ਜਿੰਦੂਆ

ਕਾਨਾ ਸਿੰਘ ਬਹੁ-ਵਿਧਾਈ ਲਿਖਾਰੀ ਹੈ। ਉਸ ਨੇ ਕਵਿਤਾ, ਵਾਰਤਕ ਤੇ ਕਹਾਣੀ ਦੇ ਖੇਤਰ ਵਿਚ ਖੂਬ ਰੰਗ ਜਮਾਇਆ ਹੈ। ਉਸ ਦੀਆਂ ਰਚਨਾਵਾਂ ਦੀ ਖਾਸੀਅਤ ਇਨ੍ਹਾਂ ਵਿਚਲੀ ਰਵਾਨੀ ਹੁੰਦੀ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ਉਸ ਦੀ ਵਾਰਤਕ ਲੜੀ ‘ਚਿੱਤ ਚੇਤਾ’ ਦਾ ਰੰਗ ਮਾਣ ਚੁਕੇ ਹਨ। ‘ਜਿੰਦੂਆ’ ਕਹਾਣੀ ਵਿਚ ਉਸ ਦੇ ਵਿਅੰਗ ਬਾਣ ਬੜੇ ਤਿੱਖੇ ਹਨ ਤੇ ਮਰਦ ਪ੍ਰਧਾਨ ਸੋਚ ਨੂੰ ਕਰਾਰੇ ਹੱਥੀਂ ਲੈਂਦੇ ਹਨ। ਗੱਲਾਂ ਗੱਲਾਂ ਵਿਚ ਸਿਰਜੀ ਇਹ ਕਹਾਣੀ ਅਖੌਤੀ ਮਰਦ ਮਾਨਸਿਕਤਾ ‘ਤੇ ਖਾਸੀ ਸੱਟ ਮਾਰਦੀ ਹੈ।

-ਸੰਪਾਦਕ
ਕਾਨਾ ਸਿੰਘ
ਅਸਾਂ ਤਾਂ ਬਾਊ ਜੀ, ਜ਼ਿੰਦਗੀ ਦਾ ਇਹੋ ਤੱਤ ਕੱਢਿਐ, ਜਨਾਨੀ ਜਾਤ ਦਾ ਕੋਈ ਭਰੋਸਾ ਨਹੀਂ।
ਇਕ ਕੁੜੀ ਸੀ ਲਵਲੀ। ਉਹ ਤੇਰ੍ਹਾਂ ਸਾਲ ਫਸੀ ਰਹੀ ਸਾਡੇ ਨਾਲ। ਮਸਾਂ ਬਾਰਾਂ ਤੇਰ੍ਹਾਂ ਵਰ੍ਹਿਆਂ ਦੀ ਹੋਊ ਜਦੋਂ ਸਾਡਾ ਟਾਂਕਾ ਫਿੱਟ ਹੋਇਆ। ਰੱਜ ਕੇ ਘੁੰਮੇ ਫਿਰੇ। ਪਿਕਚਰਾਂ, ਹੋਟਲ ਤੇ ਥੀਏਟਰ। ਉਂਜ ਤਾਂ ਜਣਾ ਜਨਾਨੀ ਹੀ ਸੀ ਅਸੀਂ, ਬਸ ਫੇਰੇ ਹੀ ਨਹੀਂ ਸਨ ਲਏ। ਵੈਸੇ ਤਾਂ ਜੀ, ਹੋਰ ਵੀ ਬੜੀਆਂ ਹੀ ਕੁੜੀਆਂ ਫਸੀਆਂ ਸਾਡੇ ਨਾਲ। ‘ਬਾਦਲ’ ਸਿਨਮੇ ਦੇ ਨਾਲ ਲਗਦੇ ਹੋਟਲ ‘ਸਤਿਕਾਰ’ ਦੇ ਮੈਨੇਜਰ ਜੁ ਸੀ ਅਸੀਂ। ਸਿਨਮੇ ਦਾ ਮੈਨੇਜਰ ਸੁਸ਼ੀਲ ਕੁਮਾਰ ਆਪਣਾ ਪੱਕਾ ਯਾਰ ਸੀ। ਜਿੰਨੀਆਂ ਮਰਜ਼ੀ ਟਿਕਟਾਂ ਫੜ ਲਵੋ। ਬਸ ਜੀ, ਕੁੜੀਆਂ ਨੂੰ ਤਾਂ ਟਿਕਟਾਂ ਚਾਹੀਦੀਆਂ ਹੁੰਦੀਆਂ। ਟਿਕਟਾਂ ਫੜੀਆਂ, ਹੱਸੀਆਂ ਤੇ ਫਸੀਆਂ। ਸੱਚ ਜਾਣੋ, ਇਕੋ ਵੇਲੇ ਚਾਰ ਚਾਰ ਕੁੜੀਆਂ ਨੂੰ ਖੁਸ਼ ਕਰ ਦਈਦਾ ਸੀ। ਹਾਲ ਵਿਚ ਉਨ੍ਹਾਂ ਨੂੰ ਵੱਖੋ ਵੱਖ ਸੀਟਾਂ ਦੇਣੀਆਂ। ਇਕ ਨੂੰ ਕੌਫੀ, ਇਕ ਨੂੰ ਕੈਂਪਾ, ਇਕ ਨੂੰ ਐਨਰਜੀ ਤੇ ਇਕ ਨੂੰ ਆਈਸ ਕਰੀਮ। ਸਭ ਦਾ ਜੀ ਲਾਈ ਰੱਖਣਾ, ਕੀ ਮਜਾਲ ਜੁ ਇਕ ਨੂੰ ਦੂਜੀ ਦੀ ਖਬਰ ਹੋਵੇ। ਪਰ ਲਵਲੀ? ਲਵਲੀ ਨੂੰ ਤਾਂ ਬਾਊ ਜੀ ਸਭ ਤੋਂ ਅਗਾਂਹ ਦੀ ਸੀਟ ਦਈਦੀ ਸੀ। ਉਸ ਨੂੰ ਪਿਛੇ ਕੋਈ ਖਬਰ ਨਹੀਂ ਸੀ ਹੁੰਦੀ।
ਪਿਆਰ? ਨਾ ਜੀ ਨਾ, ਪਿਆਰ ਪਿਊਰ ਸਾਡਾ ਕਿਸੇ ਨਾਲ ਨਹੀਂ ਸੀ। ਬਸ ਸ਼ੁਗਲ ਮੇਲਾ ਹੀ ਸੀ। ਟਾਂਕਾ ਸਾਡਾ ਲਵਲੀ ਨਾਲ ਹੀ ਫਿੱਟ ਸੀ।
ਸ਼ੱਕ? ਆਹੋ ਜੀ, ਇਕ ਦੋ ਵੇਰਾਂ ਸ਼ੱਕ ਤਾਂ ਹੋ ਗਿਆ ਸੀ ਲਵਲੀ ਨੂੰ।

ਇਕ ਕੁੜੀ ਸੀ ਰੋਜ਼ੀ। ਕਰੋੜਪਤੀਆਂ ਦੀ ਧੀ। ਓਹਦੇ ਪਿਓ ਦੀਆਂ ਮਿੱਲਾਂ ਸਨ ਕੱਪੜੇ ਦੀਆਂ। ਸਿਨਮੇ, ਹੋਟਲ, ਪਟਰੋਲ ਪੰਪ ਤੇ ਹੋਰ ਪਤਾ ਨਹੀਂ ਕਿੰਨੇ ਵਪਾਰਾਂ ਦਾ ਹਿੱਸੇਦਾਰ ਸੀ ਉਹ। ਮਸਾਂ ਸੋਲ੍ਹਾਂ ਵਰ੍ਹਿਆਂ ਦੀ ਹੋਵੇਗੀ ਰੋਜ਼ੀ ਪਰ ਲੱਗਦੀ ਵੱਡੀ ਸੀ। ਭਰੀ ਭਰੀ ਤੇ ਕੱਦਾਵਰ। ਨਿੱਤ ਨਵੀਂ ਗੱਡੀ ਲੈ ਕੇ ਆਵੇ ਜੀ ਉਹ, ਤੇ ਬਿਠਾ ਲਵੇ ਸਾਨੂੰ ਆਪਣੇ ਨਾਲ। ਬੜੀ ਵੇਰਾਂ ਉਸ ਸਾਨੂੰ ਸ਼ਿਮਲੇ, ਕਸੌਲੀ, ਸੋਲਨ, ਮੋਰਨੀ ਤੇ ਸਬਾਤੂ ਦੀਆਂ ਸੈਰਾਂ ਕਰਵਾਈਆਂ। ਪੈਸਾਂ ਤਾਂ ਏਦਾਂ ਫੂਕੇ, ਜਿਵੇਂ ਉਹਦੇ ਪਿਓ ਦੀ ਟਕਸਾਲ ਹੀ ਲੱਗੀ ਹੋਵੇ। ਇੰਪੋਰਟਡ ਕਮੀਜ਼ਾਂ, ਸੋਨੇ ਦੀਆਂ ਚੇਨੀਆਂ ਤੇ ਅੰਗੂਠੀਆਂ ਤੱਕ ਦਿੱਤੀਆਂ ਜੀ ਉਸ ਨੇ ਸਾਡੇ ਜਨਮ ਦਿਨਾਂ ‘ਤੇ। ਬੜੀ ਦਲੇਰ ਸੀ। ਉਹ ਤਾਂ ਤਬਾਹੀ ਸੀ ਬਾਊ ਜੀ, ਨਿਰੀ ਤਬਾਹੀ। ਰਾਤੀ ਬਾਰਾਂ ਵਜੇ ਸਾਨੂੰ ਬੁਲਾ ਲਵੇ ਆਪਣੇ ਘਰ। ਦੋ ਕਨਾਲੀ ਕੋਠੀ ਤੇ ਹਰ ਬੈਡਰੂਮ ਦਾ ਇਕ ਦਰਵਾਜਾ ਬਾਹਰ ਨੂੰ। ਕੋਠੀ ਦੀ ਤਿੰਨ ਫੁੱਟੀ ਕੰਧ ਟੱਪ ਕੇ ਅਸੀਂ ਜਾ ਵੜੀਏ ਉਸ ਦੇ ਬੈਡਰੂਮ ਕੋਲ। ਉਹ ਕੁੰਡੀ ਖੋਲ੍ਹੇ ਤੇ ਅਸੀਂ ਅੰਦਰ। ਰਾਤ ਸਾਰੀ ਪਏ ਰਹੀਏ ਅਸੀਂ ਉਹਦੇ ਨਾਲ। ਸਵੇਰੇ ਤਿੰਨ ਵਜੇ ਉਹ ਕੁੰਡੀ ਖੋਲ੍ਹੇ ਤੇ ਅਸੀਂ ਕੰਧ ਤੋਂ ਛੜੱਪਾ ਮਾਰ ਕੇ ਬਾਹਰ। ਬੜੀ ਦੇਰ ਚਲਦਾ ਰਿਹਾ ਜੀ ਇੰਜੇ ਹੀ। ਇਕ ਦਿਨ ਤਾਂ ਉਸ ਨੇ ਜੀ, ਹੱਦ ਹੀ ਕਰ ਦਿੱਤੀ। ਢੇਰ ਸਾਰੇ ਗਹਿਣਿਆਂ ਦੀ ਅਟੈਚੀ ਚੁੱਕੀ ਆ ਗਈ ਸਾਡੇ ਹੋਟਲ, ਅਖੇ:
“ਚਲ ਜਿੰਦੂਆ ਆਪਾਂ ਨੱਸ ਚਲੀਏ।”
ਅਸੀਂ ਨਾ ਮੰਨੇ ਬਾਊ ਜੀ, ਸੋਚਿਆ ਇਹ ਤਾਂ ਹੈ ਨਾਬਾਲਗ ਤੇ ਕਰੋੜਪਤੀਆਂ ਦੀ ਧੀ। ਆਪਾਂ ਹੋ ਜਾਂਗੇ ਅੰਦਰ। ਜੇਲ੍ਹ ਵਿਚ। ਅਸੀਂ ਠਹਿਰੇ ਮਾਂ-ਪਿਓ ਮਹਿੱਟਰ ਤੇ ਬੁੱਢੀ ਦਾਦੀ ਦੇ ਇਕਲੌਤੇ ਪੋਤਰੇ।
ਹੈ ਸੀ ਜੀ ਕੋਈ ਅੰਤ ਰੋਜ਼ੀ ਦੇ ਆਪਹੁਦਰੇਪਣ ਦਾ? ਉਹਨੇ ਬਾਊ ਜੀ, ਆਪਣੀ ਮਾਂ ਨੂੰ ਸਾਫ ਸਾਫ ਕਹਿ ਦਿੱਤਾ, ਬਈ ਜੇ ਬਿਆਹ ਕਰਾਉਣਾ ਹੈ ਤਾਂ ਜਿੰਦੂਏ ਤੇ ਸਿਰਫ ਜਿੰਦੂਏ ਨਾਲ।
ਜਿੰਦੂਆ? ਦਸਨੇ ਹਾਂ ਨਾਂ ਜੀ, ਸਬਰ ਤਾਂ ਕਰੋ। ਸਾਨੂੰ ਕੋਈ ਵੀ ਕੁੜੀ ਰਜਿੰਦਰ ਨਹੀਂ ਸੀ ਬੁਲਾਉਂਦੀ ਤੇ ਨਾ ਹੀ ਕੋਈ ਜਿੰਦਾ ਆਖਦੀ ਸੀ, ਬਸ ਜਿੰਦੂਆ ਜਿੰਦੂਆ ਹੀ ਕਰਦੀਆਂ ਸਨ ਸਾਰੀਆਂ, ਤੇ ਪਿਆਰ ਵੀ ਸਾਨੂੰ ਜਿੰਦ ਜਾਨ ਤੋਂ ਵਧ ਕਰਦੀਆਂ ਸਨ। ਅਸਲ ਵਿਚ ਲਵਲੀ ਨੇ ਹੀ ਸਾਨੂੰ ਸਭ ਤੋਂ ਪਹਿਲਾਂ ਜਿੰਦੂਆਂ ਆਖਿਆ ਤੇ ਫੇਰ ਉਸ ਦੀਆਂ ਸਾਰੀਆਂ ਸਹੇਲੀਆਂ ਵੀ ਇਸੇ ਨਾਂ ਨਾਲ ਬੁਲਾਣ ਲੱਗ ਪਈਆਂ। ਏਨੇ ਪਿਆਰ ਨਾਲ ਬੁਲਾਉਂਦੀਆਂ ਭੈਣ ਦੀਆਂ ਕਿ ਸਾਨੂੰ ਆਪਣੇ ਆਪ ਨਾਲ ਹੀ ਡਾਢਾ ਪਿਆਰ ਆ ਜਾਵੇ। ਜੀ ਕਰੇ, ਘੁੱਟ ਕੇ ਜੱਫੀ ਪਾ ਲਈਏ ਉਨ੍ਹਾਂ ਦੇ ਜਿੰਦੂਏ ਨੂੰ।
ਰੋਜ਼ੀ ਦੀ ਗੱਲ?
ਦੱਸਦੇ ਹਾਂ ਨਾ ਜੀ। ਰੋਜ਼ੀ ਇਕ ਦਿਨ ਲੈ ਆਈ ਆਪਣੀ ਮਾਂ ਨੂੰ ਸਾਨੂੰ ਮਿਲਾਣ। ਬਿਠਾਇਆ ਜੀ ਅਸਾਂ ਉਹਨੂੰ ਬੜੀ ਇੱਜ਼ਤ ਨਾਲ।
ਮਾਂ? ਮਾਂ ਕੀ ਸੀ ਉਹਦੀ ਜੀ, ਉਹ ਤਾਂ ਕੋਈ ਪਰੀ ਸੀ ਜਾਂ ਪਟਰਾਣੀ। ਸੁਨਹਿਰੀ ਲਾਲ ਬਾਰਡਰ ਵਾਲੀ ਜਾਰਜਟ ਦੀ ਸਾੜ੍ਹੀ ਤੇ ਉਂਗਲਾਂ ‘ਤੇ ਹੀਰੇ ਦੀਆਂ ਚਾਰ ਚਾਰ ਅੰਗੂਠੀਆਂ। ਲੋਹੜੇ ਦਾ ਰੂਪ ਬਾਊ ਜੀ, ਉਤੋਂ ਲੋਹੜੇ ਦਾ ਮੇਕਅੱਪ। ਅਸੀਂ ਤਾਂ ਤੱਕਦੇ ਹੀ ਰਹਿ ਗਏ, ਜਿਵੇਂ ਬਿਜਲੀ ਮਾਰ ਗਈ ਹੋਵੇ। ਖੁਦ ਨੂੰ ਚੂੰਢੀਆਂ ਵੱਢ-ਵੱਢ ਕੇ ਪੜਤਾਲੀਏ, ਬਈ ਇਹ ਸੱਚ ਹੈ ਕਿ ਸੁਫਨਾ।
‘ਮਿਸਟਰ ਕੁਮਾਰ, ਤੁਸੀਂ ਸਾਡੀ ਰੋਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ?’
ਸਿੱਧਾ ਹੀ ਪੁੱਛ ਲਿਆ ਜੀ, ਉਸ ਨੇ ਸਾਨੂੰ। ਸਾਡੇ ਤਾਂ ਪੈਰਾਂ ਹੇਠੋਂ ਜਮੀਨ ਨਿਕਲ ਗਈ ਤੇ ਵਿਚਾਰੀ ਦਾਦੀ ਆ ਖਲੋਤੀ ਅੱਖਾਂ ਸਾਹਮਣੇ।
‘ਨਾ ਜੀ ਨਾ, ਸਾਡਾ ਐਹੋ ਜਿਹਾ ਕੋਈ ਇਰਾਦਾ ਨਹੀਂ।’ ਅਸਾਂ ਜੁਆਬ ਸੁਣਾ ਦਿੱਤਾ।
ਰੋਜ਼ੀ? ਉਹਦਾ ਗੁੱਸਾ?
ਕੁਝ ਨਾ ਪੁੱਛੋ ਬਾਊ ਜੀ, ਉਹ ਤਾਂ ਬਿਫਰੀ ਹੋਈ ਸ਼ੇਰਨੀ ਵਾਂਗ ਝਪਟੀ ਸਾਡੇ ‘ਤੇ, “ਯੂ ਬਲੱਡੀ ਬਾਸਟਰਡ… ਬਦਮਾਸ਼ ਕਮੀਨੇ…।” ਸੌ-ਸੌ ਗਾਲ੍ਹਾਂ ਕੱਢਦੀ ਰੋਜ਼ੀ ਨੂੰ ਉਸ ਦੀ ਮਾਂ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ।
…ਸੱਚ ਹੈ ਬਾਊ ਜੀ, ਇਸ ਜਾਤ ਦਾ ਕੋਈ ਭਰੋਸਾ ਨਹੀਂ, ਕਦੋਂ ਕੀ ਕਰ ਬੈਠੇ।
ਲਵਲੀ?
ਆਹੋ ਜੀ, ਦੱਸ ਤਾਂ ਰਹੇ ਹਾਂ ਨਾ ਤੁਹਾਨੂੰ, ਬਈ ਲਵਲੀ ਨੂੰ ਰੋਜ਼ੀ ਬਾਰੇ ਪਤਾ ਲੱਗ ਗਿਆ ਸੀ। ਘੇਰ ਲਿਆ ਸਾਨੂੰ ਜੀ, ਉਸ ਨੇ। ਪਹਿਲਾਂ ਅਸੀਂ ਨਾ ਮੰਨੇ। ਫੇਰ ਸਮਝ ਗਏ ਕਿ ਮੰਨ ਜਾਣ ‘ਚ ਹੀ ਭਲਾਈ ਹੈ। ਸਾਫ-ਸਾਫ ਕਹਿ ਦਿੱਤਾ, “ਦੇਖ ਲਵਲੀ, ਬਿਆਹ ਤਾਂ ਅਸਾਂ ਤੇਰੇ ਨਾਲ ਹੀ ਕਰਾਉਣੈ। ਇਹ ਤਾਂ ਹੈ ਪੱਥਰ ‘ਤੇ ਲਕੀਰ। ਬਾਕੀ ਜੇ ਏਡੀਆਂ ਸੋਹਣੀਆਂ ਕੁੜੀਆਂ ਗਰੀ ਦੇ ਟੋਟੇ ਜਿਹੀਆਂ, ਸਣੇ ਮਿਸ਼ਰੀ, ਬਦੋਬਦੀ ਸਾਡੇ ਮੂੰਹ ਵਿਚ ਆਪ ਆ ਪੈਣ ਤਾਂ ਦਸ ਕੀ ਕਰੀਏ? ਹਜ਼ਾਰਾਂ ਸਾਲ ਤਪ ਕਰ ਕੇ ਵੀ ਵੱਡੇ ਵੱਡੇ ਰਿਸ਼ੀ ਮੁਨੀ ਵੀ ਡੋਲ ਜਾਂਦੇ ਰਹੇ, ਫੇਰ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ? ਇਹ ਛੋਟੇ ਮੋਟੇ ਸ਼ੁਗਲ ਮੇਲੇ ਤਾਂ ਤੈਨੂੰ ਜਰਨੇ ਹੀ ਪੈਣੇ ਨੇ…।”
ਬੜਾ ਰੋਈ ਬਾਊ ਜੀ, ਲਵਲੀ ਪਰ ਅਸਾਂ ਵੀ ਉਸ ਨੂੰ ਰੱਜ ਕੇ ਪਿਆਰ ਕੀਤਾ ਉਸ ਦਿਨ। ਫੇਰ ਹੌਕੇ ਭਰਦੀ ਨੇ ਸਾਡੀ ਛਾਤੀ ‘ਤੇ ਸਿਰ ਰੱਖ ਕੇ ਆਖਿਓ ਸੂ, “ਜਿੰਦੂਆ ਛੁਰੀ ਤੇਰੇ ਹੱਥ ਏ, ਭਾਵੇਂ ਕਰ ਝਟਕਾ ਤੇ ਭਾਵੇਂ ਹਲਾਲ, ਮੈਂ ਨਹੀਂ ਜੀ ਸਕਦੀ ਹੁਣ ਤੇਰੇ ਬਿਨਾ।”
ਬਾਊ ਜੀ, ਉਸ ਦਿਨ ਤੋਂ ਬਾਅਦ ਉਸ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਤੇ ਅਸੀਂ ਵੀ ਭਾਵੇਂ ਕਿੰਨੀਆਂ ਖੁਰਲੀਆਂ ਵਿਚ ਮੂੰਹ ਮਾਰੀਏ, ਟਾਂਕਾ ਸਾਡਾ ਉਸੇ ਨਾਲ ਹੀ ਫਿੱਟ ਸੀ।

ਇਕ ਹੋਰ ਸੀ ਸਾਡੀ, ਮੈਡਮ। ਸਾਥੋਂ ਪੰਜ ਸਾਲ ਵੱਡੀ। ਟਾਈਪਿੰਗ ਦਾ ਸੈਂਟਰ ਸੀ ਉਸ ਦਾ। ਉਚੀ ਲੰਮੀ, ਥੋੜ੍ਹੀ ਭਾਰੀ ਪਰ ਪੁੱਜ ਕੇ ਸੋਹਣੀ। ਵਿਧਵਾ ਸੀ। ਇਕ ਧੀ ਸੀ ਉਸ ਦੀ ਜੋ ਬੋਰਡਿੰਗ ਵਿਚ ਪਾਈ ਹੋਈ ਸੀ। ਉਹਦੇ ਨਾਲ ਉਹਦੀ ਬੁੱਢੀ ਮਾਂ ਰਹਿੰਦੀ ਸੀ ਜੋ ਅੱਖੋਂ ਅੰਨ੍ਹੀ ਸੀ। ਬੜਾ ਚਲਦਾ ਸੀ ਜੀ, ਸਕੂਲ ਉਹਦਾ। ਬਸ ਹੋ ਗਈ ਫਿਦਾ ਸਾਡੇ ਉਤੇ, ਕੁਝ ਦਿਨਾਂ ਵਿਚ ਹੀ। ਰਾਤੀਂ ਬੁਲਾ ਲਵੇ ਸਾਨੂੰ। ਫੇਰ ਤਾਂ ਮੁਰਗਾ ਤੇ ਵਿਸਕੀ, ਉਹ ਤੇ ਅਸੀਂ। ਬੜੀਆਂ ਕੁੜੀਆਂ ਆਉਂਦੀਆਂ ਉਸ ਕੋਲ, ਟਾਈਪ ਸਿੱਖਣ। ਇਕ ਤੋਂ ਇਕ ਵੱਧ ਸੁਹਣੀਆਂ ਪਰ ਬਾਊ ਜੀ, ਉਹ ਸਾਨੂੰ ਉਚੀ ਅੱਖ ਕਰ ਕੇ ਦੇਖਣ ਨਹੀਂ ਸੀ ਦੇਂਦੀ ਕਿਸੇ ਵੱਲ। ਸਭ ਤੋਂ ਮੂਹਰੇ ਰੱਖਦੀ ਸੀ ਸਾਡਾ ਟੇਬਲ। ਫਿਰ ਵੀ ਇਹ ਅੱਖ ਹੈ ਭੈਣ… ਕਿ ਸੋਹਣੀਆਂ ਕੁੜੀਆਂ ਤੱਕਣੋਂ ਰਹੇ ਹੀ ਨਾ। ਆਖਰ ਜੀ ਉਸ ਨੇ ਸਾਡਾ ਟੇਬਲ ਆਪਣੇ ਬੈਡਰੂਮ ਵਿਚ ਲਗਾ ਦਿੱਤਾ, ਅਖੇ, “ਹੁਣ ਤਾਂ ਜੀਣਾ ਮਰਨਾ ਤੇਰੇ ਨਾਲ ਹੀ ਹੈ।”
ਹੁਣ ਤੁਸੀਂ ਹੀ ਦੱਸੋ ਬਾਊ ਜੀ, ਹੈ ਕੋਈ ਭਰੋਸਾ ਇਸ ਜਾਤ ਦਾ? ਸਿਨਮਾ ਬਾਊ ਜੀ, ਸਿਰਫ ਸਾਡੇ ਨਾਲ ਹੀ ਵੇਖਣ ਜਾਂਦੀ ਸੀ ਮੈਡਮ।
ਇਕ ਵੇਰਾਂ ਸਾਡਾ ਪੰਗਾ ਹੋ ਗਿਆ ਹੋਟਲ ਵਿਚ। ਖਾਧੀ ਪੀਤੀ ਹੋਈ ਸੀ। ਚਲ ਗਏ ਛੁਰੇ ਚਾਕੂ ਸਾਡੇ ਹੱਥੋਂ। ਅਸੀਂ ਹੋ ਗਏ ਅੰਦਰ ਤੇ ਲੱਗ ਗਈ ਦਫਾ ਤਿੰਨ ਸੌ ਸੱਤ ਸਾਡੇ ‘ਤੇ। ਬਾਊ ਜੀ, ਮੈਡਮ ਨੂੰ ਪਤਾ ਲਗ ਗਿਆ ਕਿ ਆ ਗਈ ਸਾਡੀ ਜ਼ਮਾਨਤ ਕਰਾਉਣ। ਕੇਸ ਚਲਿਆ ਤਿੰਨ ਸਾਲ ਤੇ ਪਾਣੀ ਵਾਂਗੂ ਪੈਸਾ ਰੋੜ੍ਹਿਆ ਉਸ ਨੇ, ਪਰ ਸਾਡਾ ਲੜ ਨਹੀਂ ਛੋੜਿਆ, ਆਖੇ, “ਸਭ ਕੁਝ ਤੇਰਾ ਈ ਏ ਜਿੰਦੂਆ। ਬਸ ਬਿਆਹ ਕਰਾ ਲੈ।”
‘ਕਰਾ ਲਵਾਂਗੇ ਪਰ ਪਹਿਲਾਂ ਕੁਝ ਕਮਾ ਤਾਂ ਲਈਏ। ਜਨਾਨੀ ਦੇ ਪੈਸੇ ਨਾਲ ਜੀਣਾ ਵੀ ਕੋਈ ਜੀਣਾ ਹੁੰਦੈ?’ ਉਸ ਨੂੰ ਸਮਝਾਇਆ ਤੇ ਛੇਤੀ ਹੀ ਡੁਬਈ ਜਾਣ ਦਾ ਜੁਗਾੜ ਕਰ ਲਿਆ। ਉਸ ਨੇ ਆਪਣਾ ਸੈੱਟ ਵੇਚ ਕੇ ਸਾਨੂੰ ਕਿਰਾਇਆ ਦਿੱਤਾ। ਚਿੱਠੀ ਪੱਤਰ ਵੀ ਚਲਦਾ ਰਿਹਾ।
ਡੁਬਈ ਵਿਚ ਸਾਡੀ ਆਸ਼ਕੀ ਹੋ ਗਈ ਬਾਊ ਜੀ, ਅਮਰੀਕਨ ਕੁੜੀ ਨਾਲ। ਉਹਨੇ ਵਾਅਦਾ ਕੀਤਾ ਸੀ ਕਿ ਉਹ ਸਾਨੂੰ ਅਮਰੀਕਾ ਬੁਲਾ ਲਵੇਗੀ ਕਿਸੇ ਬਹਾਨੇ, ਤੇ ਫੇਰ ਸਾਡੇ ਨਾਲ ਬਿਆਹ ਕਰਾ ਲਵੇਗੀ। ਏਦਾਂ ਸਾਨੂੰ ਅਮਰੀਕਨ ਸ਼ਹਿਰੀਅਤ ਮਿਲ ਜਾਣੀ ਸੀ। ਲਉ ਜੀ, ਅੰਨ੍ਹਾ ਕੀ ਭਾਲੇ ਦੋ ਅੱਖਾਂ? ਅਸੀਂ ਮੰਨ ਗਏ। ਉਸ ਕੁੜੀ ਨੇ ਸਾਨੂੰ ਅਮਰੀਕਾ ਤੋਂ ਟਿਕਟ ਭੇਜ ਦਿੱਤੀ, ਕੰਪਨੀ ‘ਚੋਂ ਫਾਰਗ ਕਰਾਇਆ ਤੇ ਇਸ ਤਰ੍ਹਾਂ ਆਪਾਂ ਪਹੁੰਚ ਗਏ, ਨਿਊ ਯਾਰਕ।
ਬੜੀ ਮੋਟੀ ਸੀ ਅਮਰੀਕਨ। ਉਹ ਤਾਂ ਬਾਊ ਜੀ, ਸਾਨੂੰ ਕੱਛ ਵਿਚ ਲੈ ਲੈਂਦੀ ਸੀ ਪਰ ਸੁਹਣੀ ਬਹੁਤ ਸੀ ਤੇ ਅਮੀਰ ਵੀ ਬੜੀ। ਅਸਾਂ ਉਸ ਨੂੰ ਬੜਾ ਖੁਸ਼ ਕੀਤਾ। ਬਾਊ ਜੀ, ਅਸੀਂ ਤੁਹਾਨੂੰ ਇਕ ਗੱਲ ਦੱਸੀਏ, ਸੌਲ੍ਹਾਂ ਆਨੇ ਸੱਚ?
…ਬਈ ਇਹ ਬਿਲਕੁਲ ਝੂਠ ਕਹਿੰਦੇ ਜੇ ਕਿ ਬਾਹਰਲੇ ਮੁਲਕ ਦੀਆਂ ਕੁੜੀਆਂ ਈਰਖਾ ਨਹੀਂ ਕਰਦੀਆਂ। ਉਹ ਤਾਂ ਸਾਨੂੰ ਵੇਖਣ ਹੀ ਨਹੀਂ ਸੀ ਦੇਂਦੀ ਸੀ ਜੀ, ਕਿਸੇ ਵੱਲ। ਕਹਿੰਦੀ, “ਗੋਲੀ ਮਾਰ ਦੂੰ ਤੈਨੂੰ ਜੇ ਤੂੰ ਕਿਸੇ ਹੋਰ ਵਲ ਤਕਿਆ ਤਾਂ।”
ਉਹ ਸਾਨੂੰ ਮਿਸਟਰ ਰਿਜੈਂਡ ਬੁਲਾਉਂਦੀ ਸੀ। ਉਹਨੇ ਸਾਨੂੰ ਛੁਰੀ ਕਾਂਟੇ ਨਾਲ ਖਾਣਾ ਸਿਖਾਇਆ ਤੇ ‘ਗਰੇਜਾਂ ਵਾਂਗ ਉਠਣਾ ਬਹਿਣਾ। ਸਾਨੂੰ ਡਾਂਸ ਵੀ ਸਿਖਾਇਆ। ਆਪਾਂ ਤਾਂ ਪੂਰੇ ਵਲੈਤੀ ਹੋ ਗਏ, ਗੜ੍ਹਸ਼ੰਕਰੀਏ। ਸਾਡੇ ਸਾਰੇ ਖਰਚੇ ਉਸ ਨੇ ਉਠਾਣੇ। ਸਾਨੂੰ ਨਹੀਂ ਸੀ ਆਉਂਦੀ ਜੀ ‘ਗਰੇਜੀ ਵਰੇਜੀ, ਪਰ ਇਕ ਵੇਰਾਂ ਦਾਰੂ ਪੀ ਲਈਏ ਬਾਊ ਜੀ, ਤਾਂ ਫਿਰ ਅਸੀਂ ਫਰਨ ਫਰਨ ਬੋਲਦੇ ਸੀ। ਫਿਰ ਬਰਬ ਤੇ ਟੈਂਸ ਦੀ ਕੋਈ ਚਿੰਤਾ ਨਹੀਂ ਸੀ ਰਹਿੰਦੀ। ਫੇਰ ਤਾਂ ਬਾਊ ਜੀ, ਅਸੀਂ ਗਾਲ੍ਹਾਂ ਵੀ ‘ਗਰੇਜੀ ਦੀਆਂ ਕੱਢ ਲੈਂਦੇ। ਬਾਰ ਦੀ ਮਾਲਕ ਸੀ ਉਹ ‘ਮਰੀਕਨ। ਬਿਠਾ ਦਿੱਤਾ ਜੀ ਉਸ ਨੇ ਸਾਨੂੰ ਕਾਊਂਟਰ ‘ਤੇ।
ਲਵਲੀ ਬਾਰੇ ਪੁਛਦੇ ਹੋ? ਬਾਊ ਜੀ, ਬਿਆਹ ਤਾਂ ਅਸਾਂ ਵਾਪਸ ਆ ਕੇ ਲਵਲੀ ਨਾਲ ਹੀ ਕਰਾਣਾ ਸੀ। ਅਮਰੀਕਨ ਨਾਲ ਤਾਂ ਸਿਰਫ ਤਿੰਨ ਸਾਲ ਹੀ ਕੱਟਣੇ ਸੀ ਸ਼ਾਦੀ ਕਰ ਕੇ। ਫੇਰ ਅਸਾਂ ਵੀ ਪੱਕੇ ਸ਼ਹਿਰੀ ਹੋ ਜਾਣਾ ਸੀ। ਪਰ ਜੀ, ਇਹ ਖਰ ਦਿਮਾਗ ਅਸਾਂ ਪੇਂਡੂਆਂ ਦਾ। ਏਨਾ ਖੁਸ਼ ਰੱਖਿਆ ਹੋਇਆ ਸੀ, ਉਸ ਨੂੰ ਪਰ ਮਾੜੀ ਕਿਸਮਤ ਸਾਡੀ। ਕੋਰਟ ਮੈਰਜ ਤੋਂ ਚਾਰ ਦਿਨ ਪਹਿਲਾਂ ਹੀ ਅਸਾਂ ਉਸ ਨੂੰ ਕੁੱਟ ਧਰਿਆ, ਬਾਰ ਵਿਚ ਹੀ। ਨਸ਼ੇ ਵਿਚ ਸੀਗੇ ਅਸੀਂ। ਸ਼ਾਇਦ ਕਿਸੇ ਕੁੜੀ ਨੂੰ ਕਿਸ ਕੁਸ ਕਰ ਲਿਆ ਹੋਣੈ ਤੇ ਉਹਨੇ ਕੀਤੀ ਹੋਣੀ ਏ ਤੂੰ ਤੂੰ ਮੈਂ ਮੈਂ। ਚੰਗੀ ਤਰ੍ਹਾਂ ਯਾਦ ਵੀ ਨਹੀਂ ਜੀ, ਪੂਰੀ ਗੱਲ।
ਕੀ ਹੋਇਆ? ਬਸ ਜੀ, ਹੋਣਾ ਕੀ ਸੀ। ਸਾਨੂੰ ਉਥੋਂ ਰਵਾਨਾ ਹੋਣਾ ਪਿਆ ਇੰਡੀਆ ਲਈ।
‘ਮਰੀਕਨ ਬਾਰੇ ਪੁੱਛਦੇ ਹੋ? ਉਹਨੇ ਬਾਊ ਜੀ, ਸਾਨੂੰ ਮਾਫ ਕਰ ਦਿੱਤਾ। ਸਾਡੇ ਐਥੇ ਆਉਣ ਮਗਰੋਂ ਵੀ ਉਹਦੇ ਖਤ ਆਉਂਦੇ ਰਹੇ।
‘ਆਈ ਲਵ ਯੂ ਰੀਜੈਂਡ। ਤੂੰ ਵਾਪਸ ਆ ਜਾ।’ ਹੁਣ ਤੁਸੀਂ ਹੀ ਦੱਸੋ ਬਾਊ ਜੀ, ਹੈ ਕੋਈ ਭਰੋਸਾ ਜਨਾਨੀ ਦੀ ਜਾਤ ਦਾ?

ਕੀ ਪੁੱਛਦੇ ਹੋ, ਮੈਡਮ ਦਾ ਕੀ ਬਣਿਆ?
ਮੈਡਮ ਬਾਰੇ ਤਾਂ ਜੀ ਅਸੀਂ ਤੁਹਾਨੂੰ ਦੱਸਣਾ ਹੀ ਭੁੱਲ ਗਏ। ਪਤਾ ਲੱਗਾ, ਸਾਡੇ ਮਗਰੋਂ ਮੈਡਮ ਬਾਹਲੀ ਪੀਣ ਲੱਗ ਪਈ। ਉਹਨੇ ਬਿਜਨਸ ਵੱਲ ਵੀ ਧਿਆਨ ਨਾ ਦਿੱਤਾ। ਦਾਦੀ ਕਹਿੰਦੀ ਏ, ਬਈ ਸਾਡੇ ਜਾਣ ਮਗਰੋਂ ਪੂਰਾ ਸਾਲ ਉਹ ਸਾਡੇ ਘਰ ਵੀ ਆਉਂਦੀ ਰਹੀ, ਸਾਡੀ ਸੁਖ ਸਾਂਦ ਪੁੱਛਣ। ਯਾਰ ਦੋਸਤ ਦੱਸਦੇ ਨੇ ਕਿ ਸਾਡੇ ਮਗਰੋਂ ਉਹ ਕਦੇ ਨਹੀਂ ਗਈ ਸਿਨਮਾ ਤੱਕਣ।
ਸਾਡਾ ਇਕ ਬੇਲੀ ਹੁੰਦਾ ਸੀ, ਕੁਲਦੀਪ। ਅਮੀਰ ਵੀ ਬੜਾ ਸੀ ਤੇ ਤਲਾਕਸ਼ੁਦਾ ਵੀ। ਉਹ ਮੈਡਮ ਕੋਲ ਜਾਣ ਲੱਗ ਪਿਆ। ਉਹ ਮੈਡਮ ਨਾਲ ਬਿਆਹ ਕਰਾਉਣਾ ਚਾਹੁੰਦਾ ਸੀ। ਉਹ ਦੱਸਦੈ, ਬਈ ਇਕ ਵੇਰਾਂ ਮੈਡਮ ਨੇ ਬੜੀ ਪੀਤੀ ਤੇ ਨਸ਼ੇ ਵਿਚ ਰੋਈ ਹੀ ਜਾਵੇ ਆਖ ਆਖ ਕੇ ਇਕ ਮਿੰਟ ਵੀ ਨਹੀਂ ਵਿਸਰਦਾ ਜਿੰਦੂਆ। ਇਕ ਰਾਤ ਨੀਂਦ ਦੀ ਗੋਲੀ ਖਾ ਕੇ ਜੇਹੀ ਸੁੱਤੀ ਕਿ ਮੁੜ ਨਹੀਂ ਉਠੀ। ਨਹੀਂ ਕੋਈ ਭਰੋਸਾ ਇਸ ਜਾਤ ਦਾ, ਬਾਊ ਜੀ।

ਲਵਲੀ? ਹੁਣ ਲਵਲੀ ਬਾਰੇ ਵੀ ਕੀ ਦੱਸੀਏ। ਸ਼ਹਿਰ ਦਾ ਚੱਪਾ ਚੱਪਾ ਤੇ ਜਾਣਦਾ ਸੀ ਸਾਡੀ ਯਾਰੀ ਬਾਰੇ। ਪੂਰੇ ਦਸ ਸਾਲ ਉਹ ਸਾਡੇ ਨਾਲ ਘੁੰਮੀ ਫਿਰੀ। ਸੀਗੀ ਵੀ ਕਹਿਰਾਂ ਦੀ ਦਲੇਰ। ਸ਼ਰੇਆਮ ਠੋਕ ਵਜਾ ਕੇ ਹੀ ਤਾਂ ਦੱਸਦੀ ਸੀ ਆਪਣਾ ਇਸ਼ਕ। ਆਖਦੀ ਹੁੰਦੀ ਸੀ, “ਜੇ ਜ਼ਿੰਦਗੀ ਤੇਰੇ ਲੇਖੇ ਲਾ ਹੀ ਦਿੱਤੀ ਹੈ ਤਾਂ ਫਿਰ ਡਰ ਕਾਹਦਾ?”
ਇਕ ਵੇਰਾਂ ਅਸੀਂ ਦੋਵੇਂ ਚਲੇ ਗਏ ਜੀ, ਪੰਜੋਰ ਗਾਰਡਨ। ਅੰਬਾਂ ਦੇ ਝੁੰਡਾਂ ਹੇਠਾਂ ਲਵਲੀ ਦੀ ਗੋਦੀ ਵਿਚ ਸਿਰ ਰੱਖ ਕੇ ਪੈ ਗਏ ਅਸੀਂ। ਗੱਲਾਂ ਕਰ ਰਹੇ ਸੀ ਉਹਦੀ ਗੁੱਤ ਨਾਲ ਖੇਡਦੇ ਖੇਡਦੇ, ਸਾਰੀ ਦੁਨੀਆਂ ਤੋਂ ਬੇਖਬਰ ਕਿ ਹੌਲਦਾਰ ਆ ਗਿਆ।
ਕਹਿੰਦਾ, “ਕੌਣ ਏ ਬਈ ਤੇਰੀ ਇਹ?”
ਅਸਾਂ ਆਖਿਆ, “ਸਾਡੀ ਮਾਸ਼ੂਕਾ ਏ।”
ਕਹਿੰਦਾ, “ਮਾਸ਼ੂਕਾ ਈ ਏ ਨਾ ਘਰਵਾਲੀ ਤਾਂ ਨਹੀਂ?”
ਅਸਾਂ ਕਿਹਾ, “ਜੇ ਘਰਵਾਲੀ ਹੁੰਦੀ ਤਾਂ ਏਥੇ ਹੀ ਲੈ ਕੇ ਆਉਂਦੇ ਤੇ ਉਹ ਵੀ ਏਨੀ ਕੜਕਦੀ ਧੁੱਪ ਵਿਚ? ਘਰ ਨਾ ਬਹਿੰਦੇ ‘ਰਾਮ ਨਾਲ?”
ਲਓ ਜੀ ਔਖਾ ਹੋ ਗਿਆ ਤੇ ਕਹਿਣ ਲੱਗਾ, “ਥਾਣੇ ਚਲੋ।”
ਅਸੀਂ ਤੁਰ ਪਏ। ਪਰ ਲਵਲੀ ਦਾ ਖਿਆਲ ਆਵੇ। ਉਹਦੀ ਇੱਜਤ ਦਾ ਸੁਆਲ ਸੀ। ਬਾਊ ਜੀ, ਉਹ ਨਹੀਂ ਡਰੀ ਜਣੇ ਦੀ ਬੱਚੀ, ਬੋਲੀ, “ਫਿਕਰ ਨਾ ਕਰ ਜਿੰਦੂਆ। ਇਹ ਤੇਰਾ ਬਾਲ ਵੀ ਬਿੰਗਾ ਨਹੀਂ ਕਰ ਸਕਦੇ। ਮੈਂ ਕਹਾਂਗੀ, ‘ਮੈਂ ਬਾਲਗ ਹਾਂ ਤੇ ਆਪਣੀ ਮਰਜ਼ੀ ਨਾਲ ਆਈ ਹਾਂ ਇਹਦੇ ਨਾ।’ ਲਵਲੀ ਤਾਂ ਬਾਊ ਜੀ, ਜੇਲ੍ਹ ਵਿਚ ਵੀ ਆਈ ਸੀ ਸਾਨੂੰ ਮਿਲਣ, ਜਦੋਂ ਸਾਡੇ ‘ਤੇ ਦਫਾ ਤਿੰਨ ਸੌ ਸੱਤ ਲਗੀ ਸੀ। ਕਹਿੰਦੀ, ‘ਜਿੰਦੂਆ, ਮੈਂ ਤੇਰੀ ਹਾਂ ਤੇ ਤੇਰੀ ਹੀ ਰਹਾਂਗੀ ਮਰਦੇ ਦਮ ਤਕ।’
ਕਿਹੜਾ ਨਹੀਂ ਮਰਦਾ ਜੀ ਲਵਲੀ ‘ਤੇ? ਉਚੀ ਲੰਮੀ, ਤਗੜੀ ਸਪੋਟਰਸ ਟੀਚਰ, ਗੋਰੀ ਚਿੱਟੀ, ਬਲੌਰੀ ਅੱਖਾਂ, ਸੱਜੀ ਗੱਲ੍ਹ ਉਤੇ ਤਿਲ ਤੇ ਗੋਡਿਆਂ ਤੋਂ ਵੀ ਥੱਲੇ ਝੂਲਦੀ ਗੁੱਤ, ਪੂਰੀ ਦੀ ਪੂਰੀ ਧੀ ਜੱਟਾਂ ਦੀ। ਬਾਊ ਜੀ, ਇਸ਼ਕ ਕਰਨਾ ਤੇ ਇਹ ਜੱਟੀਆਂ ਹੀ ਜਾਣਦੀਆਂ ਨੇ।”
ਕੀ ਬਣਿਆ ਉਸ ਦਾ? ਬਾਊ ਜੀ, ਕਾਹਲੇ ਕਿਉਂ ਪੈਂਦੇ ਹੋ। ਦਸਨੇ ਆ ਨਾ। ਅਸੀਂ ਆਏ ਵਾਪਸ ਅਮਰੀਕਾ ਤੋਂ। ਸਾਨੂੰ ਏਅਰ ਪੋਰਟ ਉਤੇ ਹੀ ਯਾਰਾਂ ਦੋਸਤਾਂ ਨੇ ਦੱਸ ਦਿੱਤਾ ਬਈ, “ਰਜਿੰਦਰ, ਲਵਲੀ ਨਹੀਂ ਰਹੀ ਹੁਣ ਤੇਰੇ ਲੈਕ। ਅਸਾਂ ਉਹਨੂੰ ਇਕ ਦੋ ਵੇਰਾਂ ਮਿਸਟਰ ਪਾਲ ਦੀ ਜੀਪ ‘ਚ ਵੇਖਿਐ।”
ਖੈਰ ਜੀ, ਅਸੀਂ ਪਹੁੰਚ ਗਏ ਉਸ ਕੋਲ ਸਵੇਰੇ ਹੀ। ਉਹ ਡਿਊਟੀ ‘ਤੇ ਜਾ ਰਹੀ ਸੀ। ਅਸਾਂ ਸਕੂਟਰ ਉਹਦੇ ਮੂਹਰੇ ਖੜ੍ਹਾ ਕਰ ਦਿੱਤਾ।
‘ਜਿੰਦੂਆ…।’ ਲਵਲੀ ਚੀਕ ਕੇ ਲੱਗ ਗਈ ਜੀ, ਸਾਡੀ ਹਿੱਕ ਨਾਲ।
ਅਸੀਂ ਲੈ ਗਏ ਉਸ ਨੂੰ ਮਗਰ ਬਿਠਾ ਕੇ, ਝੀਲ ਕੰਢੇ। ਸਿੱਧਾ ਸੁਆਲ ਕੀਤਾ ਅਸਾਂ, “ਦੇਖ ਬਈ ਲਵਲੀ, ਅਸੀਂ ਭਾਵੇਂ ਦੋ ਸਾਲ ਬਾਹਰ ਰਹੇ ਪਰ ਖਬਰ ਅਸਾਂ ਮਿੰਟ ਮਿੰਟ ਦੀ ਰੱਖੀ, ਤੇਰੇ ਬਾਰੇ। ਸੱਚ ਦੱਸ, ਤੂੰ ਸਾਡੇ ਮਗਰੋਂ ਪਾਲ ਨਾਲ ਘੁੰਮਦੀ ਰਹੀ ਏਂ ਕਿ ਨਹੀਂ?”
ਫੱਕ ਹੋ ਗਈ ਜੀ, ਉਹ ਤਾਂ। ਬੋਲ ਹੀ ਨਾ ਸਕੀ। ਫੇਰ ਹਟਕੋਰੇ ਲੈਂਦੀ ਬੋਲੀ, “ਜਿੰਦੂਆ ਤੂੰ ਜਾਂਦੀ ਵੇਰਾਂ ਮਿਲ ਕੇ ਵੀ ਨਹੀਂ ਸੈਂ ਗਿਆ ਤੇ ਨਾ ਹੀ ਤੇਰਾ ਕੋਈ ਚਿੱਠੀ ਪੱਤਰ ਆਇਆ। ਦਾਦੀ ਤੇਰੀ ਨੇ ਦੱਸਿਆ ਕਿ ਡੁਬਈ ਤੋਂ ਅਮਰੀਕਾ ਚਲਾ ਗਿਆ ਏਂ ਤੇ ਹੁਣ ਓਥੇ ਹੀ ਰਹੇਂਗਾ। ਮੇਰੇ ਘਰ ਵਾਲੇ ਬੜੇ ਪ੍ਰੇਸ਼ਾਨ ਸਨ। ਨਿੱਕੀ ਭੈਣ ਵੀ ਹੁਣ ਪੰਝੀਆਂ ਦੀ ਹੋ ਗਈ। ਬਾਪੂ ਨੂੰ ਦੂਜਾ ਹਾਰਟ ਅਟੈਕ ਹੋ ਚੁਕਿਐ। ਤੇਰਾ ਕੋਈ ਥਹੁ ਪਤਾ ਨਹੀਂ ਸੀ। ਪਾਲ ਨੇ ਮੇਰੇ ਮਾਪਿਆਂ ਨਾਲ ਸ਼ਾਦੀ ਦੀ ਗੱਲ ਛੇੜੀ। ਸ਼ਹਿਰ ਦਾ ਚੱਪਾ ਚੱਪਾ ਤਾਂ ਜਾਣਦਾ ਸੀ ਸਾਡੇ ਪਿਆਰੇ ਬਾਰੇ। ਬਾਪੂ ਨੇ ਮੈਨੂੰ ਸਮਝਾਇਆ ਕਿ ‘ਪਾਲ ਤੇਰੇ ਬਾਰੇ ਸਭ ਕੁਝ ਜਾਣਦੈ ਤੇ ਫੇਰ ਵੀ ਤੇਰਾ ਹੱਥ ਮੰਗ ਰਿਹੈ’ ਪਰ ਜਿੰਦੂਆ ਤੂੰ ਮੁੜ ਆਇਐਂ ਮੇਰੇ ਕੋਲ। ਹੁਣ ਮੈਨੂੰ ਕੋਈ ਪ੍ਰਵਾਹ ਨਹੀਂ ਕਿਸੇ ਦੀ। ਤੇਰੇ ਉਪਰੋਂ ਤਾਂ ਸਾਰੀ ਦੁਨੀਆਂ ਦੇ ਪਾਲ ਵਾਰੇ। ਮੈਂ ਤੇਰੀ ਹਾਂ, ਜਨਮਾਂ ਜਨਮਾਂਤਰਾਂ ਲਈ।” ਰੋ ਰੋ ਬੁਰਾ ਹਾਲ ਹੋ ਗਿਆ ਜੀ ਉਸ ਦਾ।
ਇਹ ਸੱਚ ਹੈ ਬਾਊ ਜੀ, ਅਸੀਂ ਜਾਣ ਤੋਂ ਪਹਿਲਾਂ ਲਵਲੀ ਨੂੰ ਮਿਲ ਕੇ ਨਹੀਂ ਸਾਂ ਗਏ ਤੇ ਖਤ ਪੱਤਰ ਵੀ ਕੋਈ ਨਹੀਂ ਸੀ ਪਾਇਆ ਪਰ ਆਖਰ ਉਹ ਪੂਰੇ ਦਸ ਬਾਰਾਂ ਸਾਲ ਤੋਂ ਜਾਣਦੀ ਸੀ ਸਾਨੂੰ। ਅਸੀਂ ਭਾਵੇਂ ‘ਮਰੀਕਨ ਨਾਲ ਬਿਆਹ ਵੀ ਕਰਾ ਲੈਂਦੇ ਪਰ ਮੁੜ ਤਿੰਨ ਸਾਲਾਂ ਮਗਰੋਂ ਤਲਾਕ ਲੈ ਕੇ ਘਰ ਤਾਂ ਅਸਾਂ ਲਵਲੀ ਨਾਲ ਹੀ ਵਸਾਣਾ ਸੀ। ਜਿਥੇ ਏਨੇ ਸਾਲ ਸਾਡੀ ਬਣ ਕੇ ਰਹੀ, ਉਥੇ 3-4 ਸਾਲ ਹੋਰ ਸਬਰ ਕਰ ਲੈਂਦੀ। ਪਰ ਹੈ ਕੋਈ ਭਰੋਸਾ ਇਸ ਜਾਤ ਦਾ?
ਤੇ ਬਾਊ ਜੀ, ਹੁਣ ਅੱਖੀਂ ਦੇਖੀ ਮੱਖੀ ਕੌਣ ਨਿਗਲੇ?