ਲਾਹੌਰ ‘ਚ ਈਸਾਈ ਭਾਈਚਾਰੇ ‘ਤੇ ਵਰਤਾਇਆ ਕਹਿਰ

ਲਾਹੌਰ (ਬਿਊਰੋ): ਪਾਕਿਸਤਾਨ ਦੇ ਇਸ ਪੂਰਬੀ ਸ਼ਹਿਰ ਵਿਚ ਕਥਿਤ ਕਾਫਰ ਦੀ ਭਾਲ ਕਰਦਿਆਂ ਘੱਟ ਗਿਣਤੀ ਈਸਾਈ ਭਾਈਚਾਰੇ ਦੇ 150 ਤੋਂ ਵੱਧ ਘਰਾਂ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਪੁਲਿਸ ਨੇ ਤਕਰੀਬਨ 50 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਹਜ਼ਾਰ ਤੋਂ ਵਧੇਰੇ ਮੁਸਲਮਾਨਾਂ ਨੇ ਜੋਸਫ ਕਲੋਨੀ ਨੂੰ ਘੇਰ ਲਿਆ ਤੇ ਈਸਾਈਆਂ ਦੇ ਘਰਾਂ ਉਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
ਇਸ ਹਜੂਮ ਦੀ ਅਗਵਾਈ ਸ਼ਫੀਕ ਅਹਿਮਦ ਨਾਮੀ ਵਿਅਕਤੀ ਕਰ ਰਿਹਾ ਸੀ ਜਿਸ ਦਾ ਦਾਅਵਾ ਸੀ ਕਿ ਉਸ ਨੇ ਸਾਵਨ ਮਸੀਹ ਨਾਮੀ ਵਿਅਕਤੀ ਨੂੰ ਪੈਗੰਬਰ ਮੁਹੰਮਦ ਦਾ ਅਪਮਾਨ ਕਰਦਿਆਂ ਦੇਖਿਆ ਹੈ। ਇਸ ਦੌਰਾਨ ਕੁਝ ਵਿਅਕਤੀਆਂ ਨੇ ਮਸੀਹ ਦੇ 65 ਸਾਲਾ ਪਿਤਾ ਚਮਨ ਮਸੀਹ ਨੂੰ ਧੂਹ ਲਿਆਂਦਾ ਤੇ ਉਸ ਦੀ ਕੁੱਟਮਾਰ ਕੀਤੀ। ਇਸ ਪਿੱਛੋਂ ਮਸੀਹ ਦੇ ਘਰ ਨੂੰ ਅੱਗ ਲਾ ਦਿੱਤੀ ਗਈ।
ਇਸ ਘਟਨਾ ਪਿੱਛੋਂ ਇਲਾਕੇ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਤੇ ਪੁਲਿਸ ਨੇ ਪੈਗੰਬਰ ਦਾ ਅਪਮਾਨ ਕਰਨ ਦੇ ਦੋਸ਼ ਹੇਠ ਮਸੀਹ ਖਿਲਾਫ ਹੀ ਪਰਚਾ ਦਰਜ ਕਰ ਲਿਆ। ਲੰਘੇ ਦਿਨ ਸਵੇਰੇ ਫਿਰ ਮੁਸਲਮਾਨਾਂ ਦਾ ਹਜੂਮ ਜੋਸਫ ਕਲੋਨੀ ਪਹੁੰਚ ਗਿਆ ਤੇ ਉਨ੍ਹਾਂ ਖੇਤਰ ਵਿਚ ਰਹਿ ਰਹੇ ਸਾਰੇ ਈਸਾਈ ਪਰਿਵਾਰਾਂ ਨੂੰ ਘਰਾਂ ਵਿਚੋਂ ਬਾਹਰ ਕੱਢ ਲਿਆ। ਟੈਲੀਵਿਜ਼ਨ ‘ਤੇ ਦਿਖਾਈ ਗਈ ਫੁਟੇਜ ਵਿਚ ਨਜ਼ਰ ਆਉਂਦਾ ਹੈ ਕਿ ਡਾਂਗਾਂ ਨਾਲ ਲੈਸ ਨਕਾਬਪੋਸ਼ ਵਿਅਕਤੀਆਂ ਨੇ ਘਰਾਂ ਤੇ ਕਾਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਮੂਕ ਦਰਸ਼ਕ ਬਣੀ ਰਹੀ।
ਮਸੀਹ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਸ਼ਾਹਿਦ ਇਮਰਾਨ ਨਾਮੀ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਈਸਾਈਆਂ ਵੱਲੋਂ ਪਹਿਲਾਂ ਵੀ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹਾਲਾਂਕਿ ਪੁਲਿਸ ਅਧਿਕਾਰੀ ਹਾਫਿਜ਼ ਅਬਦੁਲ ਮਜੀਦ ਨੇ ਮੀਡੀਆ ਨੂੰ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਅਨੁਸਾਰ ਇਮਰਾਨ ਦੇ ਇਹ ਦੋਸ਼ ਝੂਠੇ ਸਿੱਧ ਹੋਏ ਹਨ ਕਿ ਮਸੀਹ ਨੇ ਕੁਫਰ ਤੋਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਿੰਸਕ ਹੋਏ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਹੀ ਮਸੀਹ ‘ਤੇ ਕੇਸ ਦਰਜ ਕੀਤਾ ਸੀ। ਈਸਾਈ ਭਾਈਚਾਰੇ ਦੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ‘ਤੇ ਗਿਣੀ-ਮਿਥੀ ਸਾਜਿਸ਼ ਤਹਿਤ ਹਮਲਾ ਹੋਇਆ ਹੈ ਤੇ ਅੱਗ ਲਾਉਣ ਤੋਂ ਪਹਿਲਾਂ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਗਿਆ।

Be the first to comment

Leave a Reply

Your email address will not be published.