ਼ਾਮਲ ਸੀ? ਕੀ ਹਰੀ ਕ੍ਰਾਂਤੀ ਦੇ ਭਵਿੱਖੀ ਕੁ-ਪ੍ਰਭਾਵਾਂ ਬਾਰੇ ਵਿਗਿਆਨੀਆਂ/ਬੁੱਧੀਜੀਵੀਆਂ ਨੂੰ ਕੋਈ ਕਿਆਸ ਨਹੀਂ ਸੀ? ਕੀ ਇਹ ਸਭ ਕੁਝ ਜਾਣ-ਬੁੱਝ ਕੇ ਤਾਂ ਨਹੀਂ ਹੋਣ ਦਿੱਤਾ ਗਿਆ ਜਿਸ ਵਿਚ ਕਾਰਪੋਰੇਟ ਅਦਾਰਿਆਂ ਅਤੇ ਕੇਂਦਰ ਵਿਚ ਰਾਜ ਕਰਦੀ ਸਿਆਸੀ ਪਾਰਟੀ ਦੀ ਸਾਜਿਸ਼ ਸੀ ਕਿ ਕਿਵੇਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਅਤੇ ਖਤਮ ਕੀਤਾ ਜਾਵੇ। ਹਰੇ ਇਨਕਲਾਬ ਦੇ ਨਾਂ ਹੇਠ ਪੰਜਾਬ ਦੇ ਪਾਣੀਆਂ ਵਿਚ ਜਹਿਰ ਘੋਲ ਕੇ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਨਾਮਰਦ ਬਣਾਉਣ ਦੀ ਕੀ ਕੋਈ ਚਾਲ ਸੀ?
ਇਉਂ ਲੱਗਦਾ ਏ, ਬਹੁਤ ਹੀ ਡੂੰਘੀ, ਸੋਚੀ-ਸਮਝੀ ਅਤੇ ਕੋਝੀ ਚਾਲ ਪੰਜਾਬੀਆਂ ਨਾਲ ਚੱਲੀ ਗਈ। ਪੰਜਾਬੀ ਕਿਸਾਨਾਂ ਨੂੰ ਅਜਿਹੇ ਸੁਪਨੇ ਦਿਖਾਏ ਗਏ ਕਿ ਪੰਜਾਬ, ਭਾਰਤ ਦਾ ਅੰਨਦਾਤਾ ਹੈ ਅਤੇ ਪੰਜਾਬ ਤੋਂ ਬਿਨਾ ਭਾਰਤ ਦਾ ਸਰ ਹੀ ਨਹੀਂ ਸਕਦਾ। ਪੰਜਾਬੀਆਂ ਨੂੰ ਵੀ ਲੱਗਾ ਕਿ ਅਨਾਜ ਦੀ ਵਧੀ ਹੋਈ ਪੈਦਾਵਾਰ ਸ਼ਾਇਦ ਉਨ੍ਹਾਂ ਦੀ ਆਰਥਕ ਖੁਸ਼ਹਾਲੀ ਦਾ ਰਾਹ ਖੋਲ੍ਹੇਗੀ? ਪਰ ਇਹ ਸਭ ਕੁਝ ਇਕ ਛਲਾਵੇ ਤੋਂ ਵੱਧ ਕੁਝ ਨਾ ਨਿਕਲਿਆ। ਕੇਂਦਰ ਦੀ ਦੂਰਰਸੀ ਤੇ ਸਵਾਰਥੀ ਨੀਤੀ ਦੇ ਅਸਰ ਅਤੇ ਹੁਣ ਪ੍ਰਗਟਾਈ ਕੇਂਦਰ ਦੀ ਅਕ੍ਰਿਤਘਣਤਾ ਨੇ ਸੰਵੇਦਨਸ਼ੀਲ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਸਮਾਂ ਬੀਤਣ ਤੋਂ ਬਾਅਦ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦਾ ਏ, ਪਰ ਇਸ ਪਛਤਾਵੇ ਵਿਚੋਂ ਉਭਰਨ ਲਈ ਬਹੁਤ ਹੀ ਸੂਝਵਾਨ, ਸੁੱਚੇ ਅਤੇ ਦੂਰਅੰਦੇਸ਼ ਆਗੂਆਂ ਦੀ ਰਹਿਨੁਮਾਈ ਦੀ ਲੋੜ ਹੁੰਦੀ ਹੈ, ਜੋ ਨਿਜੀ ਸਵਾਰਥ ਤੋਂ ਉਪਰ ਉਠ ਕੇ ਪੰਜਾਬ ਅਤੇ ਪੰਜਾਬੀਆਂ ਬਾਰੇ ਕੁਝ ਸਾਰਥਕ ਸੋਚ ਸਕਣ।
ਯਾਦ ਰੱਖਣਾ! ਉਹ ਕੌਮਾਂ ਬਹੁਤ ਜਲਦੀ ਆਪਣੀ ਹੋਂਦ ਗਵਾ ਬਹਿੰਦੀਆਂ ਨੇ, ਜੋ ਭਵਿੱਖ-ਮੁਖੀ ਨਹੀਂ ਸੋਚਦੀਆਂ, ਜਿਨ੍ਹਾਂ ਨੂੰ ਦੂਰਰਸੀ ਪ੍ਰਭਾਵਾਂ ਤੇ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਪਤਾ ਨਾ ਲੱਗ ਸਕੇ ਅਤੇ ਜਿਨ੍ਹਾਂ ਕੋਲ ਭਵਿੱਖ ਨੂੰ ਸੁਚਾਰੂ ਮੋੜ ਦੇਣ ਲਈ ਸਹੀ ਫੈਸਲਾ ਲੈਣ ਤੇ ਇਸ ਨੂੰ ਸਹੀ ਤੇ ਸਾਰਥਕ ਰੂਪ ਵਿਚ ਸਮੂਹ ਲੋਕਾਈ ਤੀਕ ਪਹੁੰਚਾਉਣ ਦਾ ਵੱਲ ਨਾ ਹੋਵੇ। ਹੁਣ ਤੀਕ ਬਹੁਤੇ ਪੰਜਾਬੀ ਆਗੂ ਕੇਂਦਰ ਮੁਤਾਬਕ ਕਦਮ ਉਠਾਉਣ ਤੀਕ ਹੀ ਸੀਮਤ ਨੇ। ਉਨ੍ਹਾਂ ਲਈ ਪੰਜਾਬ ਦੀ ਜ਼ਹਿਰੀਲੀ ਹੋ ਗਈ ਧਰਤੀ, ਪਲੀਤ ਹੋ ਚੁਕੇ ਪਾਣੀ, ਪ੍ਰਦੂਸ਼ਿਤ ਹੋ ਗਈ ਹਵਾ, ਬਿਮਾਰੀਆਂ ਦੀ ਲਪੇਟ ਵਿਚ ਆਈ ਪੰਜਾਬੀ ਕੌਮ ਅਤੇ ਸਾਹਾਂ ਨੂੰ ਧੱਕਾ ਦੇ ਰਹੀ ਜਵਾਨ-ਪੀੜ੍ਹੀ ਨਾਲ ਕੋਈ ਸਰੋਕਾਰ ਨਹੀਂ।
ਕੀ ਕਦੇ ਸੋਚਿਆ ਜੇ ਕਿ ਹਰੀ ਕ੍ਰਾਂਤੀ ਨਾਲ ਪੰਜਾਬ ਨੇ ਕੀ ਖੱਟਿਆ? ਹੁਣ ਅਸੀਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤਾਤ ਨਾਲ ਹੀ ਫਸਲਾਂ ਅਤੇ ਸਬਜ਼ੀਆਂ ਉਗਾਉਣ ਲਈ ਲਾਚਾਰ ਹੋ ਗਏ ਹਾਂ, ਜਿਨ੍ਹਾਂ ਨੂੰ ਉਗਾਉਣ ਵਾਲਾ ਖੁਦ ਵੀ ਆਪਣੇ ਘਰ ਵਿਚ ਇਨ੍ਹਾਂ ਦੀ ਵਰਤੋਂ ਤੋਂ ਗੁਰੇਜ ਨਹੀਂ ਕਰਦਾ। ਕੀਟਨਾਸ਼ਕ ਸਾਡੀ ਫੂਡ-ਚੇਨ ਦਾ ਹਿੱਸਾ ਬਣ ਕੇ ਸਾਡੀਆਂ ਮਾਂਵਾਂ ਦੇ ਦੁੱਧ ਨੂੰ ਵੀ ਜ਼ਹਿਰੀਲਾ ਕਰ ਗਏ ਨੇ ਅਤੇ ਮਾਂਵਾਂ ਦੁੱਧ ਚੁੰਘਦੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੀਆਂ ਨੇ। ਬਿਰਖ ਅਸੀਂ ਕੋਈ ਰਹਿਣ ਨਹੀਂ ਦਿੱਤਾ, ਪੰਛੀਆਂ ਅਤੇ ਜਨੌਰਾਂ ਦੀ ਅਣਹੋਂਦ ਸਦਕਾ ਕੁਦਰਤੀ ਸੰਤੁਲਨ ਵਿਗੜ ਚੁਕਾ ਏ। ਪੰਜਾਬ ਦੇ ਦਰਿਆ ਬਰੇਤਿਆਂ ਦੀ ਜੂਨ ਹੰਢਾਉਣ ਲਈ ਮਜਬੂਰ ਨੇ। ਧਰਤੀ ਹੇਠਲਾ ਪਾਣੀ ਹੁਣ ਪਿਆਸਿਆਂ ਲਈ ਅੰਮ੍ਰਿਤ ਨਹੀਂ ਸਗੋਂ ਬਿਮਾਰੀ ਦਾ ਪੈਗਾਮ ਏ। ਮਰਦ-ਅਗੰਮੜੇ ਪੈਦਾ ਕਰਨ ਵਾਲੀ ਧਰਤ ਹੁਣ ਖੁਦਕੁਸ਼ੀਆਂ ਦੀ ਫਸਲ ਉਗਾ ਰਹੀ ਏ ਅਤੇ ਇਨ੍ਹਾਂ ਖੁਦਕੁਸ਼ੀਆਂ ਵਿਚ ਸ਼ਾਮਲ ਨੇ ਚਿੜੀਆਂ, ਕਾਂ, ਕਬੂਤਰ ਅਤੇ ਮਾਸੂਮ ਘੁੱਗੀਆਂ।
ਕਦੇ ਵੇਲਾ ਸੀ, ਸਿਹਤਮੰਦ ਪੰਜਾਬੀਆਂ ਦੇ ਦਰਸ਼ਨੀ ਜੁੱਸੇ ਹਰੇਕ ਦਾ ਮਨ ਮੋਹ ਲੈਂਦੇ ਸਨ। ਨਸ਼ਿਆਂ ਦੀ ਦਲਦਲ ਵਿਚ ਫਸੀ ਪੰਜਾਬੀ ਜਵਾਨੀ ਸੱਤਹੀਣ ਹੋਈ, ਲਾਇਲਾਜ ਅਲਾਮਤਾਂ ਨਾਲ ਗ੍ਰਸੀ ਹੋਈ ਏ। ਪੰਜਾਬ ਵਿਚੋਂ ਚਲਦੀਆਂ ਨੇ ਕੈਂਸਰ ਟਰੇਨਾਂ। ਨਲਕਿਆਂ, ਨਹਿਰਾਂ, ਕੱਸੀਆਂ, ਸੂਇਆਂ, ਔਲੂਆਂ ਤੇ ਆੜਾਂ ਦਾ ਪਾਣੀ ਪੀ ਕੇ ਤੰਦਰੁਸਤ ਰਹਿਣ ਵਾਲੇ ਪੰਜਾਬੀਆਂ ਦੇ ਘਰਾਂ ਵਿਚ ਆਰ. ਓ. ਲੱਗੇ ਹੋਣ ਦੇ ਬਾਵਜੂਦ ਵੀ ਉਹ ਬਿਮਾਰ ਨੇ। ਸਮੁੱਚੇ ਪੰਜਾਬ ਵਿਚ ਹਸਪਤਾਲਾਂ ਦੀ ਭਰਮਾਰ ਏ ਅਤੇ ਹਰ ਹਸਤਪਾਲ ਵਿਚ ਮਰੀਜਾਂ ਦੀਆਂ ਬੇਸ਼ੁਮਾਰ ਭੀੜਾਂ ਹਨ। ਨਾਮਰਦੀ ਦਾ ਸ਼ਿਕਾਰ ਹੋਏ ਪੰਜਾਬੀ ਫਰਟੀਲਿਟੀ ਸੈਂਟਰ ਵਿਚੋਂ ਔਲਾਦ ਭਾਲਣ ਲਈ ਮਜਬੂਰ ਹੋ ਗਏ ਨੇ?
ਜਰਾ ਸੋਚਣਾ! ਸਿਹਤ ਅਤੇ ਕੁਦਰਤੀ ਸਰੋਤ ਗਵਾ ਕੇ ਅਸੀਂ ਕੀ ਖੱਟਿਆ ਏ ਹਰੀ ਕ੍ਰਾਂਤੀ ਤੋਂ? ਇਹ ਵੀ ਸੋਚਣਾ ਕਿ ਬਿਮਾਰੀਆਂ ‘ਤੇ ਲੱਗ ਰਿਹਾ ਪੈਸਾ, ਖੇਤੀ ‘ਤੇ ਹੋ ਰਹੀ ਆਮਦਨ ਨਾਲੋਂ ਕਿੰਨੇ ਗੁਣਾ ਵੱਧ ਏ?
ਕੀ ਪੰਜਾਬ ਦੀਆਂ ਅਲਾਮਤਾਂ ਅਤੇ ਇਸ ਦੇ ਕਾਰਨਾਂ ਨੂੰ ਸਮਝੇ ਬਿਨਾ, ਵਿਭਿੰਨ ਅਲਾਮਤਾਂ ਵਿਚ ਘਿਰੇ ਪੰਜਾਬ ਦਾ ਇਲਾਜ ਸੰਭਵ ਹੈ? ਕੀ ਕਿਸੇ ਸੰਸਥਾ ਜਾਂ ਧਿਰ ਨੇ ਇਨ੍ਹਾਂ ਦੇ ਕਾਰਨਾਂ ਦੀ ਘੋਖ ਕੀਤੀ ਹੈ ਅਤੇ ਇਨ੍ਹਾਂ ਨੂੰ ਵਿਧੀਵਤ ਤਰੀਕੇ ਨਾਲ ਸੁਲਝਾਉਣ ਲਈ ਉਸਾਰੂ ਸੁਝਾਅ ਦਿੱਤੇ ਨੇ? ਕੀ ਇਹ ਸਭ ਕੁਝ ਅਜਿਹੀਆਂ ਸੰਸਥਾਵਾਂ ਜਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਤਾਂ ਨਹੀਂ ਹਨ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਖਤਮ ਕਰਨ ਲਈ ਹਰ ਹਰਬਾ ਵਰਤ ਰਹੇ ਨੇ? ਹੁਣ ਪੰਜਾਬ ਕੁਦਰਤੀ ਸਰੋਤਾਂ ਤੋਂ ਵਿਹੂਣਾ ਹੋ ਚੁਕਾ ਹੈ। ਬਹੁਤੇ ਪੰਜਾਬੀ ਸਰੀਰਕ ਤੇ ਮਾਨਸਿਕ ਬਿਮਾਰੀਆਂ ਵਿਚ ਸਾਹਾਂ ਦਾ ਸਿਵਾ ਸੇਕਦੇ, ਆਪਣੀ ਅਰਥੀ ਮੋਢੇ ‘ਤੇ ਚੁੱਕੀ ਫਿਰਦੇ ਨੇ। ਨਸ਼ਿਆਂ ਦੀ ਦਲਦਲ ਵਿਚ ਫਸ ਗਈ ਹੈ ਪੰਜਾਬ ਦੀ ਹੋਣੀ, ਜਿਸ ਵਿਚੋਂ ਨਿਕਲਣ ਲਈ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਅਜੋਕੇ ਹਾਲਾਤ ਨੇ ਗੈਂਗਸਟਰਾਂ ਦੀ ਇਕ ਅਜਿਹੀ ਨਸਲ ਪੈਦਾ ਕਰ ਦਿੱਤੀ ਏ, ਜੋ ਪੰਜਾਬ ਦੀਆਂ ਨਰੋਈਆਂ ਕਦਰਾਂ ਕੀਮਤਾਂ ‘ਤੇ ਧੱਬਾ ਏ।
ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵੋਟਾਂ ਖਾਤਰ ਪੰਜਾਬੀਆਂ ਨੂੰ ਮੰਗਤਿਆਂ ਦੀ ਕੌਮ ਬਣਾ ਦਿੱਤਾ ਹੈ ਜੋ ਮੁਫਤ ਆਟਾ-ਦਾਲ, ਬਿਜਲੀ, ਪਾਣੀ ਤੇ ਰਾਖਵੇਂਕਰਣ ਆਦਿ ਵਰਗੀਆਂ ਥੋੜ੍ਹ-ਚਿਰੀਆਂ ਲੁਭਾਊ ਚਾਲਾਂ ਵਿਚ ਫਸ ਕੇ ਆਪਣੀ ਹੋਣੀ ਅਤੇ ਤਕਦੀਰ ‘ਤੇ ਕਾਲਖ ਫੇਰ ਰਹੇ ਨੇ। ਅਮਰੀਕਾ ਤੇ ਕੈਨੇਡਾ ਵਿਚ ਸ਼ਾਸਕਾਂ ਨੇ ਮੂਲ ਵਾਸੀਆਂ ਨੂੰ ਮੁਫਤ-ਸਹੂਲਤਾਂ ਦੇ ਕੇ ਅਜਿਹੇ ਸਾਹ-ਸੱਤਹੀਣ ਕਰ ਦਿੱਤਾ ਕਿ ਉਹ ਆਪਣਾ ਦੇਸ਼ ਗਵਾ, ਮੰਗਤਿਆਂ-ਹਾਰ, ਦੂਰ-ਦੁਰੇਡੀਆਂ ਨਿੱਕੀਆਂ ਨਿੱਕੀਆਂ ਬਸਤੀਆਂ ਵਿਚ ਸੁੰਗੜ ਕੇ ਰਹਿ ਗਏ ਨੇ। ਕੀ ਅਜਿਹਾ ਹੀ ਪੰਜਾਬੀਆਂ ਨਾਲ ਹੋਣ ਵਾਲਾ ਹੈ?
ਦਰਅਸਲ ਹਰੀ ਕ੍ਰਾਂਤੀ ਮੁੱਢ ਸੀ, ਪੰਜਾਬ ਤੇ ਪੰਜਾਬੀਆਂ ਨੂੰ ਸਰਬਨਾਸ਼ ਦੇ ਰਾਹ ਤੋਰਨ ਦਾ। ਪੰਜਾਬੀਆਂ ਦੇ ਸਵਾਰਥੀ ਲੀਡਰ, ਨਾ-ਸਮਝ ਪੰਜਾਬੀ ਤੇ ਅਰਥ ਸ਼ਾਸ਼ਤਰੀ ਜਾਂ ਖੇਤੀ ਵਿਗਿਆਨੀ ਅਜਿਹੀਆਂ ਚਾਲਾਂ ਨੂੰ ਸਮਝਣ ਤੋਂ ਕੋਰੇ ਰਹੇ, ਜਿਸ ਦਾ ਖਮਿਆਜ਼ਾ ਹੁਣ ਪੰਜਾਬੀ ਭੋਗ ਰਹੇ ਨੇ। ਸਿਹਤਮੰਦ ਖੁਰਾਕਾਂ, ਸੰਤੁਲਤ, ਸਹਿਜ ਅਤੇ ਸੰਤੋਖੀ ਜੀਵਨ-ਸ਼ੈਲੀ ਅਤੇ ਭਾਈਚਾਰਕ ਸਾਂਝ ਨਾਲ ਓਤਪੋਤ ਪੰਜਾਬੀਆਂ ਨੂੰ ਸੁੱਕੇ ਤੀਲੇ ਬਣਾ, ਆਲ੍ਹਣੇ ਦੇ ਤੀਲਿਆਂ ਵਾਂਗ ਬਿਖੇਰ ਕੇ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਤਾਕਤਾਂ ਨੇ ਆਪਣੀਆਂ ਕੂਟਨੀਤਕ ਚਾਲਾਂ ਨੂੰ ਸਾਬਤ ਕਰ ਦਿਖਾਇਆ ਹੈ। ਸਾਡੇ ਬਜ਼ੁਰਗਾਂ ਦਾ ਖੇਤੀ ਮਾਡਲ ਅਤੇ ਉਨ੍ਹਾਂ ਦੀ ਜੀਵਨ-ਜਾਚ ਸਾਡੇ ਲਈ ਰੋਲ ਮਾਡਲ ਹੋਣੀ ਚਾਹੀਦਾ ਸੀ, ਜੋ ਸਾਡੇ ਨਾਲੋਂ ਹੁਣ ਵੀ ਨਿਰੋਗ ਹਨ, ਸੰਤੁਸ਼ਟ ਅਤੇ ਸਹਿਜਮਈ ਲੰਮੇਰੀ ਉਮਰ ਜਿਉਂਦੇ ਨੇ। ਕੀ ਪੰਜਾਬੀ ਹੁਣ ਤੀਕ ਇਨ੍ਹਾਂ ਚਾਲਾਂ ਨੂੰ ਸਮਝ ਸਕੇ ਕਿ ਨਹੀਂ? ਇਸ ਬਾਰੇ ਵੀ ਸ਼ੱਕ ਏ? ਕੀ ਹੁਣ ਪੰਜਾਬੀਆਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢਣ, ਕੀਟਨਾਸ਼ਕਾਂ ਅਤੇ ਖਾਦਾਂ ਦੀ ਲੋੜੋਂ ਵੱਧ ਵਰਤੋਂ ਨਾ ਕਰਨ ਅਤੇ ਪੰਜਾਬੀਆਂ ਨੂੰ ਪੰਜਾਬੀਆਂ ਵਰਗਾ ਜੀਵਨ ਜਿਉਣ ਲਈ ਕੋਈ ਪ੍ਰੇਰਿਤ ਕਰ ਸਕੇਗਾ? ਕੀ ਕੋਈ ਸੁੱਚੀ-ਸੱਚੀ ਅਤੇ ਸਾਰਥਕ ਸੋਚ ਵਾਲਾ ਪੰਜਾਬੀ ਪੰਜਾਬੀਆਂ ਦੀ ਖੁਰ ਰਹੀ ਹੋਣੀ ਨੂੰ ਸੰਵੇਦਨਾ, ਸਮਰਪਣ ਅਤੇ ਸੇਧਤ ਸਾਕਾਰਾਤਮਕ ਸੋਚ-ਸਾਧਨਾ ਨਾਲ ਨਵੀਂ ਦਿਸ਼ਾ ਤੇ ਦਸ਼ਾ ਦੇਣ ਵੱਲ ਪਹਿਲ ਕਰੇਗਾ? ਆਸ ਰੱਖਣ ਵਿਚ ਤਾਂ ਕੋਈ ਹਰਜ਼ ਨਹੀਂ।
ਕਦੇ ਪੋ. ਪੂਰਨ ਸਿੰਘ ਨੇ ਕਿਹਾ ਸੀ, ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ।’ ਹੁਣ ਲੱਗਦਾ ਏ ਕਿ ਜੇ ਅਜਿਹੇ ਅਣਸੁਖਾਵੇਂ, ਘਾਤਕ, ਕਰੂਰ, ਸਵੈ-ਮਾਰੂ ਅਤੇ ਮੰਡਰਾਉਂਦੀ ਮੌਤ ਦੇ ਮਾਹੌਲ ਵਿਚ ਵੀ ਪੰਜਾਬ ਜਿਉਂਦਾ ਏ ਤਾਂ ਸ਼ਾਇਦ ਸੱਚੀਂ ਪੰਜਾਬ ਗੁਰਾਂ ਦੇ ਨਾਮ ‘ਤੇ ਹੀ ਜਿਉਂਦਾ ਏ?
ਪੰਜਾਬ ਸਦਾ ਪਹਿਲ ਕਰਦਾ ਆਇਆ ਏ ਅਤੇ ਹੁਣ ਫਿਰ ਇਕ ਨਵੀਂ, ਨਰੋਈ ਅਤੇ ਨਿਵੇਕਲੀ ਪਹਿਲ ਦੀ ਲੋੜ ਹੈ। ਆਸ ਹੈ, ਪੰਜਾਬ ਅਜਿਹੀ ਪਹਿਲ ਕਰਨ ਵੰਨੀਂ ਹੋਰ ਦੇਰ ਨਹੀਂ ਲਾਵੇਗਾ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਸਰਬਮੁਖੀ ਸਿਹਤਮੰਦੀ ਦੇ ਰਾਹ ਤੋਰੇਗੀ।
ਪੰਜਾਬ! ਹਾਲੇ ਵੀ ਸੰਭਲ ਜਾਹ! ਤੂੰ ਕਈ ਵਾਰ ਉਜੜਿਆ ਅਤੇ ਆਬਾਦ ਹੋਇਆ ਏਂ। ਪਰ ਇਸ ਵਾਰ ਤੇਰੇ ਤਣੇ ਦੇ ਨਾਲ ਨਾਲ ਤੇਰੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਗਿਆ ਏ। ਪਰ ਕਲਮ ਨੂੰ ਆਸ ਤੇ ਵਿਸ਼ਵਾਸ ਹੈ ਕਿ ਤੇਰੀ ਫਿਜ਼ਾ ਵਿਚ ਕਾਇਨਾਤ ਮਹਿਕੇਗੀ ਅਤੇ ਤੂੰ ਪਹਿਲੇ ਰੰਗ ਵਿਚ ਹੀ ਜੀਵਨ ਨੂੰ ਧੜਕਣ ਲਾਵੇਂਗਾ।