ਕੈਂਸਰ ਅਤੇ ਫੁੱਲ

ਸੁਰਜੀਤ ਵਿਰਦੀ
ਬਾਥਰੂਮ ਠੰਡਾ ਹੈ, ਹੁਣੇ ਗਰਮ ਹੋ ਜਾਵੇਗਾ, ਗਰਮ ਪਾਣੀ ਚਲਦਿਆਂ ਹੀ। ਗੈਸ ਕਈ ਕੰਮ ਕਰ ਦਿੰਦੀ ਹੈ। ਗੈਸ ਦੇ ਮੀਟਰ ਵਿਚ ਸਿੱਕਾ ਪਾ ਕੇ ਮੈਂ ਪਾਣੀ ਛੱਡਦਾ ਹਾਂ। ਗਰਮ ਪਾਣੀ ਚਰਲ ਚਰਲ ਬਾਥਰੂਮ ਵਿਚ ਡਿੱਗ ਰਿਹਾ ਹੈ। ਹਵਾ ਵਿਚ ਉਡਦੇ ਬਰਫ ਦੇ ਫੰਬੇ ਖਿੜਕੀ ਦੇ ਘਸਮੈਲੇ ਸ਼ੀਸ਼ੇ ਨੂੰ ਥਪਕੀਆਂ ਦੇ ਰਹੇ ਹਨ। ਹਵਾ ਅੰਦਰ ਨਹੀਂ ਆ ਸਕੇਗੀ, ਖਿੜਕੀ ਚੰਗੀ ਤਰ੍ਹਾਂ ਬੰਦ ਹੈ ਦਰਵਾਜਾ ਵੀ।

ਪਾਣੀ ਵਿਚੋਂ ਨਿਕਲਦੀ ਭਾਫ ਨਾਲ ਮੇਰਾ ਦੁਆਲਾ ਧੂੰਆਂ ਧਾਰ ਹੈ। ਦਰਵਾਜਾ ਖੜਕਦਾ ਹੈ। ਔਰਤ ਦੀ ਘਰੇਲੂ ਆਵਾਜ਼, ਜਿਵੇਂ ਕਿਸੇ ਇਲਤੀ ਨਿਆਣੇ ਨੂੰ ਕਹਿੰਦੀ ਹੈ:
ਸਾਬਣ ਲੈ ਲਿਆ ਜੀ?
ਹਾਂ
ਤੌਲੀਆ, ਸ਼ੈਂਪੂ, ਬੁਰਸ਼…
ਹਾਂ, ਹਾਂ, ਸਭ ਕੁਝ ਹੈ
ਮੈਂ ਕਿਹਾ, ਪੀਂਦੇ ਤਾਂ ਨਹੀਂ?
ਨਹੀਂ ਛੋਟੀ ਬੋਤਲ ਵਿਚੋਂ ਭਰੇ ਘੁੱਟ ਨੂੰ ਅੰਦਰ ਲੰਘਾਉਂਦਿਆਂ ਮੈਂ ਕਹਿੰਦਾ ਹਾਂ।
ਛੇਤੀ ਬਾਹਰ ਨਿਕਲਿਓ, ਏਨਾ ਚਿਰ ਪਤਾ ਨਹੀਂ ਕੀ ਕਰਦੇ ਨੇ ਬਾਥਰੂਮ ਵਿਚ, ਮੈਨੂੰ ਤਾਂ ਡਰ ਈ ਲੱਗਦਾ ਤੁਹਾਥੋਂ, ਉਸ ਦੇ ਅੰਤਮ ਬੋਲ ਮੱਧਮ ਹਨ। ਆਪਣੇ ਦਿਲ ਦੀ ਕਹਿ ਕੇ ਬੱਚਿਆਂ ਵੱਲ ਚਲੀ ਗਈ ਹੈ।
ਨਹਾਉਣ ਲੱਗਿਆਂ ਮੈਨੂੰ ਪੀਣ ਦੀ ਆਦਤ ਹੈ, ਸਿਗਰਟ ਪੀਣ ਦੀ ਵੀ। ਕਈ ਕੁਝ ਯਾਦ ਆ ਜਾਂਦਾ ਹੈ, ਕਈ ਕੁਝ ਭੁੱਲ ਜਾਂਦਾ ਹੈ। ਇਹ ਔਰਤ ਹਰ ਰਾਤ ਮੇਰੇ ਨਾਲ ਸੌਂਦੀ ਹੈ। ਲਹਿਰਾਂ ਤਾਂ ਰੋਜ਼ ਹੀ ਉਠਦੀਆਂ ਹਨ ਪਰ ਤੂਫਾਨ ਆ ਜਾਂਦਾ ਹੈ ਅਤੇ ਤੂਫਾਨ ਤੋਂ ਪਿਛੋਂ ਸੁੱਤੇ ਕਿਨਾਰਿਆਂ ਉਪਰ, ਫਾਇਰਪਲੇਸ ਵਿਚੋਂ ਨਿਕਲਦੇ ਸ਼ੌਅਲਿਆਂ ਵਿਚ ਨਿਗਾਹ ਟਿਕਾਈ ਮੈਂ ਸੋਚਦਾ ਹਾਂ। ਖੌਰੇ ਇਹ ਸੁੱਤੀ ਹੋਈ ਹੈ ਜਾਂ ਉਂਜ ਹੀ ਅੱਖਾਂ ਬੰਦ ਕਰੀ ਕੁਝ ਸੋਚਦੀ ਹੈ, ਮੇਰੇ ਨਾਲ ਪਈ ਔਰਤ ਕੀ ਸੋਚਦੀ ਹੈ? ਕਾਸ਼ ਮੈਂ ਉਨ੍ਹਾਂ ਚੋਰਾਂ ਨੂੰ ਫੜ ਸਕਦਾ ਜੋ ਉਹਦੇ ਅੰਦਰ ਕਿਧਰੇ ਲੁਕੇ ਬੈਠੇ ਹੋਣਗੇ।
ਫਾਇਰ ਵਿਚ ਦੇਖਦਿਆਂ ਮੈਨੂੰ ਪਿੰਡ ਦੇ ਘਰ ਦੀ ਛੱਤ ਯਾਦ ਆ ਜਾਂਦੀ ਹੈ। ਗਰਮੀਆਂ ਦੀਆਂ ਕੱਚ ਵਰਗੀਆਂ ਚੁਭਦੀਆਂ ਰਾਤਾਂ, ਛੱਤ ਉਪਰ ਸੌਣਾ। ਜਦੋਂ ਕੋਈ ਪਿੰਡ ਵਿਚ ਮਰ ਜਾਂਦਾ ਕਿੰਨੀ ਕਿੰਨੀ ਰਾਤ ਤੱਕ ਸਾਡੇ ਕੋਠੇ ਉਪਰੋਂ ਦਿਸਦੇ ਸਿਵਿਆਂ ਵੱਲ ਮੈਂ ਦੇਖਦਾ ਰਹਿੰਦਾ। ਮੇਰੇ ਲਾਗਲੇ ਮੰਜਿਆਂ ਉਪਰ ਸੁੱਤੇ ਹੋਇਆਂ ਦੇ ਤਰਤੀਬਵਾਰ ਸਾਹ ਜਿਵੇਂ ਮੈਨੂੰ ਆਪਣੀ ਦੁਨੀਆਂ ਵਿਚੋਂ ਕੱਢ ਦਿੰਦੇ। ਮੈਂ ਆਪਣਾ ਜੱਗ ਵਸਾ ਲੈਂਦਾ, ਬਲਦੇ ਸਿਵੇ ਦਾ ਨਿੱਘ, ਠੰਡੇ ਤਾਰਿਆਂ ਦੀ ਲੋਅ, ਬੱਦਲਾਂ ਦੇ ਵੱਖ ਵੱਖ ਰੂਪ ਜੋ ਮੇਰੀ ਸੋਚ ਵਿਚ ਬਣਦੇ। ਬਚਪਨ ਦੇ ਦਿਨਾਂ ਦੀ ਯਾਦ, ਬਚਪਨ ਜੋ ਸਿੱਧ ਵਿਚ ਗੁਜ਼ਰਿਆ।
ਉਦੋਂ ਮੈਂ ਚੌਥੀ ‘ਚ ਪੜ੍ਹਦਾ ਸਾਂ, ਸਕੂਲ ਵਲੋਂ ਅਸੀਂ ਬਸ ਵਿਚ ਬੈਠ ਕੇ ਕੋਈ ਪੁਰਾਣਾ ਕਿਲ੍ਹਾ ਦੇਖਣ ਜਾ ਰਹੇ ਸਾਂ। ਰਸਤੇ ਵਿਚ ਪੀਲੇ ਰੰਗ ਦੀ ਹਨੇਰੀ ਝੁੱਲ ਪਈ ਜੋ ਲਾਲ ਹੋ ਕੇ ਵਗ ਪਈ। ਬਸ ਉਲਟ ਗਈ। ਮੈਂ ਖੱਡ ਵਿਚ ਪਿਆ ਰੜਕਦੀਆਂ ਅੱਖਾਂ ਨੂੰ ਮਲੀ ਜਾਂਦਾ, ਡਰੀ ਜਾਂਦਾ ਰਿਹਾ। ਮਰੀ ਹੋਈ ਮੱਝ ਵਾਂਗ ਪਈ ਬੱਸ ਦੁਆਲੇ ਕਈ ਪਰਛਾਵੇਂ ਭੂਤਾਂ ਵਰਗੇ ਚੱਕਰ ਕੱਢੀ ਜਾ ਰਹੇ ਸਨ, ਕਈ ਆਵਾਜ਼ਾਂ। ਮੈਂ ਡਰ ਕੇ ਚੀਖ ਮਾਰੀ, ਕਿਸੇ ਨੇ ਮੈਨੂੰ ਚੁੱਕ ਲਿਆ। ਘਰ ਆਉਂਦਿਆਂ ਮੈਂ ਮਾਂ ਨਾਲ ਲਿਪਟ ਗਿਆ, ਇਕੋ ਸਾਹ ਉਸ ਨੂੰ ਸਭ ਕੁਝ ਦੱਸੀ ਗਿਆ। ਮਾਂ ਨੇ ਮੈਨੂੰ ਗੋਦ ਵਿਚ ਲੈ ਕੇ ਆਪਣੇ ਉਪਰ ਲਈ ਸ਼ਾਲ ਮੇਰੇ ਦੁਆਲੇ ਵਲਾ ਦਿੱਤੀ। ਸਾਹਮਣੇ ਪਈ ਅੰਗੀਠੀ ਉਪਰ ਮੈਂ ਨਿੱਕੇ ਨਿੱਕੇ ਠੁਰ ਠੁਰ ਕਰਦੇ ਹੱਥ ਸੇਕੇ। ਮਾਂ ਦੇ ਢਿੱਡ ਦਾ ਨਿੱਘ ਮੇਰੇ ਪਿੱਠ ਰਾਹੀਂ ਸਰਕਦਾ ਸਾਰੇ ਜਿਸਮ ਵਿਚ ਰਚਣ ਲੱਗਾ। ਮਾਂ ਕਿੰਨੀ ਵੱਡੀ ਹੈ, ਮੈਂ ਕਿੰਨਾ ਨਿੱਕਾ ਹਾਂ ਸੋਚਦਿਆਂ ਮੇਰੀਆਂ ਅੱਖਾਂ ਵਿਚ ਨੀਂਦ ਭਰ ਗਈ… ਪਰ ਨਹੀਂ ਮੈਨੂੰ ਸੌਣਾ ਨਹੀਂ ਚਾਹੀਦਾ, ਜਾਗਣਾ ਚਾਹੀਦਾ ਹੈ, ਸ਼ਾਇਦ ਜ਼ਿਆਦਾ ਪੀ ਗਿਆ ਹਾਂ, ਬਾਥ ਅਜੇ ਭਰਿਆ ਨਹੀਂ, ਭਰਨ ਵਾਲਾ ਹੈ।
ਹੁਣ ਮੈਂ ਮਾਂ ਨਾਲੋਂ ਕਿੰਨਾ ਵੱਡਾ ਹੋ ਗਿਆ ਹਾਂ, ਮਾਂ ਨੂੰ ਉਮਰ ਨੇ ਸੁਕੇੜ ਦਿੱਤਾ ਹੈ। ਹਸਪਤਾਲ ਦੇ ਬੈਡ ਉਤੇ ਬੈਠੀ ਉਹ ਕਿੰਨੀ ਛੋਟੀ ਲੱਗਦੀ ਸੀ, ਕਿਸੇ ਬੱਚੀ ਦੀ ਪੁਰਾਣੀ ਗੁੱਡੀ ਵਾਂਗ ਜਿਸ ਦੇ ਮੂੰਹ ਤੋਂ ਧਾਗੇ ਉਧੜਨੇ ਸ਼ੁਰੂ ਹੋ ਗਏ ਹੋਣ। ਡਾਕਟਰ ਨੇ ਮੈਨੂੰ ਇਕੱਲਿਆਂ ਕਰਕੇ ਕਿਹਾ ਸੀ, ਇਨ੍ਹਾਂ ਨੂੰ ਕੈਂਸਰ ਹੈ ਜੋ ਜਿਸਮ ਦੇ ਹਰ ਹਿੱਸੇ ਵਿਚ ਫੈਲ ਚੁੱਕਾ ਹੈ ਪਰ ਮਰੀਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਅਤੇ ਮਾਂ ਨੇ ਕਿਹਾ ਸੀ, ਕਾਕਾ ਆਪਣੇ ਬਾਪ ਨੂੰ ਨਾ ਦੱਸੀਂ ਉਸ ਨੂੰ ਕੀ ਬਿਮਾਰੀ ਹੈ, ਡਾਕਟਰ ਕਹਿੰਦਾ ਸੀ। ਤੁਸੀਂ ਮੇਰਾ ਫਿਕਰ ਨਾ ਕਰਿਓ, ਮੈਂ ਛੇਤੀ ਤਕੜੀ ਹੋ ਜਾਣੈ, ਤੂੰ ਬੱਚਿਆਂ ਕੋਲ ਜਾਹ ਪਰਦੇਸ ਵਿਚ ਕੱਲੇ ਆ। ਇਕ ਦੋ ਸਾਲ ਹੋਰ ਲਾ ਕੇ ਸਾਰੇ ਮੁੜ ਆਇਓ, ਚਿੱਠੀ ਪਾਉਂਦੇ ਰਿਹੋ, ਮੈਨੂੰ ਨਿਆਣਿਆਂ ਦਾ ਫਿਕਰ ਐ ਮੈਂ ਤਕੜੀ ਹੋ ਜਾਣੈ।
ਮੈਂ ਸੋਚਿਆ ਜੇ ਮੌਤ ਸਭ ਤੋਂ ਵੱਡੀ ਸੱਚਾਈ ਹੈ ਤਾਂ ਸਭ ਤੋਂ ਵੱਡਾ ਝੂਠ ਵੀ ਹੈ ਝੂਠ ਜੋ ਮਾਂ ਨੇ ਅਤੇ ਮੈਂ ਬਾਪੂ ਨੂੰ ਦੱਸਿਆ, ਝੂਠ ਜੋ ਬਾਪੂ ਨੇ ਮਾਂ ਨੂੰ ਦੱਸਿਆ। ਤੂੰ ਛੇਤੀ ਤਕੜੀ ਹੋ ਜਾਣੈਂ ਬੀਬੀ, ਉਸ ਦੇ ਕਮਜ਼ੋਰ ਮੋਢੇ ਉਪਰ ਰੱਖਿਆ ਮੇਰਾ ਹੱਥ ਕੰਬ ਗਿਆ ਸੀ… ਨਹੀਂ! ਨਹੀਂ ਮੈਨੂੰ ਅੱਖਾਂ ਨਹੀਂ ਭਰਨੀਆਂ ਚਾਹੀਦੀਆਂ, ਨਹੀਂ ਤਾਂ ਪਤਾ ਲੱਗ ਜਾਵੇਗਾ ਮਾਂ ਨੂੰ ਉਸ ਦੀ ਮੌਤ ਦਾ ਜੋ ਦੱਬੇ ਪੈਰੀਂ ਆ ਰਹੀ ਹੈ, ਸਭ ਦਰ ਬੰਦ ਦੇਖ, ਸੰਨ੍ਹ ਲਾ ਰਹੀ ਹੈ। ਤਿੰਨ ਮਹੀਨੇ ਵੱਡਾ ਕੈਂਸਰ ਆਪਣੇ ਅੰਦਰ ਲਈ ਮੈਂ ਔਰਤ ਤੇ ਬੱਚਿਆਂ ਕੋਲ ਵਾਪਸ ਇੰਗਲੈਂਡ ਆ ਗਿਆ ਹਾਂ।
ਦਰਵਾਜਾ ਖੜਕਦਾ ਹੈ। ਔਰਤ ਦੀ ਆਵਾਜ਼ ਖਿੱਝੀ ਹੋਈ ਮਾਂ ਵਾਂਗ ਤਲਖ ਹੈ।
ਨ੍ਹਾ ਲਿਆ ਜੀ?
ਨਹੀਂ, ਅਜੇ ਤਾਂ ਬਾਥ ਟੱਬ ਵੀ ਨਹੀਂ ਭਰਿਆ।
ਭਰਿਆ ਨਹੀਂ ਕਿ ਭਰ ਕੇ ਉਛਲਦਾ?
ਪਾਣੀ ਥੋੜ੍ਹਾ ਆਉਂਦੈ, ਉਹ ਸਾਲਾ ਚੰਗੀ ਤਰ੍ਹਾਂ ਠੀਕ ਨਹੀਂ ਕਰਕੇ ਗਿਆ। ਤੂੰ ਫਾਇਰ ਵਿਚ ਕੋਲੇ ਪਾ, ਮੈਂ ਹੁਣੇ ਆਇਆ ਨ੍ਹਾ ਕੇ। ਮੈਂ ਕਿਹਾ ਤੂੰ ਪੌੜੀਆਂ ਉਤਰੀ ਸੀ, ਕੋਈ ਆਇਆ ਸੀ?
ਨਹੀਂ, ਚਿੱਠੀ ਆਈ ਸੀ।
ਕਿੱਥੋਂ?
ਇੰਡੀਆ ਤੋਂ।
ਕਿਸ ਦੀ?
ਪਤਾ ਨਹੀਂ, ਪਿਛੇ ਕੁਝ ਨਹੀਂ ਲਿਖਿਆ, ਮੈਂ ਤੁਹਾਥੋਂ ਡਰਦੀ ਨੇ ਖੋਲ੍ਹੀ ਨਹੀਂ, ਅੱਛਾ ਛੇਤੀ ਨ੍ਹਾ ਲਓ।
ਬਾਥ ਦਾ ਪਾਣੀ ਬੰਦ ਕਰਕੇ ਮੈਂ ਹੋਰ ਵੀ ਪੀ ਲੈਂਦਾ ਹਾਂ ਅਤੇ ਨਵੀਂ ਸਿਗਰਟ ਸੁਲਗਾਂਦਾ ਹਾਂ। ਮੈਨੂੰ ਕਾਂਬਾ ਛਿੜ ਪਿਆ ਹੈ ਪਾਲੇ ਨਾਲ, ਘਬਰਾਹਟ ਨਾਲ, ਜਾਂ ਸੁਆਦ ਨਾਲ, ਜਾਂ ਉਂਜ ਹੀ, ਚਿੱਠੀ ਕਿਸ ਦੀ ਹੋ ਸਕਦੀ ਹੈ? ਉਸ ਦੀ ਤਾਂ ਨਹੀਂ? ਜੇਬ੍ਹ ਵਿਚੋਂ ਇਕ ਹੋਰ ਸਿੱਕਾ ਕੱਢ ਕੇ ਮੈਂ ਮੀਟਰ ਵਿਚ ਪਾ ਦਿੱਤਾ ਹੈ, ਪਾਣੀ ਤਾਂ ਅਜੇ ਠੰਡਾ ਹੈ। ਬਾਥ ਦੇ ਕੋਨੇ ਉਪਰ ਬੈਠਦਿਆਂ ਮੈਂ ਪਾਣੀ ਘੱਟ ਖੋਲ੍ਹ ਦਿੱਤਾ ਹੈ। ਖੜਾਕ ਹੁੰਦਾ ਹੈ। ਸ਼ਾਇਦ ਔਰਤ ਬੰਕਰ ਵਿਚੋਂ ਕੋਲੇ ਕੱਢ ਰਹੀ ਹੈ। ਭਾਫ ਨਾਲ ਭਰੇ ਸ਼ੀਸ਼ੇ ਵਿਚ ਮੇਰਾ ਅਕਸ ਕਿੰਨਾ ਅਜੀਬ ਲੱਗਦਾ ਹੈ। ਮੈਂ ਛੋਟੀ ਬੋਤਲ ਵਿਚੋਂ ਇਕ ਘੁੱਟ ਹੋਰ ਭਰਦਾ ਹਾਂ।
ਅਸੀਂ ਦੋਵੇਂ ਪਹਾੜੀ ਉਪਰ ਚੜ੍ਹ ਰਹੇ ਹਾਂ, ਇਕ ਦੂਸਰੇ ਦਾ ਹੱਥ ਫੜੀ। ਉਸ ਨੂੰ ਪਹਾੜੀ ਉਪਰ ਚੜ੍ਹਨ ਦਾ ਬਹੁਤ ਸ਼ੌਕ ਹੈ। ਉਹ ਹਰ ਰੋਜ਼ ਸ਼ਾਮ ਨੂੰ ਚੜ੍ਹਦੀ ਹੈ, ਚੋਟੀ ਉਪਰ ਬਣੇ ਮਕਬਰੇ ਦੀ ਥੜ੍ਹੀ ਉਪਰ ਬੈਠ ਕੇ ਨਿਵਾਣ ਵੱਲ ਵੇਖਦੀ ਹੈ, ਕਦੇ ਉਪਰ ਪੁਲਾੜ ਵਿਚੋਂ ਕੁਝ ਲੱਭਦੀ ਹੈ, ਫੇਰ ਗੋਡਿਆਂ ਵਿਚ ਸਿਰ ਸੁੱਟੀ ਕਈ ਕਈ ਚਿਰ ਕੁਝ ਸੋਚਦੀ ਰਹਿੰਦੀ ਹੈ, ਸੂਰਜ ਡੁਬਦਿਆਂ ਘਰ ਆ ਜਾਂਦੀ ਹੈ। ਗਈ ਰਾਤ ਤੱਕ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹੈ। ਘਰਦਿਆਂ ਦੀ ਲਾਡਲੀ ਹੈ, ਉਹ ਕੁਝ ਨਹੀਂ ਕਹਿੰਦੇ।
ਹਵਾ ਠੰਡੀ ਅਤੇ ਨਸ਼ੀਲੀ ਹੈ। ਮੇਰਾ ਹੱਥ ਫੜੀ, ਜਾਣੇ ਰਾਹਾਂ ਉਪਰ ਤੁਰੀ ਜਾਂਦੀ ਹੈ, ਡੁੱਲ੍ਹ ਡੁੱਲ੍ਹ ਪੈਂਦੀ ਹੈ। ਨਿਵਾਣ ਦੇਖਦੀ ਹੈ ਨਾ, ਉਪਰਲਾ ਖਿਲਾਅ ਮੇਰੀਆਂ ਅੱਖਾਂ ਵਿਚ ਅੱਖਾਂ ਪਾਈ ਤਰੇਲ ਭਿੱਜੀ ਪੱਤੀ ਵਾਂਗ ਮੇਰੇ ਵੱਲ ਝੁੱਕ ਝੁੱਕ ਜਾਂਦੀ ਹੈ ਸ਼ਹਿਜ਼ਾਦੀ ਜੋ ਕਿਸੇ ਰਾਜ ਕੁਮਾਰ ਨੂੰ ਆਪਣੀ ਰਾਜਧਾਨੀ ਦਿਖਾ ਰਹੀ ਹੈ।
ਇਸ ਪਹਾੜੀ ਤੋਂ ਪਰ੍ਹਾਂ ਵੱਡੇ ਵੱਡੇ ਪਹਾੜ ਹਨ ਜੋ ਪੱਛਮ ਵੱਲ ਸਰਕਦੇ ਸੂਰਜ ਦੀ ਰੋਸ਼ਨੀ ਵਿਚ ਪੋਸਟਲ ਕਲਰ ਦੇ ਲੈਂਡ ਸਕੇਪ ਲਗਦੇ ਹਨ। ਸ਼ਾਮ ਖੂਬਸੂਰਤ ਹੈ, ਖੂਬਸੂਰਤੀ ਮੇਰੇ ਨਾਲ ਹੈ। ਮੇਰੇ ਹਵਾ ਵਾਂਗ ਉਠਦੇ ਪੈਰਾਂ ਵਿਚ ਹੁਣ ਥਕਾਵਟ ਦਾ ਸਿੱਕਾ ਭਰਦਾ ਜਾਂਦਾ ਹੈ, ਮੈਂ ਚੜ੍ਹਾਈਆਂ ਦਾ ਆਦੀ ਨਹੀਂ। ਉਹ ਰੁਕ ਜਾਂਦੀ ਹੈ, ਮੇਰਾ ਦੂਸਰਾ ਹੱਥ ਵੀ ਫੜ ਕੇ ਮੇਰੀਆਂ ਅੱਖਾਂ ਵਿਚ ਦੇਖਦੀ, ਪੁੱਛਦੀ ਹੈਰਾਨ ਹੈ।
ਕੀ ਗੱਲ ਐ? ਏਨਾ ਉਦਾਸ ਕਿਉਂ ਹੋ ਗਿਆ ਏਂ? ਮੈਂ ਤਾਂ ਬਹੁਤ ਖੁਸ਼ ਆਂ। ਦੱਸ ਨਾ, ਆਪਣੀ ਸੀਮਾ ਨੂੰ ਦੱਸ, ਉਹ ਇਸ ਪਹਾੜੀ ਵਾਂਗ ਨਿੱਗਰ, ਭਰੀ ਭਰੀ, ਸੁਪਨ ਦੇਸ਼ ਦੀ ਪਰੀ ਹੈ। ਮੈਂ ਹੱਸ ਪੈਂਦਾ ਹਾਂ, ਮੇਰੀ ਥਕਾਵਟ ਨੂੰ ਜੋ ਮੇਰੇ ਚਿਹਰੇ ਉਪਰ ਜੰਮ ਗਈ ਹੈ, ਉਹ ਉਦਾਸੀ ਸਮਝ ਰਹੀ ਹੈ। ਕਮਲੀ ਕਿਸੇ ਥਾਂ ਦੀ।
ਤੇਰਾ ਮਹਿਲ ਅਜੇ ਕਿੰਨੀ ਦੂਰ ਐ ਰਾਜ ਕੁਮਾਰੀ? ਹੱਥ ਘੁੱਟਣੀ ਦਾ ਸ਼ਹਿਦ ਮੇਰੀ ਜ਼ੁਬਾਨ ਤੋਂ ਟਪਕਦਾ ਹੈ।
ਬੱਸ ਹੁਣ ਥੋੜ੍ਹੀ ਦੂਰ ਹੀ ਐ ਰਾਜ ਕੁਮਾਰ।
ਮੈਂ ਬਾਕੀ ਰਹਿੰਦੀ ਉਚਾਈ ਵੱਲ ਥੱਕੀਆਂ ਨਜ਼ਰਾਂ ਨਾਲ ਦੇਖਦਾ ਹਾਂ।
ਅੱਛਾ ਰਾਜੇ ਤੂੰ ਮੈਨੂੰ ਛੂਹ, ਅਚਾਨਕ ਮੇਰਾ ਹੱਥ ਛੱਡ ਕੇ ਉਹ ਚੁੰਘੀਆਂ ਭਰਦੀ ਤੇਜ਼ ਤੇਜ਼ ਚੜ੍ਹਾਈ ਚੜ੍ਹ ਰਹੀ ਹੈ ਹਿਰਨੀ, ਮ੍ਰਿਗ ਨੈਣੀ!
ਮੇਰੀਆਂ ਲੱਤਾਂ ਦੀ ਬੱਸ ਹੈ ਪਰ ਮਰਦ ਹਾਂ ਆਖਰ ਉਸ ਨੂੰ ਛੂਹਣ ਲਈ ਤੇਜ਼ ਤੇਜ਼ ਕਦਮ ਪੁੱਟਦਾ ਹਾਂ, ਪੈਰ ਟਿਕਦੇ ਨਹੀਂ। ਤਿਲ੍ਹਕ ਜਾਂਦਾ ਹਾਂ, ਦੂਰ ਤੱਕ ਨਿਵਾਣ ਵੱਲ ਰਿੜ੍ਹ ਜਾਂਦਾ ਹਾਂ। ਲੰਮੀਆਂ ਪੁਲਾਂਘਾਂ ਭਰਦੀ ਉਹ ਉਤਰ ਆਈ ਹੈ, ਮੈਨੂੰ ਉਠਣ ਨਹੀਂ ਦਿੰਦੀ, ਆਪਣੀ ਦੁੱਧ ਚਿੱਟੀ ਪੁਸ਼ਾਕ ਦੀ ਪ੍ਰਵਾਹ ਕੀਤੇ ਬਿਨਾ ਮੇਰੇ ਨਾਲ ਲੇਟ ਗਈ ਹੈ।
ਤੂੰ ਥੱਕ ਗਿਆ।
ਨਹੀਂ ਨਹੀਂ, ਥੱਕਿਆ ਨਹੀਂ, ਐਵੇਂ ਤਬੀਅਤ ਠੀਕ ਨਹੀਂ ਸੀ, ਉਂਜ ਤਾਂ ਮੈਂ ਏਦੂੰ ਵੀ ਵੱਡੇ ਵੱਡੇ ਪਹਾੜ ਚੜ੍ਹੇ ਆ।
ਬੜੀ ਨਿੱਘੀ ਮੁਸਕਰਾਹਟ ਵਿਚ ਮੈਨੂੰ ਲਪੇਟਦਿਆਂ ਕਹਿੰਦੀ ਹੈ: ਰਾਜੇ ਮੈਨੂੰ ਪਤੈ ਤੂੰ ਥੱਕ ਗਿਆ ਏਂ, ਸੱਚ ਹੀ ਕਿਉਂ ਨਹੀਂ ਕਹਿ ਦਿੰਦਾ। ਖੈਰ ਕੋਈ ਗੱਲ ਨਹੀਂ, ਸੁੱਤਾ ਰਹੁ, ਮੇਰੇ ਨਾਲ ਲੱਗ ਕੇ। ਘਬਰਾ ਨਾ, ਸਾਡੇ ਦੋਹਾਂ ਤੋਂ ਬਿਨਾ ਸਾਨੂੰ ਕੋਈ ਨਹੀਂ ਦੇਖਦਾ, ਇੰਜ ਚੁੱਪ ਪਿਆ ਰਹੁ, ਇੰਜ ਪਏ ਮਰ ਹੀ ਤਾਂ ਜਾਵਾਂਗੇ। ਮੈਨੂੰ ਸੁਪਨੇ ਦੇਖ ਲੈਣ ਦੇ ਮੇਰੇ ਰਾਜ।
ਸੀਮਾ! ਮੈਂ ਆਪਣੇ ਖਾਬ ਵਿਚੋਂ ਉਸ ਨੂੰ ਆਵਾਜ਼ ਦਿੰਦਾ ਹਾਂ।
ਹਾਂ ਰਾਜ!
ਤੂੰ ਮੇਰੀ ਏਂ।
ਜਨਮ ਜਨਮ ਲਈ।
ਅਚਾਨਕ ਅੱਖਾਂ ਖੋਲ੍ਹ ਕੇ ਉਹ ਮੇਰੇ ਉਪਰ ਝੁੱਕ ਗਈ ਹੈ। ਅੱਭੜਵਾਹੀ ਆਵਾਜ਼ ਵਿਚ ਪੁੱਛਦੀ ਹੈ:
ਰਾਜ ਤੈਨੂੰ ਕਿਹੜਾ ਰੰਗ ਪਸੰਦ ਹੈ?
ਲਾਲ ਅਤੇ ਕਾਲਾ।
ਕਿਉਂ?
ਲਾਲ ਰੰਗ ਕੈਂਸਰ ਦਾ, ਕਾਲਾ ਮੌਤ ਦਾ।
ਲਾਲ ਰੰਗ ਗੁਲਾਬ ਦਾ, ਕਾਲਾ ਲੈਲਾ ਦਾ।
ਤੈਨੂੰ ਕਿਹੜਾ ਰੰਗ ਪਸੰਦ ਹੈ ਸੀਮਾ?
ਹੁਣ ਤਾਈਂ ਚਿੱਟਾ ਅਤੇ ਹਲਕਾ ਗੁਲਾਬੀ।
ਹੁਣ ਤੋਂ ਬਾਅਦ?
ਲਾਲ ਅਤੇ ਕਾਲਾ।
ਇਸ ਤੋਂ ਪਿਛੋਂ?
ਅਗਲੇ ਜਨਮ ਦਾ ਰੰਗ ਚਿੱਟਾ ਅਤੇ ਹਲਕਾ ਗੁਲਾਬੀ, ਹੁਣ ਮੈਂ ਤੇਰੇ ਰੰਗ ਅਪਨਾ ਲਏ, ਅਗਲੇ ਜਨਮ ਵਿਚ ਤੂੰ ਮੇਰੇ ਰੰਗ ਅਪਨਾਏਂਗਾ?
ਹਾਂ ਸੀਮਾ।
ਰਾਜ, ਤੂੰ ਉਦਾਸ ਕਿਉਂ ਹੋ ਗਿਐਂ? ਤੇਰੇ ਅੰਦਰ ਕੀ ਦੁਖਦਾ?
ਕੈਂਸਰ ਮਾਂ ਦਾ, ਬਾਪੂ ਦਾ, ਮੇਰੇ ਆਪਣਾ।
ਫੁੱਲਾਂ ਦੀ ਗੱਲ ਕਰ ਰਾਜ।
ਮੈਂ ਅਗਲੇ ਐਤਵਾਰ ਵਾਪਸ ਇੰਗਲੈਂਡ ਚਲੇ ਜਾਣੈਂ।
ਰੰਗਾਂ ਦੀ ਗੱਲ ਕਰ ਰਾਜ।
ਸੂਰਜ ਡੁੱਬ ਗਿਐ, ਹਨੇਰਾ ਹੋ ਗਿਐ ਤਾਂ ਘਰ ਦੇ ਕੀ ਕਹਿਣਗੇ ਸੀਮਾ?
ਜੋ ਕਹਿਣਗੇ, ਕਹਿ ਲੈਣ।
ਫੇਰ ਕੀ ਹੋਊ।
ਜੋ ਹੋਊ, ਹੋ ਲੈਣ ਦੇ।
ਤੈਨੂੰ ਪਤੈ ਸੀਮਾ? ਜਦੋਂ ਮੈਂ ਤੇਰੇ ਕੋਲੋਂ ਜਾਂਦਾ ਹਾਂ, ਤਾਂ ਆਪਣਾ ਸ਼ਹਿਰ ਮੈਨੂੰ ਮੁਰਦਿਆਂ ਦਾ ਸ਼ਹਿਰ ਲਗਦੈ, ਕਿੰਨੀ ਕਿੰਨੀ ਰਾਤ ਤੱਕ ਮੈਂ ਦੋਸਤਾਂ ਨਾਲ ਪੀਂਦਾ ਰਹਿੰਨਾਂ, ਸੜਕਾਂ ਉਪਰ ਘੁੰਮਦਾ ਰਹਿੰਨਾਂ, ਦੋਸਤ ਨਾ ਮਿਲਣ ਤਾਂ ਕੱਲਾ ਹੀ।
ਸੜਕਾਂ ਉਪਰ ਰਾਤਾਂ ਨੂੰ ਕੀ ਦੇਖਦਾ ਏਂ ਰਾਜੇ, ਕੀ ਲੱਭਦਾ ਏਂ?
ਸੜਕਾਂ ਉਪਰ ਦੇਖਦਾ ਹਾਂ, ਉਂਘਲਾਂਦੀਆਂ ਰੋਸ਼ਨੀਆਂ, ਚੁੱਪ ਇਮਾਰਤਾਂ, ਉਦਾਸ ਜਿਹੀ ਧੁੰਦ, ਟਰੱਕਾਂ ਹੇਠ ਆ ਕੇ ਮਰੇ ਕੁੱਤੇ, ਜਿਨ੍ਹਾਂ ਦੀ ਮਿੱਧੀ ਹੋਈ ਮਿੱਝ ਅਤੇ ਪਿਸੇ ਹੋਏ ਜਬ੍ਹਾੜੇ ਸੜਕ ਦੀ ਸਤਹ ਨਾਲ ਗੂੰਦ ਵਾਂਗੂੰ ਚੰਬੜੇ ਹੁੰਦੇ ਆ, ਇੰਗਲੈਂਡ ਵਿਚ ਕੋਈ ਕੁੱਤਾ ਇੰਜ ਨਹੀਂ ਮਰਦਾ।
ਰਾਜੇ!
ਹਾਂ ਸੀਮਾ।
ਤੂੰ ਬਿਮਾਰ ਏਂ, ਮੇਰੇ ਹੋਰ ਨੇੜੇ ਆ ਜਾ।
ਮੈਂ ਸਾਰੇ ਜ਼ੋਰ ਨਾਲ ਉਸ ਨੂੰ ਘੁੱਟਦਾ ਹਾਂ, ਮੇਰੀਆਂ ਬਾਹਵਾਂ ਵਿਚ ਉਸ ਦਾ ਜਿਸਮ ਖੁੱਲ੍ਹਦਾ ਤੇ ਬੰਦ ਹੁੰਦਾ ਹੈ। ਉਹ ਕਈ ਕੁਝ ਦੱਬੀ ਆਵਾਜ਼ ਵਿਚ ਕਹਿ ਰਹੀ ਹੈ, ਮੈਨੂੰ ਕੁਝ ਨਹੀਂ ਸੁਣਦਾ, ਚਾਂਦੀ ਦੀਆਂ ਸੈਂਕੜੇ ਘੰਟੀਆਂ ਮੇਰੇ ਜ਼ਿਹਨ ਵਿਚ ਲਗਾਤਾਰ ਵੱਜ ਰਹੀਆਂ ਹਨ।
ਰਾਜੇ ਤੂੰ ਨਾ ਜਾ।
ਮੈਨੂੰ ਜਾਣਾ ਪੈਣਾ।
ਹਾਂ, ਤੈਨੂੰ ਜਾਣਾ ਪੈਣਾ, ਮੈਂ ਤੈਨੂੰ ਖਤ ਲਿਖਾਂਗੀ।
ਮੈਂ ਉਸ ਦੇ ਹਰ ਅੰਗ ਨੂੰ ਪਿਆਰ ਨਾਲ ਘੁੱਟਦਾ ਹਾਂ।
ਸੀਮਾ, ਤੂੰ ਮਾਂ ਏਂ।
ਮੇਰਾ ਨਿੱਕਾ ਕਰਾਈਸਟ! ਕਹਿੰਦਿਆਂ ਉਸ ਨੇ ਮੇਰਾ ਬੀਮਾਰ ਸਿਰ ਆਪਣੀਆਂ ਕੰਵਾਰੀਆਂ ਛਾਤੀਆਂ ਵਿਚ ਘੁੱਟ ਲਿਆ ਹੈ। ਕਿੰਨੀ ਸ਼ਾਂਤੀ ਹੈ, ਕਿੰਨਾ ਆਰਾਮ!…ਖਤਮ ਹੁੰਦੀ ਸਿਗਰਟ ਨੇ ਮੇਰੀਆਂ ਉਂਗਲਾਂ ਲੂਹ ਦਿੱਤੀਆਂ ਹਨ, ਦਰਵਾਜਾ ਖੜਕਦਾ ਹੈ, ਔਰਤ ਦੀ ਆਵਾਜ਼ ਹੁਣ ਬਹੁਤ ਤਲਖ ਹੈ।
ਮੈਂ ਕਿਹਾ, ਨ੍ਹਾ ਲਿਆ ਜੀ? ਮੈਂ ਤਾਂ ਫਾਇਰ ਵੀ ਪਾ ਦਿੱਤੀ।
ਮੈਂ ਤੈਨੂੰ ਕਿਹਾ ਮੈਂ ਕੁਝ ਸੋਚਦਾ ਸੀ, ਨਾਵਲ ਦਾ ਅਗਲਾ ਚੈਪਟਰ, ਮੈਨੂੰ ਨਾ ਬੁਲਾਈਂ ਹੁਣ, ਤੂੰ ਰੋਟੀ ਪਕਾ, ਮੈਂ ਹੁਣੇ ਨ੍ਹਾ ਕੇ ਆਉਨਾਂ, ਹੁਣ ਨਾ ਬੁਲਾਈਂ, ਅੱਛਾ?
ਨਿਆਣੇ ਉਡੀਕ ਉਡੀਕ ਬਾਹਰ ਖੇਡਣ ਚਲੇ ਗਏ, ਅੱਛਾ ਤੁਸੀਂ ਜਦੋਂ ਮਰਜ਼ੀ ਆਇਓ, ਮੈਂ ਖਾਣਾ ਬਣਾ ਕੇ ਸੌਣ ਲੱਗੀ ਆਂ, ਰਾਤੀਂ ਵੀ ਤੁਸੀਂ ਸੌਣ ਨਹੀਂ ਦਿੱਤਾ। ਔਰਤ ਚਲੀ ਗਈ ਹੈ।
ਮੈਂ ਉਠ ਕੇ ਛੋਟੀ ਬੋਤਲ ਵਿਚੋਂ ਬਚਦੀ ਸ਼ਰਾਬ ਪੀ ਲੈਂਦਾ ਹਾਂ ਅਤੇ ਬਾਥ ਦੇ ਕੰਢੇ ਉਪਰ ਬੈਠਾ ਨਵੀਂ ਸਿਗਰਟ ਲਾਉਂਦਾ ਹਾਂ। ਮੇਰਾ ਸਿਰ ਘੁੰਮ ਰਿਹਾ ਹੈ, ਜਿਸਮ ਬੇਜਾਨ ਜਿਹਾ ਹੋ ਗਿਆ ਹੈ, ਪਤਾ ਨਹੀਂ ਮੈਨੂੰ ਕੀ ਹੋ ਰਿਹਾ ਹੈ? ਬਾਥਰੂਮ ਵਿਚ ਭਾਫ ਘੱਟ ਹੈ, ਮੇਰੀਆਂ ਸਿਗਰਟਾਂ ਦਾ ਧੂੰਆਂ ਜ਼ਿਆਦਾ ਹੈ। ਸ਼ੀਸ਼ੇ ਉਪਰ ਪਾਣੀ ਦੇ ਕਤਰੇ ਕੰਬ ਰਹੇ ਹਨ। ਔਰਤ ਕਿੰਨੀ ਚੰਗੀ ਹੈ। ਉਸ ਦੀ ਚੰਗਿਆਈ ਦਾ, ਮੈਂ ਉਸ ਨੂੰ ਕੀ ਦਿਆਂ? ਮੈਂ ਕਿਸੇ ਨੂੰ ਵੀ ਕੀ ਦਿਆਂ? ਮੈਂ ਤਾਂ ਸ਼ੀਸ਼ਾ ਹਾਂ, ਹਰ ਇਕ ਨੂੰ ਉਸ ਦਾ ਅਕਸ ਹੀ ਦੇ ਸਕਦਾ ਹਾਂ, ਅਕਸ ਦੇਖ ਕੇ ਜਦੋਂ ਕੋਈ ਚਲਾ ਜਾਂਦਾ ਹੈ ਤਾਂ ਮੈਂ ਫੇਰ ਖਾਲੀ ਦਾ ਖਾਲੀ ਰਹਿ ਜਾਂਦਾ ਹਾਂ, ਪਾਣੀ ਦਾ ਪਾਣੀ, ਸ਼ੀਸ਼ੇ ਦਾ ਪਾਣੀ।
ਹੁਣ ਮੈਂ ਨ੍ਹਾ ਲਵਾਂ ਤਾਂ ਚੰਗਾ ਹੈ, ਸੋਚਾਂ ਤਾਂ ਮੈਨੂੰ ਭੂਤਾਂ ਵਾਂਗੂੰ ਚੰਬੜ ਗਈਆਂ ਹਨ। ਆਖਰ ਕਾਹਲੀ ਵੀ ਕੀ ਏ? ਬਾਕੀ ਘਰ ਦੇ ਬਾਹਰ ਗਏ ਹੋਏ ਹਨ। ਅੱਜ ਐਤਵਾਰ ਹੈ, ਕੱਲ੍ਹ ਕੰਮ ‘ਤੇ ਜਾਣਾ ਹੈ, ਫੇਰ ਸੋਚਣ ਦਾ ਮੌਕਾ ਕਿੱਥੇ? ਬਾਥ ਦਾ ਪਾਣੀ ਅਜੇ ਵੀ ਠੰਡਾ ਹੈ। ਕੰਧ ਉਪਰ ਉਭਰਿਆ ਸਲ੍ਹਾਬਾ ਮੇਰੀ ਕਮੀਜ਼ ਰਾਹੀਂ ਮੇਰੇ ਜਿਸਮ ਵਿਚ ਸਰਕ ਰਿਹਾ ਹੈ। ਮੈਨੂੰ ਨੀਂਦ ਕਿਉਂ ਆ ਰਹੀ ਹੈ? ਮੈਨੂੰ ਜਾਗਣਾ ਚਾਹੀਦਾ ਹੈ। ਰਸੋਈ ਵਿਚ ਬਰਤਨ ਖੜਕਦੇ ਹਨ, ਔਰਤ ਸ਼ਾਇਦ ਖਾਣਾ ਬਣਾ ਰਹੀ ਹੈ, ਸ਼ਾਇਦ ਕੁਝ ਸੋਚ ਵੀ ਰਹੀ ਹੈ। ਮੈਨੂੰ ਰੋਜ਼ ਪੁੱਛਦੀ ਹੈ।
ਮੁੜ ਕੇ ਕਦੋਂ ਜਾਵਾਂਗੇ? ਉਨ੍ਹਾਂ ਦਾ ਪਿਛੇ ਕੀ ਬਣੂੰ? ਉਨ੍ਹਾਂ ਦਾ ਪਿਛੇ ਕੌਣ ਹੈ? ਜੇ ਤੁਹਾਡੇ ਇਹੋ ਕੰਮ ਰਹੇ ਤਾਂ ਸਾਡਾ ਕੀ ਬਣੂੰ?
ਮੇਰੇ ਅੰਦਰ ਕੈਂਸਰ ਦੀਆਂ ਲੱਤਾਂ ਹਿੱਲਣ ਲੱਗ ਪੈਂਦੀਆਂ ਹਨ। ਮੈਂ ਚੁੱਪ ਹੋ ਜਾਂਦਾ ਹਾਂ, ਔਰਤ ਰੋਣ ਲੱਗਦੀ ਹੈ, ਉਸ ਦੇ ਕੈਂਸਰ ਨੂੰ ਰੋਣ ਦੀ ਆਦਤ ਹੈ। ਮੇਰਾ ਕੈਂਸਰ ਵੀ ਤਾਂ ਪੱਥਰ ਦਾ ਨਹੀਂ, ਲਹੂ ਮਾਸ ਦਾ ਹੈ, ਉਸ ਦੇ ਰੋਂਦੇ ਕੈਂਸਰ ਨੂੰ ਪਲੋਸਦਾ ਹਾਂ।
ਬਰਫ ਜ਼ਿਆਦਾ ਪੈਣ ਲੱਗ ਪਈ ਹੋਵੇਗੀ, ਖਿੜਕੀ ਦਾ ਸ਼ੀਸ਼ਾ ਦੁੱਧ ਚਿੱਟਾ ਹੈ, ਬਰਫ ਹੈ, ਧੁੰਦ ਹੈ, ਜਾਂ ਬਰਸਾਤ, ਕੁਝ ਪਤਾ ਨਹੀਂ ਲੱਗਦਾ। ਕੁਝ ਨਹੀਂ ਸੁਣਦਾ, ਏਨੀ ਚੁੱਪ, ਏਨੀ ਸ਼ਾਂਤੀ, ਕਿਉਂ? ਸ਼ਾਂਤੀ ਨਹੀਂ, ਚੁੱਪ ਹੈ, ਚੁੱਪ, ਜਿਸ ਦੇ ਅੰਦਰ ਕਈ ਆਵਾਜ਼ਾਂ-ਆਵਾਜ਼ਾਂ ਚਲਦੇ ਟਰੱਕਾਂ ਦੀਆਂ, ਫਿਸਦੇ ਲਹੂ ਮਾਸ ਦੀਆਂ, ਪਿਸਦੇ ਜਬ੍ਹਾੜਿਆਂ ਦੀਆਂ, ਆਵਾਜ਼ਾਂ ਹੀ ਆਵਾਜ਼ਾਂ ਸ਼ਕਲਾਂ ਕਿੱਧਰ ਗਈਆਂ? ਸੜਕ ਦੇ ਕੰਢੇ ਮੈਂ ਅਤੇ ਮੇਰਾ ਦੋਸਤ ਮਰੇ ਹੋਏ ਕੁੱਤੇ ਨੂੰ ਦੇਖ ਰਹੇ ਹਾਂ। ਦੋਸਤ ਚਲਾ ਗਿਆ ਹੈ, ਹੁਣ ਮੈਂ ‘ਕੱਲਾ ਹਾਂ ਮਰੇ ਕੁੱਤੇ ਦੀ ਪਿਸੀ ਹੋਈ ਮਿੱਝ ਵਿਚ ਉਸ ਦੇ ਪਿਸੇ ਹੋਏ ਜਬ੍ਹਾੜੇ ਦਾ ਰੰਗ, ਅੱਧੀ ਰਾਤ ਦੀਆਂ ਰੋਸ਼ਨੀਆਂ ਵਿਚ ਸੜਕ ਦਾ ਮੁਰਦਾ ਸਲੇਟੀ ਰੰਗ, ਰੰਗਾਂ ਦੀ ਅਜੀਬ ਮਿਲਾਵਟ ਭਾਰਤੀ ਮਾਡਰਨ ਪੇਂਟਿੰਗ ਦਾ ਸ਼ਾਹਕਾਰ! ਮਰੇ ਕੁੱਤੇ ਦਾ ਢਿੱਡ ਚੀਰ ਕੈਂਸਰ ਬਾਹਰ ਨਿਕਲ ਆਇਆ ਹੈ ਅਤੇ ਵੱਡੀਆਂ ਵੱਡੀਆਂ ਲੱਤਾਂ ਨਾਲ ਕਾਲੀ ਪੀਲੀ ਘਸਮੈਲੀ ਸੜਕ ਦੀ ਸਤਹ ਨੂੰ ਖੁਰਚਦਾ ਮੇਰੇ ਵੱਲ ਵੱਧ ਰਿਹਾ ਹੈ, ਮੇਰੇ ਹਰ ਪਾਸੇ ਦੀਵਾਰਾਂ ਹਨ। ਕੈਂਸਰ ਦਾ ਇਕ ਪੈਰ ਮੇਰੇ ਪੈਰ ਉਪਰ ਹੈ, ਡਰ ਨਾਲ ਮੇਰਾ ਸਾਹ ਰੁਕਿਆ ਹੈ। ਸੀਮਾ ਝੁਕ ਕੇ ਕੈਂਸਰ ਨੂੰ ਚੁੱਕ ਲੈਂਦੀ ਹੈ ਅਤੇ ਮੇਰੇ ਕੋਟ ਨਾਲ ਟੰਗਦਿਆਂ ਕਹਿੰਦੀ ਹੈ, ਫੁੱਲਾਂ ਤੋਂ ਨਹੀਂ ਡਰੀਦਾ ਰਾਜੇ!
ਮੈਂ ਆਪਣੇ ਕੋਟ ਨਾਲ ਟੰਗੇ ਗੁਲਾਬ ਵੱਲ ਅਤੇ ਸੀਮਾ ਵੱਲ ਦੇਖਦਾ ਹਾਂ, ਉਸ ਦੀਆਂ ਉਂਗਲਾਂ ਵਿਚੋਂ ਖੂਨ ਚੋ ਰਿਹਾ ਹੈ। ਔਰਤ ਕਿੱਥੇ ਚਲੀ ਗਈ? ਮੈਂ ਔਰਤ ਨੂੰ ਢੂੰਡਦਾ ਹਾਂ। ਮਾਂ ਦਾ ਢਿੱਡ ਕਿੰਨਾ ਨਿੱਘਾ ਹੈ। ਸਾਡੇ ਦੋਹਾਂ ਦੁਆਲੇ ਵਲੀ ਸ਼ਾਲ ਦਾ ਸਿਰਾ ਅੰਗੀਠੀ ਵਿਚ ਪਿਆ ਸੁਲਘਦਾ ਹੈ। ਨਿੱਕੇ ਨਿੱਕੇ ਠੁਰ ਠੁਰ ਕਰਦੇ ਹੱਥਾਂ ਨੂੰ ਅੰਗੀਠੀ ਉਪਰ ਸੇਕਦਿਆਂ ਮੈਨੂੰ ਨੀਂਦ ਆ ਰਹੀ ਹੈ…!