ਸਿੱਖ ਅਕੀਦੇ ਅਨੁਸਾਰ ਧਰਮ ਅਤੇ ਸਿਆਸਤ ਨਾਲੋ ਨਾਲ ਚਲਦੇ ਹਨ। ਗੁਰਮਤਿ ਅਨੁਸਾਰ ਸਿਆਸਤ ਨੇ ਧਰਮ ਅਧੀਨ ਰਹਿਣਾ ਹੈ। ਪਰ ਅੱਜ ਹਾਲਾਤ ਇਹ ਹਨ ਕਿ ਸਿਆਸਤਦਾਨਾਂ ਨੇ ਆਪਣੇ ਸੌੜੇ ਹਿਤਾਂ ਲਈ ਧਰਮ ਨੂੰ ਸਿਆਸਤ ਅਧੀਨ ਕਰ ਲਿਆ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਿਆਸਤ ਨੂੰ ਧਰਮ ਸਦਾ ਹੀ ਠੀਕ ਬੈਠਦਾ ਰਿਹਾ ਹੈ, ਪਰ ਧਰਮ ਨੂੰ ਸਿਆਸਤ ਕਦੇ ਵੀ ਠੀਕ ਨਹੀਂ ਬੈਠੀ।
ਇਸ ਵੇਲੇ ਸਿੱਖ ਸਿਆਸਤ ਦਾ ਬੋਲਬਾਲਾ ਇਸ ਹੱਦ ਤੱਕ ਹੋ ਗਿਆ ਹੈ ਕਿ ਸਿੱਖ ਚੇਤਿਆਂ ਵਿਚ ਜਿਸ ਤਰ੍ਹਾਂ Ḕਰਾਜ ਬਿਨਾ ਨਹੀਂ ਧਰਮ ਚਲਹਿ ਹੈḔ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤਰ੍ਹਾਂ ਇਸੇ ਬੰਦ ਦੇ ਦੂਜੇ ਹਿੱਸੇ Ḕਧਰਮ ਬਿਨਾ ਸਭ ਦਲਹਿ ਮਲਹਿ ਹੈḔ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਸਥਿਤੀ ਇਹ ਹੋ ਗਈ ਹੈ ਕਿ ਸਿੱਖ ਸਿਆਸਤ ਹੀ ਸਿੱਖ ਧਰਮ ਲੱਗਣ ਲੱਗ ਪਈ ਹੈ। ਇਸ ਵੇਲੇ ਲੋੜ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਉਣ ਦੀ ਹੈ ਕਿਉਂਕਿ ਆਲਮੀ ਭਾਈਚਾਰਾ ਹੋ ਗਏ ਸਿੱਖਾਂ ਨੂੰ ਸਿਆਸੀ ਸੁਰ ਵਿਚ ਨਹੀਂ, ਧਾਰਮਿਕ ਸੁਰ ਵਿਚ ਹੀ ਬਚਾਇਆ ਤੇ ਫੈਲਾਇਆ ਜਾ ਸਕਦਾ ਹੈ। ਇਹੋ ਵਿਚਾਰ ਅਜੋਕੇ ਸਿੱਖ ਪ੍ਰਸੰਗ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਨੇ ਆਪਣੇ ਲੇਖ ਵਿਚ ਪ੍ਰਗਟਾਏ ਹਨ। ਇਸ ਪ੍ਰਸੰਗ ਵਿਚ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਬਲਕਾਰ ਸਿੰਘ ਪ੍ਰੋਫੈਸਰ
ਇਸ ਮਸਲੇ ਨਾਲ ਜੁੜੇ ਪ੍ਰਾਪਤ ਤੱਥਾਂ ਦੇ ਹਵਾਲੇ ਨਾਲ ਨਤੀਜੇ ‘ਤੇ ਪਹੁੰਚਣ ਲਈ ਸ਼ੁਰੂਆਤ ਏਥੋਂ ਕਰ ਰਿਹਾ ਹਾਂ ਕਿ ਭਾਰਤੀ ਚਿੰਤਨ ਵਿਚ ਅਦਵੈਤ ਅਤੇ ਦਵੈਤ ਦੀ ਸਿਧਾਂਤਕਤਾ ਨਾਲ ਇਹ ਸਥਾਪਤ ਹੋ ਗਿਆ ਸੀ ਕਿ ਇਨ੍ਹਾਂ ਵਿਰੋਧੀ ਸਿਰਿਆਂ ਦੀ ਹੋਂਦ ਇਕ ਦੂਜੇ ਦੀ ਅਣਹੋਂਦ ਵਿਚ ਪਈ ਹੈ ਜਿਵੇਂ ਚਾਨਣ, ਹਨੇਰੇ ਦੀ ਅਣਹੋਂਦ ਹੈ ਅਤੇ ਹਨੇਰਾ, ਚਾਨਣ ਦੀ। ਸਿੱਖ ਚਿੰਤਨ ਵਿਚ ਇਹੋ ਸਿਧਾਂਤਕੀ, ਸਰਗੁਣ ਵਿਚ ਨਿਰਗੁਣ ਅਤੇ ਨਿਰਗੁਣ ਵਿਚ ਸਰਗੁਣ (ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥ ਪੰਨਾ 287) ਹੋ ਗਈ ਹੈ। ਇਸੇ ਨੂੰ ਧਰਮ ਅਤੇ ਸਿਆਸਤ ਨੂੰ ਸਮਝਣ ਵਾਸਤੇ ਵਿਧੀ ਮੰਨ ਲਈਏ ਤਾਂ ਪ੍ਰਸ਼ਨ ਪੈਦਾ ਹੋਵੇਗਾ ਕਿ ਕੀ ਧਰਮ ਵਿਚ ਸਿਆਸਤ ਅਤੇ ਸਿਆਸਤ ਵਿਚ ਧਰਮ ਇਕੱਠੇ ਰਹਿ ਸਕਦੇ ਹਨ? ਉਤਰ ਅਕਸਰ ਇਹ ਸੁੱਝਦਾ ਹੈ ਕਿ ਧਰਮ ਅਤੇ ਸਿਆਸਤ, ਦੋ ਸਨ, ਦੋ ਹਨ ਅਤੇ ਦੋ ਹੀ ਰਹਿਣੇ ਹਨ। ਇਸੇ ਬਾਰੇ ਵਿਸਥਾਰ ਵਿਚ ਚਰਚਾ ਕਰ ਰਹੇ ਹਾਂ ਅਤੇ ਇਸ ਦੀ ਸ਼ੁਰੂਆਤ ਇਥੋਂ ਕੀਤੀ ਜਾ ਸਕਦੀ ਹੈ ਕਿ ਸਿਆਸਤ ਨਾਲ ਉਵੇਂ ਹੀ ਨਿਭਣਾ ਹੈ ਜਿਵੇਂ ਪੰਜ ਵਿਕਾਰਾਂ ਨਾਲ ਨਿਭਣਾ ਹੈ।
ਸਿੱਖ ਚਿੰਤਨ ਵਿਚ ਪ੍ਰਾਪਤ ਪਰੰਪਰਾਵਾਂ (ਰਿਸ਼ੀ ਪਰੰਪਰਾ, ਸੰਤ ਪਰੰਪਰਾ ਅਤੇ ਭਗਤ ਪਰੰਪਰਾ) ਦਾ ਗੁਨ੍ਹਿਆ ਹੋਇਆ ਰੂਪ ਪ੍ਰਾਪਤ ਹੈ ਅਤੇ ਇਸ ਨੂੰ ਸਹਿਜ ਸਥਾਪਨ ਦੀ ਸਿੱਖ ਵਿਧੀ ਵਜੋਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਸ ਨਾਲ ਸਭਿਆਚਾਰ, ਧਰਮ ਅਤੇ ਅਧਿਆਤਮ ਵਿਚ ਵਖਰੇਵਿਆਂ ਦੀ ਸੰਭਾਵਨਾ ਨੂੰ ਬਹੁਲਵਾਦੀ ਭਾਵਨਾ ਵਿਚ ਸਹਿਣ ਕਰ ਸਕਣ ਦੇ ਮਾਨਸਿਕ ਉਸਾਰ ਵਾਸਤੇ ਜੋ ਸਿੱਖ ਵਿਧੀਆਂ (ਨਾਮ ਸਿਮਰਨ, ਸੇਵਾ, ਕਿਰਤ ਕਰਨਾ, ਵੰਡ ਛਕਣਾ ਆਦਿ) ਸਥਾਪਤ ਹੋ ਗਈਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਸਿਆਸਤ ਵੱਲ ਜਾਂਦੀ ਨਜ਼ਰ ਨਹੀਂ ਆਉਂਦੀ।
ਇਸ ਪ੍ਰਸੰਗ ਵਿਚ ਡਾ. ਜਸਪਾਲ ਸਿੰਘ ਦੀ ਪੁਸਤਕ Ḕਰਾਜ ਦਾ ਸਿੱਖ ਸੰਕਲਪḔ ਵਿਚੋਂ ਮੈਨੂੰ ਇਹੀ ਸਮਝ ਆਇਆ ਹੈ ਕਿ ਸਿੱਖੀ ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ ਸਿਆਸਤ ਨੂੰ ਇਸ ਵਿਚੋਂ ਮਨਫੀ ਨਹੀਂ ਕਰਨਾ ਚਾਹੀਦਾ ਅਤੇ ਕੀਤਾ ਵੀ ਨਹੀਂ ਜਾ ਸਕਦਾ। ਪਰ ਸਿੱਖੀ ਵਿਚ ਸਿਆਸਤ ਹਾਸ਼ੀਏ ‘ਤੇ ਰਹਿਣੀ ਹੈ ਅਤੇ ਕੇਂਦਰ ਵਿਚ ਧਰਮ ਹੀ ਰਹਿਣਾ ਹੈ। ਸਿੱਖ ਸਾਹਿਤ ਵਿਚ ਸਿੱਖ ਸਿਆਸਤ ਨਾਲ ਸਬੰਧਤ ਹਵਾਲੇ ਆਪੋ ਆਪਣੇ ਸਮਕਾਲ ਦੀਆਂ ਸੀਮਾਵਾਂ ਵਿਚ ਹੋਣ ਕਰਕੇ ਸਾਰੇ ਸਮਿਆਂ ਵਾਸਤੇ ਸਿਧਾਂਤਕੀ ਸਥਾਪਤ ਕਰਨ ਲਈ ਮਦਦ ਨਹੀਂ ਕਰ ਸਕਦੇ। ਤਾਂ ਤੇ ਇਨ੍ਹਾਂ ਹਵਾਲਿਆਂ ਨੂੰ ਬਾਣੀ ਦੀ ਰੌਸ਼ਨੀ ਵਿਚ ਹੀ ਸਥਾਪਤ ਕਰਨਾ ਚਾਹੀਦਾ ਹੈ।
ਸਿੱਖੀ ਤੋਂ ਪੰਥਕਤਾ ਤੱਕ ਦੀ ਯਾਤਰਾ ਨੂੰ ਜੇ ਧਰਮ ਤੋਂ ਸਿਆਸਤ ਵੱਲ ਯਾਤਰਾ ਵਜੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 1708 ਤੋਂ ਵਰਤਮਾਨ ਤੱਕ ਦੀ ਸਿੱਖ ਸਿਅਸਤ ਦੇ ਇਤਿਹਾਸ ਨੂੰ ਧਿਆਨ ਵਿਚ ਰੱਖਣਾ ਪਵੇਗਾ? ਸਵਾਲ ਹੈ ਕਿ ਅੱਜ ਸਿੱਖੀਕਰਣ ਦੀ ਥਾਂ ਸਿਆਸੀਕਰਣ ਕਿਉਂ ਹੋਈ ਜਾ ਰਿਹਾ ਹੈ? ਸਮਝਣ ਲਈ ਯੂ-ਟਿਊਬ ‘ਤੇ ਜਾਉ ਤੇ ਵੇਖੋ ਕਿ ਕਿਵੇਂ ਸਿਆਸਤ ਹੀ ਸਿਆਸਤ ਛਾਈ ਹੋਈ ਹੈ ਅਤੇ ਗੁਰਮਤਿ ਤਾਂ ਸਵਾਦ ਅਨੁਸਾਰ ਹੀ ਵਰਤੀ ਜਾ ਰਹੀ ਹੈ। ਜਿੱਤ ਦੀ ਆਸ ਵਿਚ ਵਿਹਾਜੀਆਂ ਜਾ ਰਹੀਆਂ ਹਾਰਾਂ ਦੀ ਸਿਆਸਤ ਨੇ ਸਰਬੱਤ ਦੇ ਭਲੇ ਦੀ ਥਾਂ ਅੱਗ ਬਾਲਣ, ਜ਼ਹਿਰ ਛਿੜਕਣ ਅਤੇ ਗੁੱਸੇ ਵਿਚ ਘੜਮੱਸ ਪੈਦਾ ਕਰਨ ਵਾਲੇ ਰਾਹ ਪਾ ਦਿੱਤਾ ਹੈ। ਇਸ ਦੀਆਂ ਪੈੜਾਂ ਗੁਰਮਤਿ ਦੀ ਥਾਂ ਖੱਬੂ-ਸਿਧਾਂਤਕੀਆਂ ਵੱਲ ਜਾਂਦੀਆਂ ਲੱਗਦੀਆਂ ਹਨ।
ਭਾਈ ਵੀਰ ਸਿੰਘ ਨੇ ਕੌਮ ਦੇ ਜੀਵੰਤ ਸਿੱਖ ਸਰੋਕਾਰਾਂ ਦਾ ਆਧਾਰ ਜਾਤੀ ਲੋੜਾਂ (ਸਿਆਸਤ) ਅਤੇ ਕੌਮੀ ਲੋੜਾਂ (ਧਰਮ) ਨੂੰ ਮੰਨਿਆ ਸੀ ਅਤੇ ਇਸ ਦੀ ਮਿਸਾਲ ਕਿਲਾ ਫਤਿਹ ਕਰਨ ਲਈ ਵਰਤੀ ਗਈ ਤੋਪ ਦੇ ਟੁੱਟੇ ਪਹੀਏ ਦੀ ਦਿੱਤੀ ਹੈ। ਇਸ ਦੇ ਨਾਲ ਹੀ ਸਿੱਖੀ ਦੇ ਕੇਂਦਰੀ ਸਰੋਕਾਰਾਂ ਵਿਚ ਗ੍ਰੰਥ (ਚੋਮਮੋਨ ੋਬਜeਚਟ), ਪੰਥ (ਚੋਮਮੋਨ ੋਰਗਅਨਡਿਅਟਿਨ), ਗੁਰਦੁਆਰਾ (ਚੋਮਮੋਨ ਚੋਨਵਚਿਟਿਨ) ਅਤੇ ਰਹਿਤ (ਚੋਮਮੋਨ ਚੋਦe ੋਰ ਚੋਨਾਦਿeਨਚe) ਨੂੰ ਗਿਣਿਆ ਗਿਆ ਹੈ। ਇਸੇ ਕਰਕੇ ਭਾਈ ਵੀਰ ਸਿੰਘ ‘ਤੇ ਸਿਆਸਤਦਾਨ ਨਾ ਹੋਣ ਦਾ ਦੋਸ਼ ਅੰਦਰੋਂ ਤੇ ਬਾਹਰੋਂ ਲਗਾਤਾਰ ਲੱਗਦਾ ਰਿਹਾ ਹੈ।
ਰਾਜਨੀਤਕ ਵਿਗਿਆਨ ਵਿਚ ਜੋ ਕੁਝ ਪ੍ਰਾਪਤ ਹੈ, ਉਸ ਨੂੰ ਧਿਆਨ ਵਿਚ ਰੱਖੇ ਬਿਨਾ ਇਸ ਲਈ ਗੱਲ ਕਰ ਰਿਹਾ ਹਾਂ ਤਾਂ ਕਿ ਜੇ ਲੋੜ ਪਵੇ ਤਾਂ ਹੋਰ ਸਿੱਖਣ ਲਈ ਤਿਆਰ ਰਹਾਂ। ਮੇਰੀ ਸਮਝ ਵਿਚ ਦੂਜਿਆਂ ਦੀਆਂ ਕਮਜ਼ੋਰੀਆਂ ਦੇ ਸ਼ਿਕਾਰੀਆਂ ਅਤੇ ਬਿਉਪਾਰੀਆਂ ਨੂੰ ਸਿਆਸਤਦਾਨ ਕਿਹਾ ਜਾਣ ਲੱਗ ਪਿਆ ਹੈ। ਇਹ ਵਿਧੀ ਸਿਆਸਤਦਾਨ ਇਕ ਦੂਜੇ ਦੇ ਵਿਰੁਧ ਵੀ ਵਰਤੀ ਜਾ ਰਹੇ ਹਨ ਅਤੇ ਇਸ ਨਾਲ ਬੋਲਣ ਵਾਸਤੇ ਬੋਲਣ ਦੀ ਸਿਆਸਤ ਭਾਰੂ ਹੁੰਦੀ ਜਾ ਰਹੀ ਹੈ। ਸਿਆਸਤ ਵਿਚ ਸਿਆਣਪ ਨਾਲੋਂ ਡਰਾਮੇਬਾਜ਼ੀ ਨੂੰ ਪਹਿਲ ਪ੍ਰਾਪਤ ਹੋ ਗਈ ਹੈ। ਧਰਮੀ ਅਤੇ ਅਕਾਦਮੀਸ਼ਨ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਇਸ ਵਰਤਾਰੇ ‘ਤੇ ਸ਼ਰਮਸ਼ਾਰ ਹੋਣ ਦੀ ਲੋੜ ਦੀ ਸੰਭਾਵਨਾ ਦਿਨੋ ਦਿਨ ਮੱਧਮ ਪੈਂਦੀ ਜਾ ਰਹੀ ਹੈ। ਇਸ ਸ਼ੇਅਰ ਵਿਚ ਸਿਆਸੀ ਵਰਤਾਰੇ ਬਾਰੇ ਇਸ਼ਾਰਾ ਹੈ:
ਮੁਹੱਬਤ ਗੋਲੀਉਂ ਸੇ ਬੋ ਰਹੇ ਹੋ
ਜ਼ਮੀਨ ਕਾ ਚਿਹਰਾ ਖੂਨ ਸੇ ਧੋ ਰਹੇ ਹੋ।
ਘੁਮੰਡ ਤੁਮ ਕੋ ਕਿ ਰਾਸਤਾ ਨਿਕਲ ਰਹਾ ਹੈ
ਯਕੀਨ ਮੁਝ ਕੋ ਕਿ ਮੰਜ਼ਲ ਖੋ ਰਹੇ ਹੋ।
ਹਾਲਤ ਇਹ ਹੈ ਕਿ ਦੇਸ਼ ਦੀ ਧਰਮ ਨਿਰਪੇਖ ਵਿਧਾਨਕਤਾ ਵੀ ਵੰਗਾਰੀ ਗਈ ਹੈ ਅਤੇ ਸਿੱਖ ਲੋਕਤੰਤਰ ਵਿਚ ਵੀ ਸਿਆਸਤਨੁਮਾ ਧਰਮ ਅਤੇ ਧਰਮਨੁਮਾ ਸਿਆਸਤ ਸ਼ਾਨੋ ਸ਼ੌਕਤ ਨਾਲ ਪਰਵੇਸ਼ ਕਰ ਗਈ ਹੈ। ਮੁੱਦਾ ਇਹ ਹੈ ਕਿ ਇਸ ਤਰ੍ਹਾਂ ਤਾਂ ਪਹਿਲਾਂ ਕਦੇ ਵੀ ਨਹੀਂ ਸੀ ਕਿਉਂਕਿ ਸਿਆਸਤ ਦੇ ਜਿਹੋ ਜਿਹੇ ਰੰਗ ਵਰਤਮਾਨ ਵਿਚ ਸਭ ਨੂੰ ਭੁਗਤਣੇ ਪੈ ਰਹੇ ਹਨ, ਉਨ੍ਹਾਂ ਨਾਲ ਸਿਆਸਤ, ਪ੍ਰਸ਼ਨਾਂ ਦਾ ਜੰਗਲ ਅਤੇ ਸਮਾਜਕ ਸਾਖ ਦਾ ਖੌਅ ਹੁੰਦੀ ਜਾ ਰਹੀ ਹੈ। ਸਿਆਸਤ ਦਾ ਵਰਤਮਾਨ ਪ੍ਰਸੰਗ ਕਿਸੇ ਵੀ ਕਿਸਮ ਦੇ ਉਲਾਰ ਦੀ ਦਾਸਤਾਨ ਹੁੰਦਾ ਜਾ ਰਿਹਾ ਹੈ ਅਤੇ ਧਰਮ ਨੂੰ ਆਪਣੇ ਵਰਗਾ ਕਰ ਲੈਣ ਵਾਸਤੇ ਸਿਆਸਤਦਾਨ ਪੱਬਾਂ ਭਾਰ ਹੋਏ ਨਜ਼ਰ ਆਉਂਦੇ ਹਨ। ਲੱਗਦਾ ਹੈ ਕਿ ਸਿਆਸਤ ਨੂੰ ਆਪਣੀ ਖੁਰਦੀ ਸਾਖ, ਧਰਮ ਦੇ ਆਸਰੇ ਬਚਾਉਣ ਦੀ ਲੋੜ ਪੈ ਗਈ ਹੈ।
ਜੇ ਗੱਲ ਇਥੋਂ ਸ਼ੁਰੂ ਕਰੀਏ ਤਾਂ ਬਹੁਗਿਣਤੀ ਅਤੇ ਘੱਟਗਿਣਤੀ ਦੇ ਹਵਾਲੇ ਨਾਲ ਹੋ ਰਹੀ ਸਿਆਸਤ ਬਹੁਤ ਪਿੱਛੇ ਰਹਿ ਜਾਏਗੀ। ਆਜ਼ਾਦ ਭਾਰਤ ਦੀ ਸਿਆਸਤ ਵਿਚ 5% ਬਨਾਮ 95% ਫਾਰਮੂਲਾ ਸਫਲਤਾ ਨਾਲ ਚੱਲੀ ਜਾ ਰਿਹਾ ਹੈ। ਇਸ ਨੂੰ ਸਿਆਸਤਦਾਨ ਬਨਾਮ ਵੋਟ-ਬੈਂਕ ਵਾਂਗ ਸਮਝੇ ਜਾਣ ਦੀ ਲੋੜ ਹੈ। ਇਸ ਤੋਂ ਘਟਗਿਣਤੀਆਂ ਵਾਂਗ ਬਹੁ-ਗਿਣਤੀ ਵੀ ਬਚੀ ਹੋਈ ਨਹੀਂ ਹੈ। ਇਹ ਭਾਰਤੀ ਰਾਸ਼ਟਰਵਾਦ ਤੋਂ ਸ਼ੁਰੂ ਹੋਇਆ ਸੀ ਅਤੇ ਹਿੰਦੂ ਰਾਸ਼ਟਰਵਾਦ ਤੱਕ ਪਹੁੰਚ ਗਿਆ ਹੈ। ਹਾਲਾਤ, ਘੜਮੱਸ ਵਿਚੋਂ ਇਨਕਲਾਬ ਪੈਦਾ ਕਰਨ ਦੇ ਮੁੱਦਈਆਂ ਨੂੰ ਸਾਜ਼ਗਾਰ ਲੱਗਣ ਲੱਗ ਪਏ ਹਨ।
ਸੋਸ਼ਲ ਮੀਡੀਆ ਬਦ ਨੂੰ ਬਦਤਰ ਬਣਾਉਣ ਦੇ ਰਾਹ ਪਿਆ ਹੋਇਆ ਹੈ। ਨਤੀਜੇ ਵਜੋਂ ਧਰਮ, ਵਿਧਾਨਕਤਾ, ਅਕਾਦਮਿਕਤਾ ਅਤੇ ਸਿਆਸਤ ਟਕਰਾਉ ਵਿਚ ਆ ਗਏ ਹਨ ਕਿਉਂਕਿ ਧਰਮ ਨੂੰ ਧਰਮ-ਨਿਰਪੇਖ ਦੀ ਵਿਧਾਨਕਤਾ ਨੇ ਉਨਾ ਨੁਕਸਾਨ ਨਹੀਂ ਪਹੁੰਚਾਇਆ, ਜਿੰਨਾ ਸਿਆਸੀ ਸਿਧਾਂਤਕੀਆਂ ਨਾਲ ਜੁੜੇ ਚਿੰਤਕਾਂ ਨੇ ਪਹੁੰਚਾਇਆ ਹੈ। ਕਦਮ ਰੋਕ ਕੇ ਕੋਈ ਸੋਚਣ ਲਈ ਤਿਆਰ ਹੀ ਨਹੀਂ ਲੱਗਦਾ। ਫਿਰ ਵੀ ਧਰਮ ਸਿਆਸਤ ਦੇ ਮੁਕਾਬਲੇ ਸਦਾ ਹੀ ਘੱਟ ਨੁਕਸਾਨਦੇਹ ਮੰਨਿਆ ਜਾਂਦਾ ਰਿਹਾ ਹੈ, ਪਰ ਦੱਸਿਆ ਇਸ ਤੋਂ ਉਲਟ ਜਾਂਦਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਧਾਰਮਿਕ-ਉਲਾਰ ਦਾ ਉਸ ਤਰ੍ਹਾਂ ਕਦੇ ਨੁਕਸਾਨ ਨਹੀਂ ਹੋਇਆ, ਜਿਸ ਤਰ੍ਹਾਂ ਸਿਆਸੀ-ਉਲਾਰ ਦਾ ਹੁੰਦਾ ਆਇਆ ਹੈ। ਇਸ ਵਰਤਾਰੇ ਦਾ ਸਮਰਥਨ ਸਿੱਖ ਹਵਾਲੇ ਨਾਲ 1947 ਅਤੇ 1984 ਤੋਂ ਹੋ ਜਾਂਦਾ ਹੈ ਕਿਉਂਕਿ ਦੋਹਾਂ ਹਾਲਤਾਂ ਵਿਚ ਸਿਆਸਤ ਦੀਆਂ ਨਹੁੰਦਰਾਂ ਨਾਲ ਧਰਮ ਨੂੰ ਨੋਚਿਆ ਗਿਆ ਸੀ।
ਧਰਮ ਅਤੇ ਸਿਆਸਤ ਦੇ ਮਸਲੇ ਨੂੰ ਸਿੱਖ ਹਵਾਲੇ ਨਾਲ ਸਮਝੀਏ ਤਾਂ ਧਰਮ ਅਤੇ ਸਿਆਸਤ ਨੂੰ ਲੈ ਕੇ ਜਿਹੋ ਜਿਹਾ ਮਸਲਾ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੇ ਪੈਰੋਂ ਖੜ੍ਹਾ ਹੋ ਗਿਆ ਹੈ, ਇਹ ਹੋਰ ਕਿਸੇ ਸੂਬੇ ਵਿਚ ਇਸ ਤਰ੍ਹਾਂ ਨਹੀਂ ਹੈ। ਕਾਰਨ ਇਹ ਹੈ ਕਿ ਸਿੱਖ ਸਿਆਸਤਦਾਨਾਂ ਨੇ ਇਸ ਨੂੰ ਮੀਰੀ ਪੀਰੀ ਦੇ ਗੁਰਮਤਿ ਸੰਕਲਪ ਨਾਲ ਜੋੜ ਕੇ ਲਗਾਤਾਰ ਵਰਤਿਆ ਜ਼ਰੂਰ ਹੈ, ਪਰ ਸਮਝਿਆ ਬਿਲਕੁਲ ਨਹੀਂ। ਕੌਣ ਕਿਸ ਨੂੰ ਦੱਸੇ ਕਿ ਛੇਵੇਂ ਪਾਤਸ਼ਾਹ ਹਜ਼ੂਰ ਨੇ ਸਿਆਸੀ ਆਤੰਕਣ ਨਾਲ ਧਾਰਮਿਕ ਸੁਰ ਵਿਚ ਨਿਭਣ ਵਾਸਤੇ ਪ੍ਰਾਪਤ ਵਰਤਾਰੇ ਵਿਚ ਸਹਿਜ ਸਥਾਪਨ ਦੀ ਵਿਧੀ ਵਜੋਂ ਮੀਰੀ ਪੀਰੀ ਦਾ ਸੰਕਲਪ ਸਾਹਮਣੇ ਲਿਆਂਦਾ ਸੀ। ਇਸ ਨੂੰ ਭਗਤੀ ਤੇ ਸ਼ਕਤੀ, ਸ਼ਸਤਰ ਤੇ ਸ਼ਾਸਤਰ ਅਤੇ ਸੰਤ ਤੇ ਸਿਪਾਹੀ ਦੀ ਸੁਰ ਅਤੇ ਵਿਧੀ ਵਿਚ ਹੀ ਸਮਝਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ। ਵਿਦਵਾਨ ਅਜਿਹਾ ਕਰਦੇ ਵੀ ਰਹੇ ਹਨ। ਪਰ ਸਿੱਖ ਸਿਆਸਤ ਨੇ ਇਸ ਨੂੰ ਜਿਸ ਤਰ੍ਹਾਂ ਪ੍ਰਾਪਤ ਸਿਆਸਤ ਤੱਕ ਮਹਿਦੂਦ ਕਰ ਦਿੱਤਾ ਹੈ, ਉਸ ਨਾਲ ਮੀਰੀ ਪੀਰੀ ਆਪਣੇ ਗੁਰਮਤਿ ਪ੍ਰਸੰਗ ਵਿਚੋਂ ਨਿਕਲ ਕੇ ਸਿਆਸੀ ਪੈਂਤੜਾ ਹੁੰਦੀ ਜਾ ਰਹੀ ਹੈ। ਇਸ ਵਿਚੋਂ ਨਿਕਲ ਸਕਣ ਲਈ ਸੰਵਾਦ ਰਾਹੀਂ ਸਾਂਝੀ ਸਮਝ ਬਣਾਉਣ ਦੇ ਰਸਤੇ ਬੰਦ ਲੱਗਣ ਲੱਗ ਪਏ ਹਨ। ਇਸੇ ਦਾ ਸਿੱਟਾ ਹੈ ਕਿ ਸਿੱਖ ਸਿਆਸਤ, ਸਿੱਖ ਆਸਥਾ ਨਾਲ ਟਕਰਾਉ ਵਿਚ ਆਉਂਦੀ ਜਾ ਰਹੀ ਹੈ। ਇਥੋਂ ਸ਼ੁਰੂ ਹੋਇਆ ਮੰਨਿਆ ਜਾ ਸਕਦਾ ਹੈ ਧਰਮ ਅਤੇ ਸਿਆਸਤ ਦਾ ਇਕ ਦੂਜੇ ਨੂੰ ਫੇਲ੍ਹ ਕਰਨ ਗਲ ਪਿਆ ਵਰਤਮਾਨ ਵਰਤਾਰਾ।
ਧਰਮ ਅਹੁਦੇਦਾਰੀਆਂ ਦੀ ਨੈਤਿਕਤਾ ਹੈ ਅਤੇ ਸਿਆਸਤ, ਅਹੁਦੇਦਾਰੀਆਂ ਦਾ ਅਧਿਕਾਰ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਮਝ ਆ ਜਾਏਗਾ ਕਿ ਪੰਥਕ ਸੁਰ ਵਿਚ ਪ੍ਰਾਪਤ ਹੋਈਆਂ ਅਹੁਦੇਦਾਰੀਆਂ, ਸਿਆਸਤਦਾਨਾਂ ਵੱਲੋਂ ਬਖਸ਼ੀ ਨੌਕਰੀ ਸਮਝਾਂਗੇ ਤਾਂ ਸਿਆਸਤ ਦਾ ਮਾੜਾ ਮੋਟਾ ਸੱਚ ਵੀ ਝੂਠ ਲੱਗਣ ਲੱਗ ਪਵੇਗਾ? ਸਿਆਸਤ ਦਾ ਸੱਚ, ਸੱਚ ਦੀ ਸਿਆਸਤ ਨੂੰ ਬਹੁਤ ਪਿੱਛੇ ਛੱਡਦਾ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਕੌਮੀ ਪੱਧਰ ‘ਤੇ ਦਰ ਗੁਜ਼ਰ ਕਰਨ ਦੀ ਸਿਆਸਤ ਆਮ ਬੰਦੇ ਦੀ ਹੋਣੀ ਹੁੰਦੀ ਜਾ ਰਹੀ ਹੈ ਕਿਉਂਕਿ ਸਿੱਖ ਵਾਸਤੇ ਸਿਆਸਤ ਨੂੰ ਆਦਤ ਬਣਾ ਲੈਣ ਵੱਲ ਧੱਕਿਆ ਜਾ ਰਿਹਾ ਹੈ। ਨਤੀਜਾ ਗੁਰੂ ਦੇ ਸਿੱਖਾਂ ਦਾ ਸੰਗਤ ਅਤੇ ਵੋਟ-ਬੈਂਕ ਦੀਆਂ ਆਪਾ ਵਿਰੋਧੀ ਪ੍ਰਥਾ ਵਾਂਗ ਸਾਹਮਣੇ ਆ ਗਿਆ ਹੈ।
ਗੁਰਮਤਿ ਵਿਚ ਜੇ ਸਿਆਸਤ ਨੂੰ ਇਸ ਤਰ੍ਹਾਂ ਕੇਂਦਰੀਅਤਾ ਪ੍ਰਾਪਤ ਨਹੀਂ ਸੀ, ਜਿਸ ਤਰ੍ਹਾਂ ਸਿੱਖ ਸਿਆਸਤ ਦੇ ਰੂਪ ਵਿਚ ਹੁਣ ਸਥਾਪਤ ਹੋ ਗਈ ਹੈ ਤਾਂ ਤੇ ਸੋਚਣਾ ਚਾਹੀਦਾ ਹੈ ਕਿ ਸਿੱਖ ਪ੍ਰਸੰਗ ਵਿਚ ਸਿਆਸਤ ਸਿੱਖ ਵਰਤਾਰੇ ਦੇ ਕੇਂਦਰ ਵਿਚ ਕਿਸ ਤਰ੍ਹਾਂ ਅਤੇ ਕਿਉਂ ਆ ਗਈ ਹੈ? ਇਹ ਸੋਚਣ ਦੀ ਲੋੜ ਇਸ ਕਰਕੇ ਹੈ ਕਿ ਸਿੱਖ ਧਰਮ ਅਰਥਾਤ ਸੱਚ ਦੀ ਸਿਆਸਤ, ਕੇਂਦਰ ਵਿਚੋਂ ਕੱਢ ਕੇ ਹਾਸ਼ੀਏ ‘ਤੇ ਧੱਕੀ ਜਾ ਚੁਕੀ ਹੈ। ਇਕ ਹੱਦ ਤੱਕ ਇਹ ਸਿਆਸੀ ਸਥਿਤੀ, ਭਾਰਤੀ ਸਿਆਸਤ ਦੀ ਪ੍ਰਧਾਨ ਸੁਰ ਕੇਂਦਰੀਕਰਣ ਦੀ ਸਿਆਸਤ ਨੂੰ ਠੀਕ ਬੈਠਦੀ ਰਹੀ ਹੈ। ਸਿੱਖੀ ਨੇ ਇਸ ਅਵਸਥਾ ਨਾਲ ਸਮਝੌਤਾ ਕਦੇ ਵੀ ਨਹੀਂ ਕੀਤਾ ਸੀ ਅਤੇ ਇਸੇ ਕਰਕੇ ਇਹੀ ਸਿੱਖ ਸਿਆਸਤ ਦਾ ਮੁੱਦਾ ਬਣਦਾ ਰਿਹਾ ਹੈ। ਇਸ ਅਸਾਵੀਂ ਲੜਾਈ ਦੀ ਪਹਿਲ ਸਿੱਖ ਸਿਆਸਤਦਾਨਾਂ ਵੱਲੋਂ ਹੁੰਦੀ ਰਹੀ ਹੈ ਅਤੇ ਗਲ ਪਈਆਂ ਸਿਆਸੀ ਲੜਾਈਆਂ ਪੰਥਕ ਸੁਰ ਵਿਚ ਲੜੀਆਂ ਜਾਂਦੀਆਂ ਰਹੀਆਂ ਹਨ। ਅਜਿਹੇ ਸਿਆਸੀ ਵਰਤਾਰਿਆਂ ਦੇ ਨਤੀਜੇ ਅੰਤਮ ਪੱਖੀ ਨਿਕਲਣੇ ਸੁਭਾਵਕ ਸਨ। ਇਸ ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ ਕਿ ਇਸ ਵਾਸਤੇ ਕੀ ਕੀਮਤ ਚੁਕਾਉਣੀ ਪੈਂਦੀ ਰਹੀ ਹੈ?
ਸਿਆਸੀ ਲੜਾਈਆਂ ਨੂੰ ਧਰਮ ਯੁੱਧ ਵਾਂਗ ਲੜਨ ਦੇ ਸੁਭਾ ਕਾਰਨ ਸਿੱਖ ਭਾਈਚਾਰੇ ਨੇ ਆਪਣੀਆਂ ਅੰਦਰਲੀਆਂ ਲੜਾਈਆਂ ਵੀ ਧਰਮ ਯੁੱਧ ਵਾਂਗ ਹੀ ਲੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਨਕਸ਼ਾਹੀ ਕੈਲੰਡਰ ਜਾਂ ਦਸਮ ਗ੍ਰੰਥ ਦੇ ਮਸਲੇ ਨੂੰ ਜੇ ਧਰਮ ਯੁੱਧ ਵਾਂਗ ਨਜਿੱਠਣ ਦੀ ਕੋਸ਼ਿਸ਼ ਕਰਾਂਗੇ ਤਾਂ ਨਤੀਜੇ ਸੰਗਤੀ ਸੁਰ ਵਿਚ ਨਹੀਂ ਸਿਆਸੀ ਸੁਰ ਵਿਚ ਹੀ ਨਿਕਲਣਗੇ। ਇਸ ਦੇ ਸੰਕੇਤ ਸਾਹਮਣੇ ਆ ਚੁਕੇ ਹਨ ਅਤੇ ਸਿਆਸਤ ਇਸ ਤੋਂ ਬਚਣ ਦੇ ਰਾਹ ਬੰਦ ਕਰੀ ਜਾ ਰਹੀ ਹੈ। ਇਥੋਂ ਹੀ ਸ਼ੁਰੂ ਹੋ ਜਾਂਦੀ ਹੈ, ਸਿੱਖ ਸੰਸਥਾਵਾਂ ਦੇ ਸਿਆਸੀ ਅਪਹਰਣ ਦੀ ਸਮੱਸਿਆ। ਸਿੱਖ ਸੰਸਥਾਵਾਂ ਦੀ ਸੇਵਾ ਤੋਂ ਸ਼ੁਰੂ ਕਰਕੇ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਤੱਕ ਪਹੁੰਚਣ ਤੋਂ ਬਾਅਦ ਸਿੱਖ ਸੰਸਥਾਵਾਂ ਦੀ ਸਿਆਸਤ ਦਾ ਦੌਰ ਸਿਖਰ ‘ਤੇ ਪਹੁੰਚ ਗਿਆ ਹੈ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ ਧਰਮ ਵਿਚ ਸਿੱਖ ਸੰਸਥਾਵਾਂ ਦੇ ਅਹੁਦਿਆਂ ਦੇ ਅਧਿਕਾਰ ਦੀ ਥਾਂ, ਅਹੁਦਿਆਂ ਦੀ ਨੈਤਿਕਤਾ (ਧਰਮ) ਨੂੰ ਸਾਹਮਣੇ ਲਿਆਂਦਾ ਗਿਆ ਸੀ। ਸਿੱਖ ਸਿਆਸਤ ਨਾਲ ਇਸ ਵਿਚ ਅਹੁਦਿਆਂ ਦੇ ਅਧਿਕਾਰ ਦੀ ਸਿਆਸਤ ਸ਼ਾਮਲ ਹੋ ਗਈ ਹੈ। ਇਸ ਨਾਲ ਨਿਭਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਸ਼ੇਰ ਦੀ ਸਵਾਰੀ ਕਿਹਾ ਕਰਦੇ ਸਨ।
ਸਭ ਜਾਣਦੇ ਹਨ ਕਿ ਸਿੱਖ ਸੰਸਥਾਵਾਂ ਦਾ ਸਿੱਖ ਸਿਆਸਤਦਾਨਾਂ ਨੇ ਸਿਆਸੀ ਅਪਹਰਣ ਕਰ ਲਿਆ ਹੈ। ਇਸ ਹਾਲਤ ਵਿਚ ਸਿੱਖ ਸੰਸਥਾਵਾਂ ਦੇ ਪ੍ਰਬੰਧਕੀ ਅਹੁਦਿਆਂ ‘ਤੇ ਇਸ ਤਰ੍ਹਾਂ ਹੀ ਟਿਕਿਆ ਜਾ ਸਕਦਾ ਹੈ, ਜਿਵੇਂ ਸਿੱਖ ਸੰਸਥਾਵਾਂ ਦੇ ਮੌਜੂਦਾ ਅਹੁਦੇਦਾਰ ਟਿਕੇ ਹੋਏ ਲੱਗਣ ਲੱਗ ਪਏ ਹਨ। ਧਰਮ, ਪ੍ਰਬੰਧਨ ਅਤੇ ਸਿਆਸਤ ਦੇ ਗੱਠਜੋੜ ਨੇ ਜਿਸ ਤਰ੍ਹਾਂ ਦਾ ਸਿੱਖ ਸਭਿਆਚਾਰ ਪੈਦਾ ਕਰ ਲਿਆ ਹੈ, ਇਹ ਸਿੱਖ ਭਾਈਚਾਰੇ ਦੀ ਵਰਤਮਾਨ ਦਿਸ਼ਾ ਅਤੇ ਦਸ਼ਾ ਦਾ ਸੂਚਕ ਹੋ ਗਿਆ ਹੈ। ਇਸ ਨਾਲ ਇਹ ਨੁਕਤਾ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਆਪਣਾ ਏਜੰਡਾ ਆਪ ਤਿਆਰ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਓਨਾ ਚਿਰ ਬੇਗਾਨੇ ਏਜੰਡੇ ਅਰਥਾਤ ਸਿਆਸਤ ਅਨੁਸਾਰ ਕੰਮ ਕਰਨ ਦੀ ਸਿਆਸਤ ਨਾਲ ਇਸੇ ਤਰ੍ਹਾਂ ਨਿਭਣਾ ਪਵੇਗਾ, ਜਿਵੇਂ ਹੁਣ ਨਿਭੀ ਜਾ ਰਹੇ ਹਾਂ। ਇਸ ਨਾਲ Ḕਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂḔ ਦੀ ਪੰਥਕ ਰੀਝ ਸਿਆਸਤ ਦੀ ਸ਼ਿਕਾਰ ਹੁੰਦੀ ਜਾਏਗੀ। (ਵਿਸਥਾਰ ਲਈ ਅਜਮੇਰ ਸਿੰਘ ਦੀਆਂ ਪੁਸਤਕਾਂ ਅਤੇ ਕਰਮਜੀਤ ਸਿੰਘ ਦੇ ਲੇਖ ਵੇਖੇ ਜਾ ਸਕਦੇ ਹਨ)।
ਸਿੱਖ ਸੰਸਥਾਵਾਂ ਦੇ ਅਹੁਦੇਦਾਰ, ਇਸ ਵਿਚੋਂ ਨਿਕਲਣ ਦੀ ਥਾਂ, ਇਸ ਨਾਲ ਨਿਭਣ ਵਾਲੇ ਰਾਹ ਪਏ ਹੋਏ ਹਨ। ਇਸੇ ਵਾਸਤੇ ਸਿੱਖ ਭਾਈਚਾਰੇ ਅੰਦਰ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਛੁਡਾਉਣ ਦਾ ਜਜ਼ਬਾ ਅੰਗੜਾਈਆਂ ਲੈਣ ਲੱਗ ਪੈਣਾ ਚਾਹੀਦਾ ਹੈ। ਜਿੰਨਾ ਚਿਰ ਇਹ ਨਹੀਂ ਵਾਪਰਦਾ, ਓਨਾ ਚਿਰ ਧਰਮ ਨੂੰ ਸਿਆਸਤ ਦੀ ਅਗਵਾਈ ਵਿਚ ਹੀ ਚਲਣਾ ਪਵੇਗਾ।
ਸਿਆਸਤ ਨੇ ਧਰਮ ਯੁੱਧ ਨੂੰ ਸਿਆਸੀ ਸੰਦ ਵਾਂਗ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਇਹ ਨਿੱਠ ਕੇ ਵਿਚਾਰਨ ਦੀ ਲੋੜ ਹੈ ਕਿ ਧਰਮ ਯੁੱਧ ਦਾ ਜੋ ਸਿਧਾਂਤ ਸਿੱਖ ਧਰਮ ਰਾਹੀਂ ਪ੍ਰਗਟ ਹੋਇਆ ਸੀ, ਉਹ ਇਸ ਕਰਕੇ ਨਵਾਂ ਤੇ ਵੱਖਰਾ ਹੈ ਕਿ ਭਾਰਤ ਵਿਚ ਧਰਮ ਯੁੱਧ ਦੀ ਕੋਈ ਪਰੰਪਰਾ ਹੀ ਨਹੀਂ ਸੀ। ਇਸ ਨੂੰ ਸਿੱਖ ਸੰਘਰਸ਼ ਦੀ ਸਿਧਾਂਤਕਤਾ ਵਜੋਂ ਸਾਹਮਣੇ ਲਿਆਉਣ ਦੀ ਲੋੜ ਅਜੇ ਵੀ ਕਾਇਮ ਹੈ। ਇਸ ਵਾਸਤੇ ਇਕ ਹੋਰ ਸਿੰਘ ਸਭਾ ਪੈਦਾ ਕਰਨੀ ਪਵੇਗੀ। ਇਸ ਦਾ ਆਧਾਰ ਇਹ ਲੈ ਰਿਹਾ ਹਾਂ:
ਨਹ ਬਿਲੰਬ ਧਰਮੰ ਬਿਲੰਬ ਪਾਪੰ॥
ਦ੍ਰਿੜੰਤ ਨਾਮੰ ਤਜੰਤ ਲੋਭੰ॥
ਪ੍ਰਾਪਤ ਧਰਮ ਲਖਿ(ਯ)ਣ॥
ਨਾਨਕ ਜਿਹ ਸੁਪ੍ਰਸੰਨ ਮਾਧਵਹ॥ (ਪੰਨਾ 1354)
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਹੇ ਰਵਿ ਹੇ ਸਸਿ ਹੇ ਕਰੁਣਾਨਿਧਿ
ਮੇਰੀ ਅਬੈ ਬਿਨਤੀ ਸੁਨਿ ਲੀਜੈ।
ਅਉਰ ਨ ਮਾਂਗਤ ਹਉਂ ਤੁਮ ਤੇ ਕਛ
ਚਾਹਤ ਹਉਂ ਚਿਤ ਮੈਂ ਸੋਈ ਕੀਜੈ।
ਸਸਤ੍ਰਨ ਸੋਂ ਅਤਿ ਹੀ ਰਨ ਭੀਤਰ
ਜੂਝਿ ਮਰੋਂ ਕਹਿ ਸਾਚ ਪਤੀਜੈ।
ਸੰਤ ਸਹਾਇ ਸਦਾ ਜਗ ਮਾਇ
ਕ੍ਰਿਪਾ ਕਰ ਸਯਾਮ ਇਹੈ ਵਰੁ ਦੀਜੈ।
(ਪੰਨਾ 1900, ਦਸਮ ਗ੍ਰੰਥ, ਭਾਗ ਦੂਜਾ, 1999)
ਗੁਰੂ ਤੇਗ ਬਹਾਦਰ ਬੋਲਿਆ
ਧਰਿ ਪਈਐ ਧਰਮ ਨ ਛੋੜੀਐ।
ਬਾਂਹ ਜਿਨ੍ਹਾਂ ਦੀ ਪਕੜੀਐ
ਸਿਰ ਦੀਜੈ ਬਾਂਹ ਨ ਛੋੜੀਐ।
ਮਨ ਲੋਚੈ ਬੁਰਿਆਈਆਂ
ਗੁਰਸਬਦੀ ਇਹ ਮਨ ਹੋੜੀਐ।
ਇਸ ਨਾਲ ਇਹ ਪੱਕਾ ਹੋ ਜਾਂਦਾ ਹੈ ਕਿ ਧਰਮ ਯੁੱਧ ਦੇ ਸਿਧਾਂਤਕ ਆਧਾਰ ਨਾਲ ਗੁਰੂ ਕੇ ਵਿਰਾਸਤੀ ਸੁਰ ਵਿਚ ਸਭਿਆਚਾਰਕ ਸੰਘਰਸ਼ ਵਾਂਗ ਨਿਭਦੇ ਰਹੇ ਹਨ। ਸਿੱਖ ਸੰਘਰਸ਼ ਪਿਤਰੀ ਸਭਿਆਚਾਰ ਨਾਲ ਹੋਵੇ, ਸਮਕਾਲੀ ਵਿਦਿਅਕ ਢਾਂਚੇ ਨਾਲ ਹੋਵੇ, ਅਗਿਆਨ ਨਾਲ ਹੋਵੇ, ਭਰਮ ਨਾਲ ਹੋਵੇ, ਧਰਮ ਦੇ ਠੇਕੇਦਾਰਾਂ ਜਾਂ ਹਾਕਮਾਂ ਨਾਲ ਹੋਵੇ, ਗੁਰੂ ਚਿੰਤਨ ਆਮ ਲੋਕਾਂ ਨੂੰ ਲੜਾਈ ਦੀ ਭੇਟ ਚੜ੍ਹ ਜਾਣ ਤੋਂ ਬਚਾਉਣ ਦੀਆਂ ਵਿਧੀਆਂ ਸਾਹਮਣੇ ਲਿਆਉਂਦਾ ਰਿਹਾ ਹੈ।
ਸਿਖਾਇਆ ਇਹ ਗਿਆ ਸੀ ਕਿ ਮਿਲਦਾ ਓਹੀ ਹੈ, ਜੋ ਲਿਆ ਜਾ ਸਕਦਾ ਹੈ ਅਤੇ ਜਿਸ ਨੂੰ ਲੈਣ ਵਾਸਤੇ ਕਿਸੇ ਹੋਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ। ਸਿਖਾਇਆ ਇਹ ਗਿਆ ਸੀ ਕਿ ਮਿਲੇ ਹੋਏ ਨੂੰ ਸੰਭਾਲਣਾ ਕਿਵੇਂ ਹੈ? ਇਹ ਚੇਤਨਾ, ਆਮ ਬੰਦੇ ਦੀ ਸਮਝ ਵਿਚ ਉਤਾਰਨ ਵਾਸਤੇ ਜੋ ਵਿਧੀਆਂ ਸਿੱਖ ਧਰਮ ਨੇ ਉਸਾਰੀਆਂ ਸਨ, ਉਨ੍ਹਾਂ ਵਿਚ ਸਿਆਸੀ ਵਿਧੀ ਕਿਧਰੇ ਨਜ਼ਰ ਨਹੀਂ ਆਉਂਦੀ। ਹਾਲਾਂਕਿ ਡਾ. ਜਸਪਾਲ ਸਿੰਘ, ਸ਼ ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ਼ ਕਰਮਜੀਤ ਸਿੰਘ ਅਤੇ ਸ਼ ਅਜਮੇਰ ਸਿੰਘ ਦੀਆਂ ਲਿਖਤਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਵੀ ਰਿਹਾ ਹਾਂ। ਪੜ੍ਹਤ ਉਪਰੰਤ ਹਾਸਲ ਹੋਈ ਸਮਝ ਹੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਧਰਮ ਤੇ ਰਾਜਨੀਤੀ ਦੇ ਸਿੱਖ ਪ੍ਰਸੰਗ ਬਾਰੇ ਚਰਚਾ ਇਸ ਕਰਕੇ ਵੀ ਛਿੜਨੀ ਚਾਹੀਦੀ ਹੈ ਕਿ ਆਸਥਾ ਅਤੇ ਸਿਆਸਤ ਦੇ ਮਸਲੇ ਬਾਰੇ ਬਹਿਸ ਕੌਮੀ ਪੱਧਰ ‘ਤੇ ਵੀ ਛਿੜੀ ਹੋਈ ਹੈ। ਭਗਵੇਂਕਰਨ ਦੀ ਸਿਆਸਤ ਨੂੰ ਧਰਮ ਨਿਰਪੇਖ ਵਿਧਾਨਕਤਾ (ਰਾਸ਼ਟਰਵਾਦ) ਦੇ ਬਦਲ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਨਾਲ ਧਰਮ ਅਤੇ ਰਾਜਨੀਤੀ ਦਾ ਮਸਲਾ ਭਾਰਤੀ ਗਣਤੰਤਰ ਵਾਸਤੇ ਅਹਿਮ ਬਣਦਾ ਜਾ ਰਿਹਾ ਹੈ। ਧਰਮ ਤੇ ਰਾਜਨੀਤੀ ਦਾ ਇਕ ਸਿਆਸੀ ਉਸਾਰ (ੌਨe ਂਅਟਿਨ ਠਹeੋਰੇ), ਪਾਕਿਸਤਾਨ ਦੇ ਰੂਪ ਵਿਚ ਸਾਡੇ ਸਾਹਮਣੇ ਆ ਚੁਕਾ ਹੈ। ਇਸ ਦੀ ਸ਼ੁਰੂਆਤ ਜਿਨਾਹ ਨੇ ਨਹੀਂ, ਸਾਵਰਕਰ ਨੇ ਕੀਤੀ ਸੀ। ਇਸੇ ਸੁਰ ਵਿਚ ਭਾਰਤੀ ਰਾਸ਼ਟਰਵਾਦ ਨੂੰ ਹਿੰਦੂ ਰਾਸ਼ਟਰਵਾਦ ਸਾਬਤ ਕਰਨ ਦੀ ਸਿਆਸਤ ਜਿਸ ਤਰ੍ਹਾਂ ਹੋ ਰਹੀ ਹੈ, ਉਸ ਨਾਲ ਘਟਗਿਣਤੀਆਂ ਨੂੰ ਬਹੁਗਿਣਤੀ ਮੁਤਾਬਕ ਜਿਉਣ ਦੀਆਂ ਮਜਬੂਰੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਚੋਂ ਨਿਕਲ ਸਕਣ ਦਾ ਰਾਹ ਸਿੱਖ ਧਰਮ ਕੋਲ ਹੈ। ਇਹ ਰਾਹ ਧਰਮ ਨੂੰ ਸਿਆਸੀ ਅਪਹਰਣ ਤੋਂ ਬਚਾਉਣ ਦਾ ਰਾਹ ਹੈ। ਇਹ ਰਾਹ ਭਾਰਤੀ ਨਾਨਤਵ ਨੂੰ ਨਾਲ ਲੈ ਕੇ ਤੁਰਨ ਦਾ ਰਾਹ ਹੈ। ਇਸ ਰਾਹ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਭਾਈਚਾਰੇ ਨੂੰ ਭਾਰਤ ਦੇ ਵਾਰਸਾਂ ਵਾਂਗ ਸਮਝਣ ਅਤੇ ਸਮਝਾਏ ਜਾਣ ਦੀ ਲੋੜ ਹੈ।
ਸਿੱਖ ਧਰਮ, ਧਰਮਾਂ ਦੇ ਪ੍ਰਸੰਗ ਵਿਚ ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ ਜੀਵਨ ਨਾਲ ਜੁੜੇ ਹੋਏ ਸਾਰੇ ਸਰੋਕਾਰਾਂ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਨਾਲ ਲੈ ਕੇ ਤੁਰਦਾ ਹੈ। ਪੂਰਕਤਾ ਦਾ ਮਤਲਬ ਰਲੇਵਾਂ ਨਹੀਂ ਹੁੰਦਾ ਅਤੇ ਨਾ ਹੀ ਇਕ ਪੱਖ ਨੂੰ ਕਿਸੇ ਦੂਜੇ ਦੀ ਕੀਮਤ ‘ਤੇ ਵਰਤੇ ਜਾਣਾ ਹੋ ਸਕਦਾ ਹੈ। ਸਿਆਸਤ ਨੇ ਇਸ ਨੂੰ ਘਾਤਕ ਮਿਲਗੋਭਾ ਬਣਾ ਦਿੱਤਾ ਹੈ। ਇਹ ਘਾਤਕ ਮਿਲਗੋਭਾ ਸਿੱਖ ਸਰੋਕਾਰਾਂ ਨੂੰ ਪੰਥਕ ਸ਼ਿਕੰਜੇ ਵਿਚ ਕੱਸ ਕੇ ਜਿਹੋ ਜਿਹੇ ਸਿਆਸੀ ਨਤੀਜਿਆਂ ਵੱਲ ਲੈ ਕੇ ਜਾ ਰਿਹਾ ਹੈ, ਉਸ ਨਾਲ Ḕਸਭਸੇ ਲੈ ਮਿਲਾਇ ਜੀਉḔ ਵਾਲੀ ਧਾਰਮਿਕ ਸੰਭਾਵਨਾ ਮੱਧਮ ਪੈਂਦੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਚੇਤਨਾ ਨੇ ਵੀ ਧਰਮ ਤੇ ਰਾਜਨੀਤੀ ਨੂੰ ਗੁਰਮਤਿ ਪ੍ਰਸੰਗ ਵਿਚ ਵੇਖਣ ਦੀ ਥਾਂ ਸਿੱਖ ਰਾਜ ਦੇ ਹਵਾਲੇ ਨਾਲ ਲੋੜ ਮੁਤਾਬਕ ਵਰਤੇ ਜਾਣ ਵਾਲੇ ਬਦਲ ਵਾਂਗ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਸਭ ਸਿੱਖ ਪਰਤਾਂ ਜੇ ਬਾਣੀ ਪ੍ਰਸੰਗ ਵਿਚੋਂ ਨਿਕਲ ਕੇ ਸਿਆਸੀ ਪ੍ਰਸੰਗ ਵਿਚ ਸਾਹਮਣੇ ਆਉਣ ਲੱਗ ਪੈਣਗੀਆਂ ਤਾਂ ਸਿਧਾਂਤਕਤਾ ਉਤੇ ਸਿਆਸਤ ਦਾ ਬੋਲਬਾਲਾ ਹੋ ਜਾਵੇਗਾ। ਇਹੋ ਜਿਹੀ ਹਾਲਤ ਵਿਚ ਗੁਰਪੁਰਬ ਵੀ ਮੇਲੇ ਹੋਣ ਲੱਗ ਪੈਣਗੇ। ਸਮਾਂ ਆ ਗਿਆ ਹੈ ਕਿ ਇਸ ਸਵਾਲ ਦੇ ਸਨਮੁਖ ਹੋਇਆ ਜਾਵੇ ਕਿ ਸਿੱਖੀ ਸਿੱਖਾਂ ਕਰਕੇ ਬਚੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਕਰਕੇ? ਨਹੀਂ ਸਮਝਾਂਗੇ ਤਾਂ ਬਾਣੀ ਦੇ ਸਿੱਖ (ਸੰਤ ਤੇ ਮਿਸ਼ਨਰੀ) ਅਤੇ ਇਤਿਹਾਸ ਦੇ ਸਿੱਖ (ਸਿਆਸਤਦਾਨ) ਹੋ ਜਾਣ ਦੀ ਸਮਾਨੰਤਰਤਾ ਵੱਲ ਧੱਕੇ ਜਾਵਾਂਗੇ। ਇਸ ਵਰਤਾਰੇ ਦੀਆਂ ਅਲਾਮਤਾਂ ਸਾਹਮਣੇ ਆਉਣ ਲੱਗ ਪਈਆਂ ਹਨ। ਸਿਰ ਜੋੜ ਕੇ ਨਹੀਂ ਸੋਚਾਂਗੇ ਤਾਂ ਵਾਪਸੀ ਦੇ ਮੌਕੇ ਹੱਥੋਂ ਨਿਕਲਦੇ ਜਾਣਗੇ। ਇਸ ਵੇਲੇ ਦੀ ਲੋੜ ਸਿੱਖ ਵਿਰਾਸਤ ਨੂੰ ਸਿਆਸਤ ਵਾਸਤੇ ਵਰਤਣ ਦੀ ਥਾਂ ਸਿੱਖ ਵਿਰਾਸਤ ਨੂੰ ਸਿਆਸਤ ਤੋਂ ਬਚਾ ਕੇ ਅਤੇ ਬੋਚ ਕੇ ਵਰਤੇ ਜਾਣ ਦੀ ਲੋੜ ਹੈ।
ਅਜਿਹਾ ਕਰਦਿਆਂ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਧਰਮ ਅਤੇ ਸਿਆਸਤ ਬਾਰੇ ਮਿਲਦੇ ਵੇਰਵਿਆਂ ਦੇ ਆਧਾਰ ‘ਤੇ ਵਿਚਾਰੀਏ ਤਾਂ ਇਹੀ ਸਮਝ ਆਉਂਦਾ ਹੈ ਕਿ ਸਿਆਸਤ ਨੂੰ ਧਰਮ ਸਦਾ ਹੀ ਠੀਕ ਬੈਠਦਾ ਰਿਹਾ ਹੈ, ਪਰ ਧਰਮ ਨੂੰ ਸਿਆਸਤ ਕਦੇ ਵੀ ਠੀਕ ਨਹੀਂ ਬੈਠੀ। ਇਸ ਦ੍ਰਿਸ਼ਟੀ ਤੋਂ ਵੇਖੋਗੇ ਤਾਂ ਵੇਖ ਸਕੋਗੇ ਕਿ ਸਿੱਖ ਸੰਸਥਾਵਾਂ ਦੇ ਵਰਤਮਾਨ ਪ੍ਰਬੰਧਕ, ਸਿੱਖ ਸਿਆਸਤਦਾਨਾਂ ਦੀ ਉਸੇ ਤਰ੍ਹਾਂ ਨੌਕਰੀ ਕਰ ਰਹੇ ਹਨ, ਜਿਵੇਂ ਪੁਰਾਣੇ ਜਮਾਨਿਆਂ ਵਿਚ ਬ੍ਰਾਹਮਣੀ ਸੰਸਥਾਵਾਂ ਦੇ ਮੁਖੀ ਤਤਕਾਲੀ ਰਾਜਿਆਂ ਦੀ ਨੌਕਰੀ ਕਰਿਆ ਕਰਦੇ ਸਨ। ਇਸ ਦੀ ਰੌਸ਼ਨੀ ਵਿਚ ਵੀ ਜੇ ਕੋਈ ਰਾਜਨੀਤੀ ਉਤੇ ਧਰਮ ਦੇ ਕੁੰਡੇ ਦੀ ਕਲਪਨਾ ਕਰੀ ਜਾਂਦਾ ਹੈ ਤਾਂ ਇਹ ਸਿਆਸੀ ਪੈਂਤੜੇਬਾਜ਼ੀ ਹੀ ਹੋਵੇਗੀ। ਸਿੱਖ ਧਰਮ ਨੇ ਰਾਜਨੀਤੀ ਵਾਸਤੇ ਧਾਰਮਿਕ ਸੰਸਥਾਵਾਂ ਨੂੰ ਵਰਤੇ ਜਾਣ ਦਾ ਰਾਹ ਜੇ ਬੰਦ ਕੀਤਾ ਸੀ, ਤਾਂ ਫਿਰ ਇਹ ਕਦੋਂ ਤੇ ਕਿਵੇਂ ਉਸ ਤਰ੍ਹਾਂ ਖੁਲ੍ਹ ਗਿਆ, ਜਿਸ ਤਰ੍ਹਾਂ ਨਜ਼ਰ ਆਉਣ ਲੱਗ ਪਿਆ ਹੈ, ਇਸ ਬਾਰੇ ਸੋਚੇ ਜਾਣ ਦੀ ਕੋਸ਼ਿਸ਼ ਹੀ ਤਾਂ ਕਰ ਰਹੇ ਹਾਂ।
ਕੇਂਦਰੀ ਸਥਾਪਨਾਵਾਂ ਅਤੇ ਹਾਸ਼ੀਆ ਸਥਾਪਨਾਵਾਂ ਬਾਰੇ ਸਿੱਖ ਪਹੁੰਚ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਸਕਾਂਗੇ ਕਿ ਸਿੱਖ ਧਰਮ ਨੇ ਸਹਿਜ ਵਿਧੀ ਰਾਹੀਂ ਪ੍ਰਾਪਤ ਦੇ ਉਲਾਰ ਵਰਤਾਰਿਆਂ ਵਿਚਕਾਰ ਸਹਿਜ ਸਥਾਪਨ ਨਾਲ ਜੁੜੀ ਸਧਾਂਤਕਤਾ ਨੂੰ ਸਥਾਪਤ ਕੀਤਾ ਹੋਇਆ ਹੈ। ਇਸ ‘ਤੇ ਧਾਰਮਿਕ ਸੁਰ ਵਿਚ ਅਮਲ ਦੀ ਆਸ ਸਿੱਖ ਸਿਆਸਤਦਾਨਾਂ ਤੋਂ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿੱਖ ਸਿਆਸਤ ਧਰਮ ਵਾਸਤੇ ਨਹੀਂ, ਰਾਜ ਵਾਸਤੇ ਕਾਰਜਸ਼ੀਲ ਰਹੀ ਹੈ। ਵਰਤਮਾਨ ਵਿਚ ਸਿੱਖ ਸਿਆਸਤ ਦੇ ਸਾਹਮਣੇ ਧਰਮ ਨਿਰਪੇਖ ਵਿਧਾਨਕਤਾ ਵੀ ਰੁਕਾਵਟਾਂ ਪੈਦਾ ਕਰ ਰਹੀ ਹੈ ਅਤੇ ਵੋਟ-ਬੈਂਕ ਦੀ ਸਿਆਸਤ ਨਾਲ ਵੀ ਮੁਸ਼ਕਿਲਾਂ ਪੈਦਾ ਕਰ ਰਹੀ ਹੈ। ਇਸੇ ਵਿਚੋਂ ਨਿਕਲੀ ਵੱਖਵਾਦੀ ਸਿਆਸਤ ਸਿੱਖ ਭਾਈਚਾਰੇ ਦੇ ਗਲ ਪੈਂਦੀ ਜਾ ਰਹੀ ਹੈ। ਨਹੀਂ ਸੰਭਲਾਂਗੇ ਤਾਂ ਇਸਲਾਮੀ ਦਹਿਸ਼ਤਵਾਦ ਦੇ ਨਤੀਜੇ ਸਿੱਖ ਭਾਈਚਾਰੇ ਨੂੰ ਭੁਗਤਣੇ ਪੈ ਸਕਦੇ ਹਨ।
ਸਿੱਖ ਸਿਆਸਤ ਦੀ ਭੇਟ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਚੜ੍ਹ ਚੁਕੀਆਂ ਹਨ, ਉਸ ਤੋਂ ਤਾਂ ਅਕਾਲ ਤਖਤ ਸਾਹਿਬ ਵੀ ਬਚਿਆ ਹੋਇਆ ਨਜ਼ਰ ਨਹੀਂ ਆਉਂਦਾ। ਇਸ ਦਾ ਅਰਥ ਹੈ ਕਿ ਗੁਰਦੁਆਰਾ ਐਕਟ 1925 ਨੂੰ ਸਿੱਖ ਸੰਸਥਾਵਾਂ ਦੇ ਹਿਤ ਵਿਚ ਵਰਤਣ ਦੀ ਥਾਂ ਸਿੱਖ ਸੰਸਥਾਵਾਂ ਦੇ ਵਿਰੋਧ ਵਿਚ ਵਰਤੇ ਜਾਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਹਾਲਤ ਇਹ ਹੋ ਗਈ ਹੈ ਕਿ ਜਦੋਂ ਵੀ ਕੋਈ ਸਿੱਖ ਸੰਕਟ ਪੈਦਾ ਹੁੰਦਾ ਹੈ, ਉਸ ਨੂੰ ਸਿਆਸੀ ਢੰਗ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ, ਮਸਲੇ ਨੂੰ ਸੁਲਝਾਉਣ ਦੀ ਥਾਂ ਉਲਝਾਉਣ ਵਾਲੇ ਰਾਹ ਪਾ ਦਿੰਦੀਆਂ ਹਨ। ਸ਼ ਦਰਸ਼ਨ ਸਿੰਘ ਫੇਰੂਮਾਨ ਤੋਂ ਲੈ ਕੇ ਸ਼ ਗੁਰਬਖਸ਼ ਸਿੰਘ ਤੱਕ ਦੀ ਦਾਸਤਾਨ ਓਸੇ ਰਾਹ ਪਈ ਰਹੀ ਹੈ, ਜਿਸ ਰਾਹੇ ਬਾਣੀ ਦੀ ਬੇਅਦਬੀ ਦਾ ਮਸਲਾ ਪਿਆ ਹੋਇਆ ਹੈ। ਇਸੇ ਕਰਕੇ ਇਕ ਸਮੱਸਿਆ ਸੁਲਝਦੀ ਨਹੀਂ ਕਿ ਦੂਜੀ ਗਲ ਪੈ ਜਾਂਦੀ ਹੈ। ਸੁਲਝਾਉਣ ਦੀ ਧਾਰਮਿਕਤਾ ਅਤੇ ਅਣਸੁਲਝਾਉਣ ਦੀ ਸਿਆਸਤ ਇਕ ਦੂਜੇ ਦੇ ਤਣਾਓ ਵਿਚ ਤੁਰੀ ਜਾ ਰਹੇ ਹਨ। ਇਸੇ ਨਾਲ ਜੁੜੀ ਹੋਈ ਹੈ, ਉਹ ਸਿੱਖ ਬੇਚੈਨੀ, ਜਿਸ ਕਰਕੇ ਗੁਰਭਾਈ ਹੋ ਸਕਣ ਦੀ ਧਾਰਮਿਕਤਾ, ਸ਼ਰੀਕੇਬਾਜ਼ੀ ਦੀ ਸਿਆਸਤ ਤੱਕ ਪਹੁੰਚ ਗਈ ਹੈ। ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਪੰਥਕ ਸੰਸਥਾ ਹੋਣ ਦੀ ਥਾਂ ਸਿੱਖ ਸਿਆਸਤਦਾਨਾਂ ਦੀ ਲੜਾਈ ਦਾ ਮੈਦਾਨ ਬਣਦੀ ਜਾ ਰਹੀ ਹੈ। ਇਸ ਨਾਲ ਇਕ ਪਾਸੇ ਪੰਥਕ ਸੰਸਥਾਵਾਂ ਦਾ ਲਗਾਤਾਰ ਸਿਆਸੀ ਅਪਹਰਣ ਹੋ ਜਾਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਅਤੇ ਪੰਥਕ ਸੰਸਥਾਵਾਂ ਦੇ ਪ੍ਰਬੰਧਕੀ ਮੁਖੀਏ ਸਿਆਸਤਦਾਨਾਂ ਦੇ ਏਜੰਟ ਲੱਗਣ ਲੱਗ ਪਏੇ ਹਨ। ਨਿੱਤ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖੀਏ ਤਾਂ ਅਹੁਦਿਆਂ ਦੀ ਨੈਤਿਕਤਾ ਕਿਧਰੇ ਨਜ਼ਰ ਨਹੀਂ ਆਏਗੀ ਕਿਉਂਕਿ ਧਾਰਮਿਕ ਅਹੁਦਿਆਂ ਨੂੰ ਸਿਆਸੀ ਨੌਕਰੀ ਵਾਂਗ ਅਰਥਾਤ ਅਹੁਦਿਆਂ ਦੇ ਅਧਿਕਾਰ ਵਾਂਗ ਨਿਭਾਇਆ ਜਾ ਰਿਹਾ ਹੈ। ਜਦੋਂ ਕੋਈ ਧਾਰਮਿਕ ਅਹੁਦੇਦਾਰ ਤਿੜਕਣ ਲੱਗਦਾ ਹੈ ਤਾਂ ਉਸ ਨਾਲ ਸਿਆਸਤ ਮੁਤਾਬਕ ਨਿਪਟਣ ਦੀ ਕੋਸ਼ਿਸ਼ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਧਰਮ ਨੂੰ ਸਿਆਸਤ ਹੱਥੋਂ ਹਾਰਨ ਦੀ ਜਾਚ ਸਿੱਖਣੀ ਪੈ ਰਹੀ ਹੈ।
ਇਸ ਪ੍ਰਸੰਗ ਵਿਚ ਸਿੱਖ ਲੋਕਤੰਤਰ, ਜਿਸ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ (1469-1539) ਨੇ ਰੱਖੀ ਸੀ ਅਤੇ ਜਿਸ ਨੂੰ ਬੰਦੇ ਦੀ ਬਿਨਸਣਹਾਰਤਾ (ਾਂਅਲਲਬਿਲਿਟੇ) ਦੀ ਥਾਂ ਸ਼ਬਦ-ਗੁਰੂ ਦੀ ਅਬਿਨਸਣਹਾਰਤਾ (ੀਨਾਅਲਲਬਿਲਿਟੇ) ਦੁਆਰਾ ਪ੍ਰਾਪਤ ਸਾਂਝੀ ਸਮਝ (ਗੁਰਮਤਾ) ਦੇ ਸਪੁਰਦ ਦਸਮ ਪਾਤਸ਼ਾਹ (1666-1708) ਨੇ ਖਾਲਸਾ ਸਾਜਨਾ ਰਾਹੀਂ ਕਰ ਦਿੱਤਾ ਸੀ। ਇਸ ਨੂੰ ਵਰਤਮਾਨ ਵਿਚ ਸਿੱਖ ਲੋਕਤੰਤਰ ਦੀ ਸਿਧਾਂਤਕੀ ਵਜੋਂ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ। ਇਸ ਦਾ ਆਧਾਰ Ḕਨੀਚਾਂ ਅੰਦਰ ਨੀਚ…Ḕ ਨੂੰ ਰੱਖਿਆ ਗਿਆ ਹੈ ਅਤੇ ਇਸ ਦਾ ਨਿਸ਼ਾਨਾ ਵਿਅਕਤੀ-ਉਤਮਤਾ ਅਤੇ ਉਲਾਰ-ਬਹੁਸੰਮਤੀ ਦੀ ਚੌਧਰ ਨੂੰ ਖਤਮ ਕਰਕੇ ਆਮ ਬੰਦੇ ਦੇ ਵਰਤਮਾਨ ਦੇ ਹਾਣ ਦਾ ਸਦਾਚਾਰੀ ਸਭਿਆਚਾਰ ਨੂੰ ਸਹਿਜ ਅਮਲ ਵਿਚ ਲਿਆਉਣਾ ਹੈ। ਇਸ ਨਾਲ ਇਹ ਨੁਕਤਾ ਸਾਹਮਣੇ ਆ ਜਾਂਦਾ ਹੈ ਕਿ ਸਿੱਖ ਧਰਮ ਦਾ ਕੇਂਦਰੀ ਸਰੋਕਾਰ, ਸਿੱਖ ਅਮਲ ਦੀਆਂ ਪਹਿਰੇਦਾਰ ਸਿੱਖ ਸੰਸਥਾਵਾਂ ਹਨ ਅਤੇ ਸਿੱਖ ਸਿਆਸਤ ਨੂੰ ਸਿੱਖ ਪ੍ਰਸੰਗ ਵਿਚ ਹਾਸ਼ੀਆ ਸਰੋਕਾਰਾਂ ਵਿਚ ਰੱਖ ਕੇ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਅਜਿਹਾ ਨਾ ਕਰ ਸਕਣ ਕਰ ਕੇ ਸਥਿਤੀ ਇਹ ਹੋ ਗਈ ਹੈ ਕਿ ਸਿੱਖ ਸਿਆਸਤ ਹੀ ਸਿੱਖ ਧਰਮ ਲੱਗਣ ਲੱਗ ਪਈ ਹੈ। ਇਸ ਨਾਲ ਰਾਜ ਕਰਦੇ ਸਿੱਖ, ਰਾਜ ਉਡੀਕਦੇ ਸਿੱਖ, ਰਾਜ ਸਮਰਥਕ ਸਿੱਖ, ਰਾਜ ਵਿਰੋਧੀ ਸਿੱਖ ਅਤੇ ਰਾਜ ਕਰਨ ਲਈ ਵਰਤੇ ਜਾ ਰਹੇ ਵੋਟ ਬੈਂਕ ਸਿੱਖ, ਕਿਸੇ ਨਾ ਕਿਸੇ ਰੂਪ ਵਿਚ ਸਿੱਖ ਸਿਆਸਤ ਦੀਆਂ ਪਰਤਾਂ ਹੀ ਤਾਂ ਹੋ ਗਏ ਹਨ। ਇਸ ਨਾਲ ਸਵਾ ਲੱਖੀ ਭਾਵਨਾ ਦੇ ਸਸ਼ਕਤੀਕਰਣ ਨੂੰ 5% ਬਨਾਮ 95% ਰਾਹੀਂ ਸਮਝਿਆ ਜਾ ਸਕਦਾ ਹੈ। ਭਾਰਤੀ ਵਿਧਾਨਿਕਤਾ ਅਨੁਸਾਰ ਹੋ ਰਹੀ ਭਾਰਤੀ ਰਾਜਨੀਤੀ ਵਿਚ ਪੰਜ ਨੂੰ ਪਚਾਨਵਿਆਂ ‘ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸ ਵਿਚ ਬਹੁਗਿਣਤੀ ਅਤੇ ਘਟਗਿਣਤੀ ਦੀ ਸਿਆਸਤ ਨਾਲ ਕੀ ਹੋ ਸਕਦਾ ਹੈ, ਉਸ ਬਾਰੇ ਜਿਸ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ, ਉਸ ਨੂੰ ਦੱਸੇ ਜਾਣ ਦੀ ਲੋੜ ਵੀ ਨਹੀਂ ਹੈ। ਸਿੱਖ ਸਿਆਸਤ ਵੀ ਇਸੇ ਦਾ ਹਿੱਸਾ ਹੋ ਗਈ ਹੈ। ਯਾਦ ਰਹੇ, ਸਿੱਖ ਪ੍ਰਸੰਗ ਵਿਚ ਅਜਿਹੀ ਸਿਆਸਤ ਨੂੰ ਅਸਿੱਖ ਵਰਤਾਰਾ ਮੰਨਿਆ ਜਾਂਦਾ ਰਿਹਾ ਹੈ।
ਰਾਜ ਦੀ ਸਿੱਖ ਸਿਆਸਤ ਅਧੀਨ ਸਰਬੱਤ ਖਾਲਸਾ, ਗੁਰਮਤਾ ਅਤੇ ਪੰਜ ਪਿਆਰਿਆਂ ਵਰਗੇ ਸਥਾਪਤ ਪੰਥਕ ਮਸਲਿਆਂ ‘ਤੇ ਕਿਰਪਾਨਾਂ ਪਹਿਲਾਂ ਕੱਢੀਆਂ ਜਾ ਰਹੀਆਂ ਹਨ ਅਤੇ ਗੱਲ ਪਿੱਛੋਂ ਕੀਤੀ ਜਾ ਰਹੀ ਹੈ। ਵਾਧਾ ਇਹ ਕਿ ਜਿੰਨਾ ਕਿਸੇ ਨੂੰ ਘੱਟ ਪਤਾ ਹੈ, ਉਨਾ ਹੀ ਉਹ ਵੱਧ ਅਤੇ ਉਚੀ ਬੋਲਣ ਦੀ ਕੋਸ਼ਿਸ਼ ਕਰਦਾ ਵੇਖਿਆ ਤੇ ਸੁਣਿਆ ਜਾ ਸਕਦਾ ਹੈ। ਨਤੀਜੇ ਸਿੱਖ ਸਹਿਜ ਦੀ ਥਾਂ ਸਿਆਸੀ ਕਾਂਵਾਂ ਰੌਲੀ ਵਰਗੇ ਨਿਕਲ ਰਹੇ ਹਨ। ਪੰਥਕ ਸਮੱਸਿਆ ਇਹ ਹੁੰਦੀ ਜਾ ਰਹੀ ਹੈ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਕਿਵੇਂ ਬਚਾਇਆ ਜਾਵੇ? ਇਸ ਨੂੰ 5% ਦੀ ਸਮੱਸਿਆ ਦੀ ਥਾਂ 95% ਦੀ ਸਮੱਸਿਆ ਬਣਾਏ ਜਾਣ ਵਾਸਤੇ ਸਿੱਖ ਸਮੱਸਿਆ ਵਜੋਂ ਪ੍ਰਗਟ ਕਰਨਾ ਪਵੇਗਾ। ਅਜਿਹੀ ਕੋਸ਼ਿਸ਼ ਸਿੰਘ ਸਭਾ ਲਹਿਰ ਵਲੋਂ ਹੋਈ ਸੀ; ਪਰ ਉਸ ਦਾ ਹਾਸਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਹੋ ਗਏ ਸਨ। ਸਿੱਖ ਚਿੰਤਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਿੰਘ ਸਭਾ ਲਹਿਰ ਦੇ ਨਤੀਜਿਆਂ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਹੀ ਅਕਾਲੀਅਤ ਦਾ ਆਧਾਰ ਬਣੇ ਸਨ, ਜਿਸ ਅਕਾਲੀਅਤ ਦੀ ਇਕ ਵਰਤਮਾਨ ਪਰਤ ਨੂੰ ਇਥੇ ਸਿੱਖ ਸਿਆਸਤ ਕਿਹਾ ਜਾ ਰਿਹਾ ਹੈ। ਸੋਚੋ! ਸਿਆਸਤਦਾਨਾਂ ਦੀਆਂ ਕੀਤੀਆਂ, ਆਮ ਸਿੱਖ ਨੂੰ ਕਿਉਂ ਭੁਗਤਣੀਆਂ ਪੈ ਰਹੀਆਂ ਹਨ?
ਅਕਾਲੀਅਤ, ਸਿੱਖ ਮਾਨਸਿਕਤਾ ਦਾ ਚੂਲਕ ਆਧਾਰ ਹੈ ਅਤੇ ਇਸ ਦਾ ਕੁਦਰਤੀ ਤੇ ਨਿਸ਼ੰਗ ਪ੍ਰਗਟਾਵਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਤੱਕ ਹੁੰਦਾ ਰਿਹਾ ਸੀ। ਇਸੇ ਲਹਿਰ ਨੂੰ ਸਿੱਖ ਸਿਆਸਤ ਦਾ ਅਰੰਭਕ ਪੜਾਅ ਵੀ ਮੰਨਿਆ ਜਾ ਸਕਦਾ ਹੈ। ਸਵਾਲ ਪੈਦਾ ਹੋ ਗਿਆ ਹੈ ਕਿ 1920 ਵਾਲੀ ਅਕਾਲੀਅਤ ਕਿਥੇ ਅਤੇ ਕਿਉਂ ਗਵਾਚ ਗਈ ਹੈ? ਸਿੱਖ ਸਿਆਸਤ ਦੇ ਰੋਲ ਮਾਡਲ-ਅਕਾਲੀ ਫੂਲਾ ਸਿੰਘ, ਸ਼ ਸ਼ਾਮ ਸਿੰਘ ਅਟਾਰੀ ਅਤੇ ਸ਼ ਹਰੀ ਸਿੰਘ ਨਲੂਆ ਵੀ ਸਿੱਖ ਰਾਜ ਦੀ ਸਿਆਸਤ ਨੂੰ ਸਿੱਖ ਸੁਰ ਵਿਚ ਨਹੀਂ ਰੱਖ ਸਕੇ ਸਨ। ਇਨ੍ਹਾਂ ਤਿੰਨਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਸਿਆਸਤ ਦਾ ਸ਼ਿਕਾਰ ਵੀ ਹੋਣਾ ਪਿਆ ਸੀ।
ਇਹ ਵੀ ਸੋਚੇ ਜਾਣ ਦੀ ਲੋੜ ਹੈ ਕਿ ਸਿੱਖ ਸਿਆਸਤ ਸਿੱਖ ਸੰਸਥਾਵਾਂ ਦੇ ਪੰਥਕ ਉਸਾਰ ਵਾਸਤੇ ਲੋੜੀਂਦੀ ਭੂਮਿਕਾ ਨਿਭਾਉਣ ਤੋਂ ਅਸਮਰਥ ਕਿਉਂ ਰਹਿੰਦੀ ਰਹੀ ਹੈ? ਵਰਤਮਾਨ ਸਥਿਤੀ ਵਿਚ ਇਹ ਮਸਲਾ ਜਿਸ ਤਰ੍ਹਾਂ ਉਘੜ ਕੇ ਸਾਹਮਣੇ ਆ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਆਇਆ। ਇਸ ਨਾਲ ਧਾਰਮਿਕ ਮਸਲਿਆਂ ਦਾ ਸਿਆਸੀ ਹੱਲ ਲੱਭਣ ਅਤੇ ਸਿਆਸੀ ਮਸਲਿਆਂ ਦਾ ਧਾਰਮਿਕ ਹੱਲ ਲੱਭਣ ਦੀ ਰਾਜਨੀਤੀ ਨੇ ਸਿੱਖ ਭਾਈਚਾਰੇ ਨੂੰ ਚੁਣੌਤੀਆਂ ਦੇ ਜੰਗਲ ਵੱਲ ਧੱਕ ਦਿੱਤਾ ਹੈ। ਇਸ ਨਾਲ ਅਸੀਂ ਇਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਕਿਉਂ ਪਏ ਹੋਏ ਹਾਂ?
ਮੀਰੀ ਪੀਰੀ ਦਾ ਸਿੱਖ ਸਿਧਾਂਤ ਧਰਮ ਅਤੇ ਸਿਆਸਤ ਦੇ ਸੁਤੰਤਰ ਸਿੱਖ ਉਸਾਰ ਵਾਸਤੇ ਤਾਂ ਮਦਦ ਕਰ ਸਕਦਾ ਹੈ ਪਰ ਦੋਹਾਂ ਨੂੰ ਇਕ ਦੂਜੇ ਦਾ ਨੁਕਸਾਨ ਕਰਨ ਤੋਂ ਨਹੀਂ ਬਚਾ ਸਕਦਾ। ਇਸੇ ਕਰਕੇ ਸਿੱਖ ਭਾਈਚਾਰਾ, ਗੁਰਸਿੱਖ ਹੋਣ ਦੀ ਥਾਂ ਸਥਿਤੀ ਪ੍ਰਤੀਨਿਧ ਹੁੰਦਾ ਜਾ ਰਿਹਾ ਹੈ। ਇਸ ਵੇਲੇ ਸਿੱਖ ਸਿਆਸਤ ਦਾ ਬੋਲਬਾਲਾ ਇਸ ਹੱਦ ਤੱਕ ਹੋ ਗਿਆ ਹੈ ਕਿ ਸਿੱਖ ਚੇਤਿਆਂ ਵਿਚ ਜਿਸ ਤਰ੍ਹਾਂ Ḕਰਾਜ ਬਿਨਾ ਨਹੀਂ ਧਰਮ ਚਲਹਿ ਹੈḔ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤਰ੍ਹਾਂ ਇਸੇ ਬੰਦ ਦੇ ਦੂਜੇ ਹਿੱਸੇ Ḕਧਰਮ ਬਿਨਾ ਸਭ ਦਲਹਿ ਮਲਹਿ ਹੈḔ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨਾਲ ਧਰਮ ਨਾਲੋਂ ਸਿਆਸਤ ਨੂੰ ਪਹਿਲ ਦੇਣ ਦੀ ਸਿੱਖ ਮਾਨਸਿਕਤਾ ਆਪਣੇ ਆਪ ਵਿਚ ਚੁਣੌਤੀ ਹੁੰਦੀ ਜਾ ਰਹੀ ਹੈ।
ਸਿੱਖ ਸੰਸਥਾਵਾਂ ਨੂੰ ਅਪੰਥਕ ਸੁਰ ਵਿਚ ਚਿਤਵਿਆ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਪੰਥ ਵੱਲੋਂ ਅਤੇ ਪੰਥ ਵਾਸਤੇ ਹੀ ਚਿਤਵੀਆਂ ਤੇ ਉਸਾਰੀਆਂ ਗਈਆਂ ਹਨ। ਪਰ ਸਿੱਖ ਸਿਆਸਤ ਨੂੰ ਪੰਥਕ ਸੁਰ ਵਿਚ ਚਿਤਵਿਆ ਤਾਂ ਜਾ ਸਕਦਾ ਹੈ ਪਰ ਇਸ ਨਾਲ ਨਿਭਿਆ ਨਹੀਂ ਜਾ ਸਕਦਾ ਕਿਉਂਕਿ ਇਸ ਨੂੰ ਦੇਸ਼ ਦੇ ਵਿਧਾਨ ਮੁਤਾਬਕ ਹੀ ਚਿਤਵਿਆ ਅਤੇ ਉਸਾਰਿਆ ਜਾ ਸਕਦਾ ਹੈ। ਇਸ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖ ਸਿਆਸਤ, ਪੰਥਕ ਕਿਰਤ ਹੈ ਅਤੇ ਇਸ ਨੂੰ ਗੁਰੂ ਕਿਰਤ ਵਰਗੀ ਮਾਨਤਾ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਿੱਖ ਸਿਆਸਤ ਜਦੋਂ ਵੀ ਗ੍ਰੰਥ ਅਤੇ ਪੰਥ ਤੋਂ ਸੁਤੰਤਰ ਹੋਣ ਦੀ ਕੋਸ਼ਿਸ਼ ਕਰੇਗੀ, ਵਿਛੜ ਕੇ ਚੋਟਾਂ ਖਾਣ ਵਾਲੇ ਰਾਹ ਪੈ ਜਾਵੇਗੀ।
ਇਸ ਵੇਲੇ ਦੀ ਲੋੜ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਏ ਜਾਣ ਦੀ ਹੈ ਕਿਉਂਕਿ ਆਲਮੀ ਭਾਈਚਾਰਾ ਹੋ ਗਏ ਸਿੱਖਾਂ ਨੂੰ ਸਿਆਸੀ ਸੁਰ ਵਿਚ ਨਹੀਂ, ਧਾਰਮਿਕ ਸੁਰ ਵਿਚ ਹੀ ਬਚਾਇਆ ਅਤੇ ਫੈਲਾਇਆ ਜਾ ਸਕਦਾ ਹੈ।