ਅੱਲ੍ਹੜ ਉਮਰਾਂ ਤਲਖ ਸੁਨੇਹੇ

ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬੀ ਪਾਠਕਾਂ ਵਿਚ ਆਪਣੇ ਰਹਿਣ ਜੋਗਾ ਪਲਾਟ ਮੱਲ ਕੇ ਘਰ ਪਾ ਲਿਆ ਹੈ। ਸਾਥ ਮਾਣਨ ਵਾਲੇ ਉਸ ਦੇ ਗਵਾਂਢੀ ਸੰਤੁਸ਼ਟ ਹਨ। ਆਲ੍ਹਣਿਓਂ ਡਿੱਗੇ ਬੋਟ, ਸੰਭਲੋ ਪੰਜਾਬ, ਜੀਵੇ ਜਵਾਨੀ ਅਤੇ ਕਰਮੀ ਤੋਂ ਬਾਅਦ ਹਥਲੀ ਪੰਜਵੀਂ ਕਿਤਾਬ ‘ਅੱਲ੍ਹੜ ਉਮਰਾਂ ਤਲਖ ਸੁਨੇਹੇ’ ਪਾਠਕਾਂ ਦੇ ਸਪੁਰਦ ਹੈ। ਕਿਤਾਬ ਵਿਚ ਆਉਣ ਤੋਂ ਪਹਿਲਾਂ ਇਹ ਲਿਖਤਾਂ ਅਖਬਾਰਾਂ, ਰਸਾਲਿਆਂ ਰਾਹੀਂ ਪਾਠਕਾਂ ਦੇ ਰੂਬਰੂ ਹੋ ਚੁਕੀਆਂ ਹਨ ਅਤੇ ਹੁੰਗਾਰਾ ਮਿਲਿਆ ਹੈ।

ਤੂਰ ਦੀ ਕੈਨਵਸ ਵਿਚ ਪੰਜਾਬ ਦੀ ਜੁਆਨੀ ਹੈ, ਉਹੀ ਜੁਆਨੀ ਜੋ ਕਦੇ ਮੌਤ ਨੂੰ ਮਖੌਲਾਂ ਕਰਿਆ ਕਰਦੀ ਸੀ। ਸਰ੍ਹਾਲ ਵਰਗੀ ਮੌਤ ਨੇ ਜੁਆਨੀ ਨੂੰ ਹੁਣ ਚੁਫੇਰਿਓਂ ਵਲ ਲਿਆ ਹੈ। ਡਰੀਆਂ ਬੇਨੂਰ ਅੱਖਾਂ ਲਾਚਾਰ ਹਨ। ਕਿਸੇ ਜ਼ਮਾਨੇ ਪਲੇਗ, ਕੋਹੜ, ਤਪਦਿਕ ਆਦਿਕ ਬਿਮਾਰੀਆਂ ਲਾਇਲਾਜ ਸਨ, ਪਿੰਡ ਸ਼ਹਿਰ ਖਾਲੀ ਹੋ ਜਾਇਆ ਕਰਦੇ ਸਨ। ਨਸ਼ਿਆਂ ਦੀ ਅਜੋਕੀ ਬਿਮਾਰੀ ਸ਼ੌਕ ਨਾਲ ਪੰਜਾਬੀਆਂ ਨੇ ਆਪ ਸਹੇੜੀ ਹੈ।
ਅੱਧੀ ਸਦੀ ਪਹਿਲਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਜੁਆਨੀ ਨੂੰ ਸੰਬੋਧਨ ਕੀਤਾ ਸੀ, ਉਸ ਦੀ ਵੰਗਾਰ ਅਤੇ ਨਸੀਹਤ ਸ਼ਹਿਰੀ ਤਬਕੇ ਲਈ ਸੀ। ਤੂਰ ਪਿੰਡ ਦੀਆਂ ਗਲੀਆਂ ਥਾਣੀ ਖੇਤਾਂ ਤੱਕ ਪੁਜਦਾ ਹੈ। ਪ੍ਰੀਤਲੜੀ ਦੀ ਲਿਖਤ ਵਿਚ ਖਿਆਲ ਪ੍ਰਧਾਨ ਸੀ, ਤੂਰ ਦੀ ਕਲਮ ਵਿਚ ਕਰਮ ਪ੍ਰਧਾਨ ਹੈ। ਜਦੋਂ 1966 ਵਿਚ ਪੰਜਾਬ ਦੀ ਵੰਡ ਹੋਈ, ਹਰਿਆਣੇ ਦੇ ਲੋਕਾਂ ਨੂੰ ਸੁਸਤ, ਕੰਮ ਚੋਰ, ਵਿਹਾਰ ਅਤੇ ਵਿੱਦਿਆ ਵਿਚ ਪਛੜੇ ਹੋਏ ਜਾਣਿਆ ਜਾਂਦਾ ਸੀ। ਪੰਜਾਬ ਦੇ ਮੁਕਾਬਲੇ ਹਰਿਆਣੇ ਦੀਆਂ ਜਮੀਨਾਂ ਕਮਜ਼ੋਰ ਸਨ ਤੇ ਵਿੱਦਿਅਕ ਸਹੂਲਤਾਂ ਨਾਂਹ ਬਰਾਬਰ। ਅੱਧੀ ਸਦੀ ਬਾਅਦ ਤੂਰ ਦਾ ਸਰਵੇਖਣ ਦਸਦਾ ਹੈ ਕਿ ਹਾਲਾਤ ਉਲਟ ਗਏ ਹਨ। ਖਾਣ ਪੀਣ, ਪਹਿਨਣ ਅਤੇ ਮੁਕਾਬਲੇਬਾਜ਼ੀ ਵਿਚ ਹਰਿਆਣੇ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਹਿਮਾਚਲ ਪੰਜਾਬ ਤੋਂ ਅੱਗੇ ਲੰਘ ਗਿਆ ਹੈ।
ਤੂਰ ਨੇ ਪੰਜਾਬੀ ਸਾਹਿਤ, ਸੱਭਿਆਚਾਰ ਦਾ ਅਧਿਐਨ ਕੀਤਾ ਹੋਇਆ ਹੈ, ਫਸਲਾਂ ਦੀ ਮਹਿਕ ਪਛਾਣਦਾ ਹੈ। ਓਵਰਡੋਜ਼ ਡਰੱਗ ਦਾ ਟੀਕਾ ਲਾ ਕੇ ਜੁਆਨ ਮੌਤ ਦੀ ਗੋਦ ਵਿਚ ਜਾ ਬੈਠਾ। ਤੂਰ ਦਾ ਵਾਕ ਹੈ, “ਪਹਿਲੀ ਵਾਰ ਜਦ ਉਹ ਮਿਲਿਆ, ਚਿੱਟਾ ਕੁਰਤਾ ਪਜਾਮਾ ਪਹਿਨਿਆ ਹੋਇਆ ਸੀ। ਚਿੱਟਾ ਕੱਪੜਾ ਉਸ ਦੀ ਲਾਸ਼ ਉਪਰ ਤਾਣਿਆ ਪਿਆ ਸੀ। ਕਿਸੇ ਮਾਂ ਦਾ ਪੂਰਨ; ਹਾਲਤਾਂ ਨੇ ਜਿਸ ਦੇ ਹੱਥ ਪੈਰ ਵੱਢ ਕੇ ਖੂਹ ਵਿਚ ਸੁਟਵਾ ਦਿੱਤਾ ਹੋਵੇ। ਜੁਆਨ ਸਫੈਦ ਕੱਫਣ ਓੜ੍ਹ ਰਹੇ ਨੇ, ਵਿਧਵਾਵਾਂ ਦੇ ਸਿਰਾਂ ‘ਤੇ ਸਫੈਦ ਦੁਪੱਟੇ ਟਿਕ ਗਏ ਨੇ।”
ਇੱਕ ਦੁਖੀ ਮਾਂ ਤੂਰ ਨੂੰ ਮਿਲ ਕੇ ਆਖਦੀ ਹੈ, “ਛੱਤ ਨਾਲ ਮੈਨੂੰ ਲਟਕਣਾ ਨ੍ਹੀਂ ਆਉਂਦਾ, ਜ਼ਹਿਰੀਲੀ ਦਵਾਈ ਮਿਲੀ ਨਹੀਂ…। ਉਸ ਦੇ ਸਹਿਜ ਸੁਭਾ ਕਹੇ ਇਨ੍ਹਾਂ ਬੋਲਾਂ ਨਾਲ ਪੰਜਾਬ ਤ੍ਰਭਕਦਾ ਤੇ ਕੰਬਦਾ ਪ੍ਰਤੀਤ ਹੋਇਆ।…ਉਸ ਦੀਆਂ ਅੱਖਾਂ ਵਿਚੋਂ ਇਕ ਵੀ ਅੱਥਰੂ ਨਹੀਂ ਡਿਗਿਆ। ਪੂਰੀ ਜ਼ਿੰਦਗੀ ਨੂੰ ਉਹ ਪਹਿਲਾਂ ਹੀ ਰੋ ਚੁਕੀ ਸੀ।”
ਸਤੀ ਪ੍ਰਥਾ ਤੋਂ ਲੈ ਕੇ ਭਰੂਣ ਹੱਤਿਆ ਤੱਕ ਤੂਰ ਔਰਤ ਦੇ ਦੁੱਖਾਂ ਦਾ ਬਿਰਤਾਂਤ ਸਿਰਜਦਿਆਂ ਲਿਖਦਾ ਹੈ, “ਅਨੇਕ ਦੁੱਖਾਂ ਦੇ ਬਾਵਜੂਦ ਔਰਤ ਨੇ ਆਪਣਾ ਜੀਵਨ ਪਰਿਵਾਰ ਲਈ ਏਨਾ ਖੁਭ ਕੇ ਜੀਵਿਆ ਹੁੰਦਾ ਹੈ ਕਿ ਉਸ ਦਾ ਰੂਪ ਲੋਪ ਨਹੀਂ ਹੁੰਦਾ ਬਲਕਿ ਰੰਗ ਬਣ ਕੇ ਘਰ ਦੀਆਂ ਕੰਧਾਂ ਕੰਧੋਲੀਆਂ ਨੂੰ ਲੱਗ ਜਾਂਦਾ ਹੈ। ਉਸੇ ਔਰਤ ਨੂੰ ਦੁੱਖਾਂ ਦੀ ਭੱਠੀ ਵਿਚ ਝੋਕ ਦੇਣਾ ਪੰਜਾਬੀਆਂ ਲਈ ਮੰਦਭਾਗਾ ਹੈ।”
ਤੂਰ ਦੀ ਵਾਰਤਕ ਦਾ ਇਕ ਹੋਰ ਨਮੂਨਾ, “ਬੱਚਾ ਅਜੇ ਪੇਟ ਵਿਚ ਸੀ ਕਿ ਖਾਵੰਦ ਦੀ ਮੌਤ ਹੋ ਗਈ। ਜੋੜ ਤੋੜ ਸਾਰਾ ਓਹੜ ਪੋਹੜ ਲਾ ਕੇ ਦੋ ਮੱਝਾਂ ਖਰੀਦ ਦੁੱਧ ਵੇਚ ਗੁਜ਼ਾਰਾ ਕਰਨ ਲੱਗੀ। ਦੋਵੇਂ ਮੱਝਾਂ ਚੋਰੀ ਹੋ ਗਈਆਂ। ਸਰਪੰਚ ਨਾਲ ਥਾਣੇ ਰਪਟ ਲਿਖਾਣ ਗਈ, ਮੁਕੱਦਮੇ ਵਿਚ ਕੋਈ ਦਿਲਚਸਪੀ ਨਹੀਂ, ਆਖੀ ਜਾ ਰਹੀ ਸੀ, ਮੇਰੀਆਂ ਮੱਝਾਂ ਲਭਾ ਦਿਓ। ਸਰਪੰਚ ਨੇ ਕਿਹਾ, ਸਰ ਲਭਾ ਦਿਓ ਮੱਝਾਂ। ਧਾਰਾਂ ਚੋਣ ਦਾ ਵੇਲਾ ਹੁੰਦੈ ਤਾਂ ਇਹ ਬੀਬੀ ਹੱਥ ‘ਚ ਬਾਲਟੀ ਫੜ੍ਹ ਕੇ ਧਾਹਾਂ ਮਾਰਦੀ ਹੈ।”
ਬੀਤੇ ਪੰਜਾਬ ਦਾ ਦ੍ਰਿਸ਼ ਦੇਖੋ, “ਕੰਧਾਂ ਕੰਧੋਲੀਆਂ ਲਿਪਦੀਆਂ ਔਰਤਾਂ, ਤਿਲ ਭੁੰਨਦੀਆਂ ਸੁਆਣੀਆਂ, ਬਾਪ ਦੀ ਰੋਟੀ ਲਈ ਖੇਤ ਜਾਂਦੀ ਬਾਲੜੀ, ਕਪਾਹ ਦੇ ਫੁੱਲਾਂ ਤੇ ਮੰਡਰਾਉਂਦੀਆਂ ਰੰਗ ਬਿਰੰਗੀਆਂ ਤਿਤਲੀਆਂ, ਵਗਦੇ ਖਾਲ ਵਿਚੋਂ ਪਾਣੀ ਪੀ ਕੇ ਉਡ ਗਈਆਂ ਚਿੜੀਆਂ-ਇਕ ਸਮਾਂ ਸੀ ਜਦੋਂ ਕੰਮਾਂਕਾਰਾਂ ਨੇ ਪੰਜਾਬੀਅਤ ਨੂੰ ਮਹਿਕਣ ਲਾ ਦਿੱਤਾ ਸੀ।”
“ਲੋਰੀਆਂ, ਘੋੜੀਆਂ, ਸੁਹਾਗ, ਮਾਹੀਆ ਲੋਕਧਾਰਾ ਨੇ ਪੰਜਾਬੀਆਂ ਨੂੰ ਮਾਣ ਬਖਸ਼ਿਆ ਹੈ, ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ।…ਸੁਹਣੇ ਜ੍ਹੇ ਚੀਰੇ ਵਾਲਿਆ ਵੇ, ਚੀਰਾ ਕਲਗੀ ਦੇ ਨਾਲ ਸ਼ਿੰਗਾਰਿਆ ਈ…। ਜਿਨ੍ਹਾਂ ਦੇ ਵਿਆਹਾਂ ‘ਤੇ ਗੀਤ ਗਾਉਣ ਲਈ ਭੈਣਾਂ-ਮਾਂਵਾਂ ਦਿਨ ਉਡੀਕਦੀਆਂ ਹਨ, ਅੰਦਰ ਧਸੀਆਂ ਅੱਖਾਂ, ਕੰਬਦੇ ਹੱਥਾਂ ਨਾਲ ਪਲ ਪਲ ਉਹ ਜੁਆਨ ਸ਼ਮਸ਼ਾਨਘਾਟ ਵਲ ਵਧ ਰਹੇ ਹਨ।”
ਜਿਸ ਤਰ੍ਹਾਂ ਦੀ ਡੂੰਘੀ ਉਦਾਸ ਵਾਰਤਕ ਤੂਰ ਸਿਰਜਦਾ ਹੈ, ਉਹੋ ਜਿਹੀ ਹਰਿਆਣੇ ਦੇ ਗਿਆਨ ਪ੍ਰਕਾਸ਼ ਵਿਵੇਕ ਦੀ ਪੜ੍ਹੀ ਸੀ। ਜਿਸ ਨੇ ਦੁੱਖ ਨਹੀਂ ਦੇਖਿਆ, ਉਸ ਨੂੰ ਰੂਹਾਨੀ ਸੰਗੀਤ ਦਾ ਕੀ ਪਤਾ? ਵਿਵੇਕ ਦੀ ਲਿਖਤ ਦਾ ਨਮੂਨਾ ਦੇਖੋ, “ਮੇਰਾ ਪਿੰਡ ਚੁਪ ਚੁਪ ਰਹਿੰਦੈ। ਸਾਲ ਵਿਚ ਦੋ ਤਿੰਨ ਵਾਰ ਬਸ ਤਿਉਹਾਰਾਂ ਦੇ ਦਿਨਾਂ ਵਿਚ ਹੀ ਹਸਦੈ। ਜਿਵੇਂ ਗਵਾਚੀ ਖੁਸ਼ੀ ਲੱਭਦਾ ਹੋਏ। ਗਵਾਚੀ ਖੁਸ਼ੀ ਲੱਭਣੀ ਓਨਾ ਈ ਔਖਾ ਕੰਮ, ਜਿੰਨਾ ਡਿਗਿਆ ਹੰਝੂ ਚੁਕ ਕੇ ਮੁੜ ਅੱਖ ਵਿਚ ਪਾਉਣਾ। ਮੇਰਾ ਪਿੰਡ ਜਿਵੇਂ ਬਣਵਾਸ ਭੋਗਦਾ ਹੋਇਆ ਰਾਜਾ ਰਾਮਚੰਦ। ਪਿੰਡ ਵਿਚਕਾਰ ਖੂਹ ਹੈ। ਖੂਹ ਦਾ ਪਾਣੀ ਖਾਰਾ। ਖਾਰੇ ਪਾਣੀ ਦੀ ਸਾਖੀ ਹੈ। ਮੁੱਦਤ ਪਹਿਲਾਂ ਦਰਵੇਸ਼ ਲੰਘਿਆ ਸੀ, ਪਿਆਸਾ ਸੀ, ਪਿੰਡ ਨੇ ਪਾਣੀ ਨਹੀਂ ਪੁੱਛਿਆ। ਖਾਰੇ ਪਾਣੀ ਦਾ ਸਰਾਪ ਦੇ ਗਿਆ। ਭਲਾ ਸੀ ਕੋਈ ਜੋ ਖਾਰੇ ਪਾਣੀ ਦਾ ਸਰਾਪ ਦੇ ਗਿਆ, ਖੂਹ ਸੁੱਕ ਜਾਣ ਦਾ ਸਰਾਪ ਦੇ ਜਾਂਦਾ, ਫੇਰ ਅਸੀਂ ਕੀ ਕਰਦੇ? ਵਿਸਾਖੀ ਦੇ ਦਿਨ ਤੋਂ ਲੈ ਕੇ ਸਾਰੀਆਂ ਗਰਮੀਆਂ ਮੇਰਾ ਪਿੰਡ ਹੁਣ ਪਿਆਓ ਲਾਉਣਾ ਨਹੀਂ ਭੁਲਦਾ।”
ਚੰਗੀ ਲਿਖਤ ਪੜ੍ਹਨ ਬਾਅਦ ਇਨਾਮ ਮਿਲਦਾ ਹੈ ਕਿ ਹੋਰ ਚੰਗੀਆਂ ਲਿਖਤਾਂ ਦੇ ਬੋਲ ਉਤਰ ਕੇ ਆਲੇ-ਦੁਆਲੇ ਨੱਚਣ ਲਗਦੇ ਹਨ। ਜਦੋਂ ਰੋਸ਼ਨੀ ਵੱਖ ਵੱਖ ਰੰਗਾਂ ਥਾਣੀਂ ਹਸਦੀ ਅਤੇ ਰੋਂਦੀ ਹੈ, ਤੂਰ ਨਿਪੁੰਨ ਕਿਸਾਨ ਵਾਂਗ ਕਣਕ ਦੇ ਖੇਤ ਵਿਚਕਾਰ ਸਰ੍ਹੋਂ ਦੀਆਂ ਆਡਾਂ ਕੱਢਦਾ ਹੈ। ਯਾਦ ਕਰਾਉਂਦਾ ਹੈ ਕਿ ਪੰਜਾਬ ਧਰਤੀ ਦੀ ਵੱਖੀ ਵਿਚ ਹਲ ਨਾਲ ਕੁਤਕੁਤਾੜੀਆਂ ਕਰਦਾ, ਧਰਤੀ ਦੇ ਹਾਸੇ ਫਸਲਾਂ ਬਣ ਬਣ ਫੁਟਦੇ ਹੁੰਦੇ।
-ਡਾ. ਹਰਪਾਲ ਸਿੰਘ ਪੰਨੂ
ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ, ਬਠਿੰਡਾ।
ਫੋਨ: 91-94642-51454