ਅੰਮ੍ਰਿਤਸਰ: ਉਤਰਾਖੰਡ ਸੂਬੇ ਵਿਚ ਲਗਭਗ 15 ਹਜ਼ਾਰ ਫੁਟ ਦੀ ਉਚਾਈ ਉਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਦੀ ਹਾਜ਼ਰੀ ਵਿਚ ਅਤੇ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਵੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਗੁਰਦੁਆਰਾ ਗੋਬਿੰਦਘਾਟ ਤੋਂ ਗੋਬਿੰਦਧਾਮ ਤੱਕ ਹੈਲੀਕਾਪਟਰ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਲਗਭਗ ਛੇ ਹਜ਼ਾਰ ਤੋਂ ਵੱਧ ਸੰਗਤ ਦੀ ਹਾਜ਼ਰੀ ਵਿਚ ਗੁਰਦੁਆਰਾ ਹੇਮਕੁੰਟ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਫੌਜੀ ਬੈਂਡ ਦੀਆਂ ਧੁਨਾਂ ਤੇ ਜੈਕਾਰਿਆਂ ਦੀ ਗੂੰਜ ਵਿਚ ਪਾਵਨ ਸਰੂਪ ਗੁਰਦੁਆਰੇ ਵਿਖੇ ਸੁਸ਼ੋਭਿਤ ਕੀਤੇ ਗਏ। ਮਗਰੋਂ ਸੁਖਮਨੀ ਸਾਹਿਬ ਦਾ ਪਾਠ ਉਪਰੰਤ ਭੋਗ ਪਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਵੱਲੋਂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਤੇ ਰਸਤੇ ਵਿਚੋਂ ਬਰਫ ਹਟਾ ਕੇ ਸੰਗਤ ਲਈ ਲਾਂਘਾ ਤਿਆਰ ਕਰਨ ਵਾਲੇ ਫੌਜੀ ਦਸਤੇ ਦੇ ਅਧਿਕਾਰੀਆਂ ਤੇ ਜਵਾਨਾਂ ਦਾ ਸਨਮਾਨ ਕੀਤਾ ਗਿਆ।
ਸੰਗਤਾਂ ਨੇ ਇਥੇ ਕੁਦਰਤੀ ਵਾਤਾਵਰਣ ਦਾ ਵੀ ਆਨੰਦ ਮਾਣਿਆ ਹੈ। ਸਾਲਾਨਾ ਯਾਤਰਾ ਦੀ ਸ਼ੁਰੂਆਤ ਵੇਲੇ ਸੰਗਤਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵੱਡੀ ਤਾਦਾਦ ਵਿਚ ਸ਼ਰਧਾਲੂ ਗੁਰਦੁਆਰਾ ਗੋਬਿੰਦਘਾਟ ਵਿਖੇ ਪਹੁੰਚ ਰਹੇ ਹਨ। ਬਰਫ ਦੀ ਚਾਦਰ ਨਾਲ ਢੱਕੀਆਂ ਹੋਈਆਂ ਹਿਮਾਲਿਆ ਦੀਆਂ ਦਿਲਕਸ਼ ਪਹਾੜੀਆਂ ‘ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸੰਗਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਆਪਣੇ-ਆਪਣੇ ਵਾਹਨਾਂ ਤੋਂ ਇਲਾਵਾ ਕਿਰਾਏ-ਭਾੜੇ ਦੀਆਂ ਗੱਡੀਆਂ ਰਾਹੀਂ ਰਵਾਨਾ ਹੋਈ, ਜੋ ਕਿ ਇਕ ਪਾਸੇ ਅਸਮਾਨ ਨੂੰ ਛੂੰਹਦੇ ਹਰਿਆਲੀ ਭਰਪੂਰ ਪਹਾੜਾਂ ਅਤੇ ਦੂਜੇ ਪਾਸੇ ਹਜ਼ਾਰਾਂ ਫੁੱਟ ਡੂੰਘੀ ਖੱਡ ‘ਚ ਵਹਿੰਦੀ ਸ਼ਾਂ-ਸ਼ਾਂ ਕਰਦੀ ਨਦੀ ਦਾ ਦਿਲ ਲੁਭਾਉ ਤੇ ਮਨਮੋਹਕ ਦ੍ਰਿਸ਼ ਦਾ ਅਨੰਦ ਮਾਣਦੀ ਹੋਈ ਤਕਰੀਬਨ 12 ਘੰਟਿਆਂ ਬਾਅਦ ਗੁਰਦੁਆਰਾ ਗੋਬਿੰਦਘਾਟ ਵਿਖੇ ਪਹੁੰਚੀ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਯਾਤਰਾ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਰਿਹਾਇਸ਼ ‘ਚ ਵਾਧਾ ਕੀਤਾ ਗਿਆ ਹੈ। ਸਿਹਤ ਸੇਵਾਵਾਂ ਲਈ ਆਰਜ਼ੀ ਹਸਪਤਾਲ ਅਤੇ ਲੰਗਰ ਦੇ ਕੀਤੇ ਗਏ ਪ੍ਰਬੰਧਾਂ ਤਹਿਤ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਗੁਰਦੁਆਰਾ ਗੋਬਿੰਦਘਾਟ ਵਿਖੇ ਸੰਗਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਆਰਜ਼ੀ ਹਸਪਤਾਲ ਬਣਾਇਆ ਗਿਆ ਹੈ। ਮੁਢਲੀਆਂ ਸੇਵਾਵਾਂ ਤੋਂ ਇਲਾਵਾ ਆਕਸੀਜਨ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ।
ਗੁਰਦੁਆਰਾ ਗੋਬਿੰਦਘਾਟ ਵਿਖੇ ਇਕੋ ਸਮੇਂ 5 ਹਜ਼ਾਰ ਤੋਂ ਵਧੇਰੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਹੈ, ਜਿਸ ‘ਚ ਮਾਤਾ ਗੁਜਰੀ ਨਿਵਾਸ, ਦਸਮੇਸ਼ ਭਵਨ, ਗੁਰੂ ਨਾਨਕ ਨਿਵਾਸ, ਹੇਮਕੁੰਟ ਨਿਵਾਸ, ਬੰਬੇ ਬਿਲਡਿੰਗ ਅਤੇ ਯੂæਕੇæ ਬਿਲਡਿੰਗ ਜ਼ਿਕਰਯੋਗ ਹਨ, ਜਿਥੇ ਸਰਦੀ ਤੋਂ ਬਚਣ ਲਈ ਗੱਦੇ, ਗਰਮ ਕੰਬਲ ਅਤੇ ਗਰਮ ਪਾਣੀ ਦਾ ਪ੍ਰਬੰਧ ਹੈ ਅਤੇ ਸੰਗਤ ਲਈ 24 ਘੰਟੇ ਲੰਗਰ, ਚਾਹ ਅਤੇ ਖਾਸ ਕਰ ਕੇ ਬੱਚਿਆਂ ਲਈ ਦੁੱਧ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਸ੍ਰੀ ਹੇਮਕੁੰਟ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਮੱਥਾ ਟੇਕਣ ਪੁੱਜਦੀ ਸੰਗਤ ਲਈ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ Ḕਪਿੰਨੀ ਪ੍ਰਸ਼ਾਦ’ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਬਣਾਉਣ ਦੀ ਪ੍ਰਕਿਰਿਆ ਯਾਤਰਾ ਤੋਂ ਤਕਰੀਬਨ 12 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਸਾਲ ਜਿਥੇ ਲੱਖਾਂ ਦੀ ਤਾਦਾਦ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ, ਉਥੇ ਹੀ ਇਸ ਯਾਤਰਾ ਦੇ ਸ਼ੁਰੂ ਹੋਣ ਨਾਲ ਉਤਰਾਖੰਡ ਨੂੰ ਖਾਸ ਕਰ ਕੇ ਆਰਥਿਕ ਪੱਖੋਂ ਵੀ ਵੱਡਾ ਹੁਲਾਰਾ ਮਿਲਦਾ ਹੈ, ਜਿਸ ਦੇ ਚੱਲਦਿਆਂ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਲਈ 350-400 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰ ਕੇ ਖੱਚਰ ਅਤੇ ਡਾਂਡੀ-ਕਾਂਡੀ ਵਾਲੇ ਪਹੁੰਚਦੇ ਹਨ, ਜੋ ਬੜੀ ਬੇਸਬਰੀ ਨਾਲ ਇਸ ਯਾਤਰਾ ਦਾ ਇੰਤਜ਼ਾਰ ਕਰਦੇ ਹਨ।