ਜੂਨ ਮਹੀਨਾ ਚੜ੍ਹ ਆਇਆ ਹੈ ਅਤੇ ਵਾਤਾਵਰਨ ਅੰਦਰ ਲੋਹੜੇ ਦੀ ਤਪਸ਼ ਘੁਲ ਰਹੀ ਹੈ। ਦਿਨ ਤਾਂ ਕੀ, ਰਾਤਾਂ ਨੂੰ ਵੀ ਅੱਗ ਵਰ੍ਹ ਰਹੀ ਹੈ। ਚਾਰ ਸੌ ਦੋ ਸਾਲ ਪਹਿਲਾਂ ਇਹੀ ਦਿਨ ਸਨ ਜਦੋਂ ਪੰਜਵੇਂ ਪਾਤਸ਼ਾਹ ਨੇ ਹਰ ਤਪਸ਼ ਨੂੰ ਝੱਲਦਿਆਂ ਸਿਦਕ ਅਤੇ ਸਿਰੜ ਦਾ ਉਹ ਮਰਹੱਲਾ ਪਾਰ ਕੀਤਾ ਜਿਸ ਦਾ ਜ਼ਿਕਰ ਰਹਿੰਦੀ ਦੁਨੀਆਂ ਤੱਕ ਰਹਿਣਾ ਹੈ। ਸਦਾ ਸਦਾ ਲਈ ਮਿਸਾਲ ਬਣ ਗਈ ਇਸ ਸ਼ਹੀਦੀ ਦੇ ਅਰਥ ਬਹੁਤ ਗਹਿਰੇ ਹਨ। ਇਨ੍ਹਾਂ ਅਰਥਾਂ ਦੇ ਅਗਾਂਹ ਅਰਥਾਂ ਦੀ ਕਨਸੋਅ ਇਨ੍ਹੀਂ ਦਿਨੀਂ ਲਗਦੀਆਂ ਛਬੀਲਾਂ ਤੋਂ ਮਿਲਦੀ ਹੈ।
ਆਪੋ-ਆਪਣੇ ਥਾਂਈਂ ਕਿੰਨੇ ਜਿਊੜੇ ਤਪ ਰਹੇ ਹਿਰਦਿਆਂ ਨੂੰ ਠਾਰਨ ਲਈ ਸੇਵਾ ਕਮਾਉਂਦੇ ਹਨ। ਇਹੀ ਉਹ ਦਿਨ ਸਨ ਜਦੋਂ ਤਕਰੀਬਨ ਸਾਢੇ ਤਿੰਨ ਦਹਾਕੇ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਚੁਰਾਸੀ ਵਾਲਾ ਸਾਕਾ ਹੋਇਆ। ਇਸ ਸਾਕੇ ਨੂੰ ਇੰਨਾ ਲੰਮਾ ਸਮਾਂ ਹੋ ਜਾਣ ਦੇ ਬਾਵਜੂਦ ਸਿੱਖ ਮਨਾਂ ਅੰਦਰ ਇਸ ਸਾਕੇ ਦੇ ਜ਼ਖਮ ਅਜੇ ਵੀ ਅੱਲੇ ਪਏ ਹਨ। ਬਿਨਾ ਸ਼ੱਕ, ਉਸ ਵੇਲੇ ਪੈਦਾ ਹੋਏ ਹਾਲਾਤ ਦੀਆਂ ਬਹੁਤ ਸਾਰੀਆਂ ਫਰੋਲੀਆਂ ਤੇ ਅਣਫਰੋਲੀਆਂ ਪਰਤਾਂ ਹਨ ਅਤੇ ਹਰ ਪਰਤ ਦੀ ਆਪੋ-ਆਪਣੀ ਵਿਆਖਿਆ ਹੋਵੇਗੀ ਪਰ ਇਕ ਤੱਥ ਨਿਰਮਲ ਤੇ ਨਿੱਤਰੇ ਪਾਣੀਆਂ ਵਾਂਗ ਸਾਫ ਹੈ ਕਿ ਉਸ ਵਕਤ ਸਿਆਸਤ ਦਾ ਕੁਹਜ ਹਰ ਪਾਸੇ ਕਾਠੀ ਪਾ ਕੇ ਬੈਠ ਗਿਆ ਸੀ ਅਤੇ ਸਿਆਸੀ ਕੁਹਜ ਦੀ ਇਸ ਕਾਠੀ ਦਾ ਖਮਿਆਜ਼ਾ ਜਿਊੜੇ ਅੱਜ ਵੀ ਭੁਗਤ ਰਹੇ ਹਨ। ਇਨ੍ਹਾਂ ਸਾਢੇ ਤਿੰਨ ਦਹਾਕਿਆਂ ਦੇ ਸਿਆਸੀ ਅਤੇ ਧਾਰਮਿਕ ਹਾਲਾਤ ਉਤੇ ਨਿਗ੍ਹਾ ਮਾਰੀਏ ਤਾਂ ਤੰਦ-ਤਾਣੀ ਵਿਚ ਕੋਈ ਸਿਫਤੀ ਤਬਦੀਲੀ ਘੱਟ ਹੀ ਨਜ਼ਰੀ ਪੈਂਦੀ ਹੈ। ਜੇ ਇਹ ਵੀ ਕਹਿ ਲਿਆ ਜਾਵੇ ਕਿ ਤਬਦੀਲੀ ਹੋਈ ਹੀ ਨਹੀਂ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ; ਸਗੋਂ ਸਿਆਸਤ ਅਤੇ ਧਾਰਮਿਕ ਪ੍ਰਸੰਗਾਂ ਦੀ ਇਹ ਤਾਣੀ ਹੋਰ ਉਲਝੀ ਜਾਪਦੀ ਹੈ। ਸ਼ਾਇਦ ਇਸੇ ਕਰ ਕੇ ਹੀ ਇੰਨਾ ਸਮਾਂ ਗੁਜ਼ਰ ਜਾਣ ਅਤੇ ਬਹੁਤ ਕੁਝ ਹੋਣ-ਬੀਤਣ ਦੇ ਬਾਵਜੂਦ ਜਿਊੜਿਆਂ ਦੇ ਮਨਾਂ ਅੰਦਰ ਠਾਰ ਅਜੇ ਵੀ ਨਹੀਂ ਪਈ ਹੈ। ਅਸਲ ਵਿਚ ਇਹ ਕੋਈ ਘਟਨਾ ਨਹੀਂ ਸੀ ਬਲਕਿ ਵਿਸ਼ਵਾਸ ਨੂੰ ਲੱਗੀ ਚੋਟ ਸੀ ਜੋ ਅੱਜ ਤੱਕ ਚਸਕ ਰਹੀ ਹੈ।
ਇਨ੍ਹਾਂ ਹੀ ਦਿਨਾਂ ਵਿਚ ਇਕ ਹੋਰ ਘਟਨਾ ਵਾਪਰੀ ਜਿਸ ਦਾ ਸਿੱਧਾ ਸਬੰਧ ਭਾਵੇਂ ਤਪਦੇ ਹਿਰਦਿਆਂ ਜਾਂ ਸਿਆਸਤ ਦੀ ਉਲਝੀ ਹੋਈ ਤਾਣੀ ਨਾਲ ਨਹੀਂ ਪਰ ਤੰਦਾਂ ਇਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਜੁੜੀਆਂ ਹੋਈਆਂ ਹਨ। ਫੈਕਟਰੀ ਵਿਚੋਂ ਛੱਡੇ ਜ਼ਹਿਰੀਲੇ ਮਵਾਦ ਨੇ ਦਰਿਆ ਅੰਦਰਲੇ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ। ਇਹ ਉਹੀ ਪਾਣੀ ਹੈ ਜਿਨ੍ਹਾਂ ਉਤੇ ਸਿਆਸਤ ਖੂਬ ਭਖਦੀ ਰਹੀ ਹੈ। ਇਸ ਵਾਰ ਪਾਣੀਆਂ ਅੰਦਰ ਜ਼ਹਿਰ ਘੋਲ ਦਿੱਤਾ ਗਿਆ ਪਰ ਕਿਸੇ ਪਾਸੇ ਬਹੁਤੀ ਹਿਲਜੁਲ ਨਹੀਂ ਹੋਈ। ਸਰਕਾਰ ਨੇ ਇਸ ਨੂੰ ਮਾਮੂਲੀ ਜਿਹਾ ਮਸਲਾ ਬਣਾ ਦਿੱਤਾ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਖੁਦਕੁਸ਼ੀਆਂ ਅਤੇ ਨਸ਼ਿਆਂ ਦੇ ਮਾਮਲੇ ਬਣਾ ਦਿੱਤੇ ਗਏ। ਹੁਣ ਕਾਗਜ਼ਾਂ ਵਿਚ ਇਹ ਘਟਨਾ ਸਿਰਫ ‘ਹਾਦਸਾ’ ਹੈ। ਉਂਜ, ਇਸ ਇਕ ਹੀ ਘਟਨਾ ਨੇ ਪ੍ਰਸ਼ਾਸਨ ਅਤੇ ਸਿਆਸੀ ਲੀਡਰਸ਼ਿਪ ਦੀ ਪੋਲ ਖੋਲ੍ਹ ਦਿੱਤੀ। ਪੰਜਾਬ ਭਰ ਵਿਚ ਹੋਰ ਕਿੰਨੀਆਂ ਫੈਕਟਰੀਆਂ ਹਨ ਜਿਹੜੀਆਂ ਇਸੇ ਤਰ੍ਹਾਂ ਪਾਣੀ ਨੂੰ ਪਲੀਤ ਕਰ ਰਹੀਆਂ ਹਨ। ਅੱਜ ਪੰਜਾਬ ਦਾ ਪਾਣੀ ਪਲੀਤ ਹੈ, ਆਏ ਦਿਨ ਘਟ ਵੀ ਰਿਹਾ ਹੈ, ਵਿਗਿਆਨੀ ਪਾਣੀ ਦੀ ਹੋਣ ਵਾਲੀ ਕਿੱਲਤ ਦੇ ਮੱਦੇਨਜ਼ਰ ਸੂਬੇ ਦੇ ਬੰਜਰ ਹੋ ਜਾਣ ਦੀ ਭਵਿੱਖਵਾਣੀ ਵੀ ਕਰ ਰਹੇ ਹਨ ਪਰ ਸੌੜੇ ਸਿਆਸੀ ਹਿਤਾਂ ਨੇ ਅੱਖਾਂ ਅਤੇ ਕੰਨ ਬੰਦ ਕੀਤੇ ਹੋਏ ਹਨ।
ਇਹ ਤਾਂ ਹੋਇਆ ਸਰਕਾਰ ਦਾ ਮਾਮਲਾ ਪਰ ਸਿੱਖ ਸੰਸਥਾਵਾਂ ਦਾ ਮਾਮਲਾ ਤਾਂ ਹੁਣ ਹੋਰ ਵੀ ਭਿਆਨਕ ਰੁਖ ਅਖਤਿਆਰ ਕਰ ਗਿਆ ਹੈ। ਇਨ੍ਹਾਂ ਸੰਸਥਾਵਾਂ ਉਤੇ ਜਿਸ ਤਰ੍ਹਾਂ ਸਿਆਸਤ ਦਾ ਕਬਜ਼ਾ ਹੋਇਆ ਪਿਆ ਹੈ, ਉਸ ਤੋਂ ਹੁਣ ਇਹ ਬਹਿਸ ਵੀ ਛਿੜ ਪਈ ਹੈ ਕਿ 21ਵੀਂ ਸਦੀ ਦੇ ਇਸ ਯੁੱਗ ਅੰਦਰ ਧਰਮ ਸਿਆਸਤ ਉਤੇ ਕੁੰਡਾ ਲਗਾ ਵੀ ਸਕਦਾ ਹੈ ਜਾਂ ਨਹੀਂ? ਸਿੱਖ ਭਾਈਚਾਰੇ ਅੰਦਰ ਮੀਰੀ-ਪੀਰੀ ਦੇ ਸੰਕਲਪ ਦੀ ਮਾਨਤਾ ਹੈ। ਇਸ ਦੀ ਵਿਆਖਿਆ ਧਰਮ ਅਤੇ ਸਿਆਸਤ ਦੇ ਨਾਲ ਨਾਲ ਚੱਲਣ ਵਜੋਂ ਕੀਤੀ ਜਾਂਦੀ ਹੈ। ਇਸ ਸੰਕਲਪ ਦਾ ਸਿਖਰ ਸਿਆਸਤ ਨੂੰ ਧਰਮ ਦੇ ਕੁੰਡੇ ਤਹਿਤ ਚਲਾਉਣ ਦੀ ਹੈ ਪਰ ਅੱਜ ਦੇ ਸਮੇਂ ਦੌਰਾਨ ਧਰਮ ਅਤੇ ਸਿਆਸਤ ਦਾ ਇਹ ਰਿਸ਼ਤਾ ਐਨ ਉਲਟ ਗਿਆ ਹੈ, ਭਾਵ ਹੁਣ ਸਿਆਸੀ ਲੀਡਰਸ਼ਿਪ ਧਰਮ ਦੇ ਓਹਲੇ ਹੇਠ ਆਪਣੀ ਸਿਆਸਤ ਦਾ ਚਾਰਾ ਇਕੱਠਾ ਕਰਦੀ ਹੈ। ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਅੱਜ ਸਿਰਫ ਇਕ ਪਰਿਵਾਰ ਦੀ ਮਲਕੀਅਤ ਹੋ ਨਿਬੜੀ ਹੈ। ਸਿੱਖ ਸੰਸਥਾਵਾਂ ਨੂੰ ਲੱਗਿਆ ਖੋਰਾ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਮੁਲਕ ਦੀ ਕੇਂਦਰੀ ਸੱਤਾ ਇਸ ਖੋਰੇ ਨੂੰ ਆਏ ਦਿਨ ਜ਼ਰਬ ਦੇਈ ਜਾਂਦੀ ਹੈ ਪਰ ਅਕਾਲੀ ਦਲ ਦੇ ਲੀਡਰ, ਕੇਂਦਰੀ ਸੱਤਾ ਵਿਚ ਸਿਰਫ ਇਕ ਵਜ਼ੀਰੀ ਬਦਲੇ ਖਾਮੋਸ਼ੀ ਧਾਰ ਕੇ ਬੈਠੇ ਹਨ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਉਤੇ ਛਬੀਲਾਂ ਲਾ ਕੇ ਅਸੀਂ ਤਪਸ਼ ਨੂੰ ਠਾਰਨ ਦਾ ਆਹਰ ਕਰਦੇ ਹਾਂ। ਚੁਰਾਸੀ ਦੇ ਸਾਕੇ ਦੀ ਚੀਸ ਘਟਾਉਣ ਲਈ ਰੋਸ ਮਨਾਉਂਦੇ ਹਾਂ, ਪਰ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਵਾਲੀ ਸਸਤੀ ਸਿਆਸਤ ਕਰਨ ਵਾਲਿਆਂ ਖਿਲਾਫ ਰੋਸ ਕਦੋਂ ਮਨਾਉਣਾ ਹੈ? ਇਸ ਸਸਤੀ ਸਿਆਸਤ ਕਾਰਨ ਸੱਚਮੁੱਚ ਹਿਰਦੇ ਮੱਚੇ ਪਏ ਹਨ। ਪੰਜਾਬ ਇਨ੍ਹਾਂ ਹਿਰਦਿਆਂ ਨੂੰ ਠਾਰਨ ਵਾਲੀ ਸਿਆਸਤ ਦੀ ਉਡੀਕ ਚਿਰਾਂ ਤੋਂ ਕਰ ਰਿਹਾ ਹੈ ਪਰ ਅਜੇ ਤੱਕ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਪੈਂਦੀ। ਕਦੀ-ਕਦਾਈਂ ਕਿਤੇ ਕਿਤੇ ਕੋਈ ਚਿਣਗ ਮਘਦੀ ਦਿਸਦੀ ਤਾਂ ਹੈ ਪਰ ਇਸ ਦਾ ਵਿਤ ਇੰਨਾ ਛੋਟਾ ਅਤੇ ਥੋੜ੍ਹ-ਚਿਰਾ ਹੁੰਦਾ ਹੈ ਕਿ ਅੱਜ ਦੇ ਕੁਹਜ ਅੱਗੇ ਇਸ ਦੀ ਕੋਈ ਵੁਕਅਤ ਨਹੀਂ ਲਗਦੀ। ਸੂਬੇ ਦੇ ਸਮੁੱਚੇ ਹਾਲਾਤ ਵਿਚ ਆਈ ਇਹ ਖੜੋਤ ਤੋੜਨ ਲਈ ਸਭ ਤੋਂ ਪਹਿਲਾਂ ਤਾਂ ਵਿਚਾਰ ਸਾਣ ਉਤੇ ਲੱਗਣੇ ਚਾਹੀਦੇ ਹਨ। ਇਸ ਅਮਲ ਨਾਲ ਮਸਲੇ ਵੀ ਉਭਰ ਕੇ ਸਾਹਮਣੇ ਆ ਜਾਣਗੇ ਅਤੇ ਸੱਚ ਦਾ ਨਿਤਾਰਾ ਵੀ ਹੋ ਸਕੇਗਾ।