ਮੰਨਾ ਡੇ ਹਿੰਦੀ ਫਿਲਮ ਸਨਅਤ ਦੇ ਅਜਿਹੇ ਸਿਰਮੌਰ ਗਾਇਕ ਸਨ ਜਿਨ੍ਹਾਂ ਨੂੰ ਹਰ ਸ਼ੈਲੀ ਤੇ ਅੰਦਾਜ਼ ਦੇ ਗੀਤ ਗਾਉਣ ਵਿਚ ਮੁਹਾਰਤ ਹਾਸਿਲ ਸੀ। ਮੁਹੰਮਦ ਰਫੀ ਅਤੇ ਤਲਤ ਮਹਿਮੂਦ ਆਦਿ ਗਾਇਕਾਂ ਨੇ ਵੀ ਭਾਵੇਂ ਅਰਧ-ਸ਼ਾਸਤਰੀ ਗੀਤ ਗਾਏ ਪਰ ਜਿਸ ਸ਼ਿੱਦਤ ਅਤੇ ਗਹਿਰਾਈ ਨਾਲ ਮੰਨਾ ਡੇ ਨੇ ਗਾਇਆ, ਉਸ ਦਾ ਹੁਣ ਤਕ ਕੋਈ ਸਾਨੀ ਨਹੀਂ। ਮੰਨਾ ਡੇ ਜਿਸ ਵੀ ਅਦਾਕਾਰ ਨੂੰ ਆਪਣੀ ਆਵਾਜ਼ ਦਿੱਤੀ, ਵਾਹ-ਵਾਹ ਖੱਟੀ। ਅਥਾਹ ਦੀ ਕਾਬਲੀਅਤ ਹੋਣ ਦੇ ਬਾਵਜੂਦ ਮੰਨਾ ਡੇ ਨੂੰ ਆਪਣੀ ਸੁਤੰਤਰ ਪਛਾਣ ਬਣਾਉਣ ਲਈ ਬੜੀ ਘਾਲਣਾ ਘਾਲਣੀ ਪਈ। ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਵਿਚ ਮੁਹਾਰਤ ਹਾਸਿਲ ਸੀ ਜਿਸ ਕਾਰਨ ਉਨ੍ਹਾਂ ਨੂੰ ਸ਼ੁਰੂਆਤ ਵਿਚ ਧਾਰਮਿਕ ਅਤੇ ਪੌਰਾਣਿਕ ਫਿਲਮਾਂ ਵਿਚ ਗਾਉਣ ਦਾ ਮੌਕਾ ਜ਼ਿਆਦਾ ਮਿਲਿਆ।
ਮੰਨਾ ਡੇ ਦਾ ਜਨਮ ਕਲਕੱਤਾ ਦੇ ਬੰਗਾਲੀ ਪਰਿਵਾਰ ਵਿਚ ਪਹਿਲੀ ਮਈ 1919 ਨੂੰ ਹੋਇਆ। ਉਨ੍ਹਾਂ ਦਾ ਅਸਲ ਨਾਂ ਪ੍ਰਬੋਧ ਚੰਦਰ ਡੇ ਸੀ। ਪਿਤਾ ਪੂਰਨ ਚੰਦ ਡੇ ਅਤੇ ਮਾਤਾ ਮਹਾਂਮਾਇਆ ਡੇ ਆਪਣੇ ਪੁੱਤ ਨੂੰ ਵਕੀਲ ਬਣਾਉਣਾ ਚਾਹੁੰਦੇ ਸਨ ਪਰ ਮੰਨਾ ਡੇ ਦਾ ਮੁਕੱਦਰ ਇਨ੍ਹਾਂ ਨੂੰ ਫਿਲਮ ਇੰਡਸਟਰੀ ਲੈ ਆਇਆ। ਉਹ ਹੋਸ਼ ਸੰਭਾਲਦਿਆਂ ਆਪਣੇ ਚਾਚਾ ਕੇ.ਸੀ. ਡੇ ਜੋ ਉਸ ਸਮੇਂ ਇੰਡਸਟਰੀ ਦੇ ਸਥਾਪਤ ਸੰਗੀਤਕਾਰ ਸਨ, ਦੇ ਸੰਗੀ ਹੋ ਗਏ। ਮੰਨਾ ਡੇ ਦੀ ਸੰਗੀਤ ਵਿਚ ਰੁਚੀ ਦੇਖਦੇ ਹੋਏ ਚਾਚਾ ਜੀ ਨੇ ਉਨ੍ਹਾਂ ਨੂੰ ਖ਼ੁਦ ਸੰਗੀਤ ਦੀ ਮੁਢਲੀ ਤਾਲੀਮ ਦੇਣੀ ਸ਼ੁਰੂ ਕੀਤੀ ਅਤੇ ਇਸ ਉਪਰੰਤ ਉਸਤਾਦ ਦਾਬਿਰ ਖ਼ਾਂ, ਪੰਡਿਤ ਤੁਲਸੀਦਾਸ, ਗੁਲਾਮ ਮੁਸਤਫਾ ਖ਼ਾਂ, ਅਬਦੁੱਲ ਰਹਿਮਾਨ ਖ਼ਾਂ ਅਤੇ ਉਸਤਾਦ ਅਮਾਨ ਅਲੀ ਖ਼ਾਂ ਦੀ ਸ਼ਾਗਿਰਦੀ ਵੀ ਕਰਵਾਈ।
ਮੰਨਾ ਡੇ ਨੇ ਸਭ ਤੋਂ ਪਹਿਲਾਂ ਹਿੰਦੀ ਫਿਲਮ ‘ਤਮੰਨਾ’ ਲਈ ਸੁਰੱਈਆ ਨਾਲ ਗੀਤ ਗਾਇਆ। ਇਸ ਤੋਂ ਬਾਅਦ ਉਨ੍ਹਾਂ ਫਿਲਮ ‘ਰਾਮਰਾਜਿਆ’ ਵਿਚ ਇਸ ਤਰ੍ਹਾਂ ਧਾਰਮਿਕ ਗੀਤ ਗਾਏ ਕਿ 1943 ਤੋਂ 1950 ਤਕ ਉਨ੍ਹਾਂ ਨੂੰ ਜ਼ਿਆਦਤਰ ਧਾਰਮਿਕ ਅਤੇ ਪੌਰਾਣਿਕ ਫਿਲਮਾਂ ਜਿਵੇਂ ‘ਮਹਾਕਵੀ ਕਾਲੀਦਾਸ’, ‘ਪ੍ਰਭੂ ਕਾ ਘਰ’, ‘ਗੀਤ ਗੋਬਿੰਦ’, ‘ਜੈ ਹਨੂੰਮਾਨ’, ‘ਰਾਮ ਵਿਵਾਹ’ ਅਤੇ ‘ਭਗਵਾਨ ਕ੍ਰਿਸ਼ਨ’ ਆਦਿ ਵਿਚ ਹੀ ਗਾਉਣ ਦਾ ਮੌਕਾ ਮਿਲਿਆ। ਦਰਅਸਲ ਮੰਨਾ ਡੇ ਨੂੰ ਅਜਿਹੇ ਗੀਤ ਮਿਲਦੇ ਰਹੇ ਜਿਨ੍ਹਾਂ ਨੂੰ ਉਸ ਸਮੇਂ ਦੇ ਗਾਇਕ ਜਾਂ ਤਾਂ ਗਾਉਣ ਲਈ ਤਿਆਰ ਨਹੀਂ ਹੁੰਦੇ ਸਨ ਅਤੇ ਜਾਂ ਫਿਰ ਇਨ੍ਹਾਂ ਗੀਤਾਂ ਦੀ ਸ਼ਬਦਾਵਲੀ ਬੇਹੱਦ ਮੁਸ਼ਕਿਲ ਹੁੰਦੀ ਸੀ ਪਰ ਮੰਨਾ ਡੇ ਇਹ ਗੀਤ ਵੀ ਬੇਹੱਦ ਸਰਲ ਤਰੀਕੇ ਨਾਲ ਨਿਭਾ ਜਾਂਦੇ ਸਨ।
ਮੰਨਾ ਡੇ ਦਾ ਸਿਤਾਰਾ ਫਿਲਮ ‘ਮਸ਼ਾਲ’ ਤੋਂ ਚਮਕਿਆ। ਇਸ ਫਿਲਮ ਦਾ ਸੰਗੀਤ ਸਚਿਨ ਦੇਵ ਬਰਮਨ ਨੇ ਤਿਆਰ ਕੀਤਾ ਅਤੇ ਮੰਨਾ ਡੇ ਨੇ ਇਸ ਵਿਚ ‘ਊਪਰ ਗਗਨ ਵਿਸ਼ਾਲ, ਨੀਚੇ ਗਹਿਰਾ ਪਾਤਾਲ’ ਗੀਤ ਗਾਇਆ। ਇਸ ਗੀਤ ਨੇ ਮੰਨਾ ਡੇ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ। ਜਦੋਂ ਮੰਨਾ ਡੇ ਹਿੰਦੀ ਫਿਲਮ ਇੰਡਸਟਰੀ ਵਿਚ ਸਰਗਰਮ ਹੋ ਗਏ ਤਾਂ ਉਨ੍ਹਾਂ ਦੇ ਚਾਚਾ ਕੇ.ਸੀ. ਡੇ ਨੇ ਉਨ੍ਹਾਂ ਦਾ ਨਾਂ ਪ੍ਰਬੋਧ ਚੰਦਰ ਡੇ ਤੋਂ ਬਦਲ ਕੇ ਮੰਨਾ ਡੇ ਰੱਖ ਦਿੱਤਾ।
ਸੰਗੀਤਕਾਰ ਸ਼ੰਕਰ-ਜੈਕਿਸ਼ਨ ਨੇ ਮੰਨਾ ਡੇ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਨ੍ਹਾਂ ਦੀ ਆਵਾਜ਼ ਨਾਲ ਕਈ ਪ੍ਰਯੋਗ ਕੀਤੇ। ਮੰਨਾ ਡੇ ਨੂੰ ਸੁਤੰਤਰ ਪਛਾਣ ਦਿਵਾਉਣ ਵਿਚ ਸ਼ੰਕਰ-ਜੈਕਿਸ਼ਨ ਦੀ ਅਹਿਮ ਭੂਮਿਕਾ ਰਹੀ ਹੈ। ਸ਼ੰਕਰ-ਜੈਕਿਸ਼ਨ ਅਦਾਕਾਰ ਰਾਜ ਕਪੂਰ ਲਈ ਮੰਨਾ ਡੇ ਦੀ ਆਵਾਜ਼ ਨੂੰ ਢੁਕਵਾਂ ਮੰਨਦੇ ਸਨ ਪਰ ਰਾਜ ਕਪੂਰ ਦਾ ਜ਼ਿਆਦਾ ਝੁਕਾਅ ਗਾਇਕ ਮੁਕੇਸ਼ ਕੁਮਾਰ ਵੱਲ ਸੀ। ਫਿਰ ਵੀ ਸ਼ੰਕਰ-ਜੈਕਿਸ਼ਨ ਨੇ ਰਾਜ ਕਪੂਰ ਦੇ ‘ਪਿਆਰ ਹੂਆ ਇਕਰਾਰ ਹੂਆ’, ‘ਦਿਲ ਕਾ ਹਾਲ ਸੁਨੇ ਦਿਲਵਾਲਾ’, ‘ਯੇ ਰਾਤ ਭੀਗੀ ਭੀਗੀ’, ‘ਆਜਾ ਸਨਮ ਮਧੁਰ ਚਾਂਦਨੀ ਮੇਂ ਹਮ’ ਅਤੇ ‘ਏ ਭਾਈ ਜ਼ਰਾ ਦੇਖ ਕੇ ਚਲੋ’ ਆਦਿ ਗੀਤਾਂ ਲਈ ਮੰਨਾ ਡੇ ਨੂੰ ਹੀ ਚੁਣਿਆ। ‘ਕੌਨ ਆਇਆ ਮੇਰੇ ਮਨ ਕੇ ਦੁਆਰੇ’, ‘ਪ੍ਰੀਤਮ ਦਰਸ ਦਿਖਾਓ’, ‘ਪੂਛੋ ਨਾ ਕੈਸੇ ਮੈਨੇ ਰੈਨ ਬਿਤਾਈ’, ‘ਲਾਗਾ ਚੁਨਰੀ ਮੇਂ ਦਾਗ਼’ ਅਤੇ ‘ਝਨਕ ਝਨਕ ਤੋਰੀ ਬਾਜੇ ਪਾਇਲੀਆ’ ਆਦਿ ਅਰਧ-ਸ਼ਾਸਤਰੀ ਸ਼ੈਲੀ ਵਾਲੇ ਗੀਤਾਂ ਨੂੰ ਸਿਰਫ ਮੰਨਾ ਡੇ ਹੀ ਹੱਥ ਪਾ ਸਕਦੇ ਸਨ।
ਮੰਨਾ ਡੇ ਨੂੰ ਤਕਰੀਬਨ ਹਰ ਸੰਗੀਤਕਾਰ ਨੇ ਗਵਾਇਆ ਹੈ। ਉਨ੍ਹਾਂ ਦੇ ‘ਤੂ ਪਿਆਰ ਕਾ ਸਾਗਰ ਹੈ’, ‘ਐ ਮੇਰੇ ਪਿਆਰੇ ਵਤਨ’, ‘ਐ ਮੇਰੀ ਜ਼ੋਹਰਾਜਬੀਂ’, ‘ਕਸਮੇਂ ਵਾਅਦੇ ਪਿਆਰ ਵਫਾ ਸਭ’, ‘ਤੁਝੇ ਸੂਰਜ ਕਹੂੰ ਯਾ ਚੰਦਾ’, ‘ਜ਼ਿੰਦਗੀ ਕੈਸੀ ਹੈ ਪਹੇਲੀ ਹਾਏ’ ਅਤੇ ‘ਯਾਰੀ ਹੈ ਈਮਾਨ, ਮੇਰਾ ਯਾਰ ਮੇਰੀ ਜ਼ਿੰਦਗੀ’ ਆਦਿ ਗੀਤ ਅੱਜ ਵੀ ਗਾਏ ਤੇ ਸੁਣੇ ਜਾਂਦੇ ਹਨ। ਅਰਧ-ਸ਼ਾਸਤਰੀ ਅਤੇ ਸੁਗਮ ਗੀਤਾਂ ਤੋਂ ਇਲਾਵਾ ਮੰਨਾ ਡੇ ਨੇ ਕਵਾਲੀ ਸ਼ੈਲੀ ਦੇ ਗੀਤਾਂ ਵਿਚ ਵੀ ਧਾਂਕ ਜਮਾਈ ਹੈ। ਉਨ੍ਹਾਂ ਦੇ ਕੱਵਾਲੀ ਸ਼ੈਲੀ ਦੇ ‘ਯੇ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ’, ‘ਕਿਸ ਨੇ ਚਿਲਮਨ ਸੇ ਮਾਰਾ’, ‘ਫਿਰ ਤੁਮਾਰੀ ਯਾਦ ਆਈ ਰੇ ਸਨਮ’ ਅਤੇ ‘ਚਾਂਦੀ ਕਾ ਬਦਨ ਸੋਨੇ ਕੀ ਨਜ਼ਰ’ ਆਦਿ ਗੀਤ ਬੇਹੱਦ ਮਕਬੂਲ ਹੋਏ ਹਨ। ਮੰਨਾ ਡੇ ਨੇ ਵੱਖ-ਵੱਖ ਭਾਸ਼ਾਵਾਂ ਵਿਚ 3500 ਤੋਂ ਵੱਧ ਗੀਤ ਗਾਏ। ਉਨ੍ਹਾਂ ਨੂੰ ਮਿਲੇ ਮਾਣ-ਸਨਮਾਨਾਂ ਦੀ ਸੂਚੀ ਬੇਹੱਦ ਲੰਮੀ ਹੈ। ਉਨ੍ਹਾਂ ਨੂੰ 1971 ਵਿਚ ‘ਪਦਮਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ‘ਲਤਾ ਮੰਗੇਸ਼ਕਰ ਐਵਾਰਡ’, ‘ਪਦਮ ਭੂਸ਼ਣ’ ਅਤੇ ‘ਦਾਦਾ ਸਾਹਿਬ ਫਾਲਕੇ’ ਐਵਾਰਡ ਵੀ ਉਨ੍ਹਾਂ ਦੀ ਝੋਲੀ ਪਏ। 94 ਸਾਲ ਦੀ ਉਮਰ ਭੋਗਦਿਆਂ ਮੰਨਾ ਡੇ 24 ਅਕਤੂਬਰ 2013 ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਵੱਲੋਂ ਗਾਏ ਸਦਾ ਬਹਾਰ ਨਗਮੇ ਹਿੰਦੀ ਫਿਲਮੀ ਸੰਗੀਤ ਦੀ ਬੇਸ਼ਕੀਮਤੀ ਵਿਰਾਸਤ ਹਨ।
-ਡਾ. ਅਮਰਿੰਦਰ ਸਿੰਘ