ਆਮ ਆਦਮੀ ਅਤੇ ਸਮਾਨੰਤਰ ਸਿਨਮਾ

1970 ਅਤੇ 80ਵਿਆਂ ਦੌਰਾਨ ਸਮਾਨੰਤਰ ਸਿਨਮਾ ਬਨਾਮ ਆਰਟ ਫਿਲਮਾਂ ਦੀ ਪੂਰੀ ਚੜ੍ਹਤ ਸੀ। ਕਵੀਆਂ, ਲੇਖਕਾਂ , ਬੁੱਧੀਜੀਵੀਆਂ ਦੀ ਇਹ ਪਹਿਲੀ ਪਸੰਦ ਸਨ। ਦਰਅਸਲ, ਕਿਸੇ ਵੀ ਭਾਸ਼ਾ ਦੇ ਗੰਭੀਰ ਸੁਰ ਦੇ ਵਿਅਕਤੀ, ਮਸਲਨ ਕਵੀ, ਲੇਖਕ, ਕਲਾਕਾਰ ਤੇ ਬੁੱਧੀਜੀਵੀਆਂ ਨੂੰ ਵਪਾਰਕ ਸਿਨਮਾ ਨੇ ਕਦੀ ਵੀ ਆਪਣੇ ਵੱਲ ਆਕਰਸ਼ਿਤ ਨਹੀਂ ਕੀਤਾ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਕਦੇ-ਕਦਾਈਂ ਕੋਈ ਕਮਰਸ਼ੀਅਲ ਫਿਲਮ ਵੀ ਸਾਰਥਿਕ ਮਨੋਰੰਜਨ ਦੇ ਨਾਲ ਠੀਕ ਸੰਦੇਸ਼ ਦੇਣ ਵਿਚ ਸਫਲ ਹੁੰਦੀ ਨਜ਼ਰ ਆਈ।

ਸਮਾਨੰਤਰ ਸਿਨਮਾ ਦਾ ਆਗਾਜ਼ ਤਾਂ ਬੇਸ਼ੱਕ ‘ਜਾਗਤੇ ਰਹੋ’, ‘ਦੋ ਬੀਘਾ ਜ਼ਮੀਨ’ ਤੇ ‘ਮਦਰ ਇੰਡੀਆ’ ਫਿਲਮਾਂ ਨਾਲ ਹੋ ਗਿਆ ਜਾਪਦਾ ਹੈ ਪਰ ਉਚੇਚ ਨਾਲ ਇਸ ਸਿਨਮਾ ਦੀ ਸ਼ੁਰੂਆਤ 1970 ਦੇ ਲਗਪਗ ਮੰਨੀ ਜਾਂਦੀ ਹੈ। ਫਿਲਮ ‘ਭੁਵਨ ਸੋਮ’, ‘ਉਸ ਕੀ ਰੋਟੀ’, ‘ਮੁੱਠੀ ਭਰ ਚਾਵਲ’, ‘ਅਰਧ ਸੱਤਿਆ’, ‘ਅੰਕੁਰ’, ‘ਆਕ੍ਰੋਸ਼’, ‘ਮੰਥਨ’, ‘ਸ਼ਤਰੰਜ ਕੇ ਖਿਲਾੜੀ’, ‘ਮੋਹਨ ਜੋਸ਼ੀ ਹਾਜ਼ਰ ਹੋ’, ‘ਖੰਡਰ’, ‘ਮੰਥਨ’, ‘ਗਿੱਦ’, ‘ਵਾਟਰ’, ‘ਨਿਸ਼ਾਂਤ’ ਆਦਿ ਫਿਲਮਾਂ ਨੂੰ ਇਸ ਸਿਨਮਾ ਦਾ ਆਧਾਰ ਮੰਨਿਆ ਜਾ ਸਕਦਾ ਹੈ ਪਰ ਹੌਲੀ-ਹੌਲੀ ਇਹ ਸਿਨਮਾ ਲਹਿਰ ਬਣ ਕੇ ਉਭਰਿਆ ਤੇ ਲਗਾਤਾਰ ਅਜਿਹੀਆਂ ਫਿਲਮਾਂ ਹੋਂਦ ਵਿਚ ਆਈਆਂ, ਜਿਵੇਂ ‘ਬਾਜ਼ਾਰ’, ‘ਪਾਰ’, ‘ਮੰਡੀ’ ਤੇ ‘ਭੂਮਿਕਾ’ ਆਦਿ।
ਫਿਲਮ ‘ਅਰਧ ਸੱਤਿਆ’ ਵਿਚ ਬਿਲਕੁਲ ਨਵੇਂ ਕਲਾਕਾਰ ਓਮ ਪੁਰੀ ਨੂੰ ਪੇਸ਼ ਕੀਤਾ ਗਿਆ ਜੋ ਸਿਹਤ ਪੱਖੋਂ ਦੁਬਲਾ-ਪਤਲਾ ਹੋਣ ਦੇ ਨਾਲ ਰੰਗ-ਰੂਪ ਵਜੋਂ ਵੀ ਕੋਈ ਖ਼ਾਸ ਨਹੀਂ ਸੀ ਪਰ ਨਿਰਦੇਸ਼ਕ ਨੇ ਉਸ ਦੀ ਕਲਾਕਾਰੀ ਦਾ ਪੂਰਾ-ਪੂਰਾ ਲਾਭ ਉਠਾਇਆ ਤੇ ਉਸ ਨੇ ਵੀ ਪੁਲਿਸ ਇੰਸਪੈਕਟਰ ਦੇ ਕਿਰਦਾਰ ਵਿਚ ਜਾਨ ਪਾ ਦਿੱਤੀ। ‘ਉਸ ਕੀ ਰੋਟੀ’ ਵਿਚ ਸਰਦਾਰ ਡਰਾਈਵਰ ਦੇ ਕਿਰਦਾਰ ਅਤੇ ‘ਆਕ੍ਰੋਸ਼’ ਵਿਚ ਅੰਦਰੂਨੀ ਵਿਦਰੋਹ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ। ਕੁਝ ਇਵੇਂ ਹੀ ਫਿਲਮਾਂ ‘ਮੰਡੀ’, ‘ਭੂਮਿਕਾ’, ‘ਪਾਰ’, ‘ਤਮਸ’ ਆਦਿ ਵਿਚ ਸਮਾਜਿਕ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ। ‘ਬਾਜ਼ਾਰ’, ‘ਸਾਰਾਂਸ਼’, ‘ਏਕ ਡਾਕਟਰ ਕੀ ਮੌਤ’, ‘ਏਕ ਰੁਕਾ ਹੂਆ ਫੇਸਲਾ’, ‘ਸਦਗਤੀ’ ਵੀ ਇਸ ਕਦਰ ਕਲਾ ਦੀਆਂ ਉਚਾਈਆਂ ਨੂੰ ਛੂਹ ਗਈਆਂ ਕਿ ਸੰਜੀਦਾ ਰੁਖ਼ ਵਾਲੇ ਦਰਸ਼ਕਾਂ ਵੱਲੋਂ ਬਹੁਤ ਸਲਾਹੀਆਂ ਗਈਆਂ। ‘ਬਾਜ਼ਾਰ’ ਤੇ ‘ਸਾਰਾਂਸ਼’ ਨੇ ਤਾਂ ਚੰਗੀ ਕਮਾਈ ਵੀ ਕੀਤੀ।
ਸਾਗਰ ਸਰਹੱਦੀ ਦੀ ‘ਬਾਜ਼ਾਰ’ ਵਿਚ ਦਰਸਾਇਆ ਗਿਆ ਕਿ ਗ਼ਰੀਬੀ ਤੇ ਮਜਬੂਰੀ ਕਾਰਨ ਪ੍ਰੇਮੀ-ਪ੍ਰੇਮਿਕਾ ਦਾ ਪਿਆਰ ਕਿਵੇਂ ਬਾਜ਼ਾਰ ਦੀ ਭੇਟ ਚੜ੍ਹ ਜਾਂਦਾ ਹੈ। ਇਸ ਫਿਲਮ ਦੇ ਗੀਤ-ਸੰਗੀਤ ਦੇ ਨਾਲ ਸਮਿਤਾ ਪਾਟਿਲ, ਸੁਪ੍ਰੀਆ ਪਾਠਕ, ਫਾਰੂਕ ਸ਼ੇਖ ਤੇ ਨਸੀਰੂਦੀਨ ਸ਼ਾਹ ਦੀ ਅਦਾਕਾਰੀ ਵੀ ਲਾਜਵਾਬ ਸੀ। ‘ਸਾਰਾਂਸ਼’ ਬੇਵੱਸ ਤੇ ਲਾਚਾਰ ਮੱਧਵਰਗੀ ਪਰਿਵਾਰ ਦਾ ਕਥਾਨਕ ਸੀ ਜਿਸ ਵਿਚ ਪਿਤਾ ਆਪਣੇ ਮ੍ਰਿਤਕ ਬੇਟੇ ਦੀਆਂ ਅਸਥੀਆਂ ਹਾਸਲ ਕਰਨ ਲਈ ਸਰਕਾਰ ਦਾ ਮੁਹਤਾਜ ਬਣਦਾ ਹੈ। ਬਿਰਧ ਤੇ ਮਜਬੂਰ ਪਿਤਾ ਦੀ ਭੂਮਿਕਾ ਨੂੰ ਉਸ ਵੇਲੇ ਜਵਾਨ ਅਦਾਕਾਰ ਅਨੁਪਮ ਖੇਰ ਨੇ ਬਾਖ਼ੂਬੀ ਅੰਜ਼ਾਮ ਦਿੱਤਾ ਸੀ। ‘ਏਕ ਡਾਕਟਰ ਕੀ ਮੌਤ’ ਸ਼ਾਬਾਨਾ ਆਜ਼ਮੀ ਤੇ ਪੰਕਜ ਕਪੂਰ ਦੀ ਅਦਾਕਾਰੀ ਨਾਲ ਸ਼ਿੰਗਾਰੀ ਫਿਲਮ ਸੀ। ਪੰਕਜ ਕਪੂਰ ਨੇ ਡਾਕਟਰ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ‘ਤੇ ਰੂਪਮਾਨ ਕੀਤਾ।
ਸਤਿਆਜੀਤ ਰੇਅ ਦੀ ‘ਸਦਗਤੀ’ ਬੇਸ਼ੱਕ ਲਘੂ ਫਿਲਮ ਸੀ ਪਰ ਇਸ ਫਿਲਮ ਵਿਚ ਗ਼ਰੀਬੀ ਤੇ ਛੂਤਛਾਤ ਦੇ ਵਿਸ਼ੇ ਨੂੰ ਇਸ ਢੰਗ ਨਾਲ ਉਭਾਰਿਆ ਗਿਆ ਕਿ ਦਰਸ਼ਕ ਨੂੰ ਅਖੌਤੀ ਉਚ ਵਰਗ ਨਾਲ ਨਫਰਤ ਹੋਣ ਲੱਗਦੀ ਹੈ। ਇਸ ਵਿਚ ਉਚ ਬ੍ਰਾਹਮਣ ਗ਼ਰੀਬ ਅਛੂਤ ਤੋਂ ਕੰਮ ਤਾਂ ਕਰਵਾਉਂਦਾ ਹੈ ਪਰ ਰੋਟੀ ਦੇਣ ਤੋਂ ਇਨਕਾਰੀ ਹੈ। ਜਦੋਂ ਜ਼ਿਆਦਾ ਕੰਮ ਕਰਨ ਕਰ ਕੇ ਗ਼ਰੀਬ ਦੀ ਮੌਤ ਹੋ ਜਾਂਦੀ ਹੈ ਤੇ ਬ੍ਰਾਹਮਣ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਮੂਹਰਿਓਂ ਰਾਤ ਨੂੰ ਰੱਸੇ ਨਾਲ ਖਿੱਚ ਕੇ ਹੱਡਾ ਰੋੜੀ ਤਕ ਲੈ ਕੇ ਜਾਂਦਾ ਹੈ।
ਨਸੀਰ ਤੇ ਦੀਪਤੀ ਨਵਲ ਦੀ ‘ਏਕ ਘਰ ਵੀ’ ਵਿਚ ਵਿਆਹੁਤਾ ਜੋੜਾ, ਪਿੰਡ ਦੀ ਅਕਾਊ ਜ਼ਿੰਦਗੀ ਤੋਂ ਤੰਗ ਆ ਕੇ ਸ਼ਹਿਰ ਆਉਂਦਾ ਹੈ। ਪਤੀ ਬਹੁ-ਕੌਮੀ ਕੰਪਨੀ ਵਿਚ ਨੌਕਰੀ ਕਰਦਾ ਹੈ, ਪਰ ਜਿਸ ਜਗ੍ਹਾ ਉਨ੍ਹਾਂ ਦਾ ਘਰ ਹੈ, ਉਥੇ ਰਾਤ ਨੂੰ ਕਾਰਖਾਨੇ ਦੀ ਠਕ-ਠਕ ਤੇ ਸ਼ੋਰ ਕਾਰਨ ਉਨ੍ਹਾਂ ਦੀ ਰਾਤ ਦੀ ਨੀਂਦ ਹਰਾਮ ਹੋ ਜਾਂਦੀ ਹੈ। ਉਹ ਪੁਲਿਸ ਕੋਲ ਜਾਂਦੇ ਹਨ ਅਤੇ ਫਿਰ ਸਿਸਟਮ ਇਸ ਦੌਰਾਨ ਕੀ-ਕੀ ਕਰਵਟ ਲੈਂਦਾ ਹੈ, ਇਹ ਦੇਖਿਆਂ ਹੀ ਬਣਦਾ ਹੈ।
ਡਾ. ਸਿਰੀ ਰਾਮ ਲਾਗੂ, ਅਮੋਲ ਪਾਲੇਕਰ ਤੇ ਜ਼ਰੀਨਾ ਵਹਾਬ ਦੀ ਅਦਾਕਾਰੀ ਵਾਲੀ ਫਿਲਮ ‘ਘਰੋਂਦਾ’ ਘਰ ਦੀ ਤਲਾਸ਼ ਦੇ ਸੰਘਰਸ਼ ਦੀ ਗਾਥਾ ਹੈ। ‘ਏਕ ਰੁਕਾ ਹੂਆ ਫੈਸਲਾ’ ਬੇਸ਼ੱਕ ਅੰਗਰੇਜ਼ੀ ਫਿਲਮ ‘ਟਵੈਲਵ ਐਂਗਰੀ ਮੈਨ’ ਦਾ ਰੀਮੇਕ ਸੀ ਪਰ ਜਿਸ ਢੰਗ ਨਾਲ ਬਾਸੂ ਚੈਟਰਜੀ ਨੇ ਇਸ ਦੀ ਪੇਸ਼ਕਾਰੀ ਕੀਤੀ, ਉਸ ਦੀ ਸਮਾਨੰਤਰ ਸਿਨਮਾ ਦੇ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਹੋਈ। ਕਤਲ ਕੇਸ ਜਦੋਂ ਜਿਊਰੀ ਹਵਾਲੇ ਕੀਤਾ ਜਾਂਦਾ ਹੈ ਤੇ ਬੰਦ ਕਮਰਾ ਮੀਟਿੰਗ ਲੰਮਾ ਸਮਾਂ ਚੱਲਦੀ ਹੈ ਤਾਂ ਵੱਖ-ਵੱਖ ਖੇਤਰਾਂ ਦੇ ਉੱਦਮੀਆਂ ਦੀ ਵਕਾਲਤ ਸਮੂਹ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ ਦਿੰਦੀ ਹੈ। ਦੁੱਧ ਤੇ ਦੁੱਧ ਅਤੇ ਪਾਣੀ ਦਾ ਪਾਣੀ ਨਿੱਤਰ ਕੇ ਸਾਹਮਣੇ ਆ ਜਾਂਦਾ ਹੈ। ਇਸ ਫਿਲਮ ਵਿਚ ਬਾਕੀ ਦੇ ਕਲਾਕਾਰਾਂ ਤੋਂ ਇਲਾਵਾ ਪੰਕਜ, ਜ਼ਹੀਰ ਤੇ ਐਮ.ਕੇ. ਰੈਣਾ ਦੀ ਅਦਾਕਾਰੀ ਬਹੁਤ ਵਧੀਆ ਸੀ ਪਰ ਜਵਾਨ ਅਦਾਕਾਰ ਅਨੂ ਕਪੂਰ ਨੇ ਤਕਰੀਬਨ ਅੱਸੀ ਵਰ੍ਹਿਆਂ ਦੇ ਬੁੱਢੇ ਦੇ ਕਿਰਦਾਰ ਵਿਚ ਜਿਵੇਂ ਜਾਨ ਹੀ ਪਾ ਦਿੱਤੀ ਸੀ।
ਸੰਨ ਸੱਤਰ ਤੋਂ ਲੈ ਕੇ ਹੁਣ ਤਕ ਬਹੁਤ ਸਾਰੀਆਂ ਸਮਾਜਿਕ ਫਿਲਮਾਂ ਦਾ ਨਿਰਮਾਣ ਹੋਇਆ, ਕਈਆਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਤੇ ਹੁਲਾਰਾ ਮਿਲਿਆ ਪਰ ਕੁਝ ਬੇਰਸ ਕਥਾਨਕ ਜਾਂ ਸੁਸਤ ਚਾਲ ਕਾਰਨ ਦਰਸ਼ਕਾਂ ਵੱਲੋਂ ਨਕਾਰੀਆਂ ਵੀ ਗਈਆਂ। ਇਸ ਦੇ ਬਾਵਜੂਦ ‘ਕਰੰਟ’, ‘ਅੰਕੁਰ’, ‘ਸੂਰਜ ਕਾ ਸਾਤਵਾਂ ਘੋੜਾ’, ‘ਏਕ ਦਿਨ ਅਚਾਨਕ’ ਆਦਿ ਅਨੇਕਾਂ ਫਿਲਮਾਂ ਨੂੰ ਚੰਗਾ ਹੁੰਗਾਰਾ ਮਿਲਿਆ। ਇਨ੍ਹਾਂ ਫਿਲਮਾਂ ਦੇ ਪਾਤਰ ਬੇਸ਼ੱਕ ਅੰਦਰੋਂ ਟੁੱਟੇ-ਭੱਜੇ ਸਨ ਪਰ ਉਨ੍ਹਾਂ ਦੇ ਅੰਦਰ ਘੋਲ ਚੱਲ ਰਿਹਾ ਹੈ ਤੇ ਦੁਬਿਧਾ ਵੀ ਹੈ। ਉਨ੍ਹਾਂ ਦਾ ਗੁੱਸਾ ਆਪਣੇ ਘਰ ਆਪਣੀ ਬੀਵੀ ਜਾਂ ਬੱਚਿਆਂ ‘ਤੇ ਨਿਕਲਦਾ ਹੈ ਜਾਂ ਮਾੜੀ-ਧੀੜੀ ਸ਼ਰਾਬ ਪੀ ਕੇ ਆਪਣੇ ਕਿਸੇ ਦੋਸਤ-ਮਿੱਤਰ ਨਾਲ ਜਾਂ ਇਕੱਲਿਆਂ ਹੀ ਆਪਣੇ-ਆਪ ‘ਤੇ। ਇਨ੍ਹਾਂ ਫਿਲਮਾਂ ਵਿਚ ਗੀਤ ਲੋੜ ਮਹਿਸੂਸ ਹੋਣ ‘ਤੇ ਹੀ ਸ਼ਾਮਿਲ ਕੀਤੇ ਗਏ, ਅੱਜ ਦੀਆਂ ਫਿਲਮਾਂ ਵਾਂਗ ਬੇਮਤਲਬ ਨਹੀਂ।
ਸਤਿਆਜੀਤ ਰੇਅ, ਮ੍ਰਿਣਾਲ ਸੇਨ ਵਰਗੇ ਡੂੰਘੀ ਸੂਝ-ਬੂਝ ਦੇ ਨਿਰਮਾਣਕਾਰਾਂ ਵੱਲੋਂ ਸਮਾਨੰਤਰ ਸਿਨਮਾ ਦੀ ਚਲਾਈ ਲਹਿਰ ਨੂੰ ਸ਼ਿਆਮ ਬੇਨੇਗਲ, ਬਿਮਲ ਰਾਏ, ਰਿਸ਼ੀਕੇਸ ਮੁਖਰਜੀ, ਅਪਰਨਾ ਸੇਨ, ਦੀਪਾ ਮਹਿਤਾ, ਮੀਰਾ ਨਾਇਰ, ਬਾਸੂ ਚੈਟਰਜੀ, ਬਾਸੂ ਭੱਟਾਚਾਰੀਆ, ਗੋਵਿੰਦ ਨਿਹਲਾਨੀ ਵਰਗੇ ਫਿਲਮਕਾਰਾਂ ਨੇ ਅਗਾਂਹ ਤੋਰਿਆ। ਇਨ੍ਹਾਂ ਫਿਲਮਾਂ ਵਿਚ ਆਪਣੀ ਵਿਲੱਖਣ ਤੇ ਪ੍ਰਤਿਭਾਸ਼ਾਲੀ ਅਦਾਕਾਰੀ ਲਈ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਸ਼ਬਾਨਾ ਆਜ਼ਮੀ, ਦੀਪਤੀ ਨਵਲ, ਸਾਧੂ ਮਿਹਰ, ਰੋਹਿਨੀ ਹਤੰਗੜੀ, ਅਮਰੀਸ਼ ਪੁਰੀ, ਓਮ ਪੁਰੀ, ਪੰਕਜ ਕਪੂਰ, ਸੀਮਾ ਬਿਸਵਾਸ ਆਦਿ ਨੂੰ ਹਮੇਸ਼ਾਂ ਚੇਤੇ ਰੱਖਿਆ ਜਾਵੇਗਾ। ਬੇਸ਼ੱਕ ਅੱਜ ਵੀ ਟਾਵੀਆਂ-ਟਾਵੀਆਂ ਕਲਾ ਫਿਲਮਾਂ ਬਣਦੀਆਂ ਹਨ, ਪਰ ਇਨ੍ਹਾਂ ਦਾ ਸਮੇਂ ਨਾਲ ਸਰੂਪ ਥੋੜ੍ਹਾ ਬਦਲ ਗਿਆ ਹੈ।
-ਸੁਖਮਿੰਦਰ ਸੇਖੋਂ