ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜਾਬ ਤੋਂ ਆਉਂਦੀਆਂ ਨਿਘਾਰ ਵਾਲੀਆਂ ਖਬਰਾਂ ਦੀ ਅਕਸਰ ਭਰਮਾਰ ਰਹਿੰਦੀ ਹੈ ਪਰ ਜਦੋਂ ਕਦੇ ਕੋਈ ਸੁਭਾਗੀ ਸੁਲੱਖਣੀ ਖਬਰ ਨਜ਼ਰੀਂ ਪੈਂਦੀ ਹੈ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿਤੇ ਤਪਦੇ ਮਾਰੂਥਲ ਵਿਚ ਵਿਆਕੁਲ ਹੋਏ ਖੜ੍ਹਿਆਂ ‘ਤੇ ਅਚਾਨਕ ਸਾਉਣ ਦੀ ਠੰਢੀ ਮਿੱਠੀ ਫੁਹਾਰ ਪੈ ਗਈ ਹੋਵੇ। ਬਿਲਕੁਲ ਇਵੇਂ ਹੀ ਜਾਪਿਆ ਜਦੋਂ ਬੀਤੇ ਦਿਨੀਂ ਸੀ.ਬੀ.ਐਸ਼ਈ. ਨੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ।
ਸੰਸਾਰ ਭਰ ਵਿਚ ਵਸਦੇ ਪੰਜਾਬੀਆਂ ਲਈ ‘ਮਹਾਨ ਖੁਸ਼ਖਬਰੀ’ ਬਣ ਕੇ ਆਈ ਇਹ ਖਬਰ ਪਲਾਂ ਵਿਚ ਸੋਸ਼ਲ ਮੀਡੀਆ ‘ਤੇ ਛਾ ਗਈ ਕਿ ਪੰਜਾਬ ਦੇ ਮਾਲਵਾ ਇਲਾਕੇ ਦੀ ਹੋਣਹਾਰ ਬੱਚੀ ਪੰਜਾਬ ਵਿਚੋਂ ਹੀ ਨਹੀਂ ਸਗੋਂ ਦੇਸ਼ ਦੇ ਉਤਰੀ ਖਿੱਤੇ ਵਿਚੋਂ ਅੱਵਲ ਆਈ ਹੈ।
ਆਮ ਪੇਂਡੂ ਕਿਸਾਨ ਪਰਿਵਾਰ ਤੋਂ ਸੋਲਾਂ ਸਾਲ ਦੀ ਬਾਲੜੀ ਤਰਨਪ੍ਰੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਪੜ੍ਹ ਕੇ ਕੁਝ ਸਥਾਨਕ ਪੱਤਰਕਾਰਾਂ, ਦੋਸਤਾਂ ਦੀ ਮਦਦ ਨਾਲ ਉਸ ਦਾ ਸੰਪਰਕ ਨੰਬਰ ਲਿਆ। ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜ਼ੀਦ ਕੇ ਖੁਰਦ ਵਿਚ ਰਹਿੰਦੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਉਸ ਦੇ ਦਾਦਾ ਜੀ, ਪਿਤਾ ਜੀ ਅਤੇ ਮਾਤਾ ਜੀ ਨੂੰ ਵਧਾਈਆਂ ਦੇਣ ਤੋਂ ਬਾਅਦ ਖੁਸ਼ੀ ‘ਚ ਖੀਵੀ ਹੋ ਰਹੀ ਧੀ ਨਾਲ ਗੱਲਬਾਤ ਕੀਤੀ। ਸਿਰ ‘ਤੇ ਕੇਸਕੀ ਸਜਾਉਂਦੀ ਇਸ ਹੋਣਹਾਰ ਧੀ ਰਾਣੀ ਨਾਲ ਹੋਈ ਗੱਲਬਾਤ ਦੀਆਂ ਕੁਝ ਸਤਰਾਂ:
ਇਹ ਪੁੱਛਣ ‘ਤੇ ਕਿ ਆਪਣੀ ਇਸ ਗੌਰਵਮਈ ਪ੍ਰਾਪਤੀ ਦਾ ਸਿਹਰਾ ਸਭ ਤੋਂ ਪਹਿਲਾਂ ਕਿਸੇ ਨੂੰ ਦਿੰਦੇ ਹੋ?
ਤਰਨਪ੍ਰੀਤ ਕੌਰ ਨੇ ਹੰਢੇ-ਵਰਤੇ ਸਿਆਣਿਆਂ ਵਾਂਗ ਜਵਾਬ ਦਿੰਦਿਆਂ ਕਿਹਾ, “ਅੰਕਲ ਜੀ, ਇਹ ਸਭ ਸਤਿਗੁਰੂ ਵਾਹਿਗੁਰੂ ਦੀ ਕ੍ਰਿਪਾ ਸਦਕਾ ਹੋਇਆ, ਜਿਸ ਨੇ ਇਹ ਵੱਡੀ ਬਖਸ਼ਿਸ਼ ਝੋਲੀ ਪਾਉਣ ਲਈ ਮੈਨੂੰ ਨਿਮਾਣੀ ਨੂੰ ਚੁਣਿਆ। ਫਿਰ ਮੇਰੇ ਸਤਿਕਾਰਤ ਅਧਿਆਪਕ ਸਾਹਿਬਾਨ, ਮੇਰੇ ਮਾਂ-ਬਾਪ ਅਤੇ ਸਹੇਲੀਆਂ ਦਾ ਯੋਗਦਾਨ ਰਿਹਾ। ਮੇਰੀ ਮਿਹਨਤ ਅਤੇ ਇਨ੍ਹਾਂ ਸਾਰਿਆਂ ਦੀ ਬਦੌਲਤ ਮੈਨੂੰ ਇਹ ਸੁਭਾਗੀ ਪ੍ਰਾਪਤੀ ਨਸੀਬ ਹੋਈ। ਹਾਂ ਸੱਚ, ਮੇਰੇ ਚਾਚਾ ਜੀ ਸ਼ ਕਮਲਜੀਤ ਸਿੰਘ ਦੀ ਹੱਲਾਸ਼ੇਰੀ ਨੇ ਮੇਰਾ ਉਤਸ਼ਾਹ ਹਮੇਸ਼ਾ ਬਣਾਈ ਰੱਖਿਆ। ਆਪਣੇ ਪਿਆਰੇ ਚਾਚਾ ਜੀ ਦੀ ਮੈਂ ਬਹੁਤ ਜ਼ਿਆਦਾ ਰਿਣੀ ਹਾਂ।”
ਮੈਂ ਪੁੱਛਿਆ, ਤੁਸੀਂ ਕਦੇ ਸੋਚਿਆ ਸੀ ਕਿ ਪੰਜਾਬ ਵਿਚੋਂ ਟੌਪ ਕਰਾਂਗੀ?
ਜਵਾਬ ਸੀ, “ਸਿਰਫ ਪੰਜਾਬ ਵਿਚੋਂ ਹੀ ਨਹੀਂ ਸਰ”, ਉਹ ਮੇਰੇ ਸਵਾਲ ਦੀ ਦਰੁਸਤੀ ਕਰਦਿਆਂ ਕਹਿਣ ਲੱਗੀ, “ਸੀ.ਬੀ.ਐਸ਼ਈ. ਦਾ ਇਹ ਉਤਰੀ ਭਾਰਤ ਵਾਲਾ ‘ਪੰਚਕੂਲਾ ਜ਼ੋਨ’ ਹੈ ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਸ਼ਾਮਲ ਹਨ। ਮੈਂ ਇਸ ਖੇਤਰ ਵਿਚੋਂ ਫਸਟ ਪੁਜ਼ੀਸ਼ਨ ਲਈ ਹੈ। ਉਂਜ ਦੇਸ਼ ਭਰ ਵਿਚੋਂ ਮੇਰਾ ਤੀਸਰਾ ਰੈਂਕ ਹੈ।… ਰਹੀ ਗੱਲ ਸੁਪਨਾ ਦੇਖਣ ਦੀ, ਮੈਂ ਆਪਣੇ ਮੰਮੀ ਜੀ ਨੂੰ ਕਦੇ ਕਦੇ ਸਵਾਲ ਜਿਹਾ ਕਰਦੀ ਹੁੰਦੀ ਸਾਂ ਕਿ ਮੈਂ ਕਦੇ ਪੰਜਾਬ ਵਿਚੋਂ ਫਸਟ ਆ ਸਕਦੀ ਹਾਂ ਭਲਾ? ਉਨ੍ਹਾਂ ਹੱਸਦਿਆਂ ਆਖਣਾ, ‘ਤੂੰ ਜ਼ਿਲ੍ਹੇ ਵਿਚੋਂ ਹੀ ਫਸਟ ਆ ਜੀਂ।’ ਪਰ ਸੱਚ ਦੱਸਾਂ, ਪੰਜਾਬ ਵਿਚੋਂ ਟੌਪ ਆਉਣ ਦਾ ਟੀਚਾ ਕਾਗਜ਼ ‘ਤੇ ਲਿਖ ਕੇ ਮੈਂ ਗੁਪਤ ਰੱਖਿਆ ਹੋਇਆ ਸੀ। ਸੁਬ੍ਹਾ ਸਵੇਰੇ ਨਿਤਨੇਮ ਉਪਰੰਤ ਅਰਦਾਸ ਕਰਨ ਵੇਲੇ ਨਾਲੇ ਮੈਂ ਸਤਿਗੁਰੂ ਪਾਸੋਂ ਸਮਰੱਥਾ ਦੀ ਯਾਚਨਾ ਕਰਿਆ ਕਰਦੀ ਸਾਂ ਅਤੇ ਨਾਲੇ ਉਸ ਲਿਖੇ ਹੋਏ ਟੀਚੇ ਵਾਲੇ ਪੇਪਰ ਨੂੰ ਗੌਰ ਨਾਲ ਦੇਖਦੀ ਹੁੰਦੀ ਸਾਂ।”
ਬਰਾਡਵੇਅ ਪਬਲਿਕ ਸਕੂਲ ਪਿੰਡ ਮਨਾਲ ਦੀ ਵਿਦਿਆਰਥਣ ਵਜੋਂ 500 ਵਿਚੋਂ 497 ਨੰਬਰ ਲੈ ਕੇ ਇਤਿਹਾਸ ਸਿਰਜਣ ਵਾਲੀ ਤਰਨਪ੍ਰੀਤ ਕੌਰ ਨੂੰ ਜਦ ਮੈਂ ਟਿਊਸ਼ਨ ਬਾਰੇ ਪੁੱਛਿਆ ਤਾਂ ਉਸ ਨੇ ਬੜੇ ਮੋਹ ਸਤਿਕਾਰ ਨਾਲ ਆਪਣੇ ਸਕੂਲ ਦੇ ਅਧਿਆਪਕਾਂ ਦੇ ਨਾਂ ਲੈ ਲੈ ਕੇ ਦਸਿਆ ਕਿ ਸਾਡੇ ਅਧਿਆਪਕ ਸਾਨੂੰ ਮਿਹਨਤ ਹੀ ਏਨੀ ਕਰਾਉਂਦੇ ਸਨ ਕਿ ਟਿਊਸ਼ਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਕਦੇ।
ਜਕਦਿਆਂ ਜਕਦਿਆਂ ਕੀਤੇ ਮੇਰੇ ਇਕ ਸਵਾਲ ਦੇ ਜਵਾਬ ਵਿਚ ਉਸ ਨੇ ਸਪਸ਼ਟ ਜਵਾਬ ਦਿਤਾ, “ਅੰਕਲ ਜੀ, ਮੈਂ ਫੇਸਬੁੱਕ ‘ਤੇ ਨਹੀਂ ਹਾਂ। ਵਟਸਐੱਪ ‘ਤੇ ਵੀ ਮੇਰਾ ਸੀਮਤ ਜਿਹਾ ਦਾਇਰਾ ਹੈ। ਬਸ ਐਜੂਕੇਸ਼ਨ ਜਾਂ ਧਾਰਮਿਕ ਸਮੱਗਰੀ ਦਾ ਹੀ ਆਦਾਨ-ਪ੍ਰਦਾਨ ਕਰਦੀ ਹਾਂ, ਉਹ ਵੀ ਨਾਂ-ਮਾਤਰ ਹੀ ਕਿਉਂਕਿ ਮੇਰੇ ਕੋਲ ਟਾਇਮ ਹੀ ਨਹੀਂ ਹੁੰਦਾ ਫੋਨ ‘ਤੇ ਠੂੰਗੇ ਮਾਰਨ ਦਾ। ਪੜ੍ਹਾਈ ਤੋਂ ਇਲਾਵਾ ਸਵੇਰੇ-ਸ਼ਾਮ ਨਿਤਨੇਮ ਦੇ ਨਾਲ ਨਾਲ ਸਹਿਜ ਪਾਠ ਵੀ ਅਰੰਭ ਰਖਦੀ ਹਾਂ।”
ਪੰਜਵੀਂ ‘ਚ ਪੜ੍ਹਦਿਆਂ ਆਪਣੇ ਚਾਚੀ-ਚਾਚੇ ਨਾਲ ਅੰਮ੍ਰਿਤਪਾਨ ਕਰ ਲੈਣ ਵਾਲੀ ਇਸ ਬੀਬੀ ਧੀ ਅਤੇ ਇਸ ਦੀ ਮੰਮੀ ਦੇ ਸਿਰਾਂ ‘ਤੇ ਸਜੀਆਂ ਕੇਸਕੀਆਂ ਵਾਲੀ ਅਖਬਾਰੀ ਫੋਟੋ ਤੋਂ ਲਾਏ ਅੰਦਾਜ਼ੇ ਮੁਤਾਬਕ ਮੈਂ ਤਰਨਪ੍ਰੀਤ ਕੌਰ ਦੀ ਮੰਮੀ ਨੂੰ ਪੁੱਛਿਆ ਕਿ ਤੁਸੀਂ ਟਕਸਾਲ ਜਾਂ ਅਖੰਡ ਕੀਰਤਨੀ ਜਥੇ ਨਾਲ ਸਬੰਧਤ ਹੋ?
“ਨਾ ਜੀ ਨਾ, ਵੀਰ ਜੀ।” ਦੋ ਟੁੱਕ ਜਵਾਬ ਦਿੰਦਿਆਂ ਉਹ ਬੋਲੇ ਕਿ ਨਾ ਅਸੀਂ ਕਿਸੇ ਜਥੇਬੰਦੀ ਅਤੇ ਨਾਲ ਹੀ ਕਿਸੇ ਸੰਤ ਬਾਬੇ ਦੇ ਸਿੱਖ ਹਾਂ। ਸਾਨੂੰ ਤਾਂ ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ ਨੇ ਗੁਰਮਤਿ ਦੇ ਰਾਹ ਪਾਇਆ ਹੈ। ਉਨ੍ਹਾਂ ਦੇ ਦੀਵਾਨ ਸੁਣ ਕੇ ਕਰਮ-ਕਾਂਡ ਤੇ ਭਰਮ-ਭੁਲੇਖੇ ਸਭ ਦੂਰ ਹੋ ਜਾਂਦੇ ਐ।
ਫਿਰ ਫੋਨ ਫੜ੍ਹ ਲਿਆ ਤਰਨਪ੍ਰੀਤ ਕੌਰ ਦੇ ਡੈਡੀ ਅਤੇ ਮੇਰੇ ਸਿਰਨਾਂਵੀਏ ਤਰਲੋਚਨ ਸਿੰਘ ਨੇ। ਉਨ੍ਹਾਂ ਆਪਣੀ ਧੀ ਰਾਣੀ ਦੀ ਸਿਫਤ ਕਰਦਿਆਂ ਥੋੜ੍ਹਾ ਆਪਣੇ ਪਿਛੋਕੜ ਬਾਰੇ ਵੀ ਦੱਸਿਆ, “ਸਾਥੋਂ ਤਾਂ ਜੀ ਕਦੇ ਘੌਲ ਹੋ ਜਾਂਦੀ ਐ, ਪਰ ਤਰਨਪ੍ਰੀਤ ਕੌਰ ਗੁਰਮਤਿ ‘ਤੇ ਡਟ ਕੇ ਪਹਿਰਾ ਦਿੰਦੀ ਹੈ। ਅਸੀਂ ਤਾਂ ਜੀ ਆਪਣੇ ਖੇਤਾਂ ਵਿਚ ਬਣੀ ਮੜ੍ਹੀ ਨੂੰ ਹੀ ਪੂਜਦੇ ਹੁੰਦੇ ਸੀ। ਸਭ ਤੋਂ ਪਹਿਲਾਂ ਮੇਰੇ ਭਰਾ-ਭਰਜਾਈ ਤੇ ਤਰਨਪ੍ਰੀਤ ਨੇ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨਾਂ ਵਿਚ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ। ਇਹ ਤਿੰਨੇ ਜਣੇ ਪਹਿਲਾਂ ਅੰਮ੍ਰਿਤਪਾਨ ਕਰ ਆਏ, ਅਸੀਂ ਬਾਅਦ ਵਿਚ ਗੁਰੂ ਵਾਲੇ ਬਣੇ।
ਗੱਲਾਂਬਾਤਾਂ ਕਰਦਿਆਂ ਸ਼ਾਮ ਪੈ ਰਹੀ ਸੀ, ਇਸ ਕਰ ਕੇ ਤਰਨਪ੍ਰੀਤ ਨੇ ਮੈਥੋਂ ਛੁੱਟੀ ਲੈਂਦਿਆਂ ਪੁੱਛਿਆ ਕਿ ਸਰ, ਕੋਈ ਹੋਰ ਸਵਾਲ ਹੈ ਤਾਂ ਪੁੱਛ ਲਉ, ਰਹਿਰਾਸ ਦਾ ਟਾਈਮ ਹੋ ਚੱਲਿਆ ਹੈ। ਮੈਨੂੰ ਸਵਾਲ ਅਹੁੜਿਆ ਤੇ ਪੁੱਛਿਆ, ਅੱਜ ਪੰਜਾਬ ਦਾ ਹਰ ਲੜਕਾ ਤੇ ਲੜਕੀ ਵਿਦੇਸ਼ ਜਾਣ ਦਾ ਨਿਸ਼ਾਨਾ ਮਿਥੀ ਬੈਠੇ ਹਨ, ਤੁਹਾਡਾ ਕੀ ਵਿਚਾਰ ਹੈ?
ਉਸ ਦਾ ਜਵਾਬ ਸੁਣ ਕੇ ਮੈਂ ਦੰਗ ਰਹਿ ਗਿਆ, “ਦੇਖੋ ਸਰ, ਮੇਰਾ ਆਈ.ਏ.ਐਸ਼ ਵੱਲ ਜਾਣ ਦਾ ਮਨ ਹੈ। ਬਾਈਚਾਂਸ ਜੇ ਮੈਨੂੰ ਕਿਸੇ ਸਟੱਡੀ ਲਈ ਵਿਦੇਸ਼ ਜਾਣਾ ਵੀ ਪਿਆ ਤਾਂ ਸਟੱਡੀ ਮੁਕਾ ਕੇ ਮੈਂ ਪੰਜਾਬ ਪਰਤ ਆਵਾਂਗੀ। ਆਪਣੇ ਘਰ ਦੀ ਗੰਦਗੀ ਅਸੀਂ ਸਾਫ ਨਾ ਕਰੀਏ, ਪਰ ਗੁਆਂਢੀਆਂ ਦੀ ਸਫਾਈ ਦੇਖ ਦੇਖ ਹੁੱਬੀਂ ਜਾਈਏ… ਸੱਤ ਬਿਗਾਨਿਆਂ ਦੀਆਂ ਸਿਫਤਾਂ ਕਰਦੇ ਉਨ੍ਹਾਂ ਵੱਲ ਭੱਜੇ ਜਾਣਾ ਕਿਧਰਲੀ ਸਿਆਣਪ ਹੋਈ? ਨਾਲੇ ਅੰਕਲ ਜੀ, ਮੈਂ ਜ਼ਿੰਦਗੀ ਵਿਚ ਜੋ ਮਰਜ਼ੀ ਬਣਾਂ, ਵਾਹਿਗੁਰੂ ਮੈਨੂੰ ਬਲ ਬੁੱਧੀ ਬਖਸ਼ੇ। ਮੈਂ ਭਾਈ ਪੰਥਪ੍ਰੀਤ ਸਿੰਘ ਹੁਰਾਂ ਵਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਮਿਸ਼ਨ ਵਿਚ ਸਰਗਰਮ ਰੋਲ ਅਦਾ ਕਰਨਾ ਹੈ।”
ਅਖੀਰ ਵਿਚ ਉਸ ਨੇ ਫਿਰ ਆਪਣੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਲਿਖਣ ਦੀ ਤਾਕੀਦ ਕਰ ਕੇ ਮੈਨੂੰ ਫਤਿਹ ਬੁਲਾ ਦਿੱਤੀ।
ਪਰਿਵਾਰ ਤੋਂ ਇਹ ਸੁਣ ਕੇ ਹੈਰਾਨੀ ਤੇ ਦੁੱਖ ਹੋਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਟਵੀਟ’ ਰਾਹੀਂ ਇਸ ਬੱਚੀ ਨੂੰ ਵਧਾਈ ਸੰਦੇਸ਼ ਦਿੱਤੇ ਜਾਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਨ੍ਹਾਂ ਦੇ ਘਰ ਨਹੀਂ ਪਹੁੰਚਿਆ। ਸਥਾਨਕ ਪੱਤਰਕਾਰ ਜੀਵਨ ਸ਼ਰਮਾ ਰਾਮਗੜ੍ਹ ਨੇ ਇਸ ਘੋਰ ਅਣਗਹਿਲੀ ਬਾਰੇ ਕਈ ਅਖਬਾਰਾਂ ਵਿਚ ਖਬਰਾਂ ਵੀ ਪ੍ਰਕਾਸ਼ਿਤ ਕਰਵਾਈਆਂ। ਸਾਬੋ ਕੀ ਤਲਵੰਡੀ ਵਾਲੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਵਧਾਈ ਸੰਦੇਸ਼ ਭੇਜਿਆ ਪਰ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚ ਕਰਨ ਦੇ ਐਲਾਨ ਕਰਨ ਵਾਲੀ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਇਥੇ ਨਹੀਂ ਪਹੁੰਚਿਆ। ਹਾਂ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਹਰਵਿੰਦਰ ਸਿੰਘ ਅਤੇ ਬੀਬੀ ਗਗਨਦੀਪ ਕੌਰ ਪ੍ਰਚਾਰਕ, ਤਰਨਪ੍ਰੀਤ ਕੌਰ ਦਾ ਸਨਮਾਨ ਕਰ ਕੇ ਗਏ। ਹਮੀਦੀ ਅਤੇ ਮਾਂਗੇਵਾਲ ਦੀਆਂ ਸਤਿਕਾਰ ਕਮੇਟੀਆਂ ਵੀ ਸ਼ਾਬਾਸ਼ ਦੇ ਗਈਆਂ। ਰੱਬ ਕਰੇ, ਤਰਨਪ੍ਰੀਤ ਕੌਰ ਹੋਰ ਬੁਲੰਦੀਆਂ ਛੂਹੇ।