ਸ਼ਾਇਸਤਗੀ ਦੀ ਸੁਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ!

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮੁਹੱਬਤ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਸੀ, “ਮੁਹੱਬਤ, ਜ਼ਿੰਦਗੀ ਦਾ ਗੀਤ, ਸਾਹਾਂ ਵਿਚਲਾ ਸੰਗੀਤ, ਚਾਵਾਂ ਭਿੰਨੀ ਰੀਤ ਅਤੇ ਕਦਮਾਂ ਵਿਚ ਰਾਹਾਂ ਨੂੰ ਨਵੀਆਂ ਮੰਜ਼ਲਾਂ ਮਿੱਥਣ ਵਾਲਾ ਮੀਤ।” ਪਰ ਨਾਲ ਹੀ ਉਨ੍ਹਾਂ ਸ਼ਿਕਵਾ ਕੀਤਾ ਸੀ, “ਮੁਹੱਬਤ, ਅਜੋਕੇ ਮਨੁੱਖ ਲਈ ਮਖੌਟਾ। ਸਤਹੀ ਮੁਹੱਬਤ ਨੇ ਮਨੁੱਖੀ ਰਿਸ਼ਤਿਆਂ, ਸਬੰਧਾਂ ਅਤੇ ਦੋਸਤੀਆਂ ਨੂੰ ਕੀਤਾ ਏ ਤਾਰ ਤਾਰ। ਹੁਣ ਤਾਂ ਸੰਵੇਦਨਸ਼ੀਲ ਮਨੁੱਖ, ਮੁਹੱਬਤ ਦੇ ਨਾਮ ਤੋਂ ਹੀ ਤ੍ਰਿਹਣ ਲੱਗ ਪਿਆ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਸ਼ਖਸੀਅਤ ਸ਼ਾਇਸਤਗੀ ਦੀ ਅਹਿਮੀਅਤ ਅਤੇ ਇਸ ਦੀ ਸ਼ਾਨ ਦੀ ਗੱਲ ਕਰਦਿਆਂ ਕਿਹਾ ਹੈ, “ਸ਼ਾਇਸਤਗੀ, ਕਦੇ ਨਹੀਂ ਜ਼ਰਖਰੀਦ, ਮਾਨਸਿਕ ਗੁਲਾਮੀ ਤੋਂ ਆਜ਼ਾਦ ਸ਼ਬਦੀ ਉਪਮਾ ਤੋਂ ਉਪਰ, ਬੋਲਾਂ ਦੀ ਮੁਥਾਜ਼ੀ ਤੋਂ ਨਿਰਲੇਪ ਅਤੇ ਹਰਫ-ਦਾਇਰਿਆਂ ਤੋਂ ਬਾਹਰ।” ਉਹ ਸਪਸ਼ਟ ਕਰਦੇ ਹਨ, “ਸ਼ਾਇਸਤਗੀ ਦਾ ਕਾਇਰਤਾ, ਕਮੀਨਗੀ, ਕੁਹਜ, ਕੁਕਰਮ, ਕੁਲੱਛਣਾ ਅਤੇ ਕੁਲਹਿਣੇਪਣ ਨੂੰ ਬੇਦਾਵਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸ਼ਾਇਸਤਗੀ, ਸੁੰਦਰਤਾ, ਸੀਰਤ, ਸਾਦਗੀ, ਸਲੀਕਾ, ਸੁਹਜ, ਸਹਿਜ ਅਤੇ ਸੂਖਮਤਾ ਦਾ ਸੁੰਦਰ ਸੁਮੇਲ।
ਸ਼ਾਇਸਤਗੀ, ਸਮਦਰਸ਼ੀ ਸੋਚ, ਸੁਹੱਪਣੀ ਸੁਪਨੇ, ਸਾਹਾਂ ਜਿਹੀਆਂ ਸਫਲਤਾਵਾਂ ਅਤੇ ਜੀਵਨੀ ਸ਼ਿਲਾਲੇਖਾਂ ਦੀ ਸੰਦਲੀ ਤਸ਼ਬੀਹ।
ਸ਼ਾਇਸਤਗੀ, ਜੀਵਨੀ ਮੁੱਲਾਂ ਦਾ ਸਮਤੋਲ, ਸੂਖਮਭਾਵੀ ਬੋਲ, ਫੁੱਲਾਂ ਜਿਹੀ ਝੋਲ ਅਤੇ ਹਰ ਕਰਮ ਵਿਚ ਗੁਟਕਦੀ ਕਿਰਤ-ਅਣਮੋਲ।
ਸ਼ਾਇਸਤਗੀ, ਖੁਦ ਨਾਲ ਸੰਗੀਤਕ ਸੰਵਾਦ, ਹੁੰਗਾਰਿਆਂ ਨੂੰ ਨਿੱਜ ਦੀ ਤੱਕੜੀ ਸੰਗ ਤੋਲਦਾ ਮੁਫਾਦ ਅਤੇ ਸਵੈ ਤੋਂ ਸਵੈ ਦਾ ਜਗਦਾ ਚਿਰਾਗ।
ਸ਼ਾਇਸਤਗੀ, ਨਿਰਮਾਣਤਾ ਦਾ ਬਿੰਬ, ਸਿਦਕੀ ਕਦਮਾਂ ਦੀ ਤਾਲ, ਪਾਕੀਜ਼ਗੀ ਦਾ ਪ੍ਰਤੀਬਿੰਬ ਅਤੇ ਕਦਰਾਂ ਕੀਮਤਾਂ ਦੀ ਤੱਕੜੀ ‘ਚ ਤੁਲਦੀ ਜਿੰਦ।
ਸ਼ਾਇਸਤਗੀ, ਖੁਦ ‘ਚੋਂ ਖੁਦ ਨੂੰ ਮਨਫੀ ਕਰਨਾ, ਕਿਸੇ ਲੋੜਵੰਦ ਦੀ ਜਿੱਤ ਲਈ ਆਪ ਹਾਰਨਾ, ਕਿਸੇ ਦੇ ਹੱਕ-ਹਕੂਕ ਲਈ ਖੁਦ ਨਾਲ ਲੜਨਾ ਅਤੇ ਕਿਸੇ ਦੀ ਬੁਲੰਦਗੀ ਲਈ ਸਵੈ-ਸੂਲੀ ‘ਤੇ ਚੜ੍ਹਨਾ।
ਸ਼ਾਇਸਤਗੀ, ਮਨੁੱਖਤਾ ਦਾ ਮਾਣ, ਮਾਨਵ-ਜਾਤ ਦਾ ਸੁੰਦਰ ਹਾਣ, ਸਾਹ ਰਵਾਨਗੀ ਦੀ ਜਾਨ ਅਤੇ ਮਾਨਵੀ ਫਿਤਰਤ ਦਾ ਸਭ ਤੋਂ ਵੱਡਾ ਇਨਾਮ।
ਸ਼ਾਇਸਤਗੀ, ਵਿਅਕਤੀਤਵ ਦਾ ਪਹਿਲਾ ਪ੍ਰਭਾਵ, ਕਰਮ-ਜਾਚਨਾ ਨਾਲ ਅਸਰ-ਅੰਦਾਜ਼ ਹੁੰਦੇ ਭਾਵ, ਮਨੁੱਖੀ ਕਿਰਦਾਰ ਦੀ ਛਾਪ ਅਤੇ ਤੁਹਾਡੇ ਰਾਹਾਂ ਨੂੰ ਮੋਕਲੇਪਣ ਦੇ ਤਖੱਲਸ।
ਸ਼ਾਇਸਤਗੀ, ਅਣਮੋਲ ਕਿਸਮ, ਵਿਰਲੀ ਮਾਨਸਿਕਤਾ ਤੇ ਕਰਮ ਸ਼ੈਲੀ ਵਿਚ ਥਿਆਉਂਦੀ ਅਤੇ ਮਨ ਦੇ ਚਿੱਤਰਪਟ ‘ਤੇ ਅਮਿੱਟ ਪ੍ਰਭਾਵ ਪਾਉਂਦੀ। ਪਰ ਅਜੋਕੇ ਯੁੱਗ ਵਿਚ ਮਰਨ ਹਾਰੀ ਰੁੱਤ ਹੰਢਾਉਂਦੀ।
ਸ਼ਾਇਸਤਗੀ, ਬਹੁਰੂਪਾਂ, ਅਨੇਕ ਰੰਗਾਂ, ਕਈ ਪ੍ਰਕਾਰਾਂ ਅਤੇ ਵੰਨਗੀਆਂ ਨਾਲ ਜੀਵਨ-ਮੁਹਾਂਦਰੇ ਨੂੰ ਸਿੰ.ਗਾਰਦੀ। ਕਿਹੜੀ ਸ਼ਾਇਸਤਗੀ, ਕਿਸ ਰੂਪ ‘ਚ ਅਤੇ ਕਿਸ ਮੋੜ ‘ਤੇ ਤੁਹਾਡੀ ਮਾਣਮੱਤੀ ਹਾਜ਼ਰੀ ਦਾ ਅਲੰਬਰਦਾਰ ਬਣਦੀ, ਇਹ ਮੌਕਾ ਅਤੇ ਸਥਾਨ ‘ਤੇ ਨਿਰਭਰ।
ਸ਼ਾਇਸਤਗੀ, ਕਦੇ ਨਹੀਂ ਜ਼ਰਖਰੀਦ, ਮਾਨਸਿਕ ਗੁਲਾਮੀ ਤੋਂ ਆਜ਼ਾਦ ਸ਼ਬਦੀ ਉਪਮਾ ਤੋਂ ਉਪਰ, ਬੋਲਾਂ ਦੀ ਮੁਥਾਜ਼ੀ ਤੋਂ ਨਿਰਲੇਪ ਅਤੇ ਹਰਫ-ਦਾਇਰਿਆਂ ਤੋਂ ਬਾਹਰ।
ਸ਼ਾਇਸਤਗੀ, ਜਦ ਬੋਲਾਂ ਦੀ ਜੂਹ ‘ਚ ਪੈਰ ਧਰਦੀ ਤਾਂ ਧੀਮੇ ਤੇ ਮਿੱਠੇ ਬੋਲਾਂ ਦੀ ਆਬਸ਼ਾਰ ਕੰਨਾਂ ਵਿਚ ਰਸ ਘੋਲਦੀ, ਬੋਲ ਰੂਹ ਨੂੰ ਧੂਹ ਪਾਉਂਦੇ ਅਤੇ ਜ਼ੁਬਾਨ ਰਸ ਅਤੇ ਅੰਦਾਜ਼-ਏ-ਬਿਆਂ ਤੋਂਂ ਸਦਕੇ। ਅਜਿਹੀ ਬੋਲ-ਬਾਣੀ ਨਾਲ ਅਜਿਹਾ ਮੰਜ਼ਰ ਸਿਰਜਦੀ ਜਿਸ ਤੋਂ ਸਮੁੱਚੇ ਮਾਣ-ਸਨਮਾਨ ਨੀਂਵੇਂ। ਬੋਲਾਂ ਵਿਚਲਾ ਅਪਣੱਤ ਤੇ ਮੋਹ ਦਾ ਚਸ਼ਮਾ, ਮਨ ਦੀਆਂ ਖੁਸ਼ਕ ਥਾਂਵਾਂ ਸਿੰਜਦਾ, ਜੀਵਨੀ-ਧਰਾਤਲ ‘ਤੇ ਸੰਧੂਰੀ ਰੰਗਾਂ ਦੀ ਖੇਤੀ ਹੁੰਦੀ।
ਸ਼ਾਇਸਤਗੀ ਜਦ ਹਰਫਾਂ ਦਾ ਹਾਣ ਮਾਣਦੀ ਤਾਂ ਹਰਫ, ਕਲਮ-ਫੁੱਲਝੜੀ ਬਣਦੇ। ਝਰਦਾ ਹੋਇਆ ਚਾਨਣ ਤੇ ਨਿੱਘੇ ਸਬੰਧਾਂ, ਰਿਸ਼ਤਿਆਂ ਅਤੇ ਸਾਂਝਾਂ ਨੂੰ ਪਕੇਰਾ ਕਰਦਾ। ਸ਼ਬਦਾਂ ਵਿਚਲੀ ਪਾਕੀਜ਼ਗੀ, ਈਰਖਾ, ਨਫਰਤ, ਕੋਝਾਪਣ ਅਤੇ ਕੁਰੱਖਤਪੁਣੇ ਨਾਲ ਭਰੇ ਵਰਕਿਆਂ ਨੂੰ ਟੁਕੜੇ ਟੁਕੜੇ ਹੋਣ ਦਾ ਸਰਾਪ ਦਿੰਦੀ।
ਸ਼ਾਇਸਤਗੀ ਨੂੰ ਪਰਦਾਦਾਰੀ ਤੋਂ ਪਰਹੇਜ, ਗਲੀਜ਼ਤਾ ਤੋਂ ਕੋਫਤ, ਕਮੀਨਗੀ ਤੋਂ ਕਚਿਆਣ ਅਤੇ ਕੂੜ ਤੋਂ ਕੁਰਹਿਤ।
ਸ਼ਾਇਸਤਗੀ ਦਾ ਕਾਇਰਤਾ, ਕਮੀਨਗੀ, ਕੁਹਜ, ਕੁਕਰਮ, ਕੁਲੱਛਣਾ ਅਤੇ ਕੁਲਹਿਣੇਪਣ ਨੂੰ ਬੇਦਾਵਾ।
ਸ਼ਾਇਸਤਗੀ, ਗੁਮਾਨ, ਗੰਧਲੇਪਣ, ਗੁਨਾਹ, ਗੱਦਾਰੀ, ਗਪੌੜ ਅਤੇ ਮਗਰੂਰੀ ਤੋਂ ਨਿਰਲੇਪ।
ਸ਼ਾਇਸਤਗੀ, ਸਾਹਾਂ ਤੋਂ ਉਤਮ, ਜੀਵਨ ਤੋਂ ਸੁੱਚੀ, ਕਿਰਦਾਰ ਤੋਂ ਉਚੀ ਅਤੇ ਜ਼ਿੰਦਗੀ ਦੇ ਰਾਹਾਂ ਸੰਗ ਮਹਿਕ-ਪਰੁੱਚੀ।
ਸ਼ਾਇਸਗਤੀ, ਨੈਣਾਂ ਵਿਚਲਾ ਅਕਸ, ਕੰਨਾਂ ਵਿਚ ਸੁੱਚੇ ਬੋਲਾਂ ਦਾ ਹੁੰਗਾਰਾ, ਸੋਚ-ਮਸਤਕ ਦੀ ਕਰਮਸ਼ੀਲਤਾ ‘ਤੇ ਦਸਤਕ, ਪੈਰਾਂ ਵਿਚ ਮੰਜ਼ਲਾਂ ਦਾ ਹਰਫਨਾਮਾ, ਹਰਫਾਂ ਵਿਚ ਅਰਥਾਂ ਦੀਆਂ ਬਦਲੋਟੀਆਂ ਅਤੇ ਮਨ-ਅੰਬਰ ਵਿਚ ਟਿਮਟਿਮਾਉਂਦੇ ਤਾਰਿਆਂ ਦੀ ਅਕਾਸ਼-ਗੰਗਾ।
ਸ਼ਾਇਸਤਗੀ ਕਲਮ ਵਿਚ ਉਗਮਦੀ ਤਾਂ ਹਰ ਹਰਫ ਜਖਮ ਲਈ ਮਰਹਮ ਬਣਦਾ, ਵਾਕ-ਵਹਿੰਗੀ ਰਾਹਾਂ ‘ਚ ਤਰੌਂਕੀ ਚਾਨਣੀ ਬਣਦੇ, ਅਰਥ-ਅਰਦਾਸ ਵਿਚ ਸਰਬੱਤ ਦੇ ਭਲੇ ਦਾ ਨਾਦ ਗੁੰਜਦਾ।
ਸ਼ਾਇਸਤਗੀ ਜਦ ਸੂਰਤ ਅਤੇ ਸੀਰਤ ਦਾ ਸੁਮੇਲ ਬਣ, ਸਮਾਜੀ ਦਾਇਰੇ ਵਿਚ ਆਪਣੀ ਵਿਲੱਖਣ ਅਤੇ ਨਿਵੇਕਲੀ ਨੁਹਾਰ ਨੂੰ ਜੱਗ-ਜਾਹਰ ਕਰਦੀ ਤਾਂ ਹਰ ਹੋਠ ਸਦਕੇ ਜਾਂਦਾ।
ਸ਼ਾਇਸਤਗੀ, ਸਾਦਗੀ ‘ਚ ਲਪੇਟੀ ਜਦ ਕਾਦਰ ਦੀ ਇਨਾਇਤ ਬਣਦੀ ਤਾਂ ਇਹ ਆਲੇ-ਦੁਆਲੇ ਵਿਚ ਮਾਨਵੀ ਰੰਗਣ ਦੀ ਚਮਕੀਲੀ ਇਬਾਦਤ ਬਣ, ਅਮਾਨਤੀ-ਸ਼ਗਨ ਹਰ ਜੀਵ ਦੀ ਝੌਲੀ ਪਾਉਂਦੀ।
ਸ਼ਾਇਸਤਗੀ ਜਦ ਕਿਸੇ ਕਿਰਤ ਦਾ ਨਸੀਬ ਹੁੰਦੀ ਤਾਂ ਇਸ ਦੀ ਮੌਲਿਕਤਾ ਅਤੇ ਮੌਖਤਾ ਵਿਚੋਂ ਆਦਮੀਅਤ ਦਾ ਅਜਿਹਾ ਝਲਕਾਰਾ ਪੈਂਦਾ ਕਿ ਕਈ ਨਸਲਾਂ ਇਸ ਸ਼ਾਇਸਤਗੀ ਵਿਚੋਂ ਹੀ ਆਪਣੀ ਪਛਾਣ ਦਾ ਆਹਰ ਕਰਦੀਆਂ ਰਹਿੰਦੀਆਂ।
ਸ਼ਾਇਸਤਗੀ, ਬਾਹਰੀ ਸਜਾਵਟ ਤੋਂ ਉਚਾਟ, ਲਿਪਾ ਪੋਚੀ ਤੋਂ ਮਹਿਰੂਮ, ਹਾਰ-ਸ਼ਿੰਗਾਰ ਦੀਆਂ ਬੰਦਿਸ਼ਾਂ ਤੋਂ ਬਾਗੀ ਅਤੇ ਨਿਜ ਦੁਆਲੇ ਉਸਾਰੀਆਂ ਵਲਗਣਾਂ ਤੋਂ ਆਕੀ।
ਸ਼ਾਇਸਤਗੀ, ਸਧਾਰਨ ਲਿਬਾਸ, ਆਮ ਸ਼ਬਦਾਂ, ਪਾਕੀਜ਼ ਕਾਰਜਾਂ ਅਤੇ ਸਧਾਰਨਤਾ ਵਿਚੋਂ ਨਵੀਨਤਮ ਦਿਸਹੱਦਿਆਂ ਦਾ ਸਿਰਨਾਵਾਂ ਸਿਰਜਦੀ।
ਸ਼ਾਇਸਤਗੀ, ਅਦਬ, ਆਦਰ, ਅਦਾਇਗੀ, ਆਪਣਾਪਨ, ਅਨੰਦ ਅਤੇ ਇਲਾਹੀ-ਅਵਸਥਾ ਦਾ ਆਵੇਗ।
ਸ਼ਾਇਸਤਗੀ, ਦੌਲਤ, ਰੁਤਬੇ, ਪਰਿਵਾਰਕ ਪਿਛੋਕੜ, ਪਹਿਰਾਵੇ, ਸਮਾਜਕ ਪਛਾਣ ਅਤੇ ਸਰੀਰਕ ਸੁੰਦਰਤਾ ਤੋਂ ਕੋਹਾਂ ਦੂਰ।
ਸ਼ਾਇਸਤਗੀ, ਸ਼ਾਇਸਤਗੀ ਨਾਲ ਭਰਪੂਰ ਲੋਕਾਂ ਦਾ ਸੁੰਦਰ ਅੰਤਰੀਵ ਜਿਸ ਦੀ ਸਦੀਵ ਸੁੰਦਰਤਾ ਦਾ ਕੋਈ ਨਹੀਂ ਕਰ ਸਕਦਾ ਸਾਹਮਣਾ।
ਸ਼ਾਇਸਤਗੀ, ਸਾਹਾਂ ਵਰਗੀ ਸੰਵੇਦਨਾ, ਪੱਤਿਆਂ ‘ਤੇ ਡਲਕਦੀ ਤਰੇਲ ‘ਚੋਂ ਰੰਗਾਂ ਦੀ ਲਿਸ਼ਕੋਰ, ਟਾਹਣੀਆਂ ਨਾਲ ਖਹਿੰਦੀ ਹਵਾ ਦੀ ਸੰਗੀਤਕ ਰੁਮਕਣੀ ਅਤੇ ਕੰਧਾਂ ਨੂੰ ਘਰ ਬਣਾਉਣ ਦੀ ਤੌਫੀਕ ਦਾ ਨਾਮਕਰਨ।
ਸ਼ਾਇਸਤਗੀ ਨੂੰ ਸਿਰਫ ਮਾਣਿਆ ਜਾ ਸਕਦਾ। ਇਸ ਦੀ ਗੁਣਵੰਤੀ ਚੁੱਪ ਵਿਚੋਂ ਨਵੇਂ ਅਰਥਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ। ਇਸ ਦੀ ਹੋਂਦ ਦੇ ਅਹਿਸਾਸ ਨਾਲ ਰੂਹ-ਦਹਿਲੀਜ਼ ਨੂੰ ਸਰਸ਼ਾਰਿਆ ਜਾ ਸਕਦਾ। ਹਰਫਾਂ ਦੇ ਪਿੰਡੇ ‘ਤੇ ਮੋਮਬੱਤੀਆਂ ਦੀ ਡਾਰ ਜਗਾਈ ਜਾ ਸਕਦੀ ਜਾਂ ਬੋਲਾਂ ਦੀ ਅੰਤਰ-ਆਤਮਾ ਨੂੰ ਅੰਮ੍ਰਿਤ-ਸਰੋਵਰ ਦਾ ਲਕਬ ਦਿਤਾ ਜਾ ਸਕਦਾ।
ਸ਼ਾਇਸਤਗੀ, ਅਬੋਲ ਦਾਸਤਾਨ ਦਾ ਪਹਿਲਾ ਹਰਫ, ਮੁਖੜੇ ਦੀ ਮੁਸਕਰਾਹਟ ਦਾ ਮਾਣਮੱਤਾ ਸ਼ਰਫ, ਸਹਿਜ ਵਿਚ ਰੰਗੀ ਲੱਜ਼ਤ, ਸੂਖਮਤਾ ਵਿਚ ਲਬਰੇਜ਼ ਰੰਗਤ ਅਤੇ ਸਕੂਨ ਦੀ ਭਰੀ-ਭਕੁੰਨੀ ਮੰਨਤ।
ਸ਼ਾਇਸਤਗੀ ਦੇ ਵਿਹੜੇ ਪਖੰਡ, ਪਾਪ, ਪਤਿੱਤਪੁਣੇ, ਪਲੀਤਪੁਣੇ ਅਤੇ ਪਾਜੀਪੁਣੇ ਲਈ ਕੋਈ ਨਹੀਂ ਥਾਂ, ਨਹੀਂ ਇਨ੍ਹਾਂ ਦੀ ਬਾਂਹ ਫੜ੍ਹਦਾ ਕੋਈ ਵੀ ਗਰਾਂ ਅਤੇ ਖਾਰੇ ਪਾਣੀਆਂ ਨਾਲ ਖੁਦ ਨੂੰ ਖੋਰਦੇ ਨੇ ਅਜਿਹੀ ਰਹਿਤਲ ਦੇ ਝਨਾਂ।
ਸ਼ਾਇਸਤਗੀ ਮਰ ਜਾਵੇ ਤਾਂ ਮਨੁੱਖ ਬਣਦਾ ਜਾਹਲ, ਜ਼ੁਲਮ ਦੀ ਇੰਤਹਾ ਅਤੇ ਲੀਰਾਂ ਲੀਰਾਂ ਅਜ਼ਮਤ। ਸਾਲੂਆਂ ਨੂੰ ਚਿੱਟੀਆਂ ਚੁੰਨੀਆਂ ਬਣਨ ਦਾ ਸਰਾਪ ਅਤੇ ਲਿਬਾਸ ਨੂੰ ਕਿੱਕਰ ‘ਤੇ ਟੰਗੀ ਲੀਰ ਬਣਨ ਦਾ ਦਰਦ ਹੰਢਾਉਣਾ ਪੈਂਦਾ।
ਸ਼ਾਇਸਤਗੀ ਗੁੰਮ ਹੋ ਜਾਵੇ ਤਾਂ ਮਨੁੱਖ, ਵਰਤਣ ਦੀ ਵਸਤ। ਰਿਸ਼ਤੇ, ਲੋੜ ਪੂਰੀ ਕਰਨ ਦਾ ਸਬੱਬ। ਜਾਣ-ਪਛਾਣ, ਪ੍ਰਗਤੀ-ਪੌੜੀ ਦੇ ਡੰਡੇ। ਗਿਆਨ, ਹਉਮੈ ਨੂੰ ਪੱਠੇ ਪਾਉਣਾ। ਰੁਤਬਾ, ਕਿਸੇ ਦੀ ਕਬਰ ‘ਤੇ ਖੁਦ ਦੀ ਬੁਲੰਦਗੀ ਦਾ ਪ੍ਰਚਮ। ਲਾਸ਼ਾਂ, ਕੁਰਸੀ ਦੇ ਪਾਵੇ। ਮੁਫਾਦ, ਖੁਦ ਦੀ ਇੱਜਤ-ਨਿਲਾਮੀ।
ਸ਼ਾਇਸਤਗੀ, ਕਫਨ ਬਣ ਜਾਵੇ ਤਾਂ ਹਉਕੇ ਗੁੰਮ ਹੋ ਜਾਂਦੇ, ਸਿਸਕੀਆਂ ਮੂਕ ਹੋ ਜਾਂਦੀਆਂ, ਵਿਰਲਾਪ ਮੌਤ ਨੂੰ ਲਾਹਨਤਾਂ ਪਾਉਂਦੇ, ਕਦਰਾਂ-ਕੀਮਤਾਂ ਦੀ ਨਿਲਾਮੀ ਨਾਲ ਕੰਧਾਂ ਦੀ ਤਾਮੀਰਦਾਰੀ ਹੁੰਦੀ ਅਤੇ ਚੁੱਪ-ਚੀਖ ਨਾਲ ਕਮਰੇ ਘਰ ਬਣਦੇ।
ਸ਼ਾਇਸਤਗੀ ਗੁੰਮ ਹੁੰਦੀ ਤਾਂ ਨਿੱਕੇ ਨਿੱਕੇ ਨਿਰਦੋਸ਼ ਬੱਚਿਆਂ ਨੂੰ ਕੰਧਾਂ ‘ਚ ਚਿਣਵਾਇਆ ਜਾਂਦਾ, ਦੁੱਧ ਚੁੰਘਦੇ ਬਾਲ ਨੂੰ ਮਾਰੂਥਲ ਵਿਚ ਮਰਨ ਲਈ ਛੱਡ ਦਿਤਾ ਜਾਂਦਾ ਅਤੇ ਜੇਲ੍ਹ ਵਿਚ ਬੰਦ, ਮਾਂ-ਮਛੋਰ ਬੱਚੀ, ਫਰਸ਼ ‘ਤੇ ਮਰੀ ਮਾਂ ਦਾ ਖਾਕਾ ਵਾਹ, ਉਸ ‘ਤੇ ਸੌਂ ਜਾਂਦੀ ਤਾਂ ਮਮਤਾ ਨੂੰ ਕਿਸੇ ਰੂਪ ਵਿਚ ਤਾਂ ਮਾਣ ਸਕੇ। ਸ਼ਾਇਸਤਗੀ ਵਿਹੂਣੇ ਚੌਧਰੀ, ਸ਼ਾਸਕ, ਤਾਨਾਸ਼ਾਹ ਅਤੇ ਹਾਕਮ ਕੇਹੇ ਨਿਰਲੱਜ ਕਿ ਸ਼ਰਮਸ਼ਾਰ ਹੋ ਰਹੀ ਮਨੁੱਖਤਾ ਵੀ ਉਨ੍ਹਾਂ ਦੇ ਮੱਥੇ ‘ਤੇ ਸ਼ਿਕਨ ਨਹੀਂ ਪੈਦਾ ਕਰਦੀ।
ਸ਼ਾਇਸਤਗੀ ਜਦ ਕਿਸੇ ਜੀਵਨ-ਮੋੜ ‘ਤੇ ਕਾਮ, ਕਰੋਧ, ਕੁਮੱਤ, ਕਲਹਾ ਅਤੇ ਕਾਲੇ ਪਹਿਰਾਂ ਵਿਚ ਓਤਪੋਤ ਵਿਅਕਤੀ ਦਾ ਦਰ ਠਕੋਰਦੀ ਤਾਂ ਸੂਰਜ ਉਸ ਮੋੜ ਨੂੰ ਨਮਸਕਾਰਦਾ।
ਸ਼ਾਇਸਤਗੀ ਦੀ ਆਮਦ ਨਾਲ ਕਾਫੂਰ ਹੋ ਜਾਂਦੀ ਪੀਲੇ ਪੱਤਿਆਂ ਦੀ ਦਾਸਤਾਨ, ਬੁੱਢੇ-ਬਿਰਖਾਂ ਦੇ ਪਿੰਡੇ ‘ਤੇ ਉਕਰੀ ਪੀੜ ‘ਤੇ ਰੱਖੇ ਜਾਂਦੇ ਫੇਹੇ ਅਤੇ ਬਗੀਚੀ ‘ਚ ਉਤਰੀ ਉਦਾਸ ਸ਼ਾਮ ‘ਤੇ ਚੰਦ-ਚੰਦੋਇਆ ਲਹਿਰਾਉਂਦਾ।
ਸ਼ਾਇਸਤਗੀ ਹੈ ਤਾਂ ਮਨੁੱਖ ਜਿਉਂਦਾ ਹੈ, ਮਾਨਵਤਾ ਹੁੰਗਾਰੇ ਭਰਦੀ ਹੈ, ਆਦਮੀਅਤ ਦਾ ਸਫਰ ਜਾਰੀ ਹੈ, ਬੰਦਿਆਈ ਦੀ ਬੰਦਗੀ ਚੌਗਿਰਦੇ ‘ਚ ਫੈਲ ਰਹੀ ਏ, ਨਿਰ-ਆਸਰਿਆਂ ਦੀ ਆਸ ਜੀਵੰਤ ਹੈ, ਨਿਓਟਿਆਂ ਦੇ ਸਿਰਾਂ ਦੀ ਛੱਤ ਸਲਾਮਤ ਹੈ ਅਤੇ ਚਿਰ-ਵਿਛੁੰਨਿਆਂ ਦੇ ਨੈਣਾਂ ‘ਚ ਮਿਲਾਪ ਦੀ ਆਸ ਦਾ ਦੀਵਾ ਟਿਮਟਮਾਉਂਦਾ ਹੈ।
ਸ਼ਾਇਸਤਗੀ, ਬਰਾਬਰੀ ਦਾ ਪੈਗਾਮ, ਮਨੁੱਖ ਨੂੰ ਮਨੁੱਖ ਸਮਝਣ ਦਾ ਐਲਾਨ ਅਤੇ ਮਨੁੱਖ ਵਿਚੋਂ ਮਾਨਵਤਾ ਦੇ ਦਰਸ਼-ਦੀਦਾਰੇ ਦਾ ਸਰਗਮ-ਸੈਲਾਬ।
ਸ਼ਾਇਸਤਗੀ, ਕਰਮ , ਸੋਚ, ਪੈੜਚਾਲ, ਬੋਲਣ, ਵਿਚਰਨ, ਲਿਖਣ ਆਦਿ ਵਿਚ ਸੁਕਿਰਿਆਤਮਕ ਰੂਪ ਵਿਚ ਪ੍ਰਗਟ ਹੋਵੇ ਤਾਂ ਸ਼ਾਇਸਤਗੀ ਨੂੰ ਖੁਦ ‘ਤੇ ਨਾਜ਼ ਅਤੇ ਖੁਦ ਹੀ ਖੁਦ ਦੀ ਬਣਦੀ ਆਵਾਜ਼।
ਸ਼ਾਇਸਤਗੀ, ਬੱਚੇ ਦੀ ਬਚਪਨੀ ਅਦਾ, ਨੌਜਵਾਨ ਦਾ ਅਦਬੀ ਪ੍ਰਗਟਾਅ, ਨੱਢੀ ਦੀ ਸੁਹੱਪਣ+ਸਾਦਗੀ+ਸਮਰਪਣ ਭਰਪੂਰ ਸਦਾਅ, ਔਰਤ ਦਾ ਸਮਾਜਕ ਫਰਜਾਂ ਪ੍ਰਤੀ ਉਤਸ਼ਾਹ, ਮਰਦ ਦਾ ਹੋਣੀ ਦੇ ਮੱਥੇ ‘ਤੇ ਇਲਾਹੀ-ਪਦ ਲਿਖਣ ਦਾ ਹੰਭਲਾ ਜਾਂ ਬਜ਼ੁਰਗ ਦਾ ਹਲੀਮੀ, ਹੁਲਾਸਮਈ, ਹੁੰਗਾਰਾ-ਰੂਪ, ਹਿਤੈਸ਼ੀ ਅਤੇ ਹਮਦਰਦੀ ਭਰਪੂਰ ਵਰਤਾਅ।
ਸ਼ਾਇਸਤਗੀ, ਹਰ ਰੂਪ ਵਿਚ ਨਿਵੇਕਲੀ ਤੇ ਅੱਡਰੀ, ਹਰ ਅਦਾ ਵਿਚ ਵਿਲੱਖਣ, ਹਰ ਮੋੜ ‘ਤੇ ਸਮਰੂਪ ਅਤੇ ਹਰ ਪਲ ਨਵੀਂ ਨੁਹਾਰ ਦਾ ਸਗਵਾਂ-ਸਰੂਪ।
ਸ਼ਾਇਸਤਗੀ ਭਰੇ ਹਰ ਉਦਮ ਦਾ, ਹਰ ਕੋਈ ਦਮ ਭਰਦਾ। ਪਰ ਖੁਦ ਉਹ ਸ਼ਾਇਸਤਗੀ ਦਾ ਪੱਲਾ ਫੜ੍ਹਨ ਤੋਂ ਡਰਦਾ। ਸ਼ਾਇਸਤਗੀ ਦੇ ਮੱਥੇ ਲਿਸ਼ਕੇ, ਕਿਰਨਾਂ ਦੀ ਖੁਸ਼ਬੋਈ। ਜਿਸ ਦੇ ਵਿਹੜੇ ਬਹਿ ਕੇ ਜਿੰਦ ਸੁਹਾਗਣ ਹੋਈ। ਸ਼ਾਇਸਤਗੀ ਜੇ ਬਣਜੇ ਕਿਧਰੇ ਸਾਹਾਂ ਸੰਦੜਾਂ ਸਾਜ਼। ਤਾਂ ਹਰ ਬੀਹੀ ਦੀ ਦਸਤਕ ਹੋਵੇ, ਅਲਾਹੀ-ਅਜ਼ਲ ਆਵਾਜ਼। ਸ਼ਾਇਸਤਗੀ ਭਰੀ ਫਿਜ਼ਾ ਜੇ ਬੰਦਗੀ ਦਾ ਹੋਵੇ ਨਾਮ। ਤਾਂ ਕਿਰਤ ਦੇ ਖੇਤੀਂ ਉਗੇ ਕਰਮ-ਧਰਮ ਇਲਹਾਮ। ਸ਼ਾਇਸਤਗੀ ਸਾਡੀ ਸੋਚ ‘ਚੋਂ ਮਨਫੀ, ਜਿਹਨ ‘ਚ ਕੀਕਣ ਆਵੇ। ਤਾਹੀਉਂ ਸਾਡੇ ਦਰਾਂ ‘ਚ ਆ ਸਾਨੂੰ ਕੂੜ-ਕਪਟ ਭਰਮਾਵੇ। ਸ਼ਾਇਸਤਗੀ ਇਕ ਸੂਖਮ ਅਹਿਸਾਸ ਤੇ ਭਾਵੀਂ ਪਈ ਤਰੇਲ। ਸੂਹੀ ਸਰਘੀ ਨਤਮਸਤਕ ਹੋਵੇ, ਬਣ ਸੂਰਜ-ਕਿਰਨ ਸੁਮੇਲ। ਸ਼ਾਇਸਤਗੀ ਦੇ ਬੂਹੀਂ ਬਾਲੋ ਦੇਸੀ ਘਿਉ ਦੇ ਚਿਰਾਗ। ਸੁੱਚਮ ਦੀ ਸਰਜ਼ਮੀਂ ਵਿਚ ਉਗਮੇ ਸੁੱਚੜਾ-ਸਗਵਾਂ ਭਾਗ।
ਸ਼ਾਇਸਤਗੀ, ਸੁੰਦਰਤਾ ਨਾਲੋਂ ਤਾਕਤਵਰ। ਸੁੰਦਰਤਾ ਕੁਝ ਨਹੀਂ ਬਦਲ ਸਕਦੀ। ਪਰ ਸ਼ਾਇਸਤਗੀ ਚੁਫੇਰੇ ਨੂੰ ਆਪਣੀ ਹੋਂਦ ਨਾਲ ਭਾਗ ਲਾਉਂਦੀ।
ਸ਼ਾਇਸਤਗੀ, ਕਿਸੇ ਦੀ ਦਾਸੀ ਨਹੀਂ, ਜ਼ਰ-ਖਰੀਦ ਨਹੀਂ ਅਤੇ ਨਾ ਹੀ ਇਸ ਨੂੰ ਬੰਦੀ ਬਣਾਇਆ ਜਾ ਸਕਦਾ ਪਰ ਇਸ ਨੂੰ ਕਮਾਇਆ ਜਾ ਸਕਦਾ। ਹੋਠਾਂ ‘ਤੇ ਤਰਦੀ ਮਿਠਾਸ, ਬੋਲਾਂ ‘ਚ ਸਿਆਣਪ ਅਤੇ ਠਰੰਮੇ ਭਰੀ ਤੇ ਧੀਮੀ ਆਵਾਜ਼ ਨੂੰ ਜੀਵਨ-ਜੁਗਤ ਬਣਾਉਣ ਅਤੇ ਚੁਫੇਰੇ ਨੂੰ ਸ਼ਾਇਸਤਗੀ ਨਾਲ ਸਜਾਉਣ ਤੋਂ ਕੌਣ ਹੋੜ ਸਕਦਾ?
ਸ਼ਾਇਸਤਗੀ, ਕੂੜ-ਕਬਾੜ, ਲਾਚਾਰਗੀ, ਨੀਚਤਾ, ਨਿਲੱਜਤਾ, ਨਿਰਮੋਹੇਪਨ ਅਤੇ ਨਾ-ਅਹਿਲੀਅਤ ਲਈ ਸਭ ਤੋਂ ਕਾਰਗਰ ਹਥਿਆਰ ਅਤੇ ਇਸ ਦੇ ਵਾਰ ਦਾ ਕੌਣ ਕਰੇਗਾ ਉਪਚਾਰ?
ਸ਼ਾਇਸਤਗੀ ਹਰੇਕ ਦੀ ਚਹੇਤੀ, ਹਰ ਕੋਈ ਇਸ ਨੂੰ ਪਾਉਣ ਲਈ ਉਤਸੁਕ। ਪਰ ਸ਼ਾਇਸਤਗੀ ਦਾ ਹੱਕ-ਹਾਸਲ ਕਰਨ ਅਤੇ ਇਸ ਨੂੰ ਜੀਵਨ-ਜਾਚ ਬਣਾਉਣ ਲਈ ਖੁਦ ਨੂੰ ਬਦਲਨਾ ਪੈਂਦਾ। ਸਿਰਫ ਚੰਗੇਰਾ ਬਦਲਾਅ ਹੀ ਤੁਹਾਨੂੰ ਸ਼ਾਇਸਤਗੀ ਦੇ ਸਫਰ ਵੰਨੀਂ ਤੋਰਦਾ।
ਸ਼ਾਇਸਤਗੀ, ਸੇਵਾ, ਨਿਰਮਾਣਤਾ, ਪਿਆਰ, ਦੁਲਾਰ, ਦਿਆਲਤਾ, ਦਰਿਆਦਿਲੀ, ਹਮਦਰਦੀ, ਬੇਲਾਗਤਾ, ਸੰਜੀਦਗੀ, ਸਮਰਪਣ ਅਤੇ ਸਿਦਕਦਿਲੀ ਦਾ ਸੰਯੋਗ। ਇਸ ਰਾਹੀਂ ਮਨੁੱਖ ਵੀ ਬਣਦਾ ਸਦੀਆਂ ਦਾ ਸਿਪਾਹ-ਸਾਲਾਰ।
ਸ਼ਾਇਸਤਗੀ, ਮਸਤਕ-ਰੇਖਾਵਾਂ ਦਾ ਚਾਨਣ, ਹੱਥ ਦੀਆਂ ਲਕੀਰਾਂ ਵਿਚਲੀ ਕਰਮਯੋਗਤਾ ਅਤੇ ਉਘੜੀ ਤਕਦੀਰ ਦਾ ਪਲੇਠਾ ਕਦਮ। ਕਿਸਮਤ ਵੀ ਸ਼ਾਇਸਤਗੀ ਨੂੰ ਪੁੱਛ ਕੇ ਕਲਮ ਪਕੜਦੀ।
ਸ਼ਾਇਸਤਗੀ, ਖੁਸ਼ੀ ਵਿਚ ਸੰਜਮ, ਅਸਫਲਤਾ ਨੂੰ ਨਿਗਰ ਕਦਮਾਂ ਦਾ ਦਾਨ, ਉਦਾਸੀ ‘ਤੇ ਸਹਿਜ ਤੇ ਸੰਤੋਖ ਦੇ ਫੇਹੇ, ਗਲਤੀ ਮੰਨਣ ਦਾ ਵਰਦਾਨ, ਗੁਨਾਹਾਂ ਨੂੰ ਕਰਮ-ਧਰਮ ਵਿਚ ਬਦਲਨ ਦਾ ਪੈਗਾਮ ਅਤੇ ਰੋੜਿਆਂ ਭਰੇ ਉਭੜ-ਖਾਭੜ ਰਾਹਾਂ ਵਿਚ ਤੁਰਨ ਦਾ ਵਿਸਮਾਦ ਅਤੇ ਫਕੀਰੀ।
ਸ਼ਾਇਸਤਗੀ ਦੇ ਲੜ ਨੂੰ ਹਰ ਮੌਸਮ, ਹਰ ਪਲ, ਹਰ ਔਕੜ ਅਤੇ ਹਰੇਕ ਮੌੜ ‘ਤੇ ਘੁੱਟ ਕੇ ਫੜ੍ਹਨ ਵਾਲੇ ਹੀ ਇਸ ਦੇ ਸੱਚੇ ਮੁਰੀਦ ਜਿਨ੍ਹਾਂ ਦੇ ਦੀਦਿਆਂ ਵਿਚ ਅਜ਼ੀਮ ਪ੍ਰਾਪਤੀ ਦਾ ਚੰਦਰਮਾ ਚੜ੍ਹਦਾ।
ਸ਼ਾਇਸਤਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ਤੁਸੀਂ ਹਰ ਅਦਾ, ਕਰਮ, ਬੋਲ, ਹਰਫ, ਝਲਕਾਰੇ, ਦ੍ਰਿਸ਼ ਅਤੇ ਆਹਟ ਵਿਚੋਂ ਇਸ ਦੀ ਪਰਪੱਕਤਾ ਵੰਨੀ ਇਕ ਹੋਰ ਕਦਮ ਪੁੱਟਦੇ। ਇਸ ਦੀ ਪੂਰਨਤਾ ਵੰਨੀਂ ਲਗਨ ਰੱਖਣ ਵਾਲੇ ਸਮਿਆਂ ਦਾ ਸੁੱਚਾ ਹਾਸਲ।
ਸ਼ਾਇਸਤਗੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਖੁਦ ਦੇ ਮੁਕਾਬਲੇ ਵਿਚੋਂ ਖੁਦ ਨੂੰ ਪਰਿਭਾਸ਼ਤ ਕਰਦੀ, ਵਿਸਥਾਰਦੀ ਅਤੇ ਨਵੇਂ ਧਰਾਤਲ ਤਲਾਸ਼ਦੀ।
ਸ਼ਾਇਸਤਗੀ ਤੇ ਸਨਮਾਨ ਵਿਚੋਂ ਸ਼ਾਇਸਤਗੀ ਉਤਮ। ਇਕ ਸਨਮਾਨ ਤੋਂ ਬਾਅਦ ਅਸੀਂ ਦੂਸਰੇ ਸਨਮਾਨ ਵੱਲ ਝਾਕ ਰੱਖਦੇ ਹਾਂ ਪਰ ਸ਼ਾਇਸਤਗੀ ਤਾਂ ਖੁਦ ਦਾ ਹੀ ਸਨਮਾਨ ਅਤੇ ਸੰਪੂਰਨਤਾ ਹੈ।
ਸ਼ਾਇਸਤਗੀ ਦੇ ਰੰਗਾਂ ‘ਚ ਕੁਦਰਤ ਰੰਗੀ। ਕਦੇ ਦਿਨ ਅਤੇ ਰਾਤ ਦੀ ਸ਼ਾਇਸਤਗੀ ਨੂੰ ਰੂਹ ‘ਚ ਉਤਾਰਨਾ। ਪੁੰਨਿਆਂ ਦੀ ਰਾਤ ਨੂੰ ਚੰਦਰਮਾ ਨਿਹਾਰਨਾ, ਅੱਧੀ ਰਾਤ ਨੂੰ ਤਾਰਿਆਂ ਦੀ ਗੁਫਤਗੂ ਵਿਚ ਖੁਦ ਨੂੰ ਵਿਸਥਾਰਨਾ, ਪੱਤਿਆਂ ਅਤੇ ‘ਵਾ ਦਰਮਿਆਨ ਗੱਲਬਾਤ ਨੂੰ ਅੰਤਰੀਵ ਵਿਚ ਉਤਾਰਨਾ, ਤੁਹਾਨੂੰ ਅਜਿਹੀ ਸ਼ਾਇਸਤਗੀ ਦੇ ਦੀਦਾਰੇ ਹੋਣਗੇ ਜਿਸ ਨੂੰ ਨਤਮਸਤਕ ਹੋਣਾ ਮਨ ਵਿਚ ਲੋਚੋਗੇ।
ਸ਼ਾਇਸਤਗੀ, ਸਾਹ-ਸਤਹੀਣ ਲਈ ਪ੍ਰੇਰਨਾ, ਕਮਦਿਲਿਆਂ ਲਈ ਹੌਂਸਲਾ-ਅਫਜ਼ਾਈ, ਕਮਅਕਲਾਂ ਲਈ ਗਿਆਨ-ਗੋਸ਼ਟ, ਕਠੋਰ ਵਿਅਕਤੀ ਲਈ ਨਰਮਾਈ ਦਾ ਨਗਮਾ ਅਤੇ ਬੇਗੈਰਤਾਂ ਲਈ ਅਣਖ ਦਾ ਅਦਬਨਾਮਾ।
ਸ਼ਾਇਸਤਗੀ ਦਾ ਸਾਥ ਮਾਣਨ ਦੀ ਤਮੰਨਾ ਮਨ ਵਿਚ ਜਰੂਰ ਪੈਦਾ ਕਰਨੀ, ਤੁਹਾਡੇ ਰਾਹਾਂ ਵਿਚ ਫੁੱਲਪੱਤੀਆਂ ਦੀ ਕਿਣਮਿਣ ਹੋਵੇਗੀ ਅਤੇ ਮੱਥੇ ‘ਤੇ ਲਟਕੀਆਂ ਬਾਰਸ਼-ਬੂੰਦਾਂ, ਹੀਰਿਆਂ ਦੇ ਹਾਰ ਦਾ ਰੁਤਬਾ ਪ੍ਰਾਪਤ ਕਰਨਗੀਆਂ।