ਭਾਰਤ ਸਰਕਾਰ ਨੂੰ ਸਤਾ ਰਿਹੈ ਖਾੜਕੂਵਾਦ ਦਾ ਖ਼ੌਫ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਜਿਹੀਆਂ ਪਾਬੰਦੀਸ਼ੁਦਾ ਖਾੜਕੂ ਜਥੇਬੰਦੀਆਂ ਮੁੜ ਖਾੜਕੂਵਾਦ ਲਿਆਉਣ ਲਈ ਯਤਨਸ਼ੀਲ ਹਨ। ਖੁਫ਼ੀਆ ਰਿਪੋਰਟਾਂ ਦੇ ਹਵਾਲੇ ਨਾਲ ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ ਆਰ ਪੀ ਐਨ ਸਿੰਘ ਨੇ ਲੋਕ ਸਭਾ ਵਿਚ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਖੂਫ਼ੀਆ ਰਿਪੋਰਟਾਂ ਮਿਲੀਆਂ ਹਨ ਕਿ ਯੂ ਕੇ ਵਿਚ ਬੀ ਕੇ ਆਈ ਜਿਹੀਆਂ ਜਥੇਬੰਦੀਆਂ ਮੁੜ ਖਾੜਕੂਵਾਦ ਦੇ ਉਭਾਰ ਲਈ ਜੂਝ ਰਹੀਆਂ ਹਨ ਤੇ ਸਰਕਾਰ ਇਨ੍ਹਾਂ ਦੀਆਂ ਸਰਗਰਮੀਆਂ ‘ਤੇ ਪੂਰੀ ਨਿਗ੍ਹਾ ਰੱਖ ਰਹੀ ਹੈ।
ਰਾਜ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਆਪਣੀ ਇਹ ਫਿਕਰਮੰਦੀ ਬਰਤਾਨਵੀ ਸਰਕਾਰ ਕੋਲ ਕਈ ਵਾਰ ਵੱਖ-ਵੱਖ ਮੌਕਿਆਂ ‘ਤੇ ਰੱਖੀ ਹੈ ਤੇ ਪਿਛਲੇ ਮਹੀਨੇ ਹੋਏ ਭਾਰਤ-ਬਰਤਾਨੀਆ ਸਿਖਰ ਸੰਮੇਲਨ ਮੌਕੇ ਦੋਵੇਂ ਧਿਰਾਂ ਇਸ ਬਾਰੇ ਤਾਲਮੇਲ ਤੇ ਸਹਿਯੋਗ ਵਧਾਉਣ ਲਈ ਸਹਿਮਤ ਹੋਈਆਂ ਸਨ। ਕੇਂਦਰ ਨੇ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਸੋਧ ਐਕਟ 2004 ਅਧੀਨ ਬੀਕੇਆਈ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ‘ਤੇ ਪਾਬੰਦੀ ਲਾ ਦਿੱਤੀ ਸੀ। ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਖਾੜਕੂਵਾਦ ਦੀ ਮੁੜ ਸੁਰਜੀਤੀ ਲਈ ਯਤਨਸ਼ੀਲ ਸਮਝੀਆਂ ਜਾ ਰਹੀਆਂ ਜਥੇਬੰਦੀਆਂ ‘ਤੇ ਕਰੜੀ ਨਿਗ੍ਹਾ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਬੈਠੇ ਗਰਮ ਖਿਆਲੀਆਂ ਦੀ ਸਰਗਰਮੀ ਭਾਰਤ ਸਰਕਾਰ ਨੂੰ ਸਤਾ ਰਹੀ ਹੈ। ਖੁਫੀਆ ਏਜੰਸੀਆਂ ਮੰਨ ਰਹੀਆਂ ਹਨ, ਵਿਦੇਸ਼ਾਂ ਵਿਚ ਬੈਠੇ ਖਾੜਕੂ ਮੁੜ ਪੰਜਾਬ ਦੀ ਨਾਜੁਕ ਹਾਲਤ ਦਾ ਲਾਹਾ ਲੈ ਕੇ ਵੱਡੀ ਮੁਸੀਬਤ ਖੜ੍ਹੀ ਕਰ ਸਕਦੇ ਹਨ। ਏਜੰਸੀਆਂ ਦਾ ਖਿਆਲ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਵਾਪਰੀਆਂ ਕਈ ਘਟਨਾਵਾਂ ਨੇ ਗਰਮ ਖਿਆਲੀਆਂ ਨੂੰ ਮੁੜ ਉਤਸ਼ਾਹਿਤ ਕੀਤਾ ਹੈ ਤੇ ਉਹ ਇਸ ਵੇਲੇ ਪੰਜਾਬ ਨੂੰ ਪੂਰੀ ਤਰ੍ਹਾਂ ਤਿਆਰ ਮੈਦਾਨ ਵਜੋਂ ਵੇਖ ਰਹੇ ਹਨ। ਸੂਤਰਾਂ ਅਨੁਸਾਰ ਖਾੜਕੂਆਂ ਦੀਆਂ ਸਰਗਰਮੀਆਂ ਤੋਂ ਪੰਜਾਬ ਸਰਕਾਰ ਵੀ ਭੈਅ ਭੀਤ ਤੇ ਇਸ ਲਈ ਪਿਛਲੇ ਸਮੇਂ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਸਣੇ ਚੋਟੀ ਦੇ ਗਰਮ ਖਿਆਲੀਏ ਆਗੂਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਹੈ।
ਉਂਜ ਵੀ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬੀ ਨੌਜਵਾਨੀ ਵਿਚ ਬੇਹੱਦ ਬੇਚੈਨੀ ਪਾਈ ਜਾ ਰਹੀ ਹੈ ਤੇ ਉਨ੍ਹਾਂ ਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਕੇਂਦਰੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਹਨ ਕਿ ਖਾੜਕੂ ਕਲਾਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਸੰਪਰਕ ਬਣ ਕੇ ਉਨ੍ਹਾਂ ਨੂੰ ਹਥਿਆਬੰਦ ਲੜਾਈ ਲਈ ਲਾਮਬੰਦ ਕਰ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਵਿਚੋਂ ਫੜੀ ਗਈ ਆਰਡੀਐਕਸ ਤੇ ਹਥਿਆਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

Be the first to comment

Leave a Reply

Your email address will not be published.