ਕਰਨਾਟਕ ਚੋਣਾਂ ਦਾ ਲੇਖਾ-ਜੋਖਾ

ਗੁਲਜ਼ਾਰ ਸਿੰਘ ਸੰਧੂ
ਇਸ ਵਾਰ ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਨੇ ਦੇਸ਼ ਦੀ ਰਾਜਨੀਤੀ ਦੇ ਕਈ ਪਰਦੇ ਫਾਸ਼ ਕੀਤੇ ਹਨ। ਵੱਡੀ ਗੱਲ ਇਹ ਕਿ ਸੱਤਾਧਾਰੀ ਪਾਰਟੀ ਕੋਈ ਵੀ ਗਲਤ ਕੰਮ ਕਰਨ ਸਮੇਂ ਸ਼ਰਮ ਨਹੀਂ ਕਰਦੀ। ਕਰਨਾਟਕ ਦੇ ਰਾਜਪਾਲ ਦਾ ਭਾਜਪਾ ਦੇ ਲੀਡਰ ਨੂੰ ਸਰਕਾਰ ਬਣਾਉਣ ਦਾ ਸੱਦਾ ਅਣਉਚਿੱਤ ਹੀ ਨਹੀਂ ਧੱਕੇਸ਼ਾਹੀ ਵਾਲਾ ਵੀ ਸੀ। ਨਿਸਚੇ ਹੀ ਰਾਜਪਾਲ ਦਾ ਇਹ ਅਮਲਾ ਕੇਂਦਰ ਦੀ ਸੱਤਾਧਾਰੀ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਸੀ ਹੋਇਆ। ਬੀ. ਐਸ਼ ਯੈਦੀਊਰਪਾ ਦਾ ਫਲੋਰ ਟੈਸਟ ਤੋਂ ਪਹਿਲਾਂ ਹੀ ਪਿਛਲ ਪੈਰੀਂ ਮੁੜਨਾ ਤਾਂ ਸਮਝ ਆਉਂਦਾ ਹੈ,

ਐਲਾਨ ਕਰਦੇ ਸਮੇਂ ਬੇਹੱਦ ਭਾਵੁਕ ਭਾਸ਼ਣ ਦੇਣਾ ਉਕਾ ਹੀ ਨਹੀਂ। ਜਾਪਦਾ ਹੈ, ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸੱਤਾਧਾਰੀ ਪਾਰਟੀ ਉਸ ਦੀ ਪਿੱਠ ਉਤੇ ਹੈ ਤੇ ਲੋੜੀਂਦਾ ਵਿਧਾਇਕ ਖਰੀਦਣ ਦੇ ਯੋਗ ਹੈ। ਖਰੀਦਣ ਲਈ ਮਾਇਆ ਦਾ ਕੋਈ ਮਸਲਾ ਨਹੀਂ ਸੀ। ਜੇ ਸੁਪਰੀਮ ਕੋਰਟ ਦਖਲ ਦੇ ਕੇ ਭਰੋਸੇ ਦਾ ਵੋਟ ਹਾਸਲ ਕਰਨ ਦੀ ਸਮਾਂ ਸੀਮਾ ਨਿਯਤ ਨਾ ਕਰਦੀ।
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਉਤੇ ਵਿਰੋਧੀ ਪਾਰਟੀਆਂ ਦੇ ਹੁਮਾ ਹੁਮਾ ਕੇ ਇਕੱਠੇ ਹੋਣ ਨੇ ਮਾਰਕਸਵਾਦੀ ਪਾਰਟੀ ਦੇ ਸਵਰਗੀ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਚੇਤੇ ਕਰਵਾ ਦਿੱਤਾ।
ਉਸ ਦੇ ਚੇਲੇ ਤੇ ਵਰਤਮਾਨ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕੁਝ ਹੀ ਦਿਨ ਪਹਿਲਾਂ ਇਸ ਤਰ੍ਹਾਂ ਮਿਲ ਕੇ ਚੱਲਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਵਿਰੋਧੀ ਧਿਰਾਂ ਨੇ ਪ੍ਰਵਾਨ ਕਰ ਲਿਆ ਜਾਪਦਾ ਹੈ।
ਕਰਨਾਟਕ ਦੇ ਚੋਣ ਨਤੀਜਿਆਂ ਨੇ ਸਰਕਾਰੀ ਮੀਡੀਆ ਨੂੰ ਵੀ ਨੰਗਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਦੂਰਦਰਸ਼ਨ ਵਲੋਂ ਐਚ. ਡੀ. ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਨੂੰ ਕੇਂਦਰ ਬਿੰਦੂ ਬਣਾ ਕੇ ਵਿਰੋਧੀ ਪਾਰਟੀਆਂ ਦੇ ਮਿਲ ਕੇ ਖੜ੍ਹੇ ਹੋਣ ਨੂੰ ਨਜ਼ਰਅੰਦਾਜ਼ ਕਰਨਾ ਇਸ ਦੀ ਪੁਸ਼ਟੀ ਕਰਦਾ ਹੈ। ਮੀਡੀਏ ਦੇ ਮਾਹਰ ਜਾਣਦੇ ਹਨ ਕਿ ਉਨ੍ਹਾਂ ਦੇ ਇੱਕ ਮੁੱਠ ਹੋਣ ਦੀ ਤਸਵੀਰ ਅਗਲੇ ਦਿਨ ਦੇਸ਼ ਭਰ ਦੇ ਅਖਬਾਰਾਂ ਦੀ ਵੱਡੀ ਸੁਰਖੀ ਹੀ ਨਹੀਂ, ਮੁੱਖ ਪੰਨੇ ਦਾ ਸ਼ਿੰਗਾਰ ਵੀ ਬਣੀ। ਦੂਰਦਰਸ਼ਨ ਵਾਲਿਆਂ ਨੂੰ ਇਹ ਵੇਖ ਕੇ ਸੰਗ ਆਈ ਕਿ ਨਹੀਂ, ਉਹੀਓ ਜਾਣਨ।
ਪੰਡਿਤ ਨਹਿਰੂ ਬਨਾਮ ਵੀਰ ਸਾਵਰਕਰ
27 ਮਈ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਵੀ ਧਿਆਨ ਮੰਗਦੀ ਹੈ। ਇਸ ਦਿਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸਵਰਗਵਾਸ ਹੋਇਆਂ 54 ਸਾਲ ਹੋਏ ਸਨ। ਮੋਦੀ ਨੇ ‘ਪੰਡਿਤ ਜੀ ਨੂੰ ਪ੍ਰਣਾਮ’ ਤਾਂ ਕਹੀ ਪਰ ਆਪਣੇ ਮਨ ਦੀ ਬਾਕੀ ਸਾਰੀ ਬਾਤ ਵੀਰ ਸਾਵਰਕਰ ਦੇ ਗੁਣਗਾਇਨ ਉਤੇ ਲਾਈ ਤੇ ਜਾਂ ਫੇਰ ਪੰਜ ਜੂਨ ਦੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਵਰਜਣ ਉਤੇ।
ਪੰਜਾਬੀਆਂ ਪਿਆਰਿਆਂ ਦਾ ਤਿੰਨ ਜੂਨ: ਮੈਂ ਆਪਣੀ ਸਵੈ-ਜੀਵਨੀ ਦਾ ਦੇਸ਼ ਵੰਡ ਵਾਲਾ ਕਾਂਡ ਲਿਖ ਰਿਹਾ ਸਾਂ ਕਿ ਤਿੰਨ ਜੂਨ ਦਾ ਜ਼ਿਕਰ ਆ ਗਿਆ। ਇਸ ਦਿਨ ਬਰਤਾਨਵੀ ਸਰਕਾਰ ਨੇ ਹਿੰਦੁਸਤਾਨ ਨੂੰ ਦੋ ਟੁਕੜਿਆਂ ਵਿਚ ਵੰਡਣ ਦਾ ਐਲਾਨ ਕੀਤਾ ਸੀ। 15 ਅਗਸਤ 1947 ਨੂੰ ਇਸ ਉਤੇ ਅਮਲ ਹੋਇਆ ਤਾਂ ਪੰਜਾਬ ਅਤੇ ਬੰਗਾਲ ਦੇ ਟੁਕੜੇ-ਟੁਕੜੇ ਹੋ ਗਏ। ਦੋਹਾਂ ਰਾਜਾਂ ਦੀ ਜਿਹੜੀ ਜਾਨੀ ਤੇ ਮਾਲੀ ਤਬਾਹੀ ਹੋਈ, ਉਹ ਇਤਿਹਾਸ ਦਾ ਹਿੱਸਾ ਬਣ ਚੁਕੀ ਹੈ। ਮੈਨੂੰ ਇਹ ਵੀ ਚੇਤੇ ਆਇਆ ਕਿ ਇਸ ਦਿਨ 1986 ਵਿਚ ਪੰਜਾਬ ਦੇ ਉਘੇ ਪ੍ਰਸ਼ਾਸਕ ਮਹਿੰਦਰ ਸਿੰਘ ਰੰਧਾਵਾ ਦਾ ਦੇਹਾਂਤ ਹੋਇਆ ਸੀ। ਮੈਂ ਦਿੱਲੀ ਛੱਡ ਕੇ ਚੰਡੀਗੜ੍ਹ ਤੋਂ ਛਪਣ ਵਾਲੀ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਸੰਭਾਲ ਚੁਕਾ ਸਾਂ। ਪੰਜਾਬ ਕਾਲੇ ਦਿਨਾਂ ਵਿਚੋਂ ਲੰਘ ਰਿਹਾ ਸੀ। ਇੱਕ ਫਿਰਕੇ ਦੇ ਲੋਕ ਦੂਜੇ ਫਿਰਕੇ ਵਾਲਿਆਂ ਨੂੰ ਬੱਸਾਂ ਵਿਚੋਂ ਉਤਾਰ ਕੇ ਗੋਲੀ ਦਾ ਨਿਸ਼ਾਨਾ ਬਣਾ ਰਹੇ ਸਨ, ਜਿਸ ਦਾ ਐਮ. ਐਸ਼ ਰੰਧਾਵਾ ਦੇ ਮਨ ਉਤੇ ਅੰਤਾਂ ਦਾ ਬੋਝ ਸੀ। ਉਹ ਪੰਜਾਬ ਦੇ ਹੋਰ ਟੁਕੜੇ ਹੁੰਦੇ ਨਹੀਂ ਸੀ ਤੱਕਣਾ ਚਾਹੁੰਦੇ। ਚੇਤੇ ਰਹੇ, ਪੰਜਾਬੀ ਸੂਬੇ ਦੇ ਨਾਅਰੇ ਦਾ ਵਿਰੋਧ ਕਰਨ ਵਾਲਿਆਂ ਵਿਚ ਉਸ ਸਮੇਂ ਦਾ ਸ਼ਕਤੀਸ਼ਾਲੀ ਨੇਤਾ ਪ੍ਰਤਾਪ ਸਿੰਘ ਕੈਰੋਂ ਹੀ ਨਹੀਂ, ਮਹਿੰਦਰ ਸਿੰਘ ਰੰਧਾਵਾ ਵੀ ਸੀ। ਹੋਵੇ ਨਾ ਕਿ 1986 ਦੇ ਇਸ ਦਿਨ ਐਮ. ਐਸ਼ ਰੰਧਾਵਾ ਦੇ ਮਨ ਉਤੇ ਪੰਜਾਬ ਦੇ ਹੋਰ ਟੁਕੜੇ ਹੋਣ ਵਾਲਾ ਭਵਿੱਖ ਭਾਰੂ ਹੋਵੇ, ਜੋ ਉਸ ਨੂੰ ਲੈ ਬੈਠਿਆ।
ਅੰਤਿਕਾ: ਹਰਿਭਜਨ ਸਿੰਘ
ਮੈਂ ਗਮ ਦੇ ਸਮੁੰਦਰ ‘ਚ ਡੁੱਬਦਾ ਨਹੀਂ ਹਾਂ
ਤੇਰੇ ਗਮ ਦੇ ਮੈਨੂੰ ਸਹਾਰੇ ਬੜੇ ਨੇ।
ਤੁਸਾਂ ਚੁਣ ਲਏ ਨੈਣਾਂ ਕੇਰੇ ਜੋ ਹੰਝੂ
ਜੋ ਕਹਿ ਨਾ ਸਕੇ ਗਮ ਦੇ ਮਾਰੇ ਬੜੇ ਨੇ।
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।