ਫਿਲਮ ‘ਰਾਜ਼ੀ’ 100 ਕਰੋੜੀ ਕਲੱਬ ਵਿਚ ਸ਼ਾਮਲ ਹੋ ਗਈ ਹੈ ਅਤੇ ਇਸ ਸਾਲ ਦੀ ਪੰਜਵੀਂ ਵੱਡੀ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਹ ਫਿਲਮ ਅਸਲ ਵਿਚ ਫਿਲਮਸਾਜ਼ ਗੁਲਜ਼ਾਰ ਦੀ ਫਿਲਮਸਾਜ਼ ਧੀ ਮੇਘਨਾ ਗੁਲਜ਼ਾਰ ਅਤੇ ਥੋੜ੍ਹੇ ਸਮੇਂ ਵਿਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਅਦਾਕਾਰਾ ਆਲੀਆ ਭੱਟ ਦੀ ਫਿਲਮ ਹੈ; ਹਾਲਾਂਕਿ ਇਸ ਫਿਲਮ ਵਿਚ ਵਿੱਕੀ ਕੌਸ਼ਲ, ਰਜਿਤ ਕਪੂਰ, ਸ਼ਿਸ਼ਿਰ ਸ਼ਰਮਾ, ਜੈਦੀਪ ਅਹਿਲਾਵਤ, ਆਰਿਫ ਜਕਾਰਿਆ ਅਦਾਕਾਰਾਂ ਆਦਿ ਨੇ ਵੀ ਆਪਣੀ ਅਦਾਕਾਰੀ ਦੇ ਜਲਵੇ ਖੂਬ ਦਿਖਾਏ ਹਨ। ਇਸ ਫਿਲਮ ਨਾਲ ਮੇਘਨਾ ਗੁਲਜ਼ਾਰ ਚੰਗੇ ਸਫਲ ਫਿਲਮਸਾਜ਼ਾਂ ਦੀ ਸ਼੍ਰੇਣੀ ਵਿਚ ਆ ਗਈ ਹੈ।
ਉਸ ਦੀਆਂ ਪਹਿਲੀਆਂ ਫਿਲਮਾਂ ‘ਫਿਲਹਾਲ’ (2002), ‘ਜਸਟ ਮੈਰੀਡ’ (2007), ‘ਦਸ ਕਹਾਨੀਆਂ’ (2007), ‘ਤਲਵਾਰ’ (2015) ਦੀ ਚਰਚਾ ਤਾਂ ਹੋਈ ਸੀ ਪਰ ਇਨ੍ਹਾਂ ਫਿਲਮਾਂ ਨੂੰ ਬਹੁਤੀ ਕਾਮਯਾਬੀ ਨਹੀਂ ਸੀ ਮਿਲੀ। ਮੇਘਨਾ ਗੁਲਜ਼ਾਰ ਨੂੰ ਕਾਮਯਾਬ ਕਰਨ ਲਈ ਫਿਲਮਸਾਜ਼ ਗੁਲਜ਼ਾਰ ਦੇ ਚੇਲੇ ਅਤੇ ਮਸ਼ਹੂਰ ਫਿਲਮਸਾਜ਼ ਤੇ ਸੰਗੀਤਕਾਰ ਵਿਸ਼ਾਲ ਭਾਰਦਵਾਜ ਨੇ ਫਿਲਮ ‘ਤਲਵਾਰ’ ਦੀ ਪਟਕਥਾ ਵੀ ਖ਼ੁਦ ਲਿਖੀ ਸੀ ਪਰ ਇਹ ਫਿਲਮ ਵਿਵਾਦਾਂ ‘ਚ ਘਿਰੇ ਤਲਵਾਰ ਉਸ ਪਰਿਵਾਰ ਬਾਰੇ ਸੀ, ਜਿਨ੍ਹਾਂ ਦੀ ਨਾਬਾਲਗ਼ ਧੀ ਆਰੂਸ਼ੀ ਦਾ ਕਤਲ ਹੋ ਗਿਆ ਸੀ। ਉਸ ਵਕਤ ਦੋਸ਼ ਲੱਗਾ ਸੀ ਕਿ ਇਹ ਫਿਲਮ ਤਲਵਾਰ ਜੋੜੀ ਦੇ ਹੱਕ ਵਿਚ ਭੁਗਤਣ ਲਈ ਬਣਾਈ ਗਈ ਹੈ। ਖੈਰ, ਹੁਣ ਇਹ ਬੀਤੇ ਦੀਆਂ ਬਾਤਾਂ ਹਨ।
ਫਿਲਮ ‘ਰਾਜ਼ੀ’ ਦੀ ਪਟਕਥਾ ਹੁਣ ਖ਼ੁਦ ਮੇਘਨਾ ਗੁਲਜ਼ਾਰ ਨੇ ਲਿਖੀ ਹੈ ਅਤੇ ਇਹ ਪਟਕਥਾ ਇੰਨੀ ਗੁੰਦਵੀਂ ਹੈ ਕਿ ਸਭ ਮੇਘਨਾ ਗੁਲਜ਼ਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ। ਇਹ ਫਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ਉਤੇ ਆਧਾਰਿਤ ਹੈ। ਇਸ ਨਾਵਲ ਵਿਚ ਇਕ ਸੱਚੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਦੀ ਕਹਾਣੀ 1971 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੁਆਲੇ ਘੁੰਮਦੀ ਹੈ। ਸਹਿਮਤ, ਕਸ਼ਮੀਰੀ ਮੁਸਲਮਾਨ ਅਤੇ ਹਿੰਦੂ ਮਾਂ ਦੀ ਧੀ ਹੈ। ਉਸ ਨੂੰ ਉਸ ਦੀ ਪੜ੍ਹਾਈ ਛੁਡਵਾ ਕੇ ਪਾਕਿਸਤਾਨ ਵਿਚ ਉਚੇਚੇ ਮਿਸ਼ਨ ਲਈ ਭੇਜਿਆ ਜਾਂਦਾ ਹੈ ਅਤੇ ਉਹ ਆਪਣੀ ਜਾਨ ਤਕ ਦਾਅ ‘ਤੇ ਲਾ ਕੇ ਭਾਰਤ ਲਈ ਜਾਸੂਸੀ ਕਰਦੀ ਹੈ।
ਇਸ ਫਿਲਮ ਵਿਚ ਮੇਘਨਾ ਗੁਲਜ਼ਾਰ ਨੇ ਬਤੌਰ ਨਿਰਦੇਸ਼ਕ ਬਾਕਾਇਦਾ ਆਪਣੀ ਛਾਪ ਤਾਂ ਛੱਡੀ ਹੀ ਹੈ ਪਰ ਆਲੀਆ ਭੱਟ ਨੇ ਵੀ ਇਸ ਫਿਲਮ ਵਿਚ ਅਦਾਕਾਰੀ ਦੇ ਖ਼ੂਬ ਜੌਹਰ ਦਿਖਾਏ ਹਨ। ਇਸ ਤੋਂ ਪਹਿਲਾਂ ਉਸ ਦੀਆਂ ਦੋ ਫਿਲਮਾਂ ‘ਹਾਈਵੇਅ’ ਅਤੇ ‘ਉੜਤਾ ਪੰਜਾਬ’ ਵਿਚਲੀ ਅਦਾਕਾਰੀ ਦੀ ਖ਼ੂਬ ਪ੍ਰਸ਼ੰਸਾ ਹੋਈ ਸੀ। ਫਿਲਮ ‘ਰਾਜ਼ੀ’ ਵਿਚ ਉਹ ਅਦਾਕਾਰੀ ਪੱਖੋਂ ਇਨ੍ਹਾਂ ਦੋਹਾਂ ਫਿਲਮਾਂ ਤੋਂ ਵੀ ਦੋ ਕਦਮ ਅਗਾਂਹ ਗਈ ਹੈ। ਇਸ ਸਾਲ ਉਸ ਦੀ ਇਕ ਹੋਰ ਫਿਲਮ ‘ਜ਼ੀਰੋ’ ਰਿਲੀਜ਼ ਹੋ ਰਹੀ ਹੈ ਜਿਸ ਵਿਚ ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। 2019 ਵਿਚ ਉਸ ਦੀਆਂ ਤਿੰਨ ਫਿਲਮਾਂ ਆ ਰਹੀਆਂ ਹਨ। ‘ਗੁਲੀ ਬੁਆਏ’ ਉਘੀ ਫਿਲਮਸਾਜ਼ ਜੋਇਆ ਅਖਤਰ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ ਅਤੇ ਇਸ ਵਿਚ ਆਲੀਆ ਭੱਟ ਦਾ ਨਾਇਕ ਰਣਬੀਰ ਸਿੰਘ ਹੈ। ‘ਕਲੰਕ’ ਫਿਲਮ ਦਾ ਨਿਰਦੇਸ਼ਕ ਅਭਿਸ਼ੇਕ ਵਰਮਨ ਹੈ ਅਤੇ ਇਸ ਵਿਚ ਆਲੀਆ ਭੱਟ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਵਰੁਣ ਧਵਨ, ਆਦਿਤਿਆ ਰਾਏ ਕਪੂਰ ਆਦਿ ਕਲਾਕਾਰ ਕੰਮ ਕਰ ਰਹੇ ਹਨ। ਤੀਜੀ ਫਿਲਮ ‘ਬ੍ਰਹਮਾਸਤਰ’ ਹੈ ਜਿਸ ਵਿਚ ਰਣਬੀਰ ਕਪੂਰ ਤੇ ਅਮਿਤਾਭ ਬੱਚਨ ਵਰਗੇ ਅਦਾਕਾਰ ਅਹਿਮ ਕਿਰਦਾਰ ਨਿਭਆ ਰਹ ਹਨ। ਇਸ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ।
ਫਿਲਮ ‘ਰਾਜ਼ੀ’ ਦੀ ਸਫ਼ਲਤਾ ਤੋਂ ਬਾਗੋਬਾਗ ਹੋਈ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਸਦਾ ਹੀ ਵਧੀਆ ਕਹਾਣੀ ਦੀ ਭਾਲ ਵਿਚ ਰਹਿੰਦੀ ਹੈ। ਉਸ ਮੁਤਾਬਕ, “ਮੈਨੂੰ ਜਾਪਦਾ ਹੈ ਕਿ ਇਸ ਫਿਲਮ ਵਿਚ ਰਵਾਇਤੀ ਅਤੇ ਵਪਾਰਕ ਸਿਨੇਮੇ ਦਾ ਵਧੀਆ ਸੁਮੇਲ ਹੋ ਗਿਆ ਹੈ। ਇਸ ਫਿਲਮ ਦੀ ਸਫ਼ਲਤਾ ਦਾ ਵੱਡਾ ਕਾਰਨ ਇਹੀ ਹੈ। ਜਦੋਂ ਫਿਲਮ ਦੀ ਸ਼ੂਟਿੰਗ ਚਲ ਰਹੀ ਸੀ ਤਾਂ ਉਸ ਨੂੰ ਫਿਲਮ ਬਾਰੇ ਕੋਈ ਫ਼ਿਕਰ ਨਹੀਂ ਸੀ ਪਰ ਜਿਉਂ-ਜਿਉਂ ਫਿਲਮ ਸਮੇਟਣੀ ਸ਼ੁਰੂ ਹੋਈ, ਉਸ ਦਾ ਫ਼ਿਕਰ ਵਧਦਾ ਗਿਆ। ਉਸ ਦਾ ਫ਼ਿਕਰ ਇਹੀ ਸੀ ਕਿ ਇੰਨੀ ਵਧੀਆ ਫਿਲਮ ਹਰ ਹਾਲ ਕਾਮਯਾਬ ਹੋਣੀ ਚਾਹੀਦੀ ਹੈ ਅਤੇ ਮੇਘਨਾ ਗੁਲਜ਼ਾਰ ਦੀ ਟੀਮ ਨੇ ਇਹ ਮੋਰਚਾ ਮਾਰ ਲਿਆ ਹੈ।”
ਯਾਦ ਰਹੇ ਕਿ ਇਸ ਫਿਲਮ ਦੇ ਗੀਤ-ਸੰਗੀਤ ਨੇ ਵੀ ਦਰਸ਼ਕਾਂ ਅਤੇ ਸਰੋਤਿਆਂ ਦਾ ਧਿਆਨ ਖਿੱਚਿਆ ਹੈ। ਇਸ ਫਿਲਮ ਦਾ ਸੰਗੀਤ ਸ਼ੰਕਰ-ਇਹਸਾਨ-ਲੌਏ ਦੀ ਤਿੱਕੜੀ ਨੇ ਤਿਆਰ ਕੀਤਾ ਹੈ। ਗਾਇਕਾਂ ਵਿਚੋਂ ਅਰਿਜੀਤ ਸਿੰਘ, ਹਰਸ਼ਦੀਪ ਕੌਰ, ਵਿਭਾ ਸਰਾਫ਼, ਸ਼ੰਕਰ ਮਹਾਂਦੇਵਨ ਅਤੇ ਸੁਨਿਧੀ ਚੌਹਾਨ ਨੇ ਪੂਰਾ ਰੰਗ ਬੰਨ੍ਹਿਆ ਹੈ। ‘ਦਿਲਬਰੋ’ ਨਾਂ ਦਾ ਗੀਤ ਜੋ ਹਰਸ਼ਦੀਪ ਕੌਰ, ਵਿਭਾ ਸਰਾਫ਼ ਅਤੇ ਸ਼ੰਕਰ ਮਹਾਂਦੇਵ ਨੇ ਗਾਇਆ ਹੈ, ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਚੁੱਕਾ ਹੈ। ਇਸ ਫਿਲਮ ਦੀ ਸ਼ੂਟਿੰਗ ਪਟਿਆਲਾ ਅਤੇ ਮਾਲੇਰਕੋਟਲਾ ਵਿਚ ਹੋਈ ਹੈ। ਪਟਿਆਲਾ ਵਿਚ ਸ਼ੂਟਿੰਗ ਕੁਝ ਦਿਨਾਂ ਲਈ ਰੋਕਣੀ ਵੀ ਪੈ ਗਈ ਸੀ ਕਿਉਂਕਿ ਉਸ ਵੇਲੇ (25 ਅਗਸਤ 2017) ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਦੇ ਅਦਾਲਤੀ ਕੇਸ ਕਰ ਕੇ ਹਿੰਸਾ ਭੜਕਣ ਤੋਂ ਬਾਅਦ ਪਟਿਆਲਾ ਕਰਫਿਊ ਲਗਾਉਣਾ ਪਿਆ ਸੀ। ਇਸ ਫਿਲਮ ਨਾਲ ਮੇਘਨਾ ਗੁਲਜ਼ਾਰ ਅਤੇ ਆਲੀਆ ਭੱਟ ਦੀ ਨਵੀਂ ਪਾਰੀ ਦੀ ਸ਼ੁਰੂਆਤ ਹੋਈ ਹੈ।
-ਜਗਜੀਤ ਸਿੰਘ ਸੇਖੋਂ