ਆਓ ਬੁਢਾਪੇ ਨੂੰ ਜਿਉਣਾ ਸਿੱਖੀਏ

ਸੁਰਜੀਤ ਕੌਰ ਕੈਨੇਡਾ
ਫੋਨ: 416-605-3784
ਵਧਦੀ ਉਮਰ ਨਾਲ ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲੱਗਦੇ ਹਾਂ। ਇਨ੍ਹਾਂ ਸੀਮਾਵਾਂ ਨੂੰ ਪਛਾਨਣਾ ਜਰੂਰੀ ਹੈ ਪਰ ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ, ਬੱਸ ਲੋੜ ਹੁੰਦੀ ਹੈ, ਇਕ ਨਿੱਕੀ ਜਿਹੀ ਸ਼ਿਫਟ ਦੀ। ਹੁਣ ਸਾਨੂੰ ਆਪਣੀ ਸੀਮਤ ਸਰੀਰਕ ਸ਼ਕਤੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਪਰ ਹੌਸਲਾ ਹਮੇਸ਼ਾ ਬੁਲੰਦ ਰੱਖਣਾ ਚਾਹੀਦਾ ਹੈ। ‘ਹਾਂਪੱਖੀ ਸੋਚ’ ਨਾਲ ਇਹ ਉਮਰ ਹੁਸੀਨ ਬਣਾਈ ਜਾ ਸਕਦੀ ਹੈ।

ਸਾਰੀ ਜ਼ਿੰਦਗੀ ਅਸੀਂ ਬਹੁਤ ਰੁੱਝੇ ਰਹਿੰਦੇ ਹਾਂ। ਕਈ ਕੰਮ ਕਰਨੇ ਚਾਹੁੰਦੇ ਹਾਂ ਪਰ ਸਾਡੇ ਕੋਲ ਸਮਾਂ ਨਹੀਂ ਹੁੰਦਾ। ਅਕਸਰ ਸ਼ਿਕਾਇਤ ਵੀ ਕਰਦੇ ਰਹਿੰਦੇ ਹਾਂ ਕਿ ਜੇ ਸਮਾਂ ਹੁੰਦਾ ਤਾਂ ‘ਮੈਂ ਆਹ ਕਰਨਾ ਸੀ, ਉਹ ਕਰਨਾ ਸੀ।’ ਹੁਣ ਅਸੀਂ ਰਿਟਾਇਰ ਹੋ ਚੁਕੇ ਹੁੰਦੇ ਹਾਂ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਵੀ ਮੁਕਤ ਹੁੰਦੇ ਹਾਂ। ਹੁਣ ਸਾਡੇ ਕੋਲ ਵਿਹਲ ਹੀ ਵਿਹਲ ਹੈ। ਵੇਖਣਾ ਇਹ ਹੈ ਕਿ ਇਹ ਵਿਹਲ ਸਾਨੂੰ ਡਿਪਰੈਸ਼ਨ (ਨਿਰਾਸ਼ਾ, ਢਹਿੰਦੀ ਕਲਾ) ਵੱਲ ਨਾ ਲੈ ਜਾਵੇ, ਅਤੇ ਅਸੀਂ ਇਹ ਨਾ ਸੋਚਣ ਲੱਗ ਜਾਈਏ ਕਿ ‘ਹੁਣ ਵਿਹਲੇ ਅਤੇ ਬੇਕਾਰ ਹੋ ਗਏ ਹਾਂ’ ਜਾਂ ‘ਮੇਰੀ ਤਾਂ ਕਿਸੇ ਨੂੰ ਲੋੜ ਹੀ ਨਹੀਂ।’
ਸਵਾਲ ਹੈ, ਅਸੀਂ ਇਸ ਉਮਰ ਨੂੰ ਸਾਰਥਕ ਕਿਵੇਂ ਬਣਾਈਏ? ਇਸ ਵਿਹਲ ਵਿਚ ਅਸੀਂ ਉਹ ਸਾਰੇ ਕੰਮ ਕਰ ਸਕਦੇ ਹਾਂ ਜੋ ਅਸੀਂ ਸਾਰੀ ਜ਼ਿੰਦਗੀ ਸਮੇਂ ਦੀ ਘਾਟ ਕਰਕੇ ਕਰਨੇ ਲੋਚਦੇ ਰਹੇ; ਜਿਵੇਂ ਕਿਸੇ ‘ਹੌਬੀ’ ਦੀ ਪੂਰਤੀ ਜਾਂ ਸੈਰ-ਸਪਾਟਾ ਕਰਨਾ ਆਦਿ।
ਉਂਜ ਤਾਂ ਹਰ ਇਨਸਾਨ ਨੂੰ ਆਪਣੇ ਬੁਢਾਪੇ ਲਈ ਬਹੁਤ ਪਹਿਲਾਂ ਹੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਪਰ ਜੇ ਨਹੀਂ ਵੀ ਕੀਤੀ ਤਾਂ ਹੁਣ ਵੀ ਕਰ ਸਕਦੇ ਹਾਂ। ਅਸੀਂ ਆਪਣੇ ਵਿਹਲੇ ਸਮੇਂ ਨੂੰ ਕਿਵੇਂ ਬਤੀਤ ਕਰਨਾ ਹੈ, ਸਭ ਤੋਂ ਪਹਿਲਾਂ ਇਹ ਪਲੈਨ ਕਰਨਾ ਹੈ। ਬਹੁਤ ਸਾਰੀਆਂ ਗਤੀਵਿਧੀਆਂ ਹਨ, ਇਸ ਉਮਰ ਵਿਚ ਕਰਨ ਲਈ। ਜੇ ਕੋਮਲ ਕਲਾਵਾਂ ਦਾ ਸ਼ੌਕ ਹੈ ਤਾਂ ਪੇਂਟਿੰਗ ਕਰੋ, ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਆਪਣੇ ਖਿਆਲਾਂ ਨੂੰ ਲਿਖਤੀ ਰੂਪ ਦੇਣ ਨਾਲ ਮਨ ਤੋਂ ਬੋਝ ਹਟਦਾ ਹੈ। ਇਸ ਉਮਰੇ ਬਾਗਬਾਨੀ ਬਹੁਤ ਹੀ ਵਧੀਆ ਸ਼ੌਕ ਹੈ, ਜੋ ਤਨ ਤੇ ਮਨ-ਦੋਹਾਂ ਨੂੰ ਤੰਦਰੁਸਤ ਰੱਖਦਾ ਹੈ। ਮਹੀਨੇ ਵਿਚ ਇਕ ਦੋ ਵਾਰ ਆਪਣੇ ਦੋਸਤਾਂ ਨਾਲ ਮਿਲ ਕੇ ਕਿਸੇ ਚੰਗੇ ਜਿਹੇ ਰੈਸਟੋਰੈਂਟ ਵਿਚ ਲੰਚ ਕਰਨ ਜਾਂ ਪਿਕਨਿਕ ‘ਤੇ ਜਾ ਸਕਦੇ ਹਾਂ। ਉਥੇ ਕਿਸੇ ਵੀ ਵਿਸ਼ੇ ‘ਤੇ ਸਾਕਾਰਾਤਮਕ ਚਰਚਾ ਕਰ ਸਕਦੇ ਹਾਂ। ਇਸ ਨਾਲ ਬੁੱਧੀ ਤੇਜ਼ ਹੋਣ ਦੇ ਨਾਲ ਨਾਲ ਯਾਦਸ਼ਕਤੀ ਬਣੀ ਰਹਿੰਦੀ ਹੈ ਅਤੇ ਜ਼ਿੰਦਗੀ ਵਿਚ ਨਵਾਂਪਣ ਵੀ ਆਉਂਦਾ ਹੈ।
ਕਈ ਲੋਕ ਆਪਣੇ ਜੀਵਨ ਦੇ ਵਧੀਆ ਤਜ਼ਰਬੇ ਲਿਖਣੇ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਕਿਸੇ ਨੂੰ ਕੋਈ ਸੇਧ ਮਿਲ ਸਕਦੀ ਹੈ। ਕੁਝ ਕੁ ਕਵਿਤਾ ਲਿਖਣ ਲੱਗਦੇ ਹਨ ਅਤੇ ਸਾਹਿਤਕ ਸੰਮੇਲਨਾਂ ਵਿਚ ਜਾ ਕੇ ਸੁਣਾਉਂਦੇ ਹਨ। ਇਸ ਨਾਲ ਉਨ੍ਹਾਂ ਦਾ ਮਨੋਬਲ ਕਾਇਮ ਰਹਿੰਦਾ ਹੈ ਅਤੇ ਹੋਰ ਲਿਖਣ ਜਾਂ ਮਹਿਫਿਲ ਵਿਚ ਜੁੜ ਬੈਠਣ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਇਨ੍ਹਾਂ ਦੇਸ਼ਾਂ ਵਿਚ ਬਹੁਤ ਸਾਰੇ ਬਜ਼ੁਰਗ ਵੱਖ ਵੱਖ ਸੰਸਥਾਵਾਂ ਨਾਲ ਜੁੜ ਕੇ ਵਾਲੰਟੀਅਰ ਦਾ ਕੰਮ ਕਰਨ ਲੱਗਦੇ ਹਨ। ਅਸੀਂ ਬਹੁਤ ਸਾਰੇ ਬਜ਼ੁਰਗਾਂ ਨੂੰ ਹਸਪਤਾਲਾਂ ਵਿਚ ਗਾਈਡ ਦਾ ਕੰਮ ਕਰਦਿਆਂ ਵੇਖਿਆ ਹੋਵੇਗਾ; ਬਿਮਾਰ ਤੇ ਬਜ਼ੁਰਗ ਲੋਕਾਂ ਨਾਲ ਬੈਠ ਕੇ ਗੱਲਬਾਤ ਕਰਦਿਆਂ ਵੀ। ਇਸ ਤਰ੍ਹਾਂ ਦੇ ਹੋਰ ਕਈ ਭਲਾਈ ਦੇ ਕੰਮ ਹਨ ਜੋ ਆਪਣੀ ਸਮਰੱਥਾ ਅਨੁਸਾਰ ਕੀਤੇ ਜਾ ਸਕਦੇ ਹਨ। ਦੂਜਿਆਂ ਦੇ ਕੰਮ ਆਉਣ ਨਾਲ ਆਪਣਾ ਆਪ ਅਹਿਮ ਲੱਗਣ ਲਗਦਾ ਹੈ।
ਕਈ ਲੋਕ ਦੁਬਾਰਾ ਪੜ੍ਹਾਈ ਸ਼ੁਰੂ ਕਰ ਦਿੰਦੇ ਹਨ ਭਾਵੇਂ ਇਸ ਨਾਲ ਉਨ੍ਹਾਂ ਨੇ ਕੋਈ ਨੌਕਰੀ ਨਹੀਂ ਕਰਨੀ ਹੁੰਦੀ ਪਰ ਨੌਜਵਾਨਾਂ ਦਾ ਸੰਗ-ਸਾਥ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਦਾ ਹੈ। ਲਾਇਬਰੇਰੀ ਜਾ ਕੇ ਚੰਗੀਆਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ। ਪਾਰਕ ਵਿਚ ਸੈਰ ਕਰਨ ਦਾ ਨੇਮ ਬਣਾਇਆ ਜਾ ਸਕਦਾ ਹੈ। ਬਹੁਤ ਸਾਰੇ ਬਜ਼ੁਰਗ ਲਗਾਤਾਰ ਜਿੰਮ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਸਿਹਤ ਠੀਕ ਰਹੇ। ਜੇ ਤੁਸੀਂ ਪੜ੍ਹੇ-ਲਿਖੇ ਹੋ ਤਾਂ ਬੈਠ ਕੇ ਆਪਣੇ ਪੋਤਰੇ-ਪੋਤਰੀਆਂ ਨੂੰ ਪੜ੍ਹਾਓ। ਉਨ੍ਹਾਂ ਨੂੰ ਸਕੂਲ ਛੱਡਣ/ਲੈਣ ਜਾਣ ਦੀ ਜਿੰਮੇਵਾਰੀ ਲਈ ਜਾ ਸਕਦੀ ਹੈ। ਉਨ੍ਹਾਂ ਨਾਲ ਖੇਡਣ ਨਾਲ ਜ਼ਿੰਦਗੀ ਵਿਚ ਤਾਜ਼ਗੀ ਆਉਂਦੀ ਹੈ। ਆਪਣੀ ਸਮਰੱਥਾ ਤੇ ਸਥਿਤੀ ਅਨੁਸਾਰ ਅਸੀਂ ਆਪਣੇ ਲਈ ਕੋਈ ਵੀ ਰੁਝੇਵਾਂ ਚੁਣ ਸਕਦੇ ਹਾਂ।
ਜ਼ਿੰਦਗੀ ਦੇ ਇਸ ਪੜਾਅ ਨੂੰ ਖੂਬਸੂਰਤੀ ਨਾਲ ਜਿਉਣ ਲਈ ਆਪਣੀ ਸੋਚ ਨੂੰ ਸਾਕਾਰਾਤਮਕ ਰੱਖਣਾ ਬਹੁਤ ਜਰੂਰੀ ਹੈ। ਚੰਗਾ ਸੋਚਣ ਨਾਲ ਤੁਸੀਂ ਆਪ ਤਾਂ ਖੁਸ਼ ਰਹਿੰਦੇ ਹੀ ਹੋ, ਆਪਣੇ ਆਲੇ-ਦੁਆਲੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖਦੇ ਹੋ। ਜੇ ਕਦੇ ਸੌੜੀ ਸੋਚ ਆਵੇ ਤਾਂ ਕਾਗਜ਼ ਕਲਮ ਲੈ ਕੇ ਲਿਖ ਲੈਣਾ ਕਿ ਤੁਹਾਡੇ ਕੋਲ ਕੁਦਰਤ ਵਲੋਂ ਮਿਲੀਆਂ ਕੀ ਕੀ ਨਿਆਮਤਾਂ ਹਨ, ਜੋ ਬਹੁਤਿਆਂ ਕੋਲ ਨਹੀਂ ਹਨ। ਨਵੀਂ ਪੀੜ੍ਹੀ ਦੀ ਸੋਚ ਨੂੰ ਸਮਝੋ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੁਲੰਕਣ ਕਰੋ। ਉਨ੍ਹਾਂ ਲਈ ਕੋਈ ਸਮੱਸਿਆ ਖੜ੍ਹੀ ਕਰਨ ਦੀ ਥਾਂ ਉਨ੍ਹਾਂ ਦਾ ਸਾਥ ਦਿਉ। ਤੁਹਾਡੇ ਚੰਗੇ ਵਰਤਾਉ ਨਾਲ ਤੁਹਾਡੇ ਬੱਚੇ ਵੀ ਤੁਹਾਨੂੰ ਪਿਆਰ ਕਰਨਗੇ। ਜੇ ਲੜਦੇ-ਝਗੜਦੇ ਰਹੇ, ਸ਼ਿਕਾਇਤਾਂ ਕਰਦੇ ਰਹੇ ਤਾਂ ਲੋਕ ਤੁਹਾਥੋਂ ਦੂਰ ਭੱਜਣਗੇ।
ਜ਼ਿੰਦਗੀ ਹਮੇਸ਼ਾ ਹੁਸੀਨ ਹੈ, ਇਸ ਲਈ ਆਉਣ ਵਾਲੇ ਹਰ ਸਾਹ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਚੰਗੀ ਸੋਚ ਹੀ ਜੀਵਨ ਦੀ ਸਾਰਥਕਤਾ ਦੀ ਕੁੰਜੀ ਹੈ ਜਿਸ ਨਾਲ ਅਸੀਂ ਹਰ ਵਰੇਸ ਨੂੰ ਮਾਣ ਸਕਦੇ ਹਾਂ।